ਪੰਜਾਬੀ ਦੇਸ਼ ਨੂੰ ਬਚਾ ਸਕਦੀ ਹੈ, ਜੇਕਰ ਖੁਦ ਬਚੇ ਤਾਂ
Wednesday, Mar 19, 2025 - 03:45 PM (IST)

ਅੱਜ ਦੇ ਸਮੇਂ ਵਿਚ ਪੰਜਾਬੀ ਭਾਸ਼ਾ ਦੇਸ਼ ਨੂੰ ਬਚਾ ਸਕਦੀ ਹੈ, ਪਰ ਸਿਰਫ਼ ਤਾਂ ਹੀ ਜੇਕਰ ਇਹ ਖੁਦ ਆਪਣੀ ਆਤਮਾ ਨੂੰ ਬਚਾਏ। ਜੇਕਰ ਪੰਜਾਬੀ ਆਪਣੀਆਂ ਜੜ੍ਹਾਂ ਨਾਲ ਜੁੜ ਜਾਵੇ ਤਾਂ ਇਹ ਕੌਮ ਅਤੇ ਧਰਮ ਦੇ ਨਾਂ ’ਤੇ ਚੱਲ ਰਹੀ ਸੌੜੀ ਰਾਜਨੀਤੀ ਦਾ ਜਵਾਬ ਬਣ ਸਕਦੀ ਹੈ ਅਤੇ ਪੂਰੇ ਦੇਸ਼ ਨੂੰ ਰਸਤਾ ਦਿਖਾ ਸਕਦੀ ਹੈ ਪਰ ਆਪਣੀਆਂ ਜੜ੍ਹਾਂ ਤੋਂ ਕੱਟੀ ਹੋਈ ਪੰਜਾਬੀ ਜਾਂ ਤਾਂ ਹਲਕੇ-ਫੁਲਕੇ ਮਜ਼ਾਕ ਦੀ ਭਾਸ਼ਾ ਬਣ ਜਾਵੇਗੀ ਜਾਂ ਇਸ ਦੀ ਜ਼ਿਦ ਫਿਰਕਾਪ੍ਰਸਤੀ ਅਤੇ ਵੱਖਵਾਦ ਵੱਲ ਲੈ ਜਾ ਸਕਦੀ ਹੈ।
ਇਹ ਗੱਲ ਮੈਂ ਪੰਜਾਬੀ ਸਾਹਿਤਕਾਰਾਂ ਅਤੇ ਵਿਦਵਾਨਾਂ ਦੀ ਇਕ ਮੀਟਿੰਗ ਵਿਚ ਕਹੀ ਸੀ। ਇਹ ਸਾਰੇ ਪੰਜਾਬ ਦੇ ਅੰਮ੍ਰਿਤਸਰ ਨੇੜੇ ਪ੍ਰੀਤਨਗਰ ਵਿਖੇ 7ਵੇਂ ‘ਆਨੰਦ ਜੋੜੀ ਸਮ੍ਰਿਤੀ ਪੁਰਸਕਾਰ, 2025’ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਏ ਸਨ। ਇਸ ਸਾਲ, ਪੱਤਰਕਾਰੀ ਵਿਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ‘ਜਗਜੀਤ ਸਿੰਘ ਆਨੰਦ ਪੁਰਸਕਾਰ’ ਨੌਜਵਾਨ ਪੰਜਾਬੀ ਪੱਤਰਕਾਰ ਹਰਮਨਦੀਪ ਸਿੰਘ ਨੂੰ ਦਿੱਤਾ ਗਿਆ। ਸਾਲ ਦੀ ਸਭ ਤੋਂ ਵਧੀਆ ਪੰਜਾਬੀ ਕਹਾਣੀ ਲਈ ‘ਉਰਮਿਲਾ ਆਨੰਦ ਪੁਰਸਕਾਰ’ ਪਾਕਿਸਤਾਨੀ ਲੇਖਕ ਅੰਬਰ ਹੁਸੈਨੀ ਨੂੰ ਦਿੱਤਾ ਗਿਆ। ਇਹ ਪ੍ਰੀਤਨਗਰ ਦੀ ਇਤਿਹਾਸਕ ਵਿਰਾਸਤ ਨਾਲ ਜੁੜਨ ਦਾ ਵੀ ਇਕ ਮੌਕਾ ਸੀ ਜਿੱਥੇ ਆਧੁਨਿਕ ਪੰਜਾਬੀ ਸਾਹਿਤ ਦਾ ਪਾਲਣ-ਪੋਸ਼ਣ ਕੀਤਾ ਗਿਆ ਸੀ।
ਉੱਘੇ ਪੰਜਾਬੀ ਲੇਖਕ ਗੁਰਬਖਸ਼ ਸਿੰਘ ਨੇ 1933 ਵਿਚ ਪੰਜਾਬੀ ਰਸਾਲਾ ‘ਪ੍ਰੀਤਲੜੀ’ ਸ਼ੁਰੂ ਕੀਤਾ ਅਤੇ ਛੇ ਸਾਲ ਬਾਅਦ ਸ਼ਾਂਤੀ ਨਿਕੇਤਨ ਵਰਗਾ ਸੱਭਿਆਚਾਰਕ ਅਤੇ ਵਿੱਦਿਅਕ ਕੇਂਦਰ ਬਣਾਉਣ ਦੇ ਸੁਪਨੇ ਨਾਲ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਸਥਿਤ ਜ਼ਮੀਨ ਦੇ ਇਕ ਟੁਕੜੇ ’ਤੇ ‘ਪ੍ਰੀਤਨਗਰ’ ਵਸਾਇਆ। ਦੇਸ਼ ਦੀ ਵੰਡ ਕਾਰਨ ਉਨ੍ਹਾਂ ਦੀ ਪੂਰੀ ਯੋਜਨਾ ਸਿਰੇ ਨਹੀਂ ਚੜ੍ਹ ਸਕੀ, ਪਰ ਪ੍ਰੀਤਨਗਰ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਪੰਜਾਬੀ ਸਾਹਿਤ ਦੀ ਨਰਸਰੀ ਬਣਿਆ ਰਿਹਾ। ਹਰ ਸਾਲ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਇਸ ਵਿਰਾਸਤ ਨੂੰ ਜ਼ਿੰਦਾ ਰੱਖਣ ਲਈ ਉੱਥੇ ਇਕੱਠੇ ਹੁੰਦੇ ਹਨ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੈਂ ਉਹ ਗੱਲ ਕਹੀ ਜੋ ਪੰਜਾਬੀ ਭਾਸ਼ਾ ਅਤੇ ਸਮਾਜ ਨਾਲ ਮੇਰੀ ਨੇੜਤਾ ਕਾਰਨ ਬਹੁਤ ਸਮੇਂ ਤੋਂ ਮੇਰੇ ਮਨ ਵਿਚ ਸੀ।
ਪੰਜਾਬੀ ਦੁਨੀਆ ਦੀਆਂ ਉਨ੍ਹਾਂ ਕੁਝ ਭਾਸ਼ਾਵਾਂ ਵਿਚੋਂ ਇਕ ਹੈ ਜਿਸ ਦਾ ਦਾਇਰਾ ਦੇਸ਼ ਅਤੇ ਧਰਮ ਦੋਵਾਂ ਦੀਆਂ ਸਰਹੱਦਾਂ ਨੂੰ ਤੋੜਦਾ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਵਿਚ ਪੰਜਾਬ ਦੀ ਭਾਸ਼ਾ ਹੋਣ ਤੋਂ ਇਲਾਵਾ, ਇਹ ਹੁਣ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿਚ ਵੀ ਫੈਲ ਗਈ ਹੈ। ਇਹ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਭਾਸ਼ਾ ਰਹੀ ਹੈ ਅਤੇ ਨਾਲ ਹੀ ਪੰਜਾਬ ਦੇ ਛੋਟੇ ਈਸਾਈ ਭਾਈਚਾਰੇ ਦੀ ਵੀ। ਅੱਜ ਇਹ ਭਾਸ਼ਾ ਮੁੱਖ ਤੌਰ ’ਤੇ ਗੁਰਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ, ਪਰ ਇਕ ਸਮੇਂ ਇਹ ਦੇਵਨਾਗਰੀ ਅਤੇ ਸ਼ਾਹਮੁਖੀ (ਭਾਵ ਅਰਬੀ) ਲਿਪੀਆਂ ਵਿਚ ਵੀ ਲਿਖੀ ਜਾਂਦੀ ਸੀ।
ਪਾਕਿਸਤਾਨ ਦੇ ਪੰਜਾਬ ਖੇਤਰ ਵਿਚ, ਪੰਜਾਬੀ ਸਿਰਫ਼ ਇਕ ਬੋਲੀ ਬਣ ਕੇ ਰਹਿ ਗਈ ਹੈ ਕਿਉਂਕਿ ਰਸਮੀ ਤੌਰ ’ਤੇ ਸਿਰਫ਼ ਉਰਦੂ ਹੀ ਸਿਖਾਈ ਜਾਂਦੀ ਹੈ, ਹਾਲਾਂਕਿ ਹਾਲ ਹੀ ਵਿਚ ਸ਼ਾਹਮੁਖੀ ਲਿਪੀ ਵਿਚ ਪੰਜਾਬੀ ਸਾਹਿਤ ਦੀ ਰਚਨਾ ਫਿਰ ਤੋਂ ਜ਼ੋਰ ਫੜ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਫਰੀਦ ਜੀ ਅਤੇ ਬੁੱਲ੍ਹੇ ਸ਼ਾਹ ਦੀ ਵਾਰਿਸ ਇਹ ਭਾਸ਼ਾ ਸ਼ੁਰੂ ਤੋਂ ਹੀ ਸਮਾਨਤਾ ਅਤੇ ਨਿਆਂ ਦੀ ਆਵਾਜ਼ ਬਣ ਕੇ ਖੜ੍ਹੀ ਹੋਈ ਹੈ। ਪੰਜਾਬੀ ਭਾਸ਼ਾ ਦਾ ਮੂਡ (ਮਿਜਾਜ਼) ਅਤੇ ਰਵੱਈਆ ਸੱਤਾ ਵਿਰੋਧੀ ਰਿਹਾ ਹੈ। ਇਸ ਕਾਰਨ ਪੰਜਾਬੀ ਲੇਖਕ ਗਦਰ ਲਹਿਰ ਵਿਚ ਸ਼ਾਮਲ ਹੋਏ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਖੜ੍ਹੇ ਹੋਏ। ਉਨ੍ਹਾਂ ਨੇ ਐਮਰਜੈਂਸੀ ਦਾ ਵੀ ਵਿਰੋਧ ਕੀਤਾ, ਵੰਡ ਦੇ ਦਰਦ ਨੂੰ ਦਰਸਾਇਆ ਅਤੇ ਪੰਜਾਬ ਵਿਚ ਅੱਤਵਾਦੀਆਂ ਵਿਰੁੱਧ ਆਪਣੀਆਂ ਕਲਮਾਂ ਵੀ ਚੁੱਕੀਆਂ। ਇਸ ਪੰਜਾਬੀ ਨੇ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਅਤੇ ਅਵਤਾਰ ਸਿੰਘ ਪਾਸ਼ ਦੀ ਕਵਿਤਾ ਨੂੰ ਜਨਮ ਦਿੱਤਾ। ਦੁਨੀਆ ਸਾਹਿਰ ਲੁਧਿਆਣਵੀ ਅਤੇ ਗੁਲਜ਼ਾਰ ਨੂੰ ਪੰਜਾਬੀ ਕਵੀਆਂ ਵਜੋਂ ਨਹੀਂ ਜਾਣਦੀ, ਪਰ ਉਨ੍ਹਾਂ ਨੂੰ ਵੀ ਇਸ ਪੰਜਾਬੀ ਭਾਸ਼ਾ ਨੇ ਪਾਲਿਆ-ਪੋਸਿਆ ਹੈ।
ਪਰ ਅੱਜ ਪੰਜਾਬੀ ਭਾਸ਼ਾ ਦੀ ਹਾਲਤ ਹੋਰ ਭਾਰਤੀ ਭਾਸ਼ਾਵਾਂ ਨਾਲੋਂ ਬਿਹਤਰ ਨਹੀਂ ਹੈ। ਬੇਸ਼ੱਕ, ਅੱਜ ਵੀ ਪੰਜਾਬੀ ਵਿਚ ਸ਼ਾਨਦਾਰ ਸਾਹਿਤ ਸਿਰਜਿਆ ਜਾ ਰਿਹਾ ਹੈ। ਦਲਿਤ ਸਾਹਿਤ ਉੱਭਰ ਰਿਹਾ ਹੈ। ਇਸ ਕਾਨਫਰੰਸ ਵਿਚ ਮੈਨੂੰ ਇਸ ਦੀ ਝਲਕ ਦੇਖਣ ਨੂੰ ਮਿਲੀ। ਇਸ ਅਰਥ ਵਿਚ, ਪੰਜਾਬੀ ਸਾਹਿਤ ਹਿੰਦੀ ਪੱਟੀ ਦੇ ਕਿਸੇ ਵੀ ਇਕ ਰਾਜ ਜਿਵੇਂ ਕਿ ਹਰਿਆਣਾ ਨਾਲੋਂ ਬਿਹਤਰ ਹੈ। ਹਿੰਦੀ ਬੋਲਦੇ ਇਲਾਕਿਆਂ ਨਾਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੁਝ ਬਿਹਤਰ ਸੰਸਥਾਵਾਂ ਹਨ। ਪੰਜਾਬੀ ਪੱਤਰਕਾਰੀ ਵਿਚ ਅਜੇ ਵੀ ਇਕ ਧਾਰ ਬਚੀ ਹੋਈ ਹੈ। ਪਰ ਇਹ ਸਭ ਸਾਡਾ ਧਿਆਨ ਇਕ ਵੱਡੇ ਅਤੇ ਕੌੜੇ ਸੱਚ ਤੋਂ ਨਹੀਂ ਹਟਾ ਸਕਦਾ। ਹੋਰ ਭਾਰਤੀ ਭਾਸ਼ਾਵਾਂ ਵਾਂਗ, ਪੰਜਾਬੀ ਵਿਚ ਵੀ ਮੁੱਢਲਾ ਗਿਆਨ, ਵਿਗਿਆਨ, ਤਕਨਾਲੋਜੀ ਅਤੇ ਸਮਾਜ ਸ਼ਾਸਤਰ ਵਿਕਸਤ ਨਹੀਂ ਹੋ ਰਿਹਾ। ਦੇਸ਼, ਦੁਨੀਆ ਅਤੇ ਭਵਿੱਖ ਦੀ ਸਮਝ ਪੈਦਾ ਕਰਨ ਦਾ ਕੰਮ ਅੰਗਰੇਜ਼ੀ ਵਿਚ ਹੋ ਰਿਹਾ ਹੈ, ਪੰਜਾਬੀ ਵਿਚ ਨਹੀਂ।
ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਜਾਣ ਦੀ ਦੌੜ ਲੱਗੀ ਹੋਈ ਹੈ। ਸਰਕਾਰੀ ਸਕੂਲਾਂ ਵਿਚ ਪੰਜਾਬੀ ਮਾਧਿਅਮ ਵਿਚ ਪੜ੍ਹ ਰਹੇ ਬੱਚੇ ਜਾਂ ਤਾਂ ਪੰਜਾਬ ਦੇ ਗਰੀਬ ਲੋਕ ਹਨ ਜਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਏ ਪ੍ਰਵਾਸੀ। ਨਵੀਂ ਪੀੜ੍ਹੀ ’ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੈ, ਭਾਵੇਂ ਇਹ ‘ਡੰਕੀ’ ਵਾਲੇ ਰਸਤੇ ਰਾਹੀਂ ਹੀ ਕਿਉਂ ਨਾ ਹੋਵੇ। ਪੰਜਾਬ ’ਚ ਚਾਰੋਂ ਪਾਸੇ ਵੀਜ਼ਾ ਦਿਵਾਉਣ ਅਤੇ ਲੋਕਾਂ ਨੂੰ ਅੰਗਰੇਜ਼ੀ ਦੀ ਆਈਲੈਟਸ (IELTS) ਪ੍ਰੀਖਿਆ ਪਾਸ ਕਰਵਾਉਣ ਦੇ ਇਸ਼ਤਿਹਾਰ ਛਾਏ ਹੋਏ ਹਨ।
ਤੁਸੀਂ ਕਹਿ ਸਕਦੇ ਹੋ ਕਿ ਦੇਸ਼ ਅਤੇ ਦੁਨੀਆ ਵਿਚ ਪੰਜਾਬੀਆਂ ਦਾ ਬੋਲਬਾਲਾ ਹੈ, ਕਿ ਪੂਰੀ ਦੁਨੀਆ ਪੰਜਾਬੀ ਗੀਤਾਂ ’ਤੇ ਨੱਚ ਰਹੀ ਹੈ ਪਰ ਮੈਨੂੰ ਡਰ ਹੈ ਕਿ ਇਸ ਸਫਲਤਾ ਦੀ ਕੀਮਤ ਇਹ ਹੈ ਕਿ ਪੰਜਾਬੀ ਸਮਾਜ ਆਪਣੇ ਡੂੰਘੇ ਵਿਰਸੇ ਤੋਂ ਕੱਟਿਆ ਜਾ ਰਿਹਾ ਹੈ। ਅਮਰੀਕਾ ਵਾਂਗ, ਇੱਥੇ ਸਫਲਤਾ, ਪੈਸਾ ਅਤੇ ਸ਼ਾਨ ਨੂੰ ਸਭ ਕੁਝ ਸਮਝਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਪੰਜਾਬੀ ਸਮਾਜ ਖੁਦ ਪੰਜਾਬੀਆਂ ਦੇ ਫਿਲਮੀ ਸਟੀਰੀਓਟਾਈਪ (ਰੂੜ੍ਹੀਵਾਦੀ) ਅੰਦਾਜ਼-ਗਾਣੇ, ਭੰਗੜਾ ਅਤੇ ਚੁਟਕਲੇ-ਵਿਚ ਫਸਦਾ ਜਾ ਰਿਹਾ ਹੈ। ਇਹ ਪੰਜਾਬ ਦੀ ਵਿਰਾਸਤ ਨਹੀਂ ਹੈ। ਇਹ ਉਹ ਪੰਜਾਬੀ ਨਹੀਂ ਜੋ ਦੇਸ਼ ਨੂੰ ਰਸਤਾ ਦਿਖਾ ਸਕੇ। ਪੰਜਾਬੀ ਦੇਸ਼ ਨੂੰ ਬਚਾ ਸਕੇ, ਉਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਪੰਜਾਬੀ ਆਪਣੇ ਆਪ ਨੂੰ ਬਚਾ ਸਕੇ। ਆਪਣੇ ਵਿਰਸੇ ਤੋਂ ਕੱਟੀ ਹੋਈ ਪੰਜਾਬੀ ਜਾਂ ਤਾਂ ਸਿਰਫ ਇਕ ਜਗੀਰੂ ਵਰਗ ਦੀ ਐਸ਼ ਦੇ ਗੁਣ ਗਾਵੇਗੀ ਜਾਂ ਫਿਰ ਪੰਥਕ ਮੁਹਾਵਰੇ ਵਿਚ ਫਸ ਕੇ ਅੰਤ ਵਿਚ ਅਲੱਗ-ਥਲੱਗ ਹੋਣ ਦਾ ਰਸਤਾ ਫੜੇਗੀ।
ਇਹ ਗੱਲ ਪੰਜਾਬੀ ਦੇ ਸੰਦਰਭ ਵਿਚ ਕਹੀ ਗਈ ਹੈ। ਪਰ ਇਸ ਦਾ ਜ਼ਿਆਦਾਤਰ ਹਿੱਸਾ ਸਾਰੀਆਂ ਭਾਰਤੀ ਭਾਸ਼ਾਵਾਂ ’ਤੇ ਲਾਗੂ ਹੁੰਦਾ ਹੈ। ਪੰਜਾਬੀ ਦਾ ਸੰਕਟ ਘੱਟ ਜਾਂ ਵੱਧ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਸੰਕਟ ਹੈ, ਜਿਹੜੀਆਂ ਸਾਰੀਆਂ ਅੰਗਰੇਜ਼ੀ ਦੇ ਅੱਗੇ ਝੁਕੀਆਂ ਹੋਈਆਂ ਹਨ। ਇਹ ਚੁਣੌਤੀ ਸਿਰਫ਼ ਇਕ ਭਾਸ਼ਾ ਦੀ ਨਹੀਂ ਹੈ। ਇਸ ਦਾ ਮੁਕਾਬਲਾ ਇਕੱਲਿਆਂ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਜਾਬੀ ਅਤੇ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਇਕੱਠੇ ਖੜ੍ਹੇ ਹੋ ਕੇ ਸੱਭਿਆਚਾਰਕ ਸਵਰਾਜ ਦੀ ਲੜਾਈ ਲੜਨੀ ਪਵੇਗੀ।
-ਯੋਗੇਂਦਰ ਯਾਦਵ