ਮਨ ਦਾ ਰੰਗਮੰਚ ਹੈ ਰੇਡੀਓ

Friday, Nov 22, 2024 - 04:13 PM (IST)

ਮਨ ਦਾ ਰੰਗਮੰਚ ਹੈ ਰੇਡੀਓ

ਇਹ ਕਾਲਮ ਆਈ. ਪੀ. ਐੱਲ. ਜਾਂ ਵੱਡੀਆਂ ਤਨਖਾਹਾਂ ਦੇ ਚੈੱਕਾਂ, ਸਿਆਸਤਦਾਨਾਂ ਦੇ ਪੁੱਤਰਾਂ ਦੀ ਕ੍ਰਿਕਟ ਸੰਸਥਾਵਾਂ ਦੀ ਅਗਵਾਈ ਕਰਨ, ਜਾਂ ਘਰੇਲੂ ਸੀਰੀਜ਼ ਵਿਚ ਨਿਊਜ਼ੀਲੈਂਡ (ਬਲੈਕ ਕੈਪਸ) ਤੋਂ ਭਾਰਤ ਦੀ ਹਾਰ ਬਾਰੇ ਨਹੀਂ ਹੈ। ਕਦੇ ਕ੍ਰਿਕਟ ਦਾ ਸ਼ੌਕੀਨ ਸੀ ਪਰ ਮੈਂ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਇਸ ਖੇਡ ਤੋਂ ਦੂਰ ਕਰ ਲਿਆ ਹੈ। ਇਕ ਸਾਥੀ ਨੇ ਮੈਨੂੰ ਯਾਦ ਦਿਵਾਇਆ ਕਿ ਬਾਰਡਰ-ਗਾਵਸਕਰ ਟਰਾਫੀ ਲਈ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ 22 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ ਆਓ ਅਸੀਂ ਜਸ਼ਨ ਮਨਾਉਣ, ਸੁਰੱਖਿਅਤ ਰੱਖਣ ਅਤੇ ਸਭ ਤੋਂ ਮਹੱਤਵਪੂਰਨ ਤੌਰ ’ਤੇ ਭਾਰਤੀ ਅਤੇ ਵਿਸ਼ਵ ਕ੍ਰਿਕਟ ਦੀ ਲਾਟ ਨੂੰ ਦੁਬਾਰਾ ਜਗਾਉਣ ਬਾਰੇ ਦੱਸਦੇ ਹਾਂ।

ਰੇਡੀਓ ’ਤੇ ਕਮੈਂਟਰੀ-

ਜੀ. ਆਈ. ਐੱਫ. ਅਤੇ 30 ਸਕਿੰਟ ਦੀਆਂ ਰੀਲਾਂ ਦੇ ਯੁੱਗ ਵਿਚ, ਤੁਸੀਂ ਆਖਰੀ ਵਾਰ ਰੇਡੀਓ ’ਤੇ ਕ੍ਰਿਕਟ ਕਮੈਂਟਰੀ ਕਦੋਂ ਸੁਣੀ ਸੀ? ਮੈਚ ਸੁਣਨ ਲਈ ਤੁਸੀਂ ਆਖਰੀ ਵਾਰ ਆਲ ਇੰਡੀਆ ਰੇਡੀਓ (ਕਾਰ ਵਿਚ ਬੈਠੇ ਹੋਏ) ਕਦੋਂ ਟਿਊਨ ਕੀਤਾ ਸੀ? ਦਹਾਕੇ ਹੋ ਗਏ ਹੋਣਗੇ! ਸਾਲ 1922 ’ਚ ਆਸਟ੍ਰੇਲੀਆ ’ਚ ਕ੍ਰਿਕਟ ਮੈਚ ਦਾ ਪਹਿਲਾ ਰਿਕਾਰਡ ਕੀਤਾ ਗਿਆ ਪ੍ਰਸਾਰਨ ਚਾਰਲਸ ਬੈਨਰਮੈਨ ਦੇ ਮਾਣ ’ਚ ਇਕ ਨੁਮਾਇਸ਼ੀ ਖੇਡ ਲਈ ਸੀ, ਜਿਸ ਨੇ ਟੈਸਟ ਕ੍ਰਿਕਟ ’ਚ ਪਹਿਲਾ ਸੈਂਕੜਾ ਬਣਾਇਆ ਸੀ। ਕ੍ਰਿਕਟ ਦੀ ਬਾਈਬਲ ‘ਵਿਜ਼ਡਨ’ ਪੁਸ਼ਟੀ ਕਰਦੀ ਹੈ ਕਿ ਉਸ ਪ੍ਰਸਾਰਨ ਦਾ ਕੋਈ ਰਿਕਾਰਡ ਕੀਤਾ ਗਿਆ ਸਬੂਤ ਨਹੀਂ ਹੈ।

ਭਾਰਤ ’ਚ ਵੀ ਰੇਡੀਓ ’ਤੇ ਕ੍ਰਿਕਟ ਕਮੈਂਟਰੀ ਸ਼ਾਨਦਾਰ ਵਿਰਾਸਤ ਹੈ। ਅਰਦੇਸ਼ਿਰ ਫੁਰਦੋਰਜੀ ਸੋਹਰਾਬਜੀ ‘ਬੌਬੀ’ ਤਲਯਾਰਖਾਨ ਨੂੰ ਅਕਸਰ ਰੇਡੀਓ ’ਤੇ ਕ੍ਰਿਕਟ ਕਮੈਂਟਰੀ ਦਾ ਮੋਹਰੀ ਮੰਨਿਆ ਜਾਂਦਾ ਹੈ। ਆਲ ਇੰਡੀਆ ਰੇਡੀਓ (ਏ. ਆਈ. ਆਰ.) ਲਈ ਕਮੈਂਟੇਟਰ ਵਜੋਂ ਉਨ੍ਹਾਂ ਦਾ ਪਹਿਲਾ ਕਾਰਜਕਾਲ 1934 ’ਚ ਕਵਾਡ੍ਰੈਂਗੂਲਰ ਟੂਰਨਾਮੈਂਟ ਦੌਰਾਨ ਮੁੰਬਈ ’ਚ ਪਾਰਸੀ ਅਤੇ ਮੁਸਲਿਮ ਫਿਰਕਿਆਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਟੀਮਾਂ ਦੌਰਾਨ ਖੇਡੇ ਗਏ ਮੈਚ ’ਚ ਸ਼ੁਰੂ ਹੋਇਆ ਸੀ।

ਬੌਬੀ ਤਲਯਾਰਖਾਨ ਤਾਂ ਬੌਬੀ ਤਲਯਾਰਖਾਨ ਹੀ ਸਨ! ਉਨ੍ਹਾਂ ਨੇ ਕਦੇ ਕਿਸੇ ਹੋਰ ਕਮੈਂਟੇਟਰ ਨਾਲ ਮਾਈਕ੍ਰੋਫੋਨ ਸਾਂਝਾ ਨਹੀਂ ਕੀਤਾ। ਜਿਵੇਂ ਕਿ ਰਾਮਚੰਦਰ ਗੁਹਾ ਨੇ ਆਪਣੀ ਕਿਤਾਬ ‘ਏ ਕਾਰਨਰ ਆਫ ਏ ਫਾਰੇਨ ਫੀਲਡ’ ’ਚ ਲਿਖਿਆ ਹੈ, ‘‘ਉਨ੍ਹਾਂ ਦਾ ਸਵੈ-ਕਾਬੂ ਵਿਲੱਖਣ ਸੀ ਕਿਉਂਕਿ ਉਹ ਬਿਨਾਂ ਕਿਸੇ ਰੁਕਾਵਟ ਦੇ ਬੋਲਦੇ ਸਨ (ਲੰਚ ਅਤੇ ਚਾਹ ਨੂੰ ਛੱਡ ਕੇ)।’’

1960, 70 ਅਤੇ 80 ਦੇ ਦਹਾਕੇ ’ਚ ਰੇਡੀਓ ਕ੍ਰਿਕਟ ਕਮੈਂਟਰੀ ’ਚ ਕੁਝ ਬਿਹਤਰੀਨ ਕਲਾਕਾਰ ਸਨ ਜਿਨ੍ਹਾਂ ’ਚ ਬੇਰੀ ਸਰਵਾਧਿਕਾਰੀ, ਪੀਅਰਸਨ ਸੁਰਿਤਾ, ਡਿਕੀ ਰੂਤਨਾਗੁਰ, ਅਨੰਤ ਸੀਤਲਵਾੜ, ਕਿਸ਼ੋਰ ਧਿਮਣੀ ਅਤੇ ਹੋਰ ਸ਼ਾਮਲ ਸਨ। ਇਨ੍ਹਾਂ ’ਚੋਂ ਕੁਝ ਸੱਜਣਾਂ ਦੇ ਲਹਿਜੇ ’ਚ ਬ੍ਰਿਟਿਸ਼ ਲਹਿਜੇ ਦੀ ਝਲਕ ਸੀ। ਮੌਜੂਦਾ ਸਮੇਂ ’ਚ, ਹਿੰਦੀ ’ਚ ਕਮੈਂਟੇਟਰ ਸੁਸ਼ੀਲ ਦੋਸ਼ੀ ਅਤੇ ਸੰਜੇ ਬੈਨਰਜੀ ਅਤੇ ਅੰਗ੍ਰੇਜ਼ੀ ’ਚ ਸੁਨੀਲ ਗੁਪਤਾ ਅਤੇ ਪ੍ਰਕਾਸ਼ ਵਾਕਣਕਰ ਇਕ ਵੱਖਰੀ ਲੀਗ ’ਚ ਹਨ।

ਚੰਗੀ ਤਰ੍ਹਾਂ ਨਾਲ ਕੀਤੀ ਗਈ ਰੇਡੀਓ ਕਮੈਂਟਰੀ, ਟੈਲੀਵਿਜ਼ਨ ’ਤੇ 24 ਫ੍ਰੇਮ ਪ੍ਰਤੀ ਸਕਿੰਟ ਵਾਂਗ ਹੀ ਦਿਲਚਸਪ ਹੋ ਸਕਦੀ ਹੈ। ਇਹ ਸਰੋਤੇ ਨੂੰ ਆਪਣੇ ’ਚ ਸ਼ਾਮਲ ਕਰਦੀ ਹੈ, ਉਸ ਨੂੰ ਆਪਣੀ ਕਲਪਨਾ ਦੀ ਵਰਤੋਂ ਕਰਨ ਲਈ ਮਜਬੂਰ ਕਰਦੀ ਹੈ ਅਤੇ ਉਸ ਨੂੰ ਪਿੱਚ ’ਚ ਰੱਖਦੀ ਹੈ। ਜਿਵੇਂ ਕਿ ਆਰਸਨ ਵੈੱਲਜ਼ ਨੇ ਕਿਹਾ, ‘‘ਰੇਡੀਓ ਮਨ ਦਾ ਰੰਗਮੰਚ ਹੈ।’’ ਇਹੀ ਕਾਰਨ ਹੈ ਕਿ ਬੀ. ਬੀ. ਸੀ. ਦੇ ‘ਟੈਸਟ ਮੈਚ ਸਪੈਸ਼ਲ’ ਅਤੇ ਏ. ਬੀ. ਸੀ. ਦੇ ‘ਗ੍ਰੈਂਡਸਟੈਂਡ’ ਕੋਲ ਸਮਰਪਿਤ ਚੈਨਲ ਅਤੇ ਸਰੋਤੇ ਹਨ ਜਿਨ੍ਹਾਂ ’ਚ ਉਨ੍ਹਾਂ ਦੇ ਪੌਡਕਾਸਟ ਵੀ ਸ਼ਾਮਲ ਹਨ।

ਇਨ੍ਹਾਂ ਪ੍ਰੋਗਰਾਮਾਂ ਦੀ ਸਫਲਤਾ ਮੁੱਖ ਤੌਰ ’ਤੇ ਉਨ੍ਹਾਂ ਦੀ ਗੁਣਵੱਤਾ ਦੇ ਉੱਚੇ ਮਾਨਕਾਂ ਕਰ ਕੇ ਹੈ। ਚੋਟੀ ਦੇ ਪੱਧਰ ’ਤੇ ਕਮੈਂਟੇਟਰਾਂ ਨੂੰ ਸ਼ਾਮਲ ਕਰਨਾ ਅਹਿਮ ਹੈ ਜੋ ਅਖੀਰ ਸਰੋਤੇ ਨਾਲ ਇਕ ਲੰਬੇ ਸਮੇਂ ਦੇ ਸਬੰਧ ਵਿਕਸਤ ਕਰਦੇ ਹਨ।

ਰੇਡੀਓ ’ਤੇ ਭਾਰਤੀ ਕ੍ਰਿਕਟ ਕਮੈਂਟਰੀ ਹੁਣ ਅੌਸਤ ਦਰਜੇ ਦੀ ਧੂੜ ’ਚ ਕਿਉਂ ਢਕੀ ਹੋਈ ਹੈ? ਚਾਰ ਜਾਂ ਪੰਜ ਕਮੈਂਟੇਟਰਾਂ ਨੂੰ ਛੱਡ ਕੇ, ਇਹ ਤੱਥਾਂ ਅਤੇ ਅੰਕੜਿਆਂ ਦੀ ਇਕ ਨੀਰਸ ਸੂਚੀ ਹੈ, ਹੋਰ ਕੁਝ ਨਹੀਂ। ਕੋਈ ਰੰਗ ਨਹੀਂ, ਕੋਈ ਸੰਦਰਭ ਨਹੀਂ, ਕੋਈ ਇਤਿਹਾਸ ਨਹੀਂ, ਕੋਈ ਮਖੌਲ ਨਹੀਂ। ਇਹ ਇਕ ਗੁਆਚਿਆ ਹੋਇਆ ਮੌਕਾ ਹੈ। ਇਸ ’ਤੇ ਵਿਚਾਰ ਕਰੋ। 2022 ਦੇ ਪਹਿਲੇ ਤਿੰਨ ਮਹੀਨਿਆਂ ’ਚ ਏ. ਆਈ. ਆਰ. ਦੇ ਹਰ ਮਹੀਨੇ ਔਸਤ 2 ਕਰੋੜ ਸਰੋਤੇ ਸਨ। ਏ. ਆਈ. ਆਰ. ਲਈ ਚੰਗੀ ਸਮੱਗਰੀ ਬਣਾਉਣ ਅਤੇ ਵਿਸ਼ਵ ਪੱਧਰੀ ਕ੍ਰਿਕਟ ਦਾ ਨਿਰਮਾਣ ਕਰ ਕੇ ਵੱਡੇ ਦਰਸ਼ਕਾਂ ਤਕ ਪਹੁੰਚਣ ਦੀ ਬਹੁਤ ਸੰਭਾਵਨਾ ਹੈ। ਇੱਥੇ ਤਿੰਨ ਸੁਝਾਅ ਦਿੱਤੇ ਗਏ ਹਨ-

ੳ) ਹਰ ਭਾਸ਼ਾ ਲਈ ਸਮਰਪਿਤ ਚੈਨਲ ਹੀ ਅੱਗੇ ਦੀ ਰਾਹ ਹਨ। ਹਿੰਦੀ ਅਤੇ ਅੰਗ੍ਰੇਜ਼ੀ ਕਮੈਂਟੇਟਰਾਂ ਵਲੋਂ ਇਕ ਜੋੜੀ ਦੇ ਰੂਪ ’ਚ ਕਮੈਂਟਰੀ ਕਰਨਾ ਚੰਗੀ ਰੇਡੀਓ ਕਮੈਂਟਰੀ ਨੂੰ ਖਤਮ ਕਰਨ ਦਾ ਸਭ ਤੋਂ ਪੱਕਾ ਤਰੀਕਾ ਹੈ।

ਅ) ਆਕਾਸ਼ਵਾਣੀ ਲਈ ਕਮੈਂਟੇਟਰਾਂ ਦੀ ਚੋਣ ਪ੍ਰਕਿਰਿਆ ਇਕ ਅਪਾਰਦਰਸ਼ੀ ਪ੍ਰਕਿਰਿਆ ਹੈ। ਚੋਟੀ ਦੇ ਕਮੈਂਟੇਟਰਾਂ ਦਾ ਸਮੂਹ ਬਣਾਉਣ ਲਈ ਨਿਰਪੱਖ ਅਤੇ ਪੇਸ਼ੇਵਰ ਫੈਸਲਾ ਪ੍ਰਕਿਰਿਆ ਦਾ ਹੋਣਾ ਜ਼ਰੂਰੀ ਹੈ।

ਏ) ਆਕਾਸ਼ਵਾਣੀ ਦੇ ਕਮੈਂਟੇਟਰਾਂ ਦੇ ਪੈਨਲ ’ਚੋਂ, ਉਨ੍ਹਾਂ ਲੋਕਾਂ ਦੀ ਚੋਣ ਕਰਨੀ ਜ਼ਰੂਰੀ ਹੈ, ਜਿਨ੍ਹਾਂ ਨੂੰ ਕ੍ਰਿਕਟ ਦੀ ਪੂਰੀ ਸਮਝ ਹੋਵੇ ਅਤੇ ਸਰੋਤਿਆਂ ਨੂੰ ਖਿੱਚਣ ਲਈ ਸ਼ੈਲੀ/ਸ਼ਬਦਾਵਲੀ ਹੋਵੇ। ਇਸ ਸਿਧਾਂਤ ’ਤੇ ਕ੍ਰਿਕਟ ਕਮੈਂਟੇਟਰਾਂ ਨੂੰ ਸਲਾਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿ ‘ਪੈਨਲ ਦੇ ਹਰ ਵਿਅਕਤੀ ਨੂੰ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ’, ਭਾਵੇਂ ਹੀ ਆਕਾਸ਼ਵਾਣੀ ਦੀ ਆਡੀਐਂਸ ਰਿਸਰਚ ਯੂਨਿਟ ਵਲੋਂ ਉਨ੍ਹਾਂ ਦੀ ਰੇਟਿੰਗ ਕੁਝ ਵੀ ਹੋਵੇ।

ਇਹ ਇਕ ਕਮੀ ਹੈ ਜਿਸ ਨੂੰ ਤੁਰੰਤ ਠੀਕ ਕਰਨ ਦੀ ਲੋੜ ਹੈ। ਸ਼ਾਇਦ ਰੇਲ ਮੰਤਰੀ, ਜੋ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਵੀ ਹਨ (ਜੋ ਇਸ ਕਾਲਮ ਦੇ ਵਿਸ਼ੇ ਨਾਲ ਸਬੰਧਤ ਹਨ), ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ ਕਿ ‘ਕੋਈ ਅਜੇ ਵੀ ਤੁਹਾਨੂੰ ਪਿਆਰ ਕਰਦਾ ਹੈ, ਰੇਡੀਓ ਗਾ, ਗਾ’।

ਭਾਰਤੀ ਕ੍ਰਿਕਟ ਦੀ ਆਵਾਜ਼ ਪੀ. ਐੱਸ. ਹਰਸ਼ਾ ਭੋਗਲੇ, ਜਿਨ੍ਹਾਂ ਨੇ ਆਪਣਾ ਕਰੀਅਰ ਇਕ ਆਜ਼ਾਦ ਖੇਡ ਪੱਤਰਕਾਰ ਅਤੇ ਰੇਡੀਓ ਕਮੈਂਟੇਟਰ ਵਜੋਂ ਸ਼ੁਰੂ ਕੀਤਾ ਸੀ, ਨੇ ਮੈਨੂੰ ਦੱਸਿਆ, ‘‘ਆਲ ਇੰਡੀਆ ਰੇਡੀਓ ਨੇ ਮੇਰੇ ਲਈ ਦਰਵਾਜ਼ਾ ਖੋਲ੍ਹਿਆ ਪਰ ਤੁਸੀਂ ਆਕਾਸ਼ਵਾਣੀ ’ਤੇ ਪੂਰੇ ਸਮੇਂ ਦੇ ਪੇਸ਼ੇਵਰ ਨਹੀਂ ਹੋ ਸਕਦੇ। ਮੈਂ ਇਸ ਨੂੰ ਇਕ ਪੇਸ਼ਾ ਬਣਾਉਣਾ ਚਾਹੁੰਦਾ ਸੀ। ਜਦੋਂ ਮੈਂ ਬੀ. ਬੀ. ਸੀ./ਏ. ਬੀ. ਸੀ. ਕਰਨੀ ਸ਼ੁਰੂ ਕੀਤੀ ਤਾਂ ਮੇਰੀ ਸਭ ਤੋਂ ਵੱਡੀ ਸਿੱਖਿਆ ਇਹ ਸੀ ਕਿ ਅਸੀਂ ਵੀ ਓਨੇ ਹੀ ਚੰਗੇ ਹੋ ਸਕਦੇ ਹਾਂ।’’

ਹੁਣ ਸਮਾਂ ਆ ਗਿਆ ਹੈ ਕਿ ਹਰਸ਼ਾ ਨੂੰ ਇਕ ਨਵੀਂ ਟੀਮ ਦਾ ਕਪਤਾਨ ਨਿਯੁਕਤ ਕੀਤਾ ਜਾਵੇ ਜਿਸ ਦਾ ਕੰਮ ਭਾਰਤੀ ਰੇਡੀਓ ਕ੍ਰਿਕਟ ਕਮੈਂਟਰੀ ਨੂੰ ਵਿਸ਼ਵ ਪੱਧਰੀ ਬਣਾਉਣਾ ਹੋਣਾ ਚਾਹੀਦਾ ਹੈ।

ਡੈਰੇਕ ਓ ਬ੍ਰਾਇਨ


author

Tanu

Content Editor

Related News