‘ਖਾਣ-ਪੀਣ ਦੀਆਂ ਵਸਤਾਂ ’ਚ ਜ਼ਹਿਰੀਲੇ ਪਦਾਰਥ’ ਬਣ ਰਹੇ ਜ਼ਿੰਦਗੀ ਲਈ ਖ਼ਤਰਾ!

Friday, Aug 21, 2026 - 02:56 AM (IST)

‘ਖਾਣ-ਪੀਣ ਦੀਆਂ ਵਸਤਾਂ ’ਚ ਜ਼ਹਿਰੀਲੇ ਪਦਾਰਥ’ ਬਣ ਰਹੇ ਜ਼ਿੰਦਗੀ ਲਈ ਖ਼ਤਰਾ!

ਦੇਸ਼ ’ਚ ਲਾਪਰਵਾਹੀ ਦਾ ਕੁਝ ਇਸ ਤਰ੍ਹਾਂ ਦਾ ਦੌਰ ਚੱਲ ਰਿਹਾ ਹੈ ਕਿ ਵੱਖ-ਵੱਖ ਮੌਕਿਆਂ ’ਤੇ ਆਯੋਜਿਤ ਸਮਾਗਮਾਂ ਜਾਂ ਸਕੂਲਾਂ ਆਦਿ ’ਚ ਪਰੋਸੇ ਜਾਣ ਵਾਲੇ ਮਿਡ-ਡੇ ਮੀਲ ਆਦਿ ’ਚ ਮਿਲ ਰਹੇ ਜ਼ਹਿਰੀਲੇ ਜੀਵ-ਜੰਤੂਆਂ ਅਤੇ ਅਸਵੱਛ ਪਦਾਰਥਾਂ ਦੀ ਵਰਤੋਂ ਅਤੇ ਪਕਾਉਣ

’ਚ ਲਾਪਰਵਾਹੀ ਨਾਲ ਲੋਕਾਂ ਦੇ ਪ੍ਰਾਣ ਖ਼ਤਰੇ ਵਿਚ ਪੈ ਰਹੇ ਹਨ, ਜਿਨ੍ਹਾਂ ਦੀਆਂ ਪਿਛਲੇ 4 ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 8 ਅਪ੍ਰੈਲ ਨੂੰ ‘ਭਭੂਆ’ (ਬਿਹਾਰ) ’ਚ ਇਕ ਰੈਸਟੋਰੈਂਟ ਤੋਂ ਲਿਆਂਦੇ ਗਏ ‘ਪਨੀਰ’ ਅਤੇ ‘ਮੰਚੂਰੀਅਨ’ ਖਾਣ ਤੋਂ ਬਾਅਦ ‘ਵਿਸ਼ਾਲ ਤਿਵਾੜੀ’ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੇ 2 ਦੋਸਤ ਗੰਭੀਰ ਰੂਪ ’ਚ ਬਿਮਾਰ ਹੋ ਗਏ।

* 25 ਅਪ੍ਰੈਲ ਨੂੰ ‘ਪਾਏਧੁਨੀ’ (ਮੁੰਬਈ) ’ਚ ਬਿਰਿਆਨੀ ਖਾਣ ਤੋਂ ਬਾਅਦ ਇਕ ਹੀ ਪਰਿਵਾਰ ਦੇ 4 ਮੈਂਬਰਾਂ ਨੂੰ ਗੰਭੀਰ ਉਲਟੀ-ਦਸਤ ਸ਼ੁਰੂ ਹੋ ਗਏ ਅਤੇ ਇਲਾਜ ਦੌਰਾਨ ਜੋੜੇ ਅਤੇ ਉਨ੍ਹਾਂ ਦੀਆਂ 2 ਧੀਆਂ ਦੀ ਮੌਤ ਹੋ ਗਈ।

* 8 ਮਈ ਨੂੰ ‘ਸਹਰਸਾ’ (ਬਿਹਾਰ) ’ਚ ‘ਬਲੂਆਹਾ’ ਸਥਿਤ ਸਰਕਾਰੀ ਸਕੂਲ ’ਚ ਮਿਡ-ਡੇ ਮੀਲ ’ਚ ਪਰੋਸਿਆ ਗਿਆ ਭੋਜਨ ਖਾਂਦਿਆਂ ਹੀ 250 ਬੱਚਿਆਂ ਨੂੰ ਤੇਜ਼ ਪੇਟ ਦਰਦ, ਉਲਟੀ, ਚੱਕਰ, ਘਬਰਾਹਟ ਅਤੇ ਬੇਚੈਨੀ ਸ਼ੁਰੂ ਹੋ ਗਈ। ਖਾਣਾ ਖਾਣ ਦੌਰਾਨ ਕੁਝ ਬੱਚਿਆਂ ਨੇ ਭੋਜਨ ’ਚ ਸਪੋਲੀਆ ਜਾਂ ਜ਼ਹਿਰੀਲਾ ਕੀੜਾ ਹੋਣ ਦਾ ਦਾਅਵਾ ਕੀਤਾ ਸੀ।

* 22 ਮਈ ਨੂੰ ‘ਕੰਨੌਜ’ (ਰਾਜਸਥਾਨ) ਦੇ ਪਿੰਡ ‘ਮੇਵਦਾਕਲਾਂ’ ’ਚ ਇਕ ਧਾਰਮਿਕ ਸਮਾਗਮ ਤੋਂ ਬਾਅਦ ਆਯੋਜਿਤ ਭੋਜ ’ਚ ਜ਼ਹਿਰੀਲਾ ਭੋਜਨ ਖਾਣ ਨਾਲ 100 ਤੋਂ ਵੱਧ ਲੋਕਾਂ ਨੂੰ ਅਚਾਨਕ ਉਲਟੀ-ਦਸਤ ਅਤੇ ਪੇਟ ਦਰਦ ਹੋਣ ਲੱਗਾ।

* 25 ਮਈ ਨੂੰ ‘ਸੁੰਦਰਗੜ੍ਹ’ ਅਤੇ ‘ਝਾਰਸੁਗੜਾ’ (ਓਡਿਸ਼ਾ) ’ਚ ਇਕ ਸੋਗ ਸਭਾ ਦੌਰਾਨ ਪਰੋਸਿਆ ਗਿਆ ਭੋਜਨ ਖਾਣ ਨਾਲ 4 ਲੋਕਾਂ ਦੀ ਮੌਤ ਹੋ ਗਈ।

* 9 ਜੁਲਾਈ ਨੂੰ ‘ਨਾਗਰਕੁਰਨੂਲ’ (ਤੇਲੰਗਾਨਾ) ਦੇ ‘ਮੰਨਾਨੂਰ’ ਸਥਿਤ ਇਕ ਰਿਹਾਇਸ਼ੀ ਸਕੂਲ ’ਚ ਸਵੇਰ ਦੇ ਨਾਸ਼ਤੇ ’ਚ ਪਰੋਸੀ ਗਈ ਦੂਸ਼ਿਤ ਖਿੱਚੜੀ ਖਾਣ ਦੇ ਨਤੀਜੇ ਵਜੋਂ 26 ਵਿਦਿਆਰਥੀਆਂ ਨੂੰ ਪੇਟ ਦਰਦ ਅਤੇ ਉਲਟੀਆਂ ਸ਼ੁਰੂ ਹੋ ਗਈਆਂ।

* 13 ਜੁਲਾਈ ਨੂੰ ‘ਧੌਲਪੁਰ’ (ਰਾਜਸਥਾਨ) ’ਚ ਇਕ ਜਨਮਦਿਨ ਸਮਾਗਮ ਦਾ ਬਚਿਆ ਹੋਇਆ ਭੋਜਨ ਖਾਣ ਨਾਲ ਇਕੋ ਪਰਿਵਾਰ ਦੇ 11 ਮੈਂਬਰ ਬਿਮਾਰ ਹੋ ਗਏ ਜਿਨ੍ਹਾਂ ’ਚੋਂ 75 ਸਾਲਾ ਬਜ਼ੁਰਗ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ।

* 11 ਅਗਸਤ ਨੂੰ ‘ਖਗੜੀਆ’ (ਬਿਹਾਰ) ਦੇ ‘ਹਿਯਾਦਪੁਰ’ ਪਿੰਡ ’ਚ ਆਯੋਜਿਤ ਪੂਜਾ ਦੇ ਮੌਕੇ ’ਤੇ ਵੰਡਿਆ ਗਿਆ ਪ੍ਰਸ਼ਾਦ ਖਾਣ ਤੋਂ ਬਾਅਦ 250 ਦੇ ਲਗਭਗ ਲੋਕਾਂ ਨੂੰ ਪੇਟ ਦਰਦ, ਉਲਟੀ, ਦਸਤ, ਚੱਕਰ ਅਤੇ ਘਬਰਾਹਟ ਵਰਗੀਆਂ ਸ਼ਿਕਾਇਤਾਂ ਸ਼ੁਰੂ ਹੋ ਗਈਆਂ।

* 16 ਅਗਸਤ ਨੂੰ ‘ਨਾਲਾਸੋਪਾਰਾ’ (ਮਹਾਰਾਸ਼ਟਰ) ’ਚ ਇਕ ਜਨਮਦਿਨ ਸਮਾਗਮ ’ਚ ਕੇਕ ਖਾਣ ਤੋਂ ਬਾਅਦ 7 ਬੱਚਿਆਂ ਅਤੇ 4 ਔਰਤਾਂ ਸਮੇਤ 11 ਲੋਕ ਬਿਮਾਰ ਹੋ ਗਏ। ਬੱਚਿਆਂ ਦਾ ਦਾਅਵਾ ਸੀ ਕਿ ਕੇਕ ’ਚ ਮਰੀ ਹੋਈ ਕਿਰਲੀ ਮਿਲੀ ਸੀ।

* 16 ਅਗਸਤ ਨੂੰ ਹੀ ‘ਮਹਾਰਾਜ ਗੰਜ’ (ਉੱਤਰ ਪ੍ਰਦੇਸ਼) ’ਚ ‘ਜਵਾਹਰ ਨਵੋਦਿਆ ਵਿਦਿਆਲਾ’ ਦੇ ਵਿਦਿਆਰਥੀਆਂ ਨੂੰ ਪਰੋਸੇ ਗਏ ਸਵੇਰ ਦੇ ਨਾਸ਼ਤੇ ਦੇ ਚੌਲਾਂ ’ਚ ਮਰਿਆ ਹੋਇਆ ਡੱਡੂ ਮਿਲਣ ਨਾਲ ਭਾਜੜ ਮਚ ਗਈ ਅਤੇ ਦੁਬਾਰਾ ਨਾਸ਼ਤਾ ਬਣਵਾਇਆ ਗਿਆ।

* 17 ਅਗਸਤ ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ਦੇ ਇਕ ਨਿੱਜੀ ਰਿਹਾਇਸ਼ੀ ਸਕੂਲ ਦੇ ਹੋਸਟਲ ’ਚ ਰਹਿਣ ਵਾਲੇ 8 ਅਤੇ 12 ਸਾਲ ਦੇ 2 ਵਿਦਿਆਰਥੀਆਂ ਦੀ ‘ਫੂਡ ਪੁਆਇਜ਼ਨਿੰਗ’ ਨਾਲ ਮੌਤ ਹੋ ਗਈ। ਬੱਚਿਆਂ ਨੇ ਕੁਝ ਘੰਟੇ ਪਹਿਲਾਂ ਚਟਣੀ ਦੇ ਨਾਲ ‘ਮੋਮੋਜ਼’ ਖਾਧੇ ਸਨ।


* 18 ਅਗਸਤ ਨੂੰ ‘ਸੂਰਤ’ (ਗੁਜਰਾਤ) ’ਚ ਇਕ ਰੈਸਟੋਰੈਂਟ ਤੋਂ ਲਿਆਂਦੀ ਗਈ ‘ਕਾਜੂ-ਪਨੀਰ’ ਦੀ ਸਬਜ਼ੀ ਖਾਣ ਤੋਂ ਬਾਅਦ ਇਕ ਪਰਿਵਾਰ ਦੇ 5 ਮੈਂਬਰ ਗੰਭੀਰ ਰੂਪ ’ਚ ਬਿਮਾਰ ਹੋ ਗਏ ਅਤੇ ਹਸਪਤਾਲ ’ਚ ਇਲਾਜ ਦੌਰਾਨ ਇਕ ਬੱਚੀ ਦੀ ਮੌਤ ਹੋ ਗਈ।

* 18 ਅਗਸਤ ਨੂੰ ਹੀ ‘ਨਾਲੰਦਾ’ (ਬਿਹਾਰ) ਦੇ ਇਕ ਸਕੂਲ ’ਚ ਪਕਾਏ ਗਏ ਮਿਡ-ਡੇ ਮੀਲ ਦੀ ਸਬਜ਼ੀ ’ਚ ਲੂਣ ਦੀ ਥਾਂ ’ਤੇ ਕੱਪੜੇ ਧੋਣ ਵਾਲਾ ਵਾਸ਼ਿੰਗ ਪਾਊਡਰ ਪਾ ਦੇਣ ਕਾਰਨ ਕਈ ਬੱਚਿਆਂ ਦੇ ਗਲੇ ਅਤੇ ਜੀਭ ’ਚ ਤੇਜ਼ ਜਲਣ, ਪੇਟ ਦਰਦ, ਚੱਕਰ ਅਤੇ ਉਲਟੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।

* ਅਤੇ ਹੁਣ 18 ਅਗਸਤ ਨੂੰ ਹੀ ‘ਨਗਰ’ (ਹਿਮਾਚਲ) ’ਚ ‘ਬਾੜੀ’ ਸਥਿਤ ਪ੍ਰਾਇਮਰੀ ਸਕੂਲ ’ਚ ਮਿਡ-ਡੇ ਮੀਲ ’ਚ ਪਰੋਸੀ ਗਈ ਖੀਰ ਖਾ ਕੇ 30-40 ਬੱਚਿਆਂ ਦੀ ਤਬੀਅਤ ਖਰਾਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਤਾਂ ਕੁਝ ਉਦਾਹਰਣ ਮਾਤਰ ਹਨ। ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਭੋਜਨ ਪਕਾਉਣ ’ਚ ਵਰਤੋਂ ਕੀਤੀ ਜਾਣ ਵਾਲੀ ਸਮੱਗਰੀ ਦੀ ਸ਼ੁੱਧਤਾ ਅਤੇ ਸਵੱਛਤਾ ਉੱਤੇ ਧਿਆਨ ਦੇਣ ਦੀ ਲੋੜ ਹੈ ਅਤੇ ਇਸ ’ਚ ਲਾਪਰਵਾਹੀ ਵਰਤਣ ਵਾਲਿਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

–ਵਿਜੇ ਕੁਮਾਰ


author

Sandeep Kumar

Content Editor

Related News