ਗਿਆਨੇਸ਼ ਦੇ ਅਸਤੀਫ਼ੇ ਤੱਕ ਰਾਹੁਲ ਅੰਦੋਲਨ ਜਾਰੀ ਰੱਖਣਗੇ
Saturday, Oct 10, 2026 - 02:12 PM (IST)
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਹੈੱਡਕੁਆਰਟਰ ਵੱਲ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਮਾਰਚ ਦੌਰਾਨ ਪੁਲਸ ਬੈਰੀਕੇਡ ’ਤੇ ਆਸਾਨੀ ਨਾਲ ਚੜ੍ਹ ਕੇ ਆਪਣੀ ਐਥਲੈਟਿਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਅਤੇ ਸਾਰਿਆਂ ਦਾ ਧਿਆਨ ਖਿੱਚਿਆ। ਆਪਣੀ ਟ੍ਰੇਡਮਾਰਕ ਸਫ਼ੇਦ ਕਾਲਰ ਵਾਲੀ ਟੀ-ਸ਼ਰਟ ਪਹਿਨੇ ਰਾਹੁਲ ਬੈਰੀਕੇਡ ’ਤੇ ਖੜ੍ਹੇ ਹੋ ਗਏ ਅਤੇ ਦਿੱਲੀ ਪੁਲਸ ਦੇ ਸਾਹਮਣੇ ਤਿਰੰਗਾ ਲਹਿਰਾਇਆ। ਉਨ੍ਹਾਂ ਦੇ ਪਿੱਛੇ ਖੜ੍ਹੇ ਸੈਂਕੜੇ ਕਾਂਗਰਸ ਵਰਕਰ ‘ਗਿਆਨੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰੋ, ਪ੍ਰਧਾਨ ਮੰਤਰੀ ਅਸਤੀਫ਼ਾ ਦਿਓ’ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ, ਕਥਿਤ ‘ਵੋਟ ਚੋਰੀ’ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਦੋਂ ਤੱਕ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਪੁਨਰ-ਨਿਰੀਖਣ (ਐੱਸ. ਆਈ. ਆਰ.) ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ। ਗਾਂਧੀ ਨੇ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਸੜਕਾਂ ’ਤੇ ਉਤਰਨਾ, ਗ੍ਰਿਫ਼ਤਾਰੀਆਂ ਦੇਣਾ ਅਤੇ ਕਾਨੂੰਨੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਜਾਰੀ ਰੱਖਣਗੇ।
ਕਾਂਗਰਸ-ਸਪਾ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਘਮਾਸਾਨ : 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਸਮਾਜਵਾਦੀ ਪਾਰਟੀ ’ਤੇ ਸੀਟਾਂ ਦੇ ਵੱਡੇ ਹਿੱਸੇ ਲਈ ਬਹੁਤ ਜ਼ਿਆਦਾ ਦਬਾਅ ਬਣਾਉਣ ਦੇ ਉਦੇਸ਼ ਨਾਲ ਛੋਟੇ ਵਿਰੋਧੀ ਦਲਾਂ ਨੂੰ ਆਪਣੇ ਨਾਲ ਜੋੜਨ ਦੀ ਤਿਆਰੀ ’ਚ ਜੁੱਟ ਗਈ ਹੈ। ਆਪਣੀ ਜਨਤਾ ਪਾਰਟੀ ਦੇ ਸੁਆਮੀ ਪ੍ਰਸਾਦ ਮੌਰਿਆ, ਹੋਰ ਪੱਛੜੇ ਵਰਗ (ਓ. ਬੀ. ਸੀ.) ਚੌਹਾਨ ਸਮਾਜ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਦੇ ਮੁਖੀ ਸੰਜੇ ਚੌਹਾਨ ਅਤੇ ਅਪਨਾ ਦਲ (ਕੈਮਰਾਵਾਦੀ) ਦੇ ਨੇਤਾ ਪੰਕਜ ਨਿਰੰਜਨ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਜਿਸ ਨਾਲ ਉਨ੍ਹਾਂ ਦੇ ਜਲਦੀ ਹੀ ਕਾਂਗਰਸ ਨਾਲ ਹੱਥ ਮਿਲਾਉਣ ਦੀਆਂ ਤੇਜ਼ ਅਟਕਲਾਂ ਨੂੰ ਹਵਾ ਮਿਲੀ ਹੈ। ਇਹ ਬੈਠਕਾਂ ਅਜਿਹੇ ਸਮੇਂ ’ਚ ਹੋਈਆਂ ਹਨ, ਜਦੋਂ ਉੱਤਰ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਰਾਜਿੰਦਰ ਪਾਲ ਗੌਤਮ ਨੇ ਸਪਾ ਨਾਲ ਸੀਟਾਂ ਦੀ ਵੰਡ ’ਚ ‘ਸਮਾਨ ਸਨਮਾਨ ਅਤੇ ਸਮਾਨ ਹਿੱਸੇਦਾਰੀ’ ਦੀ ਮੰਗ ਕੀਤੀ ਸੀ। ਕਾਂਗਰਸ ਲਈ, ਜਿਸ ਕੋਲ ਸਿਰਫ਼ 2 ਵਿਧਾਇਕ ਹਨ ਪਰ 2024 ’ਚ ਉਸਨੇ 6 ਲੋਕ ਸਭਾ ਸੀਟਾਂ ਜਿੱਤੀਆਂ ਸਨ, ਇਹ ਗੱਲਬਾਤ ਉਸ ਰਾਜ ’ਚ ਖ਼ੁਦ ਨੂੰ ਮੁੜ ਮਜ਼ਬੂਤ ਕਰਨ ਲਈ ਲੋੜੀਂਦੀ ਥਾਂ ਹਾਸਲ ਕਰਨ ਬਾਰੇ ਵੀ ਹੈ, ਜਿੱਥੇ ਕਦੇ ਉਸ ਦਾ ਦਬਦਬਾ ਸੀ।
ਸੂਤਰਾਂ ਮੁਤਾਬਕ, ਅਖਿਲੇਸ਼ ਯਾਦਵ ਕਾਂਗਰਸ ਨੂੰ 60 ਤੋਂ ਵੱਧ ਸੀਟਾਂ ਦੇਣ ਦੇ ਪੱਖ ’ਚ ਨਹੀਂ ਸਨ ਪਰ ਕਾਂਗਰਸ 100 ਤੋਂ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ। ਹੁਣ ਅਖਿਲੇਸ਼ ਯਾਦਵ ਦੇ ਸਾਹਮਣੇ ਕਾਂਗਰਸ ਨਾਲ ਸੀਟਾਂ ਦੀ ਵੰਡ ’ਤੇ ਸਹਿਮਤੀ ਬਣਾਉਣ ਅਤੇ ਇਕ ਘੱਟੋ-ਘੱਟ ਸਾਂਝੇ ਪ੍ਰੋਗਰਾਮ ’ਤੇ ਸਹਿਮਤ ਹੋਣ ਦੀ ਸਖ਼ਤ ਚੁਣੌਤੀ ਹੈ। ਜਿੱਥੋਂ ਤੱਕ ਸੀਟਾਂ ਦੀ ਵੰਡ ਦਾ ਸਵਾਲ ਹੈ, ਆਖ਼ਰੀ ਫ਼ੈਸਲਾ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਵਿਚਾਲੇ ਸਿੱਧੀ ਗੱਲਬਾਤ ਰਾਹੀਂ ਹੋਵੇਗਾ। ਭਾਵੇਂ ਸੀਟਾਂ ਦੀ ਗਿਣਤੀ ਨੂੰ ਲੈ ਕੇ ਕੁਝ ਮੋਲ-ਤੋਲ ਹੋਣਾ ਤੈਅ ਹੈ, ਫਿਰ ਵੀ ਦੋਵਾਂ ਪਾਰਟੀਆਂ ਦੇ ਨੇਤਾ ਇਸ ਗੱਲ ਨੂੰ ਲੈ ਕੇ ਆਸਵੰਦ ਹਨ ਕਿ ਆਪਸੀ ਸਵੀਕਾਰਯੋਗ ਹੱਲ ਨਿਕਲ ਆਵੇਗਾ।
ਯੋਗੀ ਦਾ ‘80 ਬਨਾਮ 20’: ਉੱਤਰ ਪ੍ਰਦੇਸ਼ ’ਚ ਸਿਆਸੀ ਸਰਗਰਮੀਆਂ ਕਾਫ਼ੀ ਤੇਜ਼ ਹਨ ਕਿਉਂਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਵਿਵਾਦਤ ‘80 ਬਨਾਮ 20’ ਦੇ ਮੁੱਦੇ ਨੂੰ ਫਿਰ ਤੋਂ ਉਠਾ ਦਿੱਤਾ ਹੈ। ਉਨ੍ਹਾਂ ਨੇ 10 ਰਾਜ ਸਭਾ ਸੀਟਾਂ ਲਈ ਸਮਾਜਵਾਦੀ ਪਾਰਟੀ ਦੇ 2 ਉਮੀਦਵਾਰਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ 8 ਉਮੀਦਵਾਰ ਉਤਾਰੇ ਜਾਣ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਇਸ ਗੱਲ ਦਾ ਸਬੂਤ ਦੱਸਿਆ ਕਿ 80 ਫ਼ੀਸਦੀ ਵੋਟਰ ਸੱਤਾਧਾਰੀ ਗੱਠਜੋੜ ਦਾ ਸਮਰਥਨ ਕਰਦੇ ਹਨ, ਜਿਸ ਨਾਲ ਵਿਰੋਧੀ ਧਿਰ ਲਈ ਸਿਰਫ਼ 20 ਫ਼ੀਸਦੀ ਹੀ ਬਚਦੇ ਹਨ। ਜਦੋਂ ਕਿ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਦੀ ਟਿੱਪਣੀ ਦਾ ਜਵਾਬ ਦਿੱਤਾ ਅਤੇ ਫਿਰ ‘ਐਕਸ’ ’ਤੇ ਲਿਖਿਆ, ‘‘ਸੱਚ ਤਾਂ ਇਹ ਹੈ ਕਿ 2024 ਦੀ ਚੋਣ ’ਚ ਹਾਰ ਕਾਰਨ ਸੰਤੁਲਨ ਵਿਗੜ ਗਿਆ ਹੈ, ਇਸੇ ਲਈ ਅਜਿਹੇ ਅਸੰਤੁਲਤ ਬਿਆਨ ਆ ਰਹੇ ਹਨ। 5 ਸਕਿੰਟ ਦੇ ਕਬੂਲਨਾਮੇ ’ਚ ਪੀ. ਡੀ. ਏ. ਨੂੰ ਧਮਕਾਉਣ ਨਾਲ ਭਾਜਪਾ ਨਾ ਸਿਰਫ਼ 5 ਦਹਾਕਿਆਂ ਜਾਂ 5 ਸਦੀਆਂ ਤੱਕ, ਸਗੋਂ ਆਪਣੇ 5 ਜਨਮਾਂ ਤੱਕ ਵੀ ਸਿਰ ਚੁੱਕ ਕੇ ਅੱਖਾਂ ’ਚ ਅੱਖਾਂ ਪਾ ਕੇ ਦੇਖਣ ਦੀ ਸਥਿਤੀ ’ਚ ਨਹੀਂ ਰਹੇਗੀ।’’
ਸਪਾ ਮੁਖੀ ਨੇ ਜੂਨ 2023 ’ਚ ਪਹਿਲੀ ਵਾਰ ਸੰਖੇਪ ਨਾਮ ਪੀ. ਡੀ. ਏ. (ਪੱਛੜਿਆ, ਦਲਿਤ, ਘੱਟਗਿਣਤੀ) ਦੀ ਵਰਤੋਂ ਕੀਤੀ ਸੀ। ਇਸ ਸੂਤਰ ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਦੇ ਖ਼ਿਲਾਫ਼ ਸਪਾ ਦੇ ਸਮਾਜਿਕ ਗੱਠਜੋੜ ਵਜੋਂ ਉਜਾਗਰ ਕੀਤਾ ਗਿਆ ਸੀ, ਜਿਸ ’ਚ ਅਖਿਲੇਸ਼ ਵਾਰ-ਵਾਰ ਇਹ ਦਾਅਵਾ ਕਰਦੇ ਰਹੇ ਹਨ ਕਿ ‘ਪੀ. ਡੀ. ਏ. ਹੀ ਐੱਨ. ਡੀ. ਏ. ਨੂੰ ਹਰਾਏਗਾ।’ ਇਸ ਦੌਰਾਨ, ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਯੁੱਧਿਆ ਤੋਂ ਆਉਣ ਵਾਲੀ ਵਿਧਾਨ ਸਭਾ ਚੋਣ ਲੜਨ ਦੀ ਚੁਣੌਤੀ ਦਿੱਤੀ ਅਤੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਪਾਰਟੀ ਨੇਤਾਵਾਂ ਨਾਲ ਦਰਸ਼ਨ ਲਈ ਰਾਮ ਮੰਦਰ ਜਾਣਗੇ। ਅਖਿਲੇਸ਼ ਸਪਾ ਨੇਤਾ ਅਤੇ ਪਾਰਟੀ ਦੇ ਅਯੁੱਧਿਆ ਉਮੀਦਵਾਰ ਤੇਜ ਨਾਰਾਇਣ ਪਾਂਡੇ ਉਰਫ਼ ਪਵਨ ਪਾਂਡੇ ਵੱਲੋਂ ਆਯੋਜਿਤ ਸ਼੍ਰੀਮਦ ਭਾਗਵਤ ਕਥਾ ’ਚ ਇਕ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਸ਼ਿਵ ਸੈਨਾ (ਯੂ. ਬੀ. ਟੀ.) ਵੱਲੋਂ ਸਮਰਥਨ ਅਤੇ ਸਵਾਲ ਵੀ ਉਠਾਇਆ ਗਿਆ : ਸ਼ਿਵ ਸੈਨਾ (ਯੂ. ਬੀ. ਟੀ.) ਨੇ ਆਮ ਆਦਮੀ ਪਾਰਟੀ (ਆਪ) ਅਤੇ ਦ੍ਰਾਵਿੜ ਮੁਨੇਤਰ ਕੜਗਮ (ਦ੍ਰਮੁਕ) ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨਾਲ ਆਪਣੇ ਮਤਭੇਦਾਂ ਨੂੰ ਦਰਕਿਨਾਰ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਵਿਰੋਧੀ ਧਿਰ ਦੀ ਮੁਹਿੰਮ ’ਚ ਸ਼ਾਮਲ ਹੋਣ। ਹਾਲਾਂਕਿ, ਦ੍ਰਮੁਕ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ ਵਾਲੇ ‘ਇੰਡੀਆ’ ਬਲਾਕ ਦੇ ਵਿਰੋਧ ਦਾ ਸਮਰਥਨ ਕੀਤਾ ਪਰ ਨਾਲ ਹੀ ਇਹ ਸਵਾਲ ਵੀ ਉਠਾਇਆ ਕਿ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਪੁਨਰ-ਨਿਰੀਖਣ (ਐੱਸ. ਆਈ. ਆਰ.) ਤਹਿਤ ਤਾਮਿਲਨਾਡੂ ’ਚ ਹਟਾਏ ਗਏ ਨਾਵਾਂ ’ਤੇ ਕਾਂਗਰਸ ਨੇਤਾ ਚੁੱਪ ਕਿਉਂ ਹਨ। ਦ੍ਰਮੁਕ ਨੇਤਾ ਟੀ.ਕੇ.ਐੱਸ. ਇਲੰਗੋਵਨ ਨੇ ਬੁੱਧਵਾਰ ਨੂੰ ਦਿੱਲੀ ’ਚ ਐੱਸ. ਆਈ. ਆਰ.-ਸੀ.ਈ.ਸੀ. ਮੁੱਦੇ ’ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਪ੍ਰਦਰਸ਼ਨ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦਾ ਵਿਰੋਧ ਕਰਨਾ ਪਸੰਦ ਨਹੀਂ ਕਰਦੀ ਕਿਉਂਕਿ ਉਹ ਦੇਸ਼ ਨੂੰ ਕਾਨੂੰਨ ਦੇ ਅਨੁਸਾਰ ਚਲਾਉਣ ਦੀ ਬਜਾਏ ਆਪਣੀ ਮਰਜ਼ੀ ਅਨੁਸਾਰ ਚਲਾਉਣਾ ਚਾਹੁੰਦੀ ਹੈ। ਇਸ ਪ੍ਰਤੱਖ ਵਿਰੋਧਾਭਾਸ ਨੂੰ ਅੰਸ਼ਿਕ ਤੌਰ ’ਤੇ ਤਾਮਿਲਨਾਡੂ ਦੇ ਅਪ੍ਰੈਲ ਚੋਣਾਂ ਤੋਂ ਬਾਅਦ ਦੇ ਸਿਆਸੀ ਪੁਨਰਗਠਨ ਦੁਆਰਾ ਸਮਝਿਆ ਜਾ ਸਕਦਾ ਹੈ। ਦ੍ਰਮੁਕ ਨੇ ਇਸ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਬਲਾਕ ਨੂੰ ਛੱਡ ਦਿੱਤਾ। ਟੀ. ਵੀ. ਕੇ. ਹੁਣ ਕਾਂਗਰਸ ਅਤੇ ਹੋਰ ਛੋਟੇ ਦਲਾਂ ਦੇ ਸਮਰਥਨ ਨਾਲ ਸ਼ਾਸਨ ਕਰਦੀ ਹੈ।
— ਰਾਹਿਲ ਨੌਰਾ ਚੋਪੜਾ
