1965 ਦੀ ਭਾਰਤ-ਪਾਕਿ ਜੰਗ ਦੇ ਕੁਝ ਦਿਲਚਸਪ ਤੱਥ

Sunday, Sep 15, 2024 - 02:27 PM (IST)

1965 ਦੀ ਭਾਰਤ-ਪਾਕਿ ਜੰਗ ਦੇ ਕੁਝ ਦਿਲਚਸਪ ਤੱਥ

1965 ਦੀ ਭਾਰਤ-ਪਾਕਿਸਤਾਨ ਜੰਗ ਦੇ ਕਈ ਨਵੇਂ, ਬਹੁਤ ਹੀ ਦਿਲਚਸਪ, ਰਹੱਸਮਈ ਅਤੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਦੇਖ ਕੇ ਉਸ ਸਮੇਂ ਦੀ ਦੁਨੀਆ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਦੂਜੇ ਵਿਸ਼ਵ ਯੁੱਧ (1939-1945) ਵਿਚ 5 ਕਰੋੜ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆਉਣੀਆਂ ਪਈਆਂ ਅਤੇ ਭਾਰੀ ਤਬਾਹੀ ਅਤੇ ਬਰਬਾਦੀ ਤੋਂ ਬਾਅਦ ਯੁੱਧ ਤਾਂ ਖਤਮ ਹੋ ਗਿਆ ਪਰ ਸੰਸਾਰ ਦੋ ਧੜਿਆਂ (ਅਮਰੀਕਾ ਅਤੇ ਰੂਸ) ਵਿਚ ਵੰਡਿਆ ਗਿਆ। ਇਸ ਠੰਢੀ ਜੰਗ ਨੇ ਦੁਨੀਆ ਲਈ ਇਕ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ। ਭਾਰਤ ਨੇ ਗੁੱਟ-ਨਿਰਲੇਪ ਨੀਤੀ ਅਪਣਾਈ ਜਦੋਂ ਕਿ ਪਾਕਿਸਤਾਨ ਆਪਣਾ ਸਾਮਾਨ ਬੰਨ੍ਹ ਕੇ ਅਮਰੀਕਾ ਦੀ ਗੋਦ ਵਿਚ ਜਾ ਬੈਠਾ ਅਤੇ ਉਸ ਦਾ ਚਹੇਤਾ ਬਣ ਗਿਆ ਅਤੇ ਸਾਲ 1954-55 ਵਿਚ ਸੀਟੋ ਅਤੇ ਸੈਂਟੋ ਦਾ ਮੈਂਬਰ ਬਣ ਗਿਆ। ਇਸ ਤਰ੍ਹਾਂ ਉਸ ਨੂੰ ਬਰਤਾਨੀਆ, ਤੁਰਕੀ, ਈਰਾਨ, ਸਾਊਦੀ ਅਰਬ, ਅਮਰੀਕਾ ਅਤੇ ਇੰਡੋਨੇਸ਼ੀਆ ਦੀ ਹਮਾਇਤ ਵੀ ਮਿਲ ਗਈ।

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਆਗੂ ਪੰਡਿਤ ਜਵਾਹਰ ਲਾਲ ਨਹਿਰੂ 1964 ਵਿਚ ਅਲਵਿਦਾ ਕਹਿ ਗਏ। ਉਨ੍ਹਾਂ ਦੀ ਥਾਂ ’ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ। ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਕਈ ਸੂਬਿਆਂ ਵਿਚ ਸਿਆਸੀ ਅੰਦੋਲਨ ਚੱਲ ਰਹੇ ਸਨ, ਜਿਨ੍ਹਾਂ ਵਿਚ ਜੰਮੂ-ਕਸ਼ਮੀਰ ਵਿਚ ਮੂਏ ‘ਮੁਕੱਦਸ’ ਦਾ ਗਾਇਬ ਹੋਣਾ, ਤਮਿਲਨਾਡੂ ਵਿਚ ਹਿੰਦੀ ਵਿਰੋਧੀ ਅੰਦੋਲਨ, ਪੰਜਾਬ ਵਿਚ ਪੰਜਾਬੀ ਸੂਬਾ ਅੰਦੋਲਨ ਅਤੇ ਕੁਝ ਪੂਰਬੀ ਰਾਜਾਂ ਵਿਚ ਵੱਖਵਾਦੀ ਅੰਦੋਲਨ ਸ਼ਾਮਲ ਹਨ। ਦੇਸ਼ ਅਨਾਜ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਸੀ। ਅਸਲ ਵਿਚ ਰਾਸ਼ਟਰ ਬਹੁਤ ਹੀ ਨਾਜ਼ੁਕ ਸਥਿਤੀ ਵਿਚੋਂ ਲੰਘ ਰਿਹਾ ਸੀ। ਪਾਕਿਸਤਾਨ ਵਿਚ ਜਨਰਲ ਅਯੂਬ ਖਾਨ ਨੇ ਜਮਹੂਰੀ ਸਰਕਾਰ ਨੂੰ ਆਪਣੇ ਪੈਰਾਂ ਹੇਠ ਕੁਚਲ ਦਿੱਤਾ ਅਤੇ ਖੁਦ ਪਾਕਿਸਤਾਨ ਦਾ ਸੁਪਰੀਮੋ ਬਣ ਗਿਆ। 1962 ਦੀ ਭਾਰਤ-ਚੀਨ ਜੰਗ ਤੋਂ ਬਾਅਦ ਪਾਕਿਸਤਾਨ ਅਤੇ ਚੀਨ ਵਿਚਾਲੇ ਨਵੇਂ ਰਿਸ਼ਤੇ ਪੈਦਾ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਜੰਮੂ-ਕਸ਼ਮੀਰ ’ਤੇ ਕਬਜ਼ਾ ਕਰਨ ਦੀ ਉਸ ਦੀ ਲਾਲਸਾ ਵਧਣ ਲੱਗੀ।

ਪਾਕਿਸਤਾਨ ਦੀ ਅਪ੍ਰੈਲ 1965 ਵਿਚ ਰਣ ਆਫ ਕੱਛ ਵਿਚ ਭਾਰਤੀ ਸੈਨਿਕਾਂ ਨਾਲ ਝੜਪ ਹੋਈ, ਜਿਸ ਵਿਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਹੈਰੋਲਡ ਵਿਲਸਨ ਨੇ ਵਿਚੋਲਗੀ ਕਰ ਕੇ ਜੰਗ ਨੂੰ ਖਤਮ ਕਰਵਾ ਦਿੱਤਾ ਸੀ, ਪਰ ਟ੍ਰਿਬਿਊਨਲ ਨੇ 910 ਕਿਲੋਮੀਟਰ ਭਾਰਤੀ ਇਲਾਕਾ ਪਾਕਿਸਤਾਨ ਨੂੰ ਦੇ ਦਿੱਤਾ, ਜਿਸ ਨਾਲ ਪਾਕਿਸਤਾਨੀ ਹੁਕਮਰਾਨਾਂ ਦਾ ਮਨੋਬਲ ਵਧਿਆ ਅਤੇ ਉਨ੍ਹਾਂ ਨੇ ਕਸ਼ਮੀਰ ’ਤੇ ਕਬਜ਼ਾ ਕਰਨ ਲਈ ‘ਆਪ੍ਰੇਸ਼ਨ ਜਿਬਰਾਲਟਰ’ ਸ਼ੁਰੂ ਕੀਤਾ। 1 ਅਗਸਤ ਨੂੰ ਕਸ਼ਮੀਰੀ ਪਹਿਰਾਵੇ ਵਿਚ 33,000 ਪਾਕਿਸਤਾਨੀ ਸੈਨਿਕ ਵਾਦੀ ਵਿਚ ਦਾਖਲ ਕਰਵਾ ਦਿੱਤੇ ਅਤੇ ਭਿਆਨਕ ਜੰਗ ਸ਼ੁਰੂ ਹੋ ਗਈ।

ਭਾਰਤ ਦੇ ਬਹਾਦਰ ਸੈਨਿਕਾਂ ਨੇ ਪਾਕਿਸਤਾਨ ਦੇ 8 ਕਿਲੋਮੀਟਰ ਅੰਦਰ ਹਾਜੀਪੁਰ ਦੱਰੇ ’ਤੇ ਕਬਜ਼ਾ ਕਰ ਲਿਆ। ਇੱਥੋਂ ਹੀ ਪਾਕਿਸਤਾਨ ਘੁਸਪੈਠੀਆਂ ਨੂੰ ਦਾਖ਼ਲ ਕਰਵਾਉਂਦਾ ਸੀ। ਭਾਰਤ ਨੇ ਕਾਰਗਿਲ ’ਤੇ ਕਬਜ਼ਾ ਕਰ ਲਿਆ। ਤਿਥਵਾਲ, ਉੜੀ ਅਤੇ ਪੁਸ਼ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਭਿਆਨਕ ਲੜਾਈ ਹੋਈ ਅਤੇ ਘੁਸਪੈਠੀਆਂ ਨੂੰ ਕਸ਼ਮੀਰ ਵਿਚੋਂ ਬਾਹਰ ਕੱਢ ਦਿੱਤਾ ਗਿਆ। ‘ਆਪ੍ਰੇਸ਼ਨ ਜਿਬਰਾਲਟਰ’ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਅਤੇ ਕਸ਼ਮੀਰ ਨੂੰ ਜਿੱਤਣ ਦੀਆਂ ਪਾਕਿਸਤਾਨ ਦੀਆਂ ਇੱਛਾਵਾਂ ਚਕਨਾਚੂਰ ਹੋ ਗਈਆਂ।

1 ਸਤੰਬਰ, 1965 ਨੂੰ ਪਾਕਿਸਤਾਨ ਨੇ ਜੰਮੂ ਦੇ ਅਖਨੂਰ ’ਤੇ ਕਬਜ਼ਾ ਕਰਨ ਲਈ ‘ਆਪ੍ਰੇਸ਼ਨ ਗ੍ਰੈਂਡ ਸਲੈਮ’ ਸ਼ੁਰੂ ਕੀਤਾ। ਇਹ ਹਮਲਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਭਾਰਤ ਸਰਕਾਰ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਏਅਰ ਮਾਰਸ਼ਲ ਅਰਜੁਨ ਸਿੰਘ ਨੂੰ ਆਪਣੇ ਘਰ ਬੁਲਾਇਆ ਅਤੇ ਪੁੱਛਿਆ ਕਿ ਅਸੀਂ ਕਿੰਨੇ ਸਮੇਂ ਵਿਚ ਪਾਕਿਸਤਾਨ ’ਤੇ ਹਵਾਈ ਹਮਲੇ ਕਰ ਸਕਦੇ ਹਾਂ। ਜਵਾਬ ਮਿਲਿਆ ਕਿ 15 ਮਿੰਟ ਦੇ ਅੰਦਰ-ਅੰਦਰ। ਉਸੇ ਸਮੇਂ ਛੰਭ ’ਚ ਜ਼ੋਰਦਾਰ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਗਏ ਜਿਸ ਨਾਲ ਅੱਗੇ ਵਧਦੇ ਪਾਕਿਸਤਾਨੀ ਫੌਜੀਆਂ ਨੂੰ ਰੋਕ ਲਿਆ ਗਿਆ।

ਭਾਰਤ ਨੇ 6 ਸਤੰਬਰ, 1965 ਨੂੰ ਪੰਜਾਬ ਅਤੇ ਰਾਜਸਥਾਨ ਦੀ ਕੌਮਾਂਤਰੀ ਸਰਹੱਦ ਨੂੰ ਪਾਰ ਕਰ ਕੇ ਜ਼ੋਰਦਾਰ ਹਮਲਾ ਕਰ ਦਿੱਤਾ। ਮੇਜਰ ਜਨਰਲ ਨਿਰੰਜਣ ਪ੍ਰਸਾਦ ਦੀ ਅਗਵਾਈ ’ਚ ਭਾਰਤੀ ਫੌਜ ਇੱਛੋਗਿੱਲ ਨਹਿਰ ਤਕ ਪਹੁੰਚ ਗਈ। ਭਾਰਤ ਦਾ ਇਹ ਫੈਸਲਾ ਪਾਕਿਸਤਾਨੀ ਹੁਕਮਰਾਨਾਂ ਦੀ ਸੋਚ ਤੋਂ ਹੀ ਬਾਹਰ ਸੀ। 9 ਸਤੰਬਰ ਨੂੰ ਇਹ ਹੁਕਮ ਦਿੱਤਾ ਗਿਆ ਕਿ ਭਾਰਤੀ ਫੌਜ ਬਾਟਾਪੁਰ ਅਤੇ ਡੋਗਰਾਈ ਤੋਂ ਪਿੱਛੇ ਹਟ ਕੇ ਗੋਸ਼ਲ ਦਿਆਲ ਆ ਜਾਵੇ। ਇਸੇ ਦੌਰਾਨ ਭਾਰਤ ਦੇ ਬਹਾਦਰ ਫੌਜੀਆਂ ਨੇ ਸਿਆਲਕੋਟ ਦੇ ਬਹੁਤ ਸਾਰੇ ਇਲਾਕਿਆਂ ’ਤੇ ਕਬਜ਼ਾ ਕਰ ਲਿਆ।

ਜੰਗ ਵਿਚ ਹਾਲਾਤ ਬਦਲਣ ਵਿਚ ਦੇਰ ਨਹੀਂ ਲੱਗਦੀ। ਪਾਕਿਸਤਾਨੀ ਫੌਜ ਨੇ ਜ਼ੋਰਦਾਰ ਹਮਲਾ ਕੀਤਾ ਅਤੇ ਖੇਮਕਰਨ ’ਤੇ ਕਬਜ਼ਾ ਕਰ ਲਿਆ। ਉਸ ਦੀ ਯੋਜਨਾ ਬਿਆਸ ਅਤੇ ਹਰੀਕੇ ਪੱਤਣ ਦੇ ਪੁਲ ’ਤੇ ਕਬਜ਼ਾ ਕਰ ਕੇ ਅੰਮ੍ਰਿਤਸਰ ਦੇ ਪੂਰੇ ਇਲਾਕੇ ’ਤੇ ਕਬਜ਼ਾ ਕਰਨ ਦੀ ਸੀ। ਜਨਰਲ ਜੇ. ਐੱਨ. ਚੌਧਰੀ ਨੇ ਪੰਜਾਬ ਦੀ ਪੱਛਮੀ ਕਮਾਂਡ ਦੇ ਜਨਰਲ ਹਰਬਖਸ਼ ਸਿੰਘ ਨੂੰ ਅੰਮ੍ਰਿਤਸਰ ਖਾਲੀ ਕਰਨ ਲਈ ਕਹਿ ਦਿੱਤਾ ਪਰ ਜਨਰਲ ਹਰਬਖਸ਼ ਸਿੰਘ ਕਿਸੇ ਵੀ ਕੀਮਤ ’ਤੇ ਅੰਮ੍ਰਿਤਸਰ ਖਾਲੀ ਕਰਨ ਲਈ ਤਿਆਰ ਨਹੀਂ ਸਨ। ਉਸੇ ਰਾਤ ਭਾਰਤ ਨੇ ਆਸਲ ਉਤਾੜ ਵਿਚ ਪਾਕਿਸਤਾਨ ਨਾਲ ਭਿਆਨਕ ਲੜਾਈ ਲੜੀ ਜਿਸ ਵਿਚ ਪਾਕਿਸਤਾਨ ਦੇ 100 ਟੈਂਕ ਤਬਾਹ ਹੋ ਗਏ ਅਤੇ ਇਹ ਸਥਾਨ ਪਾਕਿਸਤਾਨ ਦੇ ਪੈਟਨ ਟੈਂਕਾਂ ਦਾ ਕਬਰਿਸਤਾਨ ਬਣ ਗਿਆ।

ਅੰਮ੍ਰਿਤਸਰ ਨੂੰ ਬਚਾਉਣ ਦਾ ਸਿਹਰਾ ਜਨਰਲ ਹਰਬਖਸ਼ ਸਿੰਘ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਸਿਆਣਪ ਅਤੇ ਕੁਸ਼ਲਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ। ਅਮਰੀਕਾ ਨੇ ਜੰਗ ਦੌਰਾਨ ਦਬਾਅ ਬਣਾਉਣ ਲਈ ਅਨਾਜ ਨਾ ਦੇਣ ਦੀ ਧਮਕੀ ਦਿੱਤੀ ਸੀ ਪਰ ਲਾਲ ਬਹਾਦੁਰ ਸ਼ਾਸਤਰੀ ਨੇ ਭਾਰਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਭਾਰਤੀ ਸੋਮਵਾਰ ਰਾਤ ਨੂੰ ਵਰਤ ਰੱਖਣ ਤਾਂ ਜੋ ਅਨਾਜ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਜੈ-ਜਵਾਨ ਜੈ-ਕਿਸਾਨ ਦੇ ਨਾਅਰੇ ਨੇ ਸਾਰੇ ਭਾਰਤੀਆਂ ਨੂੰ ਇਕਜੁੱਟ ਕਰ ਦਿੱਤਾ।

ਇਸ ਜੰਗ ਵਿਚ ਹਿੰਦ ਸਮਾਚਾਰ ਪੱਤਰ ਸਮੂਹ ਦੇ ਮੁਖੀ ਲਾਲਾ ਜਗਤ ਨਾਰਾਇਣ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਸੀ। ਉਨ੍ਹਾਂ ਨੇ ਆਪਣੇ ਲੇਖਾਂ ਰਾਹੀਂ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ਵਿਚ ਖੁਦ ਜਾ ਕੇ ਲੋਕਾਂ ਦਾ ਮਨੋਬਲ ਵੀ ਵਧਾਇਆ। 10 ਜਨਵਰੀ, 1966 ਨੂੰ ਤਾਸ਼ਕੰਦ ’ਚ ਭਾਰਤ-ਪਾਕਿਸਤਾਨ ਦਾ ਸਮਝੌਤਾ ਹੋ ਗਿਆ। ਭਾਰਤ ਨੇ ਜਿੱਤੇ ਹੋਏ ਇਲਾਕੇ ਪਾਕਿਸਤਾਨ ਨੂੰ ਵਾਪਸ ਕਰ ਦਿੱਤੇ। 11 ਜਨਵਰੀ ਨੂੰ ਭਾਰਤ ਨੇ ਆਪਣਾ ਲਾਲ (ਲਾਲ ਬਹਾਦਰ ਸ਼ਾਸਤਰੀ) ਸਦਾ ਲਈ ਗੁਆ ਦਿੱਤਾ। ਭਾਰਤੀ ਆਪਣੇ ਬਹਾਦਰ ਫੌਜੀਆਂ ਦੀ ਸ਼ਹਾਦਤ ਦੇ ਹਮੇਸ਼ਾ ਰਿਣੀ ਰਹਿਣਗੇ।

-ਪ੍ਰੋ. ਦਰਬਾਰੀ ਲਾਲ, ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ


author

Tanu

Content Editor

Related News