ਕੁਵੇਲੇ ਮੌਤਾਂ ਦਾ ਕਾਰਨ ਵਧਦੇ ਸੜਕ ਹਾਦਸੇ

Tuesday, Nov 19, 2024 - 08:57 PM (IST)

ਕੁਵੇਲੇ ਮੌਤਾਂ ਦਾ ਕਾਰਨ ਵਧਦੇ ਸੜਕ ਹਾਦਸੇ

ਸਮੇਂ ਦੇ ਨਾਲ ਹੀ ਆਏ ਦਿਨ ਬੇਹੱਦ ਤੇਜ਼ ਰਫਤਾਰ ਵਾਲੇ ਵਾਹਨ ਸੜਕਾਂ ’ਤੇ ਆ ਰਹੇ ਹਨ ਅਤੇ ਇਸਦੇ ਨਾਲ ਸੜਕ ਹਾਦਸਿਆਂ ’ਚ ਬਹੁਤ ਕੀਮਤੀ ਜੀਵਨ ਗੁਆਉਣ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਇਸ ਤੇਜ਼ ਰਫਤਾਰ ਦੇ ਚੱਕਰ ’ਚ ਲੋਕ ਆਪਣੇ ਜੀਵਨ ਦੀ ਕੀਮਤ ਭੁੱਲਦੇ ਜਾ ਰਹੇ ਹਨ ਅਤੇ ਰਫਤਾਰ ਦੀ ਪਲ ਭਰ ਦੀ ਮਸਤੀ ਉਨ੍ਹਾਂ ਦੇ ਪੂਰੇ ਜੀਵਨ ਨੂੰ ਖਤਮ ਕਰ ਕੇ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਅਸਹਿਣਯੋਗ ਡੂੰਘੇ ਜ਼ਖਮ ਦੇ ਰਹੀ ਹੈ।

ਪੁਣੇ, ਜਲੰਧਰ ਅਤੇ ਦੇਹਰਾਦੂਨ ਸਮੇਤ ਦੇਸ਼ ਦੇ ਕੁਝ ਹਿੱਸਿਆਂ ’ਚ ਹਾਲ ਹੀ ’ਚ ਹੋਏ ਅਜਿਹੇ ਕੁਝ ਹਾਦਸੇ ਤਾਂ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਹਨ ਹੀ, ਇਸ ਤੋਂ ਇਲਾਵਾ ਰੋਜ਼ਾਨਾ ਭਿਆਨਕ ਸੜਕ ਹਾਦਸਿਆਂ ਦੀਆਂ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ।

ਦੇਸ਼ ਭਰ ’ਚ ਜਿਸ ਰਫਤਾਰ ਨਾਲ ਬਹੁਤ ਆਧੁਨਿਕ ਸੜਕਾਂ ਦਾ ਜਾਲ ਵਿਛ ਰਿਹਾ ਹੈ, ਠੀਕ ਉਸੇ ਰਫਤਾਰ ਨਾਲ ਸੜਕ ਹਾਦਸੇ ਵੀ ਵਧ ਰਹੇ ਹਨ। ਤੰਗ ਸੜਕਾਂ ਦੀ ਥਾਂ ਹੁਣ ਸੜਕਾਂ ਦੇ ਬਹੁ-ਮਾਰਗੀ ਹੋਣ ਦੀ ਸਹੂਲਤ ਮਿਲਣ ਅਤੇ ਵਾਹਨਾਂ ਦੇ ਤਕਨੀਕੀ ਤੌਰ ’ਤੇ ਬੇਹੱਦ ਆਧੁਨਿਕ ਹੋਣ ਕਾਰਨ ਸੜਕ ਹਾਦਸਿਆਂ ਦੀ ਗਿਣਤੀ ’ਚ ਕੁਝ ਕਮੀ ਦੀ ਆਸ ਸੀ ਪਰ ਧਰਾਤਲ ’ਤੇ ਅਜਿਹਾ ਹੋ ਨਹੀਂ ਸਕਿਆ ਹੈ। ਸਮੇਂ ਤੋਂ ਅੱਗੇ ਨਿਕਲਣ ਦੀ ਦੌੜ ਨੇ ਵਿਅਕਤੀ ਨੂੰ ਇੰਨਾ ਵੱਧ ਲਾਪ੍ਰਵਾਹ ਬਣਾ ਦਿੱਤਾ ਹੈ ਕਿ ਉਹ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਨਹੀਂ ਘਬਰਾ ਰਿਹਾ।

ਜੇ ਸੜਕ ਹਾਦਸਿਆਂ ਦੇ ਅੰਕੜਿਆਂ ’ਤੇ ਇਕ ਨਜ਼ਰ ਮਾਰੀਏ ਤਾਂ ਸੰਨ 2022 ’ਚ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1 ਲੱਖ 68 ਹਜ਼ਾਰ ਤੋਂ ਵੱਧ ਰਹੀ ਹੈ, ਇਨ੍ਹਾਂ ’ਚ ‘ਤੇਜ਼ ਰਫਤਾਰ’ ਨਾਲ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। ਇਸ ਸਮੇਂ ’ਚ ਕੁੱਲ 1 ਲੱਖ 19 ਹਜ਼ਾਰ ਤੋਂ ਵੱਧ ਸੜਕ ਹਾਦਸੇ ਤੇਜ਼ ਰਫਤਾਰ ਕਾਰਨ ਹੋਏ ਜਦਕਿ ਤਕਰੀਬਨ 30,000 ਹਾਦਸੇ ਹੋਰ ਕਈ ਕਾਰਨਾਂ ਅਤੇ ਮਨੁੱਖੀ ਭੁੱਲ ਕਾਰਨ ਹੋਏ।

ਇਸੇ ਤਰ੍ਹਾਂ 9000 ਸੜਕ ਹਾਦਸੇ ਸੜਕ ’ਤੇ ਗਲਤ ਦਿਸ਼ਾ ’ਚ ਵਾਹਨ ਚਲਾਉਣ, 4,000 ਹਾਦਸੇ ਸ਼ਰਾਬ ਪੀ ਕੇ ਜਾਂ ਕੋਈ ਹੋਰ ਨਸ਼ਾ ਕਰ ਕੇ ਆਪਣਾ ਵਾਹਨ ਚਲਾਉਣ ਜਦਕਿ 3300 ਸੜਕ ਹਾਦਸੇ ਵਾਹਨ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਕਾਰਨ ਹੋਏ ਹਨ।

ਹਾਲਾਂਕਿ ਇਹ ਅੰਕੜੇ ਉਨ੍ਹਾਂ ਮਾਮਲਿਆਂ ਦੇ ਹਨ ਜੋ ਕਿ ਰਿਪੋਰਟ ਹੋਏ, ਜਦਕਿ ਕਈ ਅਜਿਹੇ ਮਾਮਲੇ ਵੀ ਜ਼ਰੂਰ ਹੋਣਗੇ ਜੋ ਕਿ ਸਾਹਮਣੇ ਨਹੀਂ ਆਏ ਅਤੇ ਪ੍ਰਭਾਵਿਤ ਧਿਰਾਂ ਨੇ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਸਮਝੌਤਾ ਕਰਨ ’ਚ ਹੀ ਆਪਣੀ ਭਲਾਈ ਸਮਝੀ।

ਪੰਜਾਬ ਪੁਲਸ ਨੇ ਪਿਛਲੇ ਦਿਨੀਂ ਮਾਪਿਆਂ ਨੂੰ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋਪਹੀਆ ਜਾਂ ਚੌਪਹੀਆ ਵਾਹਨਾਂ ਨੂੰ ਸੜਕਾਂ ’ਤੇ ਨਾ ਚਲਾਉਣ ਦੇਣ ਦੀ ਅਪੀਲ ਕਰਦਿਆਂ ਕਈ ਦਿਨਾਂ ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਪਰ ਇਸ ਦਾ ਨਤੀਜਾ ਉਤਸ਼ਾਹਜਨਕ ਨਹੀਂ ਨਿਕਲਿਆ।

ਅੱਜ ਸੂਬੇ ਭਰ ਦੀਆਂ ਸੜਕਾਂ ’ਤੇ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਂਦੇ ਸਮੇਂ ਸਾਫ ਦੇਖਿਆ ਜਾ ਸਕਦਾ ਹੈ। ਖਾਸ ਤੌਰ ’ਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ’ਚ ਛੁੱਟੀ ਹੋਣ ’ਤੇ ਇਹ ਬੱਚੇ ਬੇਹੱਦ ਲਾਪ੍ਰਵਾਹੀ ਨਾਲ ਵਾਹਨ ਨੂੰ ਦੌੜਾਉਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਇਸ ਤਰ੍ਹਾਂ ਉਹ ਨਾ ਸਿਰਫ ਆਪਣੀ ਸਗੋਂ ਸੜਕ ’ਤੇ ਚੱਲਣ ਵਾਲੇ ਹੋਰ ਲੋਕਾਂ ਦੀ ਜਾਨ ਨੂੰ ਵੀ ਖਤਰੇ ’ਚ ਪਾਉਂਦੇ ਹਨ।

ਪੰਜਾਬ ਸਰਕਾਰ ਨੇ ਸੜਕਾਂ ’ਤੇ ਹੋਣ ਵਾਲੇ ਹਾਦਸਿਆਂ ਦੇ ਪੀੜਤਾਂ ਦੀ ਤੁਰੰਤ ਮਦਦ ਲਈ ਇਕ ਵਿਸ਼ੇਸ਼ ‘ਸੜਕ ਸੁਰੱਖਿਆ ਫੋਰਸ’ ਦਾ ਗਠਨ ਕੀਤਾ ਹੈ। ਿਵਦੇਸ਼ਾਂ ਦੀ ਤਰਜ਼ ’ਤੇ ਅਜਿਹੀ ਵਿਸ਼ੇਸ਼ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਸਰਕਾਰ ਦੇ ਇਸ ਕਦਮ ਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ ਕਿਉਂਕਿ ਅੰਕੜਿਆਂ ਅਨੁਸਾਰ ਇਸ ਫੋਰਸ ਦੇ ਤੁਰੰਤ ਯਤਨਾਂ ਨਾਲ ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ’ਚ ਤਕਰੀਬਨ 45 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ‘ਸੜਕ ਸੁਰੱਖਿਆ ਫੋਰਸ’ ਯੋਜਨਾ ਦੀ ਸਫਲਤਾ ਨੂੰ ਦੇਖਦਿਆਂ ਦੇਸ਼ ਦੇ ਹੋਰ ਸੂਬੇ ਵੀ ਇਸ ਦਿਸ਼ਾ ’ਚ ਪਹਿਲ ਕਰ ਸਕਦੇ ਹਨ।

ਅਜਿਹਾ ਨਹੀਂ ਹੈ ਕਿ ਸੜਕ ਹਾਦਸੇ ਭਾਰਤ ’ਚ ਹੀ ਹੁੰਦੇ ਹਨ ਪਰ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ’ਚ ਇੱਥੇ ਇਨ੍ਹਾਂ ਦੀ ਗਿਣਤੀ ਬਹੁਤ ਵੱਧ ਹੈ ਅਤੇ ਇਹੀ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਬੈਂਕ ਦੀ ਇਕ ਰਿਪੋਰਟ ’ਤੇ ਨਜ਼ਰ ਮਾਰੀਏ ਤਾਂ ਦੁਨੀਆ ਭਰ ਦੀ ਤੁਲਨਾ ’ਚ ਭਾਰਤ ’ਚ ਵਾਹਨਾਂ ਦੀ ਕੁੱਲ ਗਿਣਤੀ ਸਿਰਫ 1 ਫੀਸਦੀ ਹੀ ਬਣਦੀ ਹੈ ਜਦਕਿ ਸੜਕ ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 11 ਫੀਸਦੀ ਹੈ ਜੋ ਕਿ ਵਿਸ਼ਵ ’ਚ ਸਭ ਤੋਂ ਵੱਧ ਹੈ।

ਮੰਤਰਾਲਾ ਨੇ ਰਾਸ਼ਟਰੀ ਸਿਹਤ ਅਥਾਰਟੀ ਨਾਲ ਮਿਲ ਕੇ ਚੰਡੀਗੜ੍ਹ ਅਤੇ ਆਸਾਮ ’ਚ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਕੈਸ਼ਲੈੱਸ ਇਲਾਜ ਪ੍ਰਦਾਨ ਕਰਨ ਲਈ ਇਕ ਪਾਇਲਟ ਪ੍ਰੋਗਰਾਮ ਵੀ ਲਾਗੂ ਕੀਤਾ ਹੈ।

ਵਾਹਨ ਚਾਲਕਾਂ ਵਲੋਂ ਸੜਕ ਸੁਰੱਖਿਆ ਸੰਬੰਧੀ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ, ਵਾਹਨ ਦੀ ਰਫਤਾਰ ’ਤੇ ਇਕਦਮ ਕੰਟਰੋਲ ਅਤੇ ਖਾਸ ਤੌਰ ’ਤੇ ਵਾਹਨ ਚਲਾਉਂਦੇ ਸਮੇਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਆਪਣੇ ਦਿਲੋ-ਦਿਮਾਗ ’ਚ ਰੱਖਣ ਦੇ ਨਾਲ-ਨਾਲ ਸੜਕ ’ਤੇ ਹੋਰ ਵਾਹਨ ਚਲਾਉਣ ਅਤੇ ਪੈਦਲ ਚੱਲਣ ਵਾਲਿਆਂ ਨੂੰ ਸਨਮਾਨ ਦੇਣ ’ਤੇ ਹੀ ਸੜਕ ਹਾਦਸਿਆਂ ਦੀ ਗਿਣਤੀ ਨੂੰ ਘੱਟ ਕਰ ਕੇ ਕੀਮਤੀ ਜਾਨਾਂ ਨੂੰ ਬਚਾਇਆ ਸਕੇਗਾ।

ਸ਼ਿਸ਼ੂ ਸ਼ਰਮਾ ਸ਼ਾਂਤਲ, (ਭਾਰਤੀ ਸੂਚਨਾ ਸੇਵਾ ਦੇ ਸਾਬਕਾ ਅਧਿਕਾਰੀ)


author

Rakesh

Content Editor

Related News