ਨਾਬਾਲਗਾਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਰੋਕਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ

Thursday, Sep 12, 2024 - 05:10 AM (IST)

ਮੋਬਾਈਲ ਫੋਨ ਤੋਂ ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਹੋਣ ਵਾਲੀ ਅਸ਼ਲੀਲ ਸਮੱਗਰੀ ਤੋਂ ਹਰ ਉਮਰ ਵਰਗ ਦੇ ਲੋਕਾਂ ਦਾ ਕਿਰਦਾਰ ਭ੍ਰਿਸ਼ਟ ਹੋਣ ਦੇ ਨਾਲ-ਨਾਲ ਅਪਰਾਧਾਂ ਨੂੰ ਬੜ੍ਹਾਵਾ ਮਿਲ ਰਿਹਾ ਹੈ। ਅਜੇ ਕੁਝ ਹੀ ਮਹੀਨੇ ਪਹਿਲਾਂ ਮੱਧ ਪ੍ਰਦੇਸ਼ ਦੇ ਰਿਵਾ ’ਚ ਇਕ ਅੱਲ੍ਹੜ ਨੇ ਮੋਬਾਈਲ ’ਤੇ ਪੋਰਨ ਦੇਖਣ ਪਿੱਛੋਂ ਆਪਣੀ ਹੀ ਛੋਟੀ ਭੈਣ ਨਾਲ ਜਬਰ-ਜ਼ਨਾਹ ਕਰਨ ਪਿੱਛੋਂ ਉਸ ਦੀ ਹੱਤਿਆ ਕਰ ਦਿੱਤੀ।
ਇਹੀ ਨਹੀਂ, ਮੋਬਾਈਲ ਫੋਨ ’ਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨਾਲ ਬੱਚੇ ਕਈ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਇਨ੍ਹਾਂ ’ਚ ਯਾਦ ਸ਼ਕਤੀ ਕਮਜ਼ੋਰ ਹੋਣਾ, ਅੱਖਾਂ ਦੇ ਰੋਗ, ਉਨੀਂਦਰਾ, ਥਕਾਵਟ, ਬੇਚੈਨੀ, ਮਾਨਸਿਕ ਸਿਹਤ ਅਤੇ ਸੋਚਣ ਦੀ ਸ਼ਕਤੀ ’ਤੇ ਬੁਰਾ ਅਸਰ, ਗਲਤ ਗੱਲਾਂ ਸਿੱਖਣ ਦੇ ਰੁਝਾਨ ’ਚ ਵਾਧਾ, ਟਿਊਮਰ, ਭਾਵਨਾਤਮਕ ਅਸਥਿਰਤਾ, ਮਾਸਪੇਸ਼ੀਆਂ ’ਚ ਤਕਲੀਫ ਆਦਿ ਪ੍ਰਮੁੱਖ ਹਨ।
ਸੋਸ਼ਲ ਮੀਡੀਆ ਦੇ ਇਨ੍ਹਾਂ ਬੁਰੇ ਅਸਰਾਂ ਨੂੰ ਦੇਖਦਿਆਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ‘ਐਂਥਨੀ ਐਲਬਾਨੀਜ਼’ ਨੇ 10 ਸਤੰਬਰ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।
‘ਐਂਥਨੀ ਐਲਬਾਨੀਜ਼’ ਅਨੁਸਾਰ, ‘‘ਸਰਕਾਰ ਸੋਸ਼ਲ ਮੀਡੀਆ ਅਤੇ ਹੋਰ ਪ੍ਰਸੰਗਿਕ ਡਿਜੀਟਲ ਪਲੇਟਫਾਰਮਾਂ ਤਕ ਪਹੁੰਚ ਲਈ ਘੱਟੋ-ਘੱਟ ਉਮਰ ਹੱਦ ਲਾਗੂ ਕਰਨ ਦੇ ਮੰਤਵ ਨਾਲ ਇਸੇ ਸਾਲ ਇਕ ਕਾਨੂੰਨ ਲਿਆਵੇਗੀ ਕਿਉਂਕਿ ਸੋਸ਼ਲ ਮੀਡੀਆ ਸਮਾਜਿਕ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਇਹ ਬੱਚਿਆਂ ਨੂੰ ਅਸਲ ਦੋਸਤਾਂ ਅਤੇ ਅਸਲ ਅਨੁਭਵਾਂ ਤੋਂ ਦੂਰ ਲਿਜਾ ਰਿਹਾ ਹੈ।’’
ਆਸਟ੍ਰੇਲੀਆ ਦੇ ਸਰਕਾਰੀ ਬ੍ਰਾਡਕਾਸਟਰ ‘ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ’ ਨੇ ਇਸੇ ਸਾਲ ਅਗਸਤ ’ਚ ਇਕ ਸਰਵੇਖਣ ਕਰਵਾਇਆ ਸੀ ਜਿਸ ਅਨੁਸਾਰ 16 ਫੀਸਦੀ ਆਸਟ੍ਰੇਲੀਅਨਾਂ ਨੇ 17 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ (ਅੱਲ੍ਹੜਾਂ) ਲਈ ਸੋਸ਼ਲ ਮੀਡੀਆ ਦੀ ਪਹੁੰਚ ’ਤੇ ਪਾਬੰਦੀ ਲਾਉਣ ਦੀ ਹਮਾਇਤ ਕੀਤੀ ਹੈ।
ਇਸ ਦਰਮਿਆਨ, ਸਾਊਥ ਆਸਟ੍ਰੇਲੀਆ ਦੇ ਮੁਖੀ ‘ਪੀਟਰ ਮਾਲਿਨੌਕਸ’ ਨੇ ਸਾਬਕਾ ਫੈਡਰਲ ਜਸਟਿਸ ਰਾਬਰਟ ਫਰੈਂਚ ਨੂੰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਰੋਕਣ ਲਈ ਕਾਨੂੰਨੀ ਰਾਹ ਲੱਭਣ ਦਾ ਕੰਮ ਸੌਂਪਿਆ ਹੈ।
ਅੱਲ੍ਹੜ ਉਮਰ ਜ਼ਿੰਦਗੀ ਦੀ ਸਭ ਤੋਂ ਵੱਧ ਨਾਜ਼ੁਕ ਅਵਸਥਾ ਹੁੰਦੀ ਹੈ। ਇਸ ਲਿਹਾਜ਼ ਨਾਲ ਅੱਲ੍ਹੜਾਂ ਨੂੰ ਗਲਤ ਰਾਹ ’ਤੇ ਜਾਣ ਤੋਂ ਰੋਕਣ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਉਕਤ ਯੋਜਨਾ ਬੇਹੱਦ ਲਾਭਦਾਇਕ ਹੈ।
ਭਾਰਤ ’ਚ ਵੀ ਛੇਤੀ ਤੋਂ ਛੇਤੀ ਇਸ ਤਰ੍ਹਾਂ ਦੀ ਕੋਈ ਵਿਵਸਥਾ ਲਾਗੂ ਕੀਤੀ ਜਾਵੇ ਤਾਂ ਕਿ ਦੇਸ਼ ਦੇ ਨੌਜਵਾਨਾਂ ’ਚ ਵਧ ਰਹੇ ਅਪਰਾਧਾਂ ’ਤੇ ਰੋਕ ਲਾਈ ਜਾ ਸਕੇ।

-ਵਿਜੇ ਕੁਮਾਰ


Inder Prajapati

Content Editor

Related News