ਹੁਣ ਸਿਆਸਤ ਕਿਸੇ ਸ਼ਰਾਬਖਾਨੇ ਦੀ ਲੜਾਈ ਵਰਗੀ ਦਿਸਦੀ ਹੈ
Friday, Mar 07, 2025 - 07:10 PM (IST)

ਅਜਿਹਾ ਲੱਗਦਾ ਹੈ ਕਿ ਸੱਭਿਅਤਾ ਦੀਆਂ ਉਹ ਸਾਰੀਆਂ ਮਿਹਨਤ ਨਾਲ ਘੜੀਆਂ ਗਈਆਂ ਚੰਗਿਆਈਆਂ ਖਤਮ ਹੁੰਦੀਆਂ ਜਾ ਰਹੀਆਂ ਹਨ! ਪਿਆਰੇ ਪਾਠਕੋ, ਇਕ ਸਮਾਂ ਸੀ ਜਦੋਂ ਦੁਨੀਆ ਦੇ ਆਗੂ ਸੱਜਣਾਂ ਵਾਂਗ ਹੱਥ ਮਿਲਾਉਂਦੇ ਸਨ, ਗਰਮਜੋਸ਼ੀ ਨਾਲ ਮੁਸਕਰਾਉਂਦੇ ਸਨ ਅਤੇ ਸ਼ਿਸ਼ਟਾਚਾਰ ਨਾਲ ਗੱਲਾਂ ਕਰਦੇ ਸਨ। ਬੇਸ਼ੱਕ, ਉਹ ਇਕ-ਦੂਜੇ ਦੇ ਪਤਨ ਦੀ ਸਾਜ਼ਿਸ਼ ਰਚ ਰਹੇ ਹੁੰਦੇ ਸਨ ਪਰ ਕਿੰਨੇ ਸੱਭਿਅਕ ਤਰੀਕੇ ਨਾਲ ਇਹ ਸਭ ਕਰਦੇ ਸਨ!
ਕੂਟਨੀਤੀ ਕਦੇ ਇਕ ਕਲਾ ਸੀ, ਅੱਜ ਉਹ ਕਲਾ ਕੁਝ ਜ਼ਿਆਦਾ ਆਦਿਮ ਰੂਪ ’ਚ ਬਦਲ ਗਈ ਹੈ। ਨਿਮਰਤਾ ਗਾਇਬ ਹੋ ਗਈ ਹੈ ਅਤੇ ਉਸ ਦੀ ਜਗ੍ਹਾ ਕੁੱਤਿਆਂ ਦੀ ਲੜਾਈ ਦੇ ਬੌਧਿਕ ਹਮਰੁਤਬੇ ਨੇ ਲੈ ਲਈ ਹੈ। ਹੁਣ ਕੋਈ ਨਪੇ-ਤੁਲੇ ਬਿਆਨ ਨਹੀਂ ਦਿੰਦਾ। ਆਗੂ ਸਿੱਧੇ ਵਿਰੋਧੀ ’ਤੇ ਵਾਰ ਕਰਦੇ ਹਨ, ਅਜਿਹੇ ਅਪਸ਼ਬਦ ਉਛਾਲਦੇ ਹਨ ਜਿਵੇਂ ਬੱਚੇ ਬਿਸਕੁਟ ਸੁੱਟਦੇ ਹਨ। ਗ੍ਰੈਂਡਮਾਸਟਰ ਰਣਨੀਤੀਕਾਰਾਂ ਦਾ ਦੌਰ ਖਤਮ ਹੋ ਗਿਆ ਹੈ। ਹੁਣ ਸਿਆਸਤ ਕਿਸੇ ਸ਼ਰਾਬਖਾਨੇ ਦੀ ਲੜਾਈ ਵਰਗੀ ਦਿਸਦੀ ਹੈ, ਬਸ ਕੁਰਸੀਆਂ ਕੁਝ ਘੱਟ ਟੁੱਟਦੀਆਂ ਹਨ।
ਅੱਜ ਦੀ ਸਿਆਸੀ ਬਹਿਸ ਨੂੰ ਹੀ ਦੇਖ ਲਓ। ਕਦੇ ਇਹ ਵਿਚਾਰਾਂ ਦਾ ਇਕ ਸਨਮਾਨਜਨਕ ਲੈਣ-ਦੇਣ ਹੁੰਦਾ ਸੀ, ਹੁਣ ਵਿਰੋਧੀ ਨੂੰ ਨੀਵਾਂ ਦਿਖਾਉਣ ਅਤੇ ਮਜ਼ਾਕ ਉਡਾਉਣ ਦਾ ਸਾਧਨ ਬਣ ਗਈ ਹੈ। ਸੰਸਦ ’ਚ, ਮੈਂਬਰ ਇਕ-ਦੂਜੇ ਨੂੰ ਟੋਕਦੇ ਹਨ, ਮੇਜ਼ਾਂ ’ਤੇ ਹੱਥ ਮਾਰਦੇ ਹਨ ਅਤੇ ਹਫੜਾ-ਦਫੜੀ ਮਚਾਉਂਦੇ ਹਨ। ਬਹਿਸਾਂ, ਜੋ ਕਦੇ ਪ੍ਰਭਾਵਸ਼ਾਲੀ ਅਤੇ ਗੰਭੀਰ ਹੁੰਦੀਆਂ ਸਨ, ਹੁਣ ਸਿਰਫ਼ ਫੇਫੜਿਆਂ ਦੀ ਸ਼ਕਤੀ ’ਤੇ ਨਿਰਭਰ ਕਰਦੀਆਂ ਹਨ।
ਜੋ ਸਭ ਤੋਂ ਜ਼ੋਰ ਨਾਲ ਚੀਕੇ, ਉਹੀ ਜਿੱਤਦਾ ਹੈ ਹਾਲਾਂਕਿ ਸੱਚ ਕਹੀਏ ਤਾਂ ਕੁਝ ਅਾਗੂਆਂ ਦੀ ਆਵਾਜ਼ ਇੰਨੀ ਉੱਚੀ ਹੁੰਦੀ ਹੈ ਕਿ ਹੈਰਾਨੀ ਹੁੰਦੀ ਹੈ ਕਿ ਉਹ ਕਿਵੇਂ ਜਿੱਤਦੇ ਹਨ! ਪਰ ਸ਼ਿਸ਼ਟਾਚਾਰ ਦੀ ਮੌਤ ’ਤੇ ਸੋਗ ਮਨਾਉਣ ਤੋਂ ਪਹਿਲਾਂ, ਆਓ ਵਿਚਾਰ ਕਰੀਏ ਕਿ ਕੀ ਅਸੀਂ ਵੀ ਇਸ ਨੂੰ ਮਾਰਨ ’ਚ ਮਦਦ ਤਾਂ ਨਹੀਂ ਕੀਤੀ?
ਅਖੀਰ, ਪੁਰਾਣੀ ਦੁਨੀਆ ਦੀ ਕੂਟਨੀਤੀ ਵੀ ਪੂਰੀ ਤਰ੍ਹਾਂ ਈਮਾਨਦਾਰ ਨਹੀਂ ਸੀ। ਉਹੀ ਆਗੂ ਜੋ ਕੈਮਰੇ ਸਾਹਮਣੇ ਮੁਸਕਰਾਉਂਦੇ ਸਨ, ਅਕਸਰ ਚਾਹ ਦੇ ਸਮੇਂ ਚੱਮਚ ਦੀ ਥਾਂ ਖੰਜਰ ਚਲਾ ਰਹੇ ਹੁੰਦੇ ਸਨ। ਉਨ੍ਹਾਂ ਦੇ ‘ਸ਼ਾਂਤੀ ਅਤੇ ਸਹਿਯੋਗ’ ਦੇ ਭਾਸ਼ਣ ਬਿੱਲੀ ਦੇ ਉਸ ਵਾਅਦੇ ਜਿੰਨੇ ਸੱਚੇ ਸਨ ਜੋ ਕਹਿੰਦੀ ਹੈ ਕਿ ਉਹ ਮੱਛੀ ਦੇ ਕਟੋਰੇ ਨੂੰ ਨਹੀਂ ਛੂਹੇਗੀ। ਅਖੀਰ, ਜਨਤਾ ਸਮਝਦਾਰ ਹੋ ਗਈ। ਜਦੋਂ ਸੱਚਾਈ ਸਾਹਮਣੇ ਆ ਹੀ ਜਾਣੀ ਹੈ ਤਾਂ ਫਿਰ ਚਲਾਕੀ, ਧੋਖਾ-ਪ੍ਰਪੰਚ ਕਿਉਂ? ਘੱਟ ਤੋਂ ਘੱਟ ਅੱਜ ਜਦ ਕੋਈ ਆਗੂ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਉਹ ਇਸ ਨੂੰ ਖੁੱਲ੍ਹੇਆਮ ਕਰਦਾ ਹੈ।
ਫਿਰ ਵੀ, ਹਰ ਸ਼ਿਸ਼ਟਾਚਾਰ ਦਿਖਾਵਾ ਨਹੀਂ ਸੀ। ਇਤਿਹਾਸ ’ਚ ਅਜਿਹੇ ਆਗੂ ਵੀ ਹੋਏ ਹਨ ਜਿਨ੍ਹਾਂ ਨੇ ਸਮਝਿਆ ਕਿ ਮਰਿਆਦਾ ਸਿਰਫ ਇਕ ਦਿਖਾਵਾ ਨਹੀਂ ਹੈ। ਗਾਂਧੀ ਨੇ ਬਿਨਾਂ ਕਿਸੇ ਨੂੰ ਬੁਰੇ ਬੋਲ ਬੋਲਿਆਂ ਇਕ ਸਾਮਰਾਜ ਨੂੰ ਚੁਣੌਤੀ ਦਿੱਤੀ। ਚਰਚਿਲ, ਹਾਲਾਂਕਿ ਤਿੱਖੀ ਜ਼ੁਬਾਨ ਵਾਲੇ ਸਨ ਪਰ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਕਦੋਂ ਚਤੁਰਾਈ ਨਾਲ ਤਨਜ਼ ਕੱਸਣਾ ਹੈ ਅਤੇ ਕਦੋਂ ਸਨਮਾਨ ਦੇਣਾ ਹੈ।
ਰੂਜ਼ਵੈਲਟ ਨੇ ਕੌਮ ਨੂੰ ਸ਼ਾਂਤ ਸ਼ਾਨ ਨਾਲ ਭਰੋਸਾ ਦਿਵਾਇਆ ਨਾ ਕਿ ਰੌਲੇ-ਰੱਪੇ ਨਾਲ ਅਤੇ ਲਿੰਕਨ ਘਰੇਲੂ ਯੁੱਧ ਦੇ ਦਰਮਿਆਨ ਵੀ, ਆਪਣੇ ਸਭ ਤੋਂ ਭੈੜੇ ਆਲੋਚਕਾਂ ਨੂੰ ਧੀਰਜ ਨਾਲ ਸੁਣਦੇ ਸਨ। ਇਸ ਦੀ ਕਲਪਨਾ ਕਰੋ! ਇਕ ਅਜਿਹਾ ਆਗੂ ਜੋ ਚੀਕਣ ਦੀ ਬਜਾਏ ਸੁਣਦਾ ਸੀ, ਜਿਵੇਂ ਇਕ ਬੱਚੇ ਨੂੰ ਇਕ ਵਾਧੂ ਟੌਫੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੋਵੇ।
ਤਾਂ ਹੁਣ ਅਸੀਂ ਨਕਲੀ ਸ਼ਿਸ਼ਟਾਚਾਰ ਅਤੇ ਖੁੱਲ੍ਹੀ ਬਰਬਰਤਾ ਵਿਚਕਾਰ ਝੂਲ ਰਹੇ ਹਾਂ ਪਰ ਕੀ ਸਾਨੂੰ ਸੱਚਮੁੱਚ ਦੋਵਾਂ ਵਿਚੋਂ ਇਕ ਦੀ ਚੋਣ ਕਰਨੀ ਪਵੇਗੀ? ਕੀ ਸਾਨੂੰ ਸੱਚਮੁੱਚ ਸੱਪ ਵਰਗੀਆਂ ਮਿੱਠੀਆਂ ਗੱਲਾਂ ਅਤੇ ਗੁਰੀਲੇ ਵਰਗੀ ਹਮਲਾਵਰ ਗਰਜ ’ਚੋਂ ਇਕ ਦੀ ਚੋਣ ਕਰਨੀ ਪਵੇਗੀ? ਹੋ ਸਕਦਾ ਹੈ, ਬਸ ਸ਼ਾਇਦ, ਅਸੀਂ ਚੰਗੇ ਆਚਰਣ ਨੂੰ ਵਾਪਸ ਲਿਆ ਸਕਦੇ ਹਾਂ ਪਰ ਇਸ ਵਾਰ ਸੱਚਾਈ ਨਾਲ।
ਕਲਪਨਾ ਕਰੋ, ਇਕ ਅਜਿਹੀ ਦੁਨੀਆ ਜਿਥੇ ਬਹਿਸਾਂ ਤਿੱਖੀਆਂ ਪਰ ਸਨਮਾਨਜਨਕ ਹੋਣ, ਜਿਥੇ ਬੁੱਧੀਮਤਾ ਦੀ ਜਿੱਤ ਹੋਵੇ, ਰੌਲੇ-ਰੱਪੇ ਦੀ ਨਹੀਂ। ਜਿਥੇ ਆਗੂ ਮੁਕਾਬਲੇਬਾਜ਼ਾਂ ਵਾਂਗ ਨਹੀਂ ਸਗੋਂ ਅਸਲੀ ਮਾਰਗਦਰਸ਼ਕਾਂ ਵਾਂਗ ਵਤੀਰਾ ਕਰਨ ਅਤੇ ਜਿਥੇ ਸ਼ਬਦ ਸਿਰਫ ਸ਼ਬਦ ਨਾ ਹੋ ਕੇ ਸੱਚਾਈ ਦੇ ਵਾਹਕ ਹੋਣ।
ਸਾਡੀ ਸੱਭਿਅਤਾ ਨੂੰ ਬਣਾਉਣ ’ਚ ਸਦੀਆਂ ਲੱਗੀਆਂ ਅਤੇ ਜੇ ਇਹੀ ਹਾਲ ਰਿਹਾ ਤਾਂ ਕੁਝ ਹੋਰ ਪ੍ਰੈੱਸ ਕਾਨਫਰੰਸਾਂ ਜਾਂ ਸਿਆਸੀ ਭਾਸ਼ਣ ਇਸ ਨੂੰ ਤਹਿਸ-ਨਹਿਸ ਕਰ ਦੇਣਗੇ!
ਰਾਬਰਟ ਕਲੀਮੈਂਟਸ