ਧਰਮ ਦੇ ਪਰਦੇ ਪਿੱਛੇ ਲੁਕੇ ਲੁਟੇਰੇ
Saturday, Nov 23, 2024 - 04:58 PM (IST)
ਹੁਣ ਆਰ. ਐੱਸ. ਐੱਸ., ਭਾਜਪਾ ਸਮੇਤ ਸੰਘ ਪਰਿਵਾਰ ਦੇ ਸਾਰੇ ਸੰਗਠਨਾਂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਲਾਏ ਗਏ ਨਾਅਰੇ ‘‘ਬਟੇਂਗੇ ਤੋ ਕਟੇਂਗੇ’’ ਨੂੰ ਅਪਣਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਇਸ ਦੇਸ਼ ਦੀ ਧਰਮ ਨਿਰਪੱਖ, ਲੋਕਰਾਜੀ ਤੇ ਸੰਘਾਤਮਕ ਧਾਰਾ ਨੂੰ ਮਿਟਾ ਕੇ ਇੱਥੇ ਇਕ ਧਰਮ ਆਧਾਰਤ ਗੈਰ-ਲੋਕਰਾਜੀ ਵਿਵਸਥਾ ਕਾਇਮ ਕਰਨਾ ਚਾਹੁੰਦੇ ਹਨ। ਇਸ ਨਾਅਰੇ ’ਤੇ ਸਹਿਮਤੀ ਦੀ ਮੋਹਰ ਲਾ ਕੇ ਆਰ. ਐੱਸ. ਐੱਸ. ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ‘‘ਸਾਰਾ ਸਮਾਜ ਇਕ ਪਰਿਵਾਰ ਵਾਂਗ ਹੈ’’ ਵਾਲਾ ਉਨ੍ਹਾਂ ਦਾ ਨਾਅਰਾ ਝੂਠੇ ਪ੍ਰਚਾਰ ਤੱਕ ਹੀ ਸੀਮਤ ਹੈ।
ਅਸਲੀਅਤ ਤਾਂ ਇਹ ਹੈ ਕਿ ਉਹ ਸਮਾਜ ਦੀ ਗੈਰ ਹਿੰਦੂ ਵੱਸੋਂ ਨੂੰ ਇਸ ਪਰਿਵਾਰ ਦਾ ਅੰਗ ਨਹੀਂ ਸਮਝਦੇ। ਇਸ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਸੰਘ ਤੇ ਭਾਜਪਾ ਆਗੂ ਸੱਤਾ ਨਾਲ ਚਿੰਬੜੇ ਰਹਿਣ ਲਈ ਝੂਠ ਬੋਲਣ ਦੀ ਕਿਸੇ ਵੀ ਨੀਵਾਣ ਤੱਕ ਗਿਰ ਸਕਦੇ ਹਨ, ਕਿਉਂਕਿ 2014 ਦੀਆਂ ਚੋਣਾਂ ’ਚ ਪ੍ਰਚਾਰਿਆ ਗਿਆ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਨਾਅਰਾ ਹੁਣ ਵੱਟੇ-ਖਾਤੇ ਪਾਇਆ ਜਾ ਚੁੱਕਾ ਹੈ। ਇਹ ਨੇਤਾ ਕਈ ਵਾਰ ਆਪਣੀ ‘ਫਿਰਕੂ’ ਦਿੱਖ ਨੂੰ ਸੁਧਾਰਨ ਵਾਸਤੇ ਸਾਰੇ ਲੋਕਾਂ ਨੂੰ ਇਕ ਸਮਾਨ ਸਮਝਣ ਦੇ ਝੂਠੇ ਦਾਅਵੇ ਕਰਦੇ ਹਨ।
ਮੁਸਲਮਾਨਾਂ ਤੇ ਈਸਾਈਆਂ ਵਿਰੁੱਧ ਹਰ ਕਿਸਮ ਦੀਆਂ ਜ਼ਿਆਦਤੀਆਂ, ਕੂੜ ਪ੍ਰਚਾਰ ਤੇ ਕਤਲਾਂ ਵਰਗੇ ਘਿਨੌਣੇ ਅਪਰਾਧ ਹੁਣ ਆਮ ਵਰਤਾਰਾ ਬਣ ਗਿਆ ਹੈ। ਘੱਟ ਗਿਣਤੀ ਭਾਈਚਾਰੇ ਬਾਰੇ ‘ਲਵ ਜੇਹਾਦ’, ‘ਧਰਮ ਪਰਿਵਰਤਨ’ ਤੇ ਹਿੰਦੂ ਤਿਉਹਾਰਾਂ ਦੌਰਾਨ ਹਿੰਸਕ ਕਾਰਵਾਈਆਂ ਕਰਨ ਦੇ ਝੂਠੇ ਬਿਰਤਾਂਤ ਸਿਰਜੇ ਜਾਂਦੇ ਹਨ। ‘ਸੰਘ’ ਨੇ ਆਪਣੇ ਸੌ ਸਾਲਾਂ ਦੇ ਤਿੱਖੇ ਪ੍ਰਚਾਰ ਨਾਲ, ਜਿਸ ਢੰਗ ਨਾਲ ਹਿੰਦੂ ਧਰਮ ਨਾਲ ਸਬੰਧਤ ਲੋਕਾਂ ਦੇ ਇਕ ਭਾਗ ਨੂੰ ਫਿਰਕੂ ਰੰਗ ’ਚ ਰੰਗਿਆ ਹੈ, ਉਸ ਦੇ ਪ੍ਰਭਾਵ ਹੇਠਾਂ ਉਹ ਬੇਤਰਸ ਹੋ ਕੇ ਦੂਸਰੇ ਧਰਮਾਂ ਦੇ ਲੋਕਾਂ ਦਾ ਕਤਲੇਆਮ ਵੀ ਕਰ ਸਕਦੇ ਹਨ। ਗੈਰ-ਕਾਨੂੰਨੀ ਮਸਜਿਦਾਂ ਉਸਾਰਨ ਦੇ ਮੁੱਦੇ ’ਤੇ ਸੱਜੇ -ਪੱਖੀ ਹਿੰਦੂ ਸੰਗਠਨਾਂ ਦੇ ਕਾਰਕੁੰਨ ਜਿਸ ਤਰ੍ਹਾਂ ਥਾਂ -ਥਾਂ ਹੁੜਦੰਗ ਮਚਾ ਰਹੇ ਹਨ ਉਹ ਵੀ ਡਾਹਢਾ ਚਿੰਤਾਜਨਕ ਹੈ।
ਆਰ.ਐੱਸ. ਐੱਸ. ਵੱਲੋਂ ‘ਬਟੇਂਗੇ ਤੋ ਕਟੇਂਗੇ’ ਵਰਗਾ ਫਿਰਕੂ ਤੇ ਵੰਡਵਾਦੀ ਨਾਅਰਾ ਉਸ ਸਮੇਂ ਲਾਇਆ ਜਾ ਰਿਹਾ ਹੈ, ਜਦੋਂ ਹਿੰਦੂ ਸਮਾਜ ਦਾ ਵੱਡਾ ਹਿੱਸਾ ‘ਹਿੰਦੂ ਧਰਮ’ ਦੀ ਮਹਾਨ ਮਾਨਵੀ ਵਿਰਾਸਤ ’ਤੇ ਪਹਿਰਾ ਦਿੰਦਾ ਹੋਇਆ ਸੰਘ ਦੀ ਫਿਰਕੂ ਵਿਚਾਰਧਾਰਾ ਦੇ ਬਿਲਕੁੱਲ ਵਿਰੁੱਧ ਹੈ। ਉਹ ਜਾਣਦਾ ਹੈ ਕਿ ਕਿਸੇ ਨਿਆਂ ਪੂਰਨ ਸੰਘਰਸ਼ ਦਾ ਆਧਾਰ ’ਧਰਮ’ ਕਦੀ ਵੀ ਨਹੀਂ ਹੋ ਸਕਦਾ।
ਦਲਿਤ, ਆਦਿਵਾਸੀ ਤੇ ਪੱਛੜਾ ਸਮਾਜ, ਜਿਨ੍ਹਾਂ ਨੂੰ ਹਾਕਮਾਂ ਦੇ ਹੱਥ ਠੋਕੇ ‘ਚੰਦ’ ਕੁ ਅਖੌਤੀ ਉੱਚੀ ਜਾਤੀ ਨਾਲ ਸਬੰਧਤ ਤੱਤਾਂ ਵੱਲੋਂ ਸਦੀਆਂ ਤੋਂ ਤਰਿਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਹੁਣ ਆਪਣੇ ਸਵੈ-ਮਾਨ ਦੀ ਬਹਾਲੀ, ਬਰਾਬਰੀ ਤੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਕੇ ਸੰਘਰਸ਼ਾਂ ਦੇ ਪਿੜਾਂ ’ਚ ਨਿੱਤਰ ਰਹੇ ਹਨ। ਇਨ੍ਹਾਂ ਵਰਗਾਂ ਨੂੰ ਮਨੂੰਵਾਦੀ ਵਿਵਸਥਾ ਅਧੀਨ ਗੁਲਾਮ ਬਣਾ ਕੇ ਰੱਖਣ ਲਈ ਹੀ ਉਪਰੋਕਤ ਨਾਅਰਾ ਖੋਜਿਆ ਗਿਆ ਹੈ।
ਸੱਚਾ ਨਾਅਰਾ ਤਾਂ ਇਹ ਹੈ ਕਿ ਜੇਕਰ ਜ਼ੁਲਮ ਕਰਨ ਵਾਲੀ ਧਿਰ ਨਾਲ ‘‘ਇਕ ਮੁੱਠ ਹੋ ਕੇ ਨਹੀਂ ਲੜਾਂਗੇ ਤਾਂ ਮਰਾਂਗੇ।’’ ਪ੍ਰੰਤੂ ਇੱਥੇ ਤਾਂ ਮਜ਼ਲੂਮ ਨੂੰ ਜ਼ਾਲਮ ਦਾ ਡਰ ਦਿਖਾ ਕੇ ਸ਼ਾਂਤ ਰਹਿਣ ਲਈ ਕਿਹਾ ਜਾ ਰਿਹਾ ਹੈ। ਸਮਾਜਿਕ ਜਬਰ ਨੂੰ ਚੁੱਪ-ਚਾਪ ਸਹਿਣ ਤੇ ਮੂੰਹ ਤੱਕ ਨਾ ਖੋਲ੍ਹਣ ਦਾ ਸੁਨੇਹਾ ਹੈ ਇਹ ਨਾਅਰਾ, ਜੋ ਆਰ.ਐੱਸ.ਐੱਸ. ਆਪਣੇ ਸਨਾਤਨੀ ਫਲਸਫ਼ੇ ਅਧੀਨ ਹਿੰਦੂ ਸਮਾਜ ਨੂੰ ਦੇਣਾ ਚਾਹੁੰਦਾ ਹੈ।
ਸਭ ਤੋਂ ਆਧੁਨਿਕ ‘ਸਿੱਖ ਧਰਮ’ ਵਿਚ ਵੀ ਅਜਿਹੇ ਨਾਮਨਿਹਾਦ ‘ਮਹਾਪੁਰਖਾਂ’, ‘ਬਾਬਿਆਂ’, ‘ਸੰਤਾਂ’, ‘ਬ੍ਰਹਮ ਗਿਆਨੀਆਂ’ ਦੀ ਕੋਈ ਘਾਟ ਨਹੀਂ ਰਹੀ, ਜੋ ਲੋਕਾਂ ਨੂੰ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਨ ਚਿੰਤਕਾਂ ਵੱਲੋਂ ਰਚੀ ਗੁਰਬਾਣੀ ਦੇ ਮਾਨਵਤਾਵਾਦੀ ਸਰੋਕਾਰਾਂ ਦੇ ਸੁੱਚੇ ਪੰਧ ਦੇ ਪਾਂਧੀ ਬਣਾਉਣ ਦੀ ਥਾਂ ਉਨ੍ਹਾਂ ਨੂੰ ਵਧੇਰੇ ਅੰਧ-ਵਿਸ਼ਵਾਸੀ, ਆਸਥਾਵਾਦੀ ਤੇ ਕਰਮਕਾਂਡੀ ਬਣਾਉਣ ’ਚ ਰੁੱਝੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੂਲ ਸਿੱਖਿਆਵਾਂ ਦੇ ਐਨ ਵਿਪਰੀਤ ਚਮਤਕਾਰਾਂ ਅਤੇ ਮੂਰਤੀ ਤੇ ਸ਼ਖਸੀ ਪੂਜਾ ਦਾ ਖੁੱਲ੍ਹਾ ਪ੍ਰਚਾਰ ਕੀਤਾ ਜਾਂਦਾ ਹੈ ਇਨ੍ਹਾਂ ਭੇਖੀਆਂ ਵਲੋਂ।
ਇਹੀ ਚਰਿੱਤਰ ਈਸਾਈ ਧਰਮ ਨਾਲ ਸਬੰਧਤ ‘ਪਾਸਟਰਾਂ’ ਦਾ ਵੀ ਹੈ, ਜੋ ਭੋਲੇ ਭਾਲੇ ਗਰੀਬ ਈਸਾਈਆਂ ਨੂੰ ‘ਪ੍ਰਾਰਥਨਾ’ (ਬੇਨਤੀ) ਰਾਹੀਂ ਸਾਰੇ ਸੰਸਾਰਕ ਦੁੱਖਾਂ-ਦਰਦਾਂ ਤੋਂ ਛੁਟਕਾਰਾ ਦੁਆਉਣ ਦਾ ਝੂਠ ਬੋਲ ਕੇ ਆਪ ਹਰ ਕਿਸਮ ਦਾ ਮੌਜ ਮੇਲਾ ਕਰਦੇ ਹਨ। ਜੇਕਰ ‘ਪ੍ਰਾਰਥਨਾ’ ਕਰਨ ਨਾਲ ਸਾਰੇ ਦੁੱਖਾਂ ਦਾ ਇਲਾਜ ਸੰਭਵ ਹੁੰਦਾ ਤਾਂ ਬਹੁ ਗਿਣਤੀ ਈਸਾਈ ਵਸੋਂ ਵਾਲੇ ਵਿਕਸਤ ਪੱਛਮੀ ਦੇਸ਼ਾਂ ਅੰਦਰ ਅਤਿ ਆਧੁਨਿਕ ਹਸਪਤਾਲ ਖੋਲ੍ਹਣ ਦੀ ਕੀ ਜ਼ਰੂਰਤ ਸੀ?
ਹਰ ਖੇਤਰ ’ਚ ਨਵੀਂਅਾਂ ਵਿਗਿਆਨਕ ਖੋਜਾਂ ਦੇ ਦੌਰ ’ਚ ਜਾਗਰੂਕਤਾ ਦੀ ਕਮੀ ਕਾਰਨ ਅੱਜ ਵੀ ਵੱਡੀ ਗਿਣਤੀ ’ਚ ਲੋਕ ਅੰਧ ਵਿਸ਼ਵਾਸ ’ਚ ਫਸੇ ਹੋਏ ਹਨ। ਅੰਧ ਵਿਸ਼ਵਾਸਾਂ ਦਾ ਇਹ ਜਾਲ ਮਿਹਨਤਕਸ਼ ਜਨਤਾ ਲਈ ਦੁਸ਼ਮਣ ਸ਼ਕਤੀਅਾਂ ਵਲੋਂ ਵਿਛਾਇਆ ਗਿਆ ਜਾਲ ਹੈ।
ਇਹ ‘ਸਵੈ-ਨਿਯੁਕਤ ਧਰਮ ਗੁਰੂ’ ਓਨੀ ਹੀ ਸ਼ਕਤੀ ਨਾਲ ਸਾਨੂੰ ਮੁੜ ਉਸੇ ਰੋਗ ’ਚ ਗ੍ਰਸੇ ਰੱਖਣ ਲਈ ਪੂਰਾ ਜ਼ੋਰ ਲਗਾ ਰਹੇ ਹਨ ਕਿਉਂਕਿ ਉਹ ਲੋਕਾਂ ਨੂੰ ਵਿਗਿਆਨਕ ਅਤੇ ਤਰਕਸੰਗਤ ਵਿਚਾਰਧਾਰਾ ਨੂੰ ਪੜ੍ਹਨ, ਸਮਝਣ ਅਤੇ ਵਿਹਾਰ ’ਚ ਲਿਆਉਣ ਤੋਂ ਦੂਰ ਰੱਖਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਕਾਰੋਬਾਰ ਆਮ ਲੋਕਾਂ ਦੀ ਇਸੇ ਅਗਿਆਨਤਾ ’ਤੇ ਅਧਾਰਿਤ ਹੈ।
ਗੈਰ ਕੁਦਰਤੀ ਵਰਤਾਰਿਆਂ ਭਾਵ ਚਮਤਕਾਰਾਂ ਨੂੰ ਕੋਈ ਵੀ ਬਾ-ਦਲੀਲ ਤੇ ਵਿਗਿਆਨਕ ਸੋਚ ਦਾ ਧਾਰਨੀ ਮਨੁੱਖ ਪ੍ਰਵਾਨ ਨਹੀਂ ਕਰ ਸਕਦਾ। ਮਨੁੱਖ ਦੇ ਜਨਮ ਲੈਣ, ਸਰੀਰਕ ਗਤੀਵਿਧੀਆਂ ਕਰਨ, ਕੁਦਰਤ ਵੱਲੋਂ ਰਚੇ ਨਿਯਮਾਂ ਦੇ ਨਿਰੰਤਰ ਕਿਰਿਆਸ਼ੀਲ ਰਹਿਣ ਤੇ ਵਿਗਿਆਨਕ ਵਿਧੀ ਨਾਲ ਨਿਰੰਤਰ ਸਮਾਜਿਕ ਵਿਕਾਸ ਦੀਆਂ ਮੰਜ਼ਿਲਾਂ ਤਹਿ ਕਰਨ ਦੇ ਵਿਪਰੀਤ ਜੇ ਕੋਈ ਵਿਅਕਤੀ ਝੂਠੀਆਂ ਮਾਨਤਾਵਾਂ ਤੇ ਮਿਥਿਹਾਸਕ ਕਹਾਣੀਆਂ ਦੇ ਬਿਰਤਾਂਤ ਸਿਰਜ ਕੇ ਜਨਤਾ ਨੂੰ ਮੂਰਖ ਬਣਾਉਂਦਾ ਹੈ ਤਾਂ ਅਸਲ ’ਚ ਉਹ ਕੁਦਰਤ ਦੀ ਰਜ਼ਾ ਦੇ ਉਲਟ ਸੋਚਣ ਵਾਲਾ ਮੂਰਖ ਤੇ ਧੋਖੇਬਾਜ਼ ਵਿਅਕਤੀ ਹੈ।
ਮੋਦੀ ਸਰਕਾਰ ਤੇ ਆਰ.ਐੱਸ.ਐੱਸ. ਦੁਆਰਾ ਸੰਚਾਲਿਤ ਸੰਸਥਾਵਾਂ ਵੱਲੋਂ ਆਪਣੀਆਂ ਲਿਖਤਾਂ ਤੇ ਹੋਰ ਪ੍ਰਚਾਰ ਸਾਧਨਾਂ, ਖਾਸ ਕਰ ਕੇ ਇਲੈਕਟ੍ਰਾਨਿਕ ਤੇ ਸ਼ੋਸਲ ਮੀਡੀਆ ਰਾਹੀਂ ਪੂਰੇ ਜ਼ੋਰ ਨਾਲ ਪੁਰਾਣੀਆਂ ਮਿਥਿਹਾਸਕ ਕਹਾਣੀਆਂ ਰਾਹੀਂ ‘ਰਾਜਸ਼ਾਹੀ’ ਹਕੂਮਤਾਂ ਨੂੰ (ਜੋ ਹਮੇਸ਼ਾ ਹੀ ਜਨ-ਵਿਰੋਧੀ ਹੁੰਦੀਆਂ ਹਨ) ਵਿਸ਼ੇਸ਼ ਵਿਸ਼ੇਸ਼ਣਾਂ ਨਾਲ ਨਿਵਾਜ ਕੇ ਸਰਾਹਿਆ ਜਾਂਦਾ ਹੈ। ਉਨ੍ਹਾਂ ਦਾ ਮੰਤਵ ਹੈ ਕਿ ਮਨੁੱਖ ਲੋਕਰਾਜੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਥਾਂ ਉਲਟਾ ਉਨ੍ਹਾਂ ਗੈਰ ਲੋਕਰਾਜੀ ਵਿਸ਼ਵਾਸਾਂ ਨੂੰ ‘ਆਦਰਸ਼’ ਵਜੋਂ ਅਪਣਾ ਲਵੇ। ਆਰ.ਐੱਸ.ਐੱਸ. ਕਦੀ ਵੀ ਆਰਥਿਕ ਬਰਾਬਰੀ ਵਾਲਾ ਸਮਾਜ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਪੂਰਨ ਖਾਤਮਾ ਤੇ ਕਿਰਤੀ ਨੂੰ ਉਸਦੀ ਕਿਰਤ ਦਾ ਪੂਰਾ ਮੁੱਲ ਮਿਲੇ, ਨਹੀਂ ਸਿਰਜਣਾ ਚਾਹੁੰਦਾ। ਆਪਣੇ ਪਿਛਾਖੜੀ ‘ਸਨਾਤਨੀ ਫਲਸਫੇ’ ਦੇ ਪ੍ਰਚਾਰ ਰਾਹੀਂ ਸੰਘ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਝੂਠੇ ਬਿਰਤਾਂਤ ਸਿਰਜ ਕੇ ਸਮਾਜ ਦਾ ਧਰੁਵੀਕਰਨ ਕਰਨਾ ਚਾਹੁੰਦਾ ਹੈ।
ਲੋੜ ਸਾਰੇ ਧਰਮਾਂ, ਜਾਤੀਆਂ ਤੇ ਕੌਮੀਅਤਾਂ ਦੇ ਮਿਹਨਤਕਸ਼ ਲੋਕਾਂ ਨੂੰ ਇਕਜੁੱਟ ਕਰ ਕੇ ਕਿਸੇ ਦੂਜੇ ਧਰਮ ਦੇ ਆਪਣੇ ਹਮਜੋਲੀ ਪੈਰੋਕਾਰਾਂ ਖ਼ਿਲਾਫ਼ ਲੜਨ ਦੀ ਨਹੀਂ, ਬਲਕਿ ਲੁਟੇਰੇ ਹਾਕਮਾਂ ਤੇ ਧਰਮ ਦੇ ਪਰਦੇ ਹੇਠ ਛੁਪੇ ਹੋਏ ਦਾਨੇ ਦੁਸ਼ਮਣਾਂ ਵਿਰੁੱਧ ਸੰਘਰਸ਼ ਵਿੱਢਣ ਦੀ ਹੈ ਤਾਂ ਕਿ ਉਹ ਵੰਡੇ ਨਾ ਜਾ ਸਕਣ।
ਮੰਗਤ ਰਾਮ ਪਾਸਲਾ