ਸ਼ਿਵ ਸੈਨਾ ’ਚ ਫੁੱਟ : ਰਣਨੀਤਕ ਫੈਸਲੇ ਤੈਅ ਕਰਨਗੇ ਭਵਿੱਖ

Tuesday, Jun 30, 2026 - 04:18 PM (IST)

ਸ਼ਿਵ ਸੈਨਾ ’ਚ ਫੁੱਟ : ਰਣਨੀਤਕ ਫੈਸਲੇ ਤੈਅ ਕਰਨਗੇ ਭਵਿੱਖ

ਪਿਛਲੇ ਹਫ਼ਤੇ, 19 ਜੂਨ ਨੂੰ ਸ਼ਿਵ ਸੈਨਾ ਨੇ ਆਪਣੀ 60ਵੀਂ ਵਰ੍ਹੇਗੰਢ ਮਨਾਈ। ਆਪਣੀ ਸਥਾਪਨਾ ਤੋਂ ਬਾਅਦ, ਪਿਛਲੇ 60 ਸਾਲਾਂ ’ਚ, ਪਾਰਟੀ ਨੇ ਕਈ ਫੁੱਟਾਂ ਦੇਖੀਆਂ ਹਨ, ਜਿਨ੍ਹਾਂ ’ਚੋਂ ਸਭ ਤੋਂ ਨਵੀਂ 26 ਜੂਨ ਨੂੰ ਹੋਈ। ਸ਼ਿਵ ਸੈਨਾ ਦੀ 60ਵੀਂ ਵਰ੍ਹੇਗੰਢ ਨੂੰ 2 ਧੜਿਆਂ-ਠਾਕਰੇ ਦੀ ਸੈਨਾ (ਯੂ. ਬੀ. ਟੀ.) ਅਤੇ ਏਕਨਾਥ ਸ਼ਿੰਦੇ ਦੀ ਸੈਨਾ ਵਲੋਂ ਵਿਵਾਦਿਤ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ’ਚੋਂ ਹਰੇਕ ਪਾਰਟੀ ਦੀ ਮੂਲ ਵਿਚਾਰਧਾਰਕ ਵਿਰਾਸਤ ’ਤੇ ਦਾਅਵਾ ਕਰ ਰਿਹਾ ਹੈ।

26 ਜੂਨ ਨੂੰ, ਊੱਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ. ਬੀ. ਟੀ.) ਦੇ ਅੰਦਰ ਇਕ ਮਹੱਤਵਪੂਰਨ ਸਿਆਸੀ ਤਰੇੜ ਉਦੋਂ ਉੱਭਰੀ, ਜਦੋਂ ਉਸ ਦੇ 9 ਲੋਕ ਸਭਾ ਸੰਸਦ ਮੈਂਬਰਾਂ ’ਚੋਂ 6 ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸੱਤਾਧਾਰੀ ਸ਼ਿਵ ਸੈਨਾ ਧੜੇ ’ਚ ਸ਼ਾਮਲ ਹੋਣ ਲਈ ਪਾਲਾ ਬਦਲ ਲਿਆ। ਇਸ ਅਚਾਨਕ ਹੋਈ ਦਲਬਦਲੀ ਨੇ ਊੱਧਵ ਠਾਕਰੇ ਦੇ ਸਮੂਹ ਨੂੰ ਗੰਭੀਰ ਰੂਪ ’ਚ ਕਮਜ਼ੋਰ ਕਰ ਦਿੱਤਾ ਹੈ, ਜਿਸ ਨਾਲ ਲੋਕ ਸਭਾ ’ਚ ਉਨ੍ਹਾਂ ਦੀ ਗਿਣਤੀ ਸਿਰਫ 3 ਰਹਿ ਗਈ ਅਤੇ ਸ਼ਿੰਦੇ ਧੜੇ ਦੀ ਸੰਸਦੀ ਤਾਕਤ ਮਜ਼ਬੂਤ ਹੋ ਗਈ ਹੈ।

ਸੰਸਦ, ਅਦਾਲਤਾਂ ਅਤੇ ਸੜਕਾਂ ’ਤੇ ਚੱਲ ਰਿਹਾ ਸਿਆਸੀ ਮੁਕਾਬਲਾ ਰਣਨੀਤਕ ਪ੍ਰਤੀਕਿਰਿਆਵਾਂ ਦੀ ਤੁਰੰਤ ਲੋੜ ਨੂੰ ਦਰਸਾਉਂਦਾ ਹੈ। ਆਪਣੇ 60 ਸਾਲਾਂ ’ਚ, ਸ਼ਿਵ ਸੈਨਾ 5 ਵਾਰ ਵੰਡੀ ਗਈ, ਜੋ ਅੰਦਰੂਨੀ ਵੰਡਾਂ ਪ੍ਰਤੀ ਇਸ ਦੀ ਕਮਜ਼ੋਰੀ ਅਤੇ ਅਜਿਹੇ ਟਕਰਾਵਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਲੋੜ ਨੂੰ ਉਜਾਗਰ ਕਰਦਾ ਹੈ।

2003 ’ਚ ਪਾਰਟੀ ਸੰਸਥਾਪਕ ਬਾਲ ਠਾਕਰੇ ਵਲੋਂ ਆਪਣੇ ਪੁੱਤਰ ਊੱਧਵ ਨੂੰ ਸੈਨਾ ਦਾ ਕਾਰਜਕਾਰੀ ਪ੍ਰਧਾਨ ਨਾਮਜ਼ਦ ਕਰਨ ਤੋਂ ਠੀਕ ਪਹਿਲਾਂ, ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਲਈ ਇਕ ਪ੍ਰਮੁੱਖ ਜਥੇਬੰਦਕ ਭੂਮਿਕਾ ਦੀ ਮੰਗ ਸ਼ੁਰੂ ਕਰ ਦਿੱਤੀ ਸੀ। ਬਾਅਦ ’ਚ, ਊੱਧਵ ਦੇ ਪੁੱਤਰ ਆਦਿੱਤਿਆ ਠਾਕਰੇ ਦੀ ਸੈਨਾ ’ਚ ਤਰੱਕੀ ਨੇ ਵੀ ਅਜਿਹਾ ਹੀ ਰਾਹ ਅਪਣਾਇਆ, ਜਿੱਥੇ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਯੂਥ ਸੈਨਾ ਮੁਖੀ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ‘ਅਗਲੀ ਪੀੜ੍ਹੀ’ ਦੇ ਚਿਹਰੇ ਵਜੋਂ ਪੇਸ਼ ਕੀਤਾ।

28 ਨਵੰਬਰ, 2019 ਨੂੰ, ਸ਼ਿਵ ਸੈਨਾ ਦੇ ਨੇਤਾ ਅਤੇ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਦੇ ਮੁਖੀ ਊੱਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜੋ ਚੱਲ ਰਹੇ ਸਿਆਸੀ ਬਦਲਾਵਾਂ ਦੇ ਵਿਚਾਲੇ ਇਕ ਪ੍ਰਮੁੱਖ ਲੀਡਰਸ਼ਿਪ ਮੀਲ ਪੱਥਰ ਸਾਬਤ ਹੋਇਆ। ਐੱਮ. ਵੀ. ਏ., ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਵਿਚਾਲੇ ਇਕ ਗੱਠਜੋੜ ਹੈ।

21 ਜੂਨ, 2022 ਨੂੰ, ਵਿਧਾਨ ਸਭਾ ’ਚ ਸ਼ਿਵ ਸੈਨਾ ਦੇ ਨੇਤਾ ਏਕਨਾਥ ਸ਼ਿੰਦੇ ਕਈ ਹੋਰ ਵਿਧਾਇਕਾਂ ਨਾਲ ਲਾਪਤਾ ਹੋਏ। ਇਸ ‘ਬਾਗੀ’ ਸਮੂਹ ਨੇ ਪਹਿਲਾਂ ਸੂਰਤ ਅਤੇ ਫਿਰ ਗੁਹਾਟੀ ਦਾ ਰੁਖ਼ ਕੀਤਾ, ਇਹ ਦਾਅਵਾ ਕਰਦੇ ਹੋਏ ਕਿ ਐੱਮ. ਵੀ. ਏ. ਗੱਠਜੋੜ ਸ਼ਿਵ ਸੈਨਾ ਦੀ ਵਿਚਾਰਧਾਰਾ ਦੇ ਉਲਟ ਹੈ ਅਤੇ ਮੁੱਖ ਮੰਤਰੀ ਠਾਕਰੇ ’ਚ ਵਿਸ਼ਵਾਸ ਦੀ ਕਮੀ ਪ੍ਰਗਟਾਈ। 2022 ਦੀ ਵੰਡ ਤੋਂ ਬਾਅਦ, 56 ’ਚੋਂ 40 ਸ਼ਿਵ ਸੈਨਾ ਵਿਧਾਇਕ ਸ਼ਿੰਦੇ ਦੇ ਨਾਲ ਹੋ ਗਏ। ਲੋਕ ਸਭਾ ’ਚ 18 ’ਚੋਂ 13 ਸੰਸਦ ਮੈਂਬਰ ਸ਼ਿੰਦੇ ਧੜੇ ’ਚ ਸ਼ਾਮਲ ਹੋ ਗਏ, ਜਿਸ ਨਾਲ ਊੱਧਵ ਕੋਲ ਸਿਰਫ 5 ਸੰਸਦ ਮੈਂਬਰ ਬਚੇ ਸਨ। ਦੋਵੇਂ ਧੜੇ ਬਾਲ ਠਾਕਰੇ ਦੀ ਸਿਆਸੀ ਵਿਰਾਸਤ ਦੇ ਸਹੀ ਉੱਤਰਾਧਿਕਾਰੀ ਹੋਣ ਦਾ ਦਾਅਵਾ ਕਰਦੇ ਹਨ, ਜਿਸ ’ਚ ਊੱਧਵ ਆਪਣੇ ਖ਼ੂਨ ਦੇ ਰਿਸ਼ਤੇ ’ਤੇ ਜ਼ੋਰ ਦਿੰਦੇ ਹਨ ਅਤੇ ਸ਼ਿੰਦੇ ਦਾ ਤਰਕ ਹੈ ਕਿ ਉਹ ਪਾਰਟੀ ਦੀ ਵਿਚਾਰਧਾਰਕ ਨੀਂਹ ਨੂੰ ਬਣਾਈ ਰੱਖਦੇ ਹਨ।

ਸ਼ਿਵ ਸੈਨਾ ਯੂ. ਬੀ. ਟੀ. ’ਚ ਤਾਜ਼ਾ ਵੰਡ ਠਾਕਰੇ ਪਰਿਵਾਰ ਦੇ ਭਵਿੱਖ ’ਤੇ ਮਹੱਤਵਪੂਰਨ ਸਵਾਲ ਖੜ੍ਹੇ ਕਰਦੀ ਹੈ। ਇਹ ਕਈ ਤਰੀਕਿਆਂ ਨਾਲ ਸਾਹਮਣੇ ਆ ਸਕਦਾ ਹੈ, ਬਾਗੀ ਆਗੂਆਂ ਵਿਚਾਲੇ ਠਾਕਰੇ ਦੀ ਲੀਡਰਸ਼ਿਪ ਤੋਂ ਅਸੰਤੁਸ਼ਟੀ ਕਾਰਨ ਅਸਹਿਮਤੀ ਵਧ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਨਾਲ ਲੋੜੀਂਦਾ ਰਾਬਤਾ ਨਹੀਂ ਰੱਖਿਆ, ਵਿਸ਼ੇਸ਼ ਤੌਰ ’ਤੇ ਸਮਰਥਨ ਦੀਆਂ ਬੇਨਤੀਆਂ ਦੇ ਬਾਵਜੂਦ ਉਨ੍ਹਾਂ ਦੇ ਚੋਣ ਹਲਕਿਆਂ ਦਾ ਦੌਰਾ ਨਾ ਕਰ ਕੇ।

ਵੰਡ ਤੋਂ ਬਾਅਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਊੱਧਵ ਧੜੇ ਦੀ ਹੋਂਦ ਅਤੇ ਮੁੜ-ਸੁਰਜੀਤੀ ਨੂੰ ਯਕੀਨੀ ਬਣਾਉਣ ਲਈ, ਕਈ ਰਣਨੀਤਕ ਕਾਰਜਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ :

ਗਿਲੇ-ਸ਼ਿਕਵਿਆਂ ਨੂੰ ਹੱਲ ਕਰਨ ਅਤੇ ਸਮਰਥਕਾਂ ਵਿਚਾਲੇ ਏਕਤਾ ਅਤੇ ਵਿਸ਼ਵਾਸ ਨੂੰ ਬਹਾਲ ਕਰਨ ਦੀ ਤੁਰੰਤ ਲੋੜ ਹੈ।

ਜੇਕਰ ਧੜੇ ਫੁੱਟ ਅਤੇ ਬਦਲਦੀਆਂ ਜਨਤਕ ਭਾਵਨਾਵਾਂ ਨੂੰ ਸਵੀਕਾਰ ਕਰਨ ’ਚ ਅਸਫਲ ਰਹਿੰਦੇ ਹਨ, ਤਾਂ ਉਹ ਭਵਿੱਖ ’ਚ ਆਪਣਾ ਪ੍ਰਭਾਵ ਗੁਆਉਣ ਦਾ ਜ਼ੋਖਮ ਉਠਾਉਂਦੇ ਹਨ।

ਭਰੋਸੇਮੰਦ ਅਤੇ ਸਬੰਧਤ ਨੇਤਾਵਾਂ ਦਾ ਸਮਰਥਨ ਆਤਮ-ਵਿਸ਼ਵਾਸ ਨੂੰ ਜਗਾ ਸਕਦਾ ਹੈ, ਨਵੇਂ ਸਮਰਥਕਾਂ ਨੂੰ ਆਕਰਸ਼ਿਤ ਕਰ ਸਕਦਾ ਹੈ ਅਤੇ ਮੌਜੂਦਾ ਅਾਧਾਰ ਨੂੰ ਊਰਜਾਵਾਨ ਬਣਾ ਸਕਦਾ।

ਰੁਜ਼ਗਾਰ, ਸਿੱਖਿਆ ਅਤੇ ਬੁਨਿਆਦੀ ਢਾਂਚੇ ਵਰਗੇ ਪ੍ਰਮੁੱਖ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਨਾਲ ਸਮਰਥਕਾਂ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਦਾ ਸਮਰਥਨ ਹਾਸਲ ਕੀਤਾ ਜਾ ਸਕਦਾ ਹੈ।

ਸਥਾਨਕ ਮੁੱਦਿਆਂ ਨੂੰ ਸੰਬੋਧਿਤ ਕਰਨ ਵਾਲੀਆਂ ਆਊਟਰੀਚ ਪਹਿਲਕਦਮੀਆਂ ਅਤੇ ਮੁਹਿੰਮਾਂ ਵਿਸ਼ਵਾਸ ਅਤੇ ਸਾਂਝੇ ਉਦੇਸ਼ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ।

ਸੱਭਿਆਚਾਰਕ ਵਿਰਾਸਤ ਦਾ ਲਾਭ ਉਠਾਉਣਾ ਅਤੇ ਸਮਾਜਿਕ ਸਰਗਰਮੀਆਂ ’ਚ ਸ਼ਾਮਲ ਹੋਣਾ ਖੇਤਰੀ ਪਛਾਣ ਅਤੇ ਜਨਤਾ ਵਿਚਾਲੇ ਸਦਭਾਵਨਾ ਨੂੰ ਮਜ਼ਬੂਤ ਕਰ ਸਕਦਾ ਹੈ।

ਬਦਲਦੀਆਂ ਸਿਆਸੀ ਭਾਵਨਾਵਾਂ ਅਤੇ ਨੌਜਵਾਨ ਪੀੜ੍ਹੀ ਦੀਆਂ ਉਮੀਦਾਂ ਪ੍ਰਤੀ ਜਵਾਬਦੇਹ ਹੋਣਾ ਪ੍ਰਸੰਗਿਕਤਾ ਬਣਾਈ ਰੱਖਣ ਲਈ ਮਹੱਤਵਪੂਰਨ ਹੈ।

ਇਸ ਸਮੇਂ ਦੌਰਾਨ ਅੰਦਰੂਨੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ। ਅੰਦਰੂਨੀ ਟਕਰਾਵਾਂ ਨੂੰ ਤੇਜ਼ੀ ਨਾਲ ਹੱਲ ਕਰਨਾ ਅਤੇ ਇਕ ਸਮਾਵੇਸ਼ੀ ਮਾਹੌਲ ਬਣਾਉਣਾ ਸਮਰਥਕਾਂ ਵਿਚਾਲੇ ਆਸ ਅਤੇ ਜ਼ਿੰਮੇਵਾਰੀ ਦੀ ਸਾਂਝੀ ਭਾਵਨਾ ਨੂੰ ਜਗਾ ਸਕਦਾ ਹੈ, ਜਿਸ ਨਾਲ ਪਾਰਟੀ ਦੀ ਏਕਤਾ ਅਤੇ ਲਚਕੀਲਾਪਨ ਮਜ਼ਬੂਤ ਹੋਵੇਗਾ।

ਇਨ੍ਹਾਂ ਰਣਨੀਤੀਆਂ ਨੂੰ ਲਾਗੂ ਕਰ ਕੇ, ਊੱਧਵ ਧੜਾ ਜਿਊਂਦਾ ਰਹਿ ਸਕਦਾ ਹੈ ਅਤੇ ਮਹਾਰਾਸ਼ਟਰ ਦੀ ਸਿਆਸਤ ’ਚ ਮੁੜ ਪ੍ਰਭਾਵ ਹਾਸਲ ਕਰ ਸਕਦਾ ਹੈ। ਹਾਲਾਂਕਿ, ਜੇਕਰ ਉਹ ਅੰਦਰੂਨੀ ਵੰਡਾਂ ਨੂੰ ਦੂਰ ਕਰਨ ਅਤੇ ਬਦਲਦੀ ਲੋਕਰਾਏ ਨਾਲ ਅਨੁਕੂਲ ਹੋਣ ’ਚ ਅਸਫਲ ਰਹਿੰਦੇ ਹਨ, ਤਾਂ ਉਹ ਪ੍ਰਸੰਗਿਕ ਬਣੇ ਰਹਿਣ ਲਈ ਸੰਘਰਸ਼ ਕਰ ਸਕਦੇ ਹਨ। ਕੋਈ ਵੀ ਧੜਾ ਚੋਣਵੇਂ ਰੂਪ ’ਚ ਆਤਮ-ਨਿਰਭਰ ਨਹੀਂ ਹੈ, ਸ਼ਿੰਦੇ ਭਾਜਪਾ ਦੀ ਮਸ਼ੀਨਰੀ ’ਤੇ ਨਿਰਭਰ ਹਨ, ਜਦੋਂ ਕਿ ਊੱਧਵ ਐੱਮ. ਵੀ. ਏ. ਦੇ ਸਾਂਝੇ ਵੋਟ ਸ਼ੇਅਰ ’ਤੇ। ਇਸ ਲਈ ਆਗਾਮੀ ਵਿਧਾਨ ਸਭਾ ਚੋਣਾਂ ਇਸ ਗੱਲ ਦੀ ਅਸਲੀ ਪ੍ਰੀਖਿਆ ਹੋਣਗੀਆਂ ਕਿ ਸ਼ਿਵ ਸੈਨਾ ਦਾ ਕਿਹੜਾ ਧੜਾ ਜਿਊਂਦਾ ਰਹਿੰਦਾ ਹੈ।

ਅੰਤ ’ਚ ਨਤੀਜਾ ਕਾਫੀ ਹੱਦ ਤੱਕ ਉਨ੍ਹਾਂ ਦੇ ਰਣਨੀਤਕ ਫੈਸਲਿਆਂ ਅਤੇ ਮਹਾਰਾਸ਼ਟਰ ਦੇ ਉੱਭਰਦੇ ਸਿਆਸੀ ਦ੍ਰਿਸ਼ ਪ੍ਰਤੀ ਪ੍ਰਤੀਕਿਰਿਆ ਕਰਨ ਦੀ ਉਨ੍ਹਾਂ ਦੀ ਯੋਗਤਾ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਵਲੋਂ ਕੀਤੇ ਗਏ ਫੈਸਲੇ ਠਾਕਰੇ ਪਰਿਵਾਰ ਅਤੇ ਪਾਰਟੀ ਦੇ ਭਵਿੱਖ ਲਈ ਮਹੱਤਵਪੂਰਨ ਹੋਣਗੇ।

-ਕਲਿਆਣੀ ਸ਼ੰਕਰ


author

Harpreet SIngh

Content Editor

Related News