ਰੇਲਵੇ ’ਚ ਨਾਨ-ਗਜ਼ਟਿਡ ਮੁਲਾਜ਼ਮਾਂ ਦੀ ਘਾਟ, ਤੁਰੰਤ ਦੂਰ ਕਰਨ ਦੀ ਲੋੜ
Thursday, Sep 19, 2024 - 03:29 AM (IST)
ਭਾਰਤੀ ਰੇਲਵੇ ਨੈੱਟਵਰਕ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਨੈੱਟਵਰਕ ਹੈ ਅਤੇ ਇਹ ਲਗਾਤਾਰ ਫੈਲ ਰਿਹਾ ਹੈ। ਵੱਡੀ ਗਿਣਤੀ ’ਚ ਨਵੀਆਂ ਪੈਸੰਜਰ ਅਤੇ ਮਾਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਪਰ ਇਸ ਦੇ ਨਾਲ ਹੀ ਭਾਰਤੀ ਰੇਲਵੇ ਦੇ ਸਿਸਟਮ ਦੇ ਰੱਖ-ਰਖਾਅ ’ਚ ਤਰੁੱਟੀਆਂ ਕਾਰਨ ਰੇਲਗੱਡੀਆਂ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਪਿਛਲੇ 6 ਦਿਨਾਂ ਵਿਚ ਹੀ ਹੇਠ ਲਿਖੇ ਹਾਦਸੇ ਵਾਪਰੇ ਹਨ :
* 11 ਸਤੰਬਰ ਨੂੰ ਉੱਤਰ ਪ੍ਰਦੇਸ਼ ’ਚ ਲਖਨਊ-ਸ਼ਾਹਜਹਾਂਪੁਰ ਰੇਲਵੇ ਲਾਈਨ ’ਤੇ ਮੁਰਾਦਾਬਾਦ ਜ਼ਿਲੇ ਦੇ ‘ਦਲੇਲ ਨਗਰ’ ਅਤੇ ‘ਉਮਰਤਾਲੀ’ ਸਟੇਸ਼ਨਾਂ ਦਰਮਿਆਨ ਓ. ਐੱਚ. ਈ. (ਓਵਰ ਹੈੱਡ ਇਕੁਇਪਮੈਂਟ) ਟੁੱਟਣ ਪਿੱਛੋਂ ‘ਦੁਰਗਿਆਣਾ ਐਕਸਪ੍ਰੈੱਸ’ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਗਈ ਜਿਸ ਪਿੱਛੋਂ ਬਲਾਸਟ ਹੋ ਗਿਆ। ਇਸ ਨਾਲ ਪੂਰੇ ਰੇਲਵੇ ਸੈਕਸ਼ਨ ’ਚ ਬਿਜਲੀ ਦੀ ਸਪਲਾਈ ਰੁਕ ਗਈ।
* 13 ਸਤੰਬਰ ਨੂੰ ਬਿਹਾਰ ’ਚ ‘ਗਯਾ’ ਅਤੇ ‘ਕਿਊਲ’ ਰੇਲਵੇ ਲਾਈਨ ’ਤੇ ‘ਵਜ਼ੀਰਗੰਜ ਸਟੇਸ਼ਨ’ ਅਤੇ ‘ਕੋਲਹਾਨਾ ਹਾਲਟ’ ਦੇ ਦਰਮਿਆਨ ਰਘੂਨਾਥ ਪਿੰਡ ਦੇ ਨੇੜੇ ਇਕ ਰੇਲਗੱਡੀ ਦਾ ਇੰਜਣ ਅਚਾਨਕ ਬੇਕਾਬੂ ਹੋ ਕੇ ਤੇਜ਼ੀ ਨਾਲ ਲੂਪ ਲਾਈਨ ਤੋਂ ਅੱਗੇ ਵਧ ਗਿਆ ਅਤੇ ਰੇਲਵੇ ਟ੍ਰੈਕ ਤੋਂ ਉਤਰ ਕੇ ਖੇਤਾਂ ’ਚ ਜਾ ਵੜਿਆ।
* 14 ਸਤੰਬਰ ਨੂੰ ਗਯਾ ਰੇਲਵੇ ਸਟੇਸ਼ਨ ਦੇ ਹੀ ਸ਼ੰਟਿੰਗ ਯਾਰਡ ’ਚ ਸ਼ੰਟਿੰਗ ਦੇ ਦੌਰਾਨ ਇਕ ਇੰਜਣ ਦੇ ਅਗਲੇ ਪਹੀਏ ਪੱਟੜੀ ਤੋਂ ਉਤਰ ਗਏ।
* 15 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ’ਚ ਪਲੇਟਫਾਰਮ ਨੰ. 3 ਅਤੇ 5 ਦੇ ਖਾਲੀ ਹੋਣ ਦੇ ਬਾਵਜੂਦ ਫ੍ਰੈਕਚਰਡ (ਟੁੱਟਿਆ ਹੋਇਆ) ਟ੍ਰੈਕ ਤੋਂ ‘ਗਰੀਬ ਰੱਥ’ ਅਤੇ ‘ਬਰੇਲੀ-ਵਾਰਾਣਸੀ ਐਕਸਪ੍ਰੈੱਸ’ ਟ੍ਰੇਨਾਂ ਨੂੰ ਲਖਨਊ ਵੱਲ ਰਵਾਨਾ ਕਰ ਦਿੱਤਾ ਗਿਆ ਜਿਸ ਨਾਲ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਫ੍ਰੈਕਚਰਡ (ਟੁੱਟਿਆ ਹੋਇਆ) ਟ੍ਰੈਕ ਕਾਰਨ ਜੇ ਕੋਈ ਕੋਚ ਪੱਟੜੀ ਤੋਂ ਉਤਰ ਜਾਂਦਾ ਤਾਂ ਉਸ ’ਚ ਸਵਾਰ ਯਾਤਰੀਆਂ ਦੀ ਜਾਨ ਖਤਰੇ ’ਚ ਪੈ ਸਕਦੀ ਸੀ।
* 16 ਸਤੰਬਰ ਨੂੰ ਭੋਪਾਲ ਰੇਲ ਮੰਡਲ ਦੇ ਭੋਪਾਲ-ਇਟਾਰਸੀ ਰੇਲ ਸੈਕਸ਼ਨ ’ਤੇ ਇਕ ਮਾਲਗੱਡੀ ਦੇ 3 ਡੱਬੇ ਪੱਟੜੀ ਤੋਂ ਉਤਰ ਗਏ।
* 17 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ’ਚ ਜੈਨਗਰ ਤੋਂ ਨਵੀਂ ਦਿੱਲੀ ਜਾਣ ਵਾਲੀ ਸਵਤੰਤਰਤਾ ਸੰਗਰਾਮ ਸੈਨਾਨੀ ਐਕਸਪ੍ਰੈੱਸ ਨੂੰ ਰੇਲ ਟ੍ਰੈਕ ’ਤੇ ਇਕ ਮੋਟੀ ਲੱਕੜੀ ਦੀ ਗੇਲੀ ਰੱਖ ਕੇ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਾ ਕੇ ਗੱਡੀ ਨੂੰ ਰੋਕਿਆ ਪਰ ਲੱਕੜੀ ਦਾ ਟੁਕੜਾ ਇੰਜਣ ’ਚ ਫਸ ਜਾਣ ਕਾਰਨ ਇੰਜਣ ਦਾ ਪ੍ਰੈਸ਼ਰ ਪਾਈਪ ਫਟ ਗਿਆ ਅਤੇ ਗੱਡੀ 2 ਘੰਟੇ ਉੱਥੇ ਹੀ ਖੜ੍ਹੀ ਰਹੀ।
* 17 ਸਤੰਬਰ ਨੂੰ ਹੀ ਝਾਰਖੰਡ ਦੇ ‘ਸੁਈਸਾ’ ਰੇਲਵੇ ਸਟੇਸ਼ਨ ਦੇ ਨੇੜੇ ਇਕ ਰੇਲਵੇ ਯਾਰਡ ਵਿਚ ‘ਬਫਰ ਸਟਾਪ’ ਨਾਲ ਟਕਰਾਉਣ ਤੋਂ ਬਾਅਦ ਦੋ ਇੰਜਣ ਪੱਟੜੀ ਤੋਂ ਉਤਰ ਗਏ।
ਅਜਿਹੇ ਪਿਛੋਕੜ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਜਿੱਥੇ ਰੇਲ ਯਾਤਰੀਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ, ਉੱਥੇ ਹੀ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ ਅਤੇ ਮੁੱਖ ਕਾਰਜਕਾਰੀ (ਸੀ. ਈ. ਓ.) ਸ਼੍ਰੀ ਸਤੀਸ਼ ਕੁਮਾਰ ਨੇ ਵਿੱਤ ਮੰਤਰਾਲੇ ਦਾ ਧਿਆਨ ਰੇਲਵੇ ਦੇ ਬੁਨਿਆਦੀ ਢਾਂਚੇ ’ਚ ਵਿਸਥਾਰ ਅਤੇ ਨਵੀਆਂ ਰੇਲਵੇ ਲਾਈਨਾਂ ਅਤੇ ਰੇਲਗੱਡੀਆਂ ਦੀ ਵਧਦੀ ਗਿਣਤੀ ਵੱਲ ਦਿਵਾਇਆ ਹੈ।
ਉਨ੍ਹਾਂ ਨੇ ਭਾਰਤੀ ਰੇਲਵੇ ਵਿਚ ਸਟਾਫ਼ ਦੀ ਘਾਟ ਵਰਗੇ ਗੰਭੀਰ ਮੁੱਦਿਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਰੇਲਗੱਡੀਆਂ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਤੁਰੰਤ ਵਾਧੂ ਸਟਾਫ ਦੀ ਭਰਤੀ ਕਰਨ ਦੀ ਇਜਾਜ਼ਤ ਮੰਗੀ ਹੈ ਅਤੇ ਵਿੱਤ ਮੰਤਰਾਲੇ ਦੇ ਸਕੱਤਰ (ਖਰਚਾ) ‘ਮਨੋਜ ਗੋਵਿਲ’ ਨੂੰ ਲਿਖੇ ਪੱਤਰ ’ਚ ਉਨ੍ਹਾਂ ਨੇ ਕਿਹਾ ਹੈ ਕਿ :
‘‘ਰੇਲਵੇ ਦਾ ਕੰਮ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਧ ਰਿਹਾ ਹੈ। ਨਵੀਆਂ ਰੇਲ ਪੱਟੜੀਆਂ ਵਿਛਾਉਣ ਦੀ ਗੱਲ ਹੋਵੇ ਜਾਂ ਨਵੀਆਂ ਰੇਲਗੱਡੀਆਂ ਚਲਾਉਣ ਦੀ, ਹਰ ਦਿਸ਼ਾ ਵਿਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕਈ ਨਵੇਂ ਪ੍ਰਾਜੈਕਟ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਲਈ, ਰੇਲਵੇ ਨੂੰ ਨਵੇਂ ਨਾਨ-ਗਜ਼ਟਿਡ ਸਟਾਫ ਦੀ ਤੁਰੰਤ ਲੋੜ ਹੈ।’’
‘‘ਇਨ੍ਹਾਂ ਅਹੁਦਿਆਂ ’ਤੇ ਸਟਾਫ ਦੀ ਭਰਤੀ ਕਰਨ ਲਈ ਰੇਲਵੇ ਨੂੰ ਨਵੀਆਂ ਅਸਾਮੀਆਂ ਪੈਦਾ ਕਰਨੀਆਂ ਪੈਣਗੀਆਂ ਕਿਉਂਕਿ ਮੌਜੂਦਾ ਸਟਾਫ ਕੋਲੋਂ ਵਧਿਆ ਹੋਇਆ ਕੰਮ ਸੰਭਾਲਿਆ ਨਹੀਂ ਜਾ ਰਿਹਾ। ਇਸ ਲਈ ਬੋਰਡ ਨੂੰ ਤੁਰੰਤ ਰੇਲਵੇ ਦੇ ਸੁਰੱਖਿਆ ਅਤੇ ਜ਼ਰੂਰੀ ਵਿਭਾਗਾਂ ਵਿਚ ਨਵੀਆਂ ਨਾਨ-ਗਜ਼ਟਿਡ ਅਸਾਮੀਆਂ ਬਣਾਉਣ ਦੀ ਤੁਰੰਤ ਇਜਾਜ਼ਤ ਦਿੱਤੀ ਜਾਵੇ। ਇਸ ਦੀ ਯਾਤਰੀ ਅਤੇ ਮਾਲਗੱਡੀਆਂ ਨੂੰ ਸਥਾਪਿਤ ਮਾਪਦੰਡਾਂ ਅਨੁਸਾਰ ਚਲਾਉਣ ਦੀ ਲੋੜ ਹੈ।’’
ਵਰਣਨਯੋਗ ਹੈ ਕਿ ਪਿਛਲੇ 2 ਸਾਲਾਂ ਵਿਚ ਭਾਰਤੀ ਰੇਲਵੇ ਨੈੱਟਵਰਕ ’ਤੇ ਕਈ ਛੋਟੇ-ਵੱਡੇ ਹਾਦਸਿਆਂ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਇਸ ਲਈ ਰੇਲਵੇ ਵਿਚ ਖਾਲੀ ਸੀਟਾਂ ਨੂੰ ਜਿੰਨੀ ਜਲਦੀ ਭਰਿਆ ਜਾਵੇਗਾ, ਰੇਲਵੇ ਯਾਤਰੀਆਂ ਦੀ ਸੁਰੱਖਿਆ ਲਈ ਓਨਾ ਹੀ ਚੰਗਾ ਹੋਵੇਗਾ।
-ਵਿਜੇ ਕੁਮਾਰ