ਖਤਰੇ ’ਚ ਹਨ ਰੁੱਖ-ਪੌਦੇ ਅਤੇ ਮਨੁੱਖ

Wednesday, Nov 27, 2024 - 05:10 PM (IST)

ਖਤਰੇ ’ਚ ਹਨ ਰੁੱਖ-ਪੌਦੇ ਅਤੇ ਮਨੁੱਖ

ਆਧੁਨਿਕ ਵਿਕਾਸ ਅਤੇ ਉਦਯੋਗੀਕਰਨ ਦੀ ਜੋ ਨੀਤੀ ਸੰਸਾਰ ਨੇ ਅਪਣਾਈ ਹੈ, ਉਸ ਨੇ ਸਾਡੇ ਵਾਤਾਵਰਣ ਵਿਚ ਭਾਰੀ ਤਬਦੀਲੀਆਂ ਲਿਆਂਦੀਆਂ ਹਨ। ਨਤੀਜਾ ਇਹ ਹੈ ਕਿ ਅੱਜ ਸਾਡੇ ਕੋਲ ਨਾ ਤਾਂ ਸਾਹ ਲੈਣ ਲਈ ਸ਼ੁੱਧ ਹਵਾ ਹੈ ਅਤੇ ਨਾ ਹੀ ਪੀਣ ਲਈ ਸਾਫ਼ ਪਾਣੀ। ਭੋਜਨ ਪਹਿਲਾਂ ਹੀ ਦੂਸ਼ਿਤ ਹੈ। ਹੁਣ ਦੁਨੀਆ ਭਰ ਦੇ ਇਕ ਹਜ਼ਾਰ ਤੋਂ ਵੱਧ ਵਿਗਿਆਨੀਆਂ ਨੇ ਇਕ ਖੋਜ ਵਿਚ ਕਿਹਾ ਹੈ ਕਿ 192 ਦੇਸ਼ਾਂ ਵਿਚ ਰੁੱਖਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ। ਦੂਜੇ ਪਾਸੇ, ਸੰਘਣੀ ਆਬਾਦੀ ਵਾਲੇ ਦੇਸ਼ਾਂ ਵਿਚ ਵਾਤਾਵਰਣ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਉੱਤਰੀ ਭਾਰਤ ਦੇ ਕਈ ਸ਼ਹਿਰਾਂ, ਕਸਬਿਆਂ ਅਤੇ ਨਗਰਾਂ ਵਿਚ ਹਵਾ ਪ੍ਰਦੂਸ਼ਣ ਇੰਨਾ ਵਧ ਗਿਆ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਹੈ।

ਸਾਡਾ ਦੇਸ਼ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਹਵਾ ਪ੍ਰਦੂਸ਼ਣ ਸਭ ਤੋਂ ਉੱਚੇ ਪੱਧਰ ’ਤੇ ਹੈ। ਡਬਲਯੂ. ਐੱਚ. ਓ. ਦੇ ਅੰਕੜਿਆਂ ਮੁਤਾਬਕ ਦੁਨੀਆ ਦੇ 20 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 13 ਭਾਰਤ ਵਿਚ ਹਨ। ਭਾਰਤ ਵਿਚ ਹਰ ਸਾਲ ਲਗਭਗ 11 ਲੱਖ ਲੋਕ ਮਰਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਪ੍ਰਦੂਸ਼ਿਤ ਹਵਾ ’ਚ ਸਾਹ ਲੈਣ ਕਾਰਨ ਹੁੰਦੀਆਂ ਹਨ।

ਦੋ ਅਮਰੀਕੀ ਸੰਸਥਾਵਾਂ ਨੇ ਸਾਂਝੇ ਤੌਰ ’ਤੇ ਦੁਨੀਆ ਭਰ ’ਚ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਵਿਚ ਪਾਇਆ ਗਿਆ ਹੈ ਕਿ ਭਾਰਤ ਅਤੇ ਚੀਨ ਵਿਚ ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਲੋਕਾਂ ਦੀ ਮੌਤ ਹੁੰਦੀ ਹੈ। ਭਾਰਤ ਦੀ ਹਾਲਤ ਚੀਨ ਨਾਲੋਂ ਵੀ ਮਾੜੀ ਹੈ। ਅਧਿਐਨ ਮੁਤਾਬਕ ਚੀਨ ’ਚ 2005 ਤੋਂ ਬਾਅਦ ਪ੍ਰਦੂਸ਼ਣ ਕਾਰਨ ਮਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਨਹੀਂ ਹੋਇਆ ਹੈ ਪਰ ਭਾਰਤ ’ਚ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਹਵਾ ਪ੍ਰਦੂਸ਼ਣ ਵੱਖ-ਵੱਖ ਘਾਤਕ ਬੀਮਾਰੀਆਂ ਦੇ ਫੈਲਣ ਵਿਚ ਯੋਗਦਾਨ ਪਾ ਰਿਹਾ ਹੈ, ਮੌਤ ਦਰ ਨੂੰ ਵਧਾ ਰਿਹਾ ਹੈ, ਜਿਵੇਂ ਕਿ ਫੇਫੜਿਆਂ ਦੀਆਂ ਵੱਖ-ਵੱਖ ਬੀਮਾਰੀਆਂ ਅਤੇ ਫੇਫੜਿਆਂ ਦਾ ਕੈਂਸਰ।

ਸਾਡੇ ਸਾਹ ਨਾਲ ਹਵਾ ਵਿਚ ਮੌਜੂਦ ਜ਼ਹਿਰੀਲੇ ਸੂਖਮ ਕਣ ਸਰੀਰ ਵਿਚ ਦਾਖਲ ਹੋ ਕੇ ਕੈਂਸਰ, ਪਾਰਕਿੰਸਨ, ਦਿਲ ਦਾ ਦੌਰਾ, ਸਾਹ ਚੜ੍ਹਨਾ, ਖੰਘ, ਅੱਖਾਂ ਵਿਚ ਜਲਣ, ਐਲਰਜੀ, ਦਮਾ ਆਦਿ ਬੀਮਾਰੀਆਂ ਦਾ ਕਾਰਨ ਬਣਦੇ ਹਨ। ਪ੍ਰਦੂਸ਼ਿਤ ਹਵਾ ਸਾਹ ਰਾਹੀਂ ਸਰੀਰ ਵਿਚ ਦਾਖਲ ਹੁੰਦੀ ਹੈ ਅਤੇ ਦਿਲ, ਫੇਫੜਿਆਂ ਅਤੇ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਾਲਤ ਸਭ ਤੋਂ ਮਾੜੀ ਹੈ, ਜਿੱਥੇ ਹਵਾ ਇਕਦਮ ਸਾਹ-ਘੋਟੂ ਹੋ ਗਈ ਹੈ। ਇਸ ਸਮੇਂ ਦਿੱਲੀ ਵਿਚ ਹਵਾ ਡਬਲਯੂ. ਐੱਚ. ਓ. ਵਲੋਂ ਨਿਰਧਾਰਤ ਸੀਮਾ ਤੋਂ 60 ਗੁਣਾ ਵੱਧ ਜ਼ਹਿਰੀਲੀ ਹੋ ਗਈ ਹੈ। ਦਿੱਲੀ ਦੀ ਹਾਲਤ ਅਜਿਹੀ ਹੈ ਕਿ ਇਸ ਨੂੰ ਹਰ ਸਾਲ ਸਰਦੀਆਂ ਵਿਚ ਇਸ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਤੇਜ਼ੀ ਨਾਲ ਵਧ ਰਹੇ ਵਾਹਨ, ਉਦਯੋਗਿਕ ਇਕਾਈਆਂ, ਨਿਰੰਤਰ ਉਸਾਰੀ, 24 ਘੰਟੇ ਸੜ ਰਹੇ ਕੂੜੇ ਦੇ ਪਹਾੜ, ਡੀਜ਼ਲ ਇੰਜਣ, ਏਅਰ ਕੰਡੀਸ਼ਨਰ ਅਤੇ ਥਰਮਲ ਪਲਾਂਟ ਹਨ। ਸਾਲ 2000 ’ਚ ਦਿੱਲੀ ’ਚ ਸਿਰਫ 34 ਲੱਖ ਵਾਹਨ ਸਨ, ਜੋ 2021-22 ’ਚ ਵਧ ਕੇ 1.22 ਕਰੋੜ ਤੋਂ ਵੱਧ ਹੋ ਗਏ ਹਨ, ਜਦੋਂ ਕਿ 15 ਸਾਲ ਤੋਂ ਪੁਰਾਣੇ ਵਾਹਨਾਂ ’ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਦਿੱਲੀ ਦੀਆਂ ਸੜਕਾਂ ’ਤੇ ਰੋਜ਼ਾਨਾ ਕਰੀਬ 80 ਲੱਖ ਵਾਹਨ ਚੱਲਦੇ ਹਨ, ਜੋ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦਾ ਨਿਕਾਸ ਕਰਦੇ ਹਨ।

ਪਾਕਿਸਤਾਨ, ਅਫਗਾਨਿਸਤਾਨ ਅਤੇ ਰਾਜਸਥਾਨ ਤੋਂ ਚੱਲਣ ਵਾਲੀਆਂ ਹਵਾਵਾਂ ਨਾਲ ਧੂੜ ਦਿੱਲੀ ਪਹੁੰਚਦੀ ਹੈ, ਜਿਸ ਦਾ ਸਾਥ ਦਿੰਦਾ ਹੈ ਪਰਾਲੀ ਦਾ ਧੂੰਅਾਂ, ਜੋ ਪੰਜਾਬ-ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲਿਆਂ ’ਚੋਂ ਪੈਦਾ ਹੁੰਦਾ ਹੈ। ਇਸ ਤੋਂ ਬਾਅਦ, ਠੰਢੇ ਮੌਸਮ ਦਾ ਮਤਲਬ ਹੈ ਹਵਾਵਾਂ ਦੀ ਘੱਟ ਗਤੀ, ਉੱਚ ਨਮੀ, ਧੂੜ ਅਤੇ ਪਰਾਲੀ ਦੇ ਧੂੰਏਂ ਨੂੰ ਹਿਮਾਲਿਆ ਰੋਕਦਾ ਹੈ, ਜਿਸ ਕਾਰਨ ਪੂਰੀ ਦਿੱਲੀ ਤੋਂ ਲੈ ਕੇ ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ ਤੱਕ ਸਮੌਗ ਅਤੇ ਧੁੰਦ ਦੀ ਇਕ ਪਰਤ ਦਿਖਾਈ ਦਿੰਦੀ ਰਹਿੰਦੀ ਹੈ।

ਉੱਤਰੀ ਭਾਰਤ ਵਿਚ ਜ਼ਹਿਰੀਲੀ ਹਵਾ ਕਾਰਨ ਸਾਹਾਂ ’ਤੇ ਸੰਕਟ ਹੈ। ਲਖਨਊ, ਵਾਰਾਣਸੀ, ਕਾਨਪੁਰ, ਜੈਪੁਰ, ਲੁਧਿਆਣਾ, ਪਟਨਾ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਹਵਾ ਗੁਣਵੱਤਾ ਸੂਚਕਾਂਕ ‘ਖਰਾਬ’ ਤੋਂ ‘ਬਹੁਤ ਗੰਭੀਰ’ ਸ਼੍ਰੇਣੀ ਵਿਚ ਬਣਿਆ ਹੋਇਆ ਹੈ। ਲੋਕ ਜ਼ਹਿਰੀਲੀ ਹਵਾ ਵਿਚ ਰਹਿਣ ਲਈ ਮਜਬੂਰ ਹਨ ਅਤੇ ਪ੍ਰਦੂਸ਼ਣ ਦਾ ਪੱਧਰ 400 ਤੋਂ ਉਪਰ ਬਣਿਆ ਹੋਇਆ ਹੈ। ਦਿੱਲੀ, ਗਾਜ਼ੀਆਬਾਦ, ਕਾਨਪੁਰ ਵਰਗੇ ਉੱਤਰੀ ਖੇਤਰਾਂ ਵਿਚ ਦੱਖਣੀ ਰਾਜਾਂ ਦੇ ਮੁਕਾਬਲੇ ਉਦਯੋਗਿਕ ਸਰਗਰਮੀਆਂ ਜ਼ਿਆਦਾ ਹੁੰਦੀਆਂ ਹਨ, ਜਿਸ ਕਾਰਨ ਹਵਾ ਪ੍ਰਦੂਸ਼ਣ ਹੁੰਦਾ ਹੈ।

ਦੂਜੇ ਪਾਸੇ ਕੋਲੰਬੀਆ ਵਿਚ ਦੁਨੀਆ ਭਰ ਦੇ ਇਕ ਹਜ਼ਾਰ ਵਿਗਿਆਨੀ ਇਕੱਠੇ ਹੋਏ। ਉਨ੍ਹਾਂ ਨੇ ਧਰਤੀ ਤੋਂ ਰੁੱਖਾਂ ਦੇ ਖ਼ਤਮ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਖਤਰੇ ਨੂੰ ਦਰਸਾਉਂਦੀ ਇਕ ਖੋਜ ਰਿਪੋਰਟ ਪੇਸ਼ ਕੀਤੀ ਗਈ ਅਤੇ ਰੁੱਖਾਂ ਨੂੰ ਬਚਾਉਣ ਲਈ ਦੁਨੀਆ ਨੂੰ ਅਪੀਲ ਕੀਤੀ ਗਈ : ਇਕ ਦਿਨ ਧਰਤੀ ਰੁੱਖਾਂ ਤੋਂ ਸੱਖਣੀ ਹੋ ਜਾਵੇਗੀ ਕਿਉਂਕਿ ਇਕ ਤਿਹਾਈ ਰੁੱਖ ਖ਼ਤਮ ਹੋਣ ਦੇ ਕੰਢੇ ’ਤੇ ਪੁੱਜ ਜਾਣਗੇ। ਲਗਭਗ 38 ਫੀਸਦੀ ਰੁੱਖਾਂ ਦੀਆਂ ਕਿਸਮਾਂ ਖਤਰੇ ਵਿਚ ਹਨ। ਬੋਟੈਨਿਕ ਗਾਰਡਨ ਕੰਜ਼ਰਵੇਸ਼ਨ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਵਲੋਂ ਪ੍ਰਕਾਸ਼ਿਤ ਖੋਜ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ।

ਖੋਜ ’ਚ ਵਿਗਿਆਨੀਆਂ ਨੇ ਪਾਇਆ ਕਿ ਲਗਭਗ 192 ਦੇਸ਼ਾਂ ’ਚ ਰੁੱਖਾਂ ਦੀ ਜ਼ਿੰਦਗੀ ਖਤਰੇ ’ਚ ਹੈ। ਮੈਗਨੋਲੀਆ, ਓਕ, ਮੈਪਲ ਅਤੇ ਈਬੋਨੀ (ਅਾਬਨੂਸ) ਵਰਗੀਆਂ ਰੁੱਖਾਂ ਦੀਆਂ ਕਿਸਮਾਂ ਦੇ ਖਾਤਮੇ ਦਾ ਵਧੇਰੇ ਖ਼ਤਰਾ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਇਸ ਖਤਰੇ ਦਾ ਵੱਡਾ ਕਾਰਨ ਹੈ। ਰੁੱਖਾਂ ਦੀ ਘਟਦੀ ਵਿਭਿੰਨਤਾ ਬਾਕੀ ਰੁੱਖਾਂ ਦੀਆਂ ਕਿਸਮਾਂ ਲਈ ਜੀਵਨ ਮੁਸ਼ਕਲ ਬਣਾ ਦੇਵੇਗੀ। ਸੋਕੇ ਅਤੇ ਜੰਗਲ ਦੀ ਅੱਗ ਵਰਗੀਆਂ ਸਮੱਸਿਆਵਾਂ ਕਾਰਨ ਜਲਵਾਯੂ ਪਰਿਵਰਤਨ ਵੀ ਇਕ ਵਾਧੂ ਖਤਰਾ ਪੈਦਾ ਕਰ ਰਿਹਾ ਹੈ। ਜੇਕਰ ਰੁੱਖ ਨਹੀਂ ਹੋਣਗੇ, ਤਾਂ ਮਿੱਟੀ ਦਾ ਖੋਰਾ ਵਧੇਗਾ ਅਤੇ ਮਿੱਟੀ ਦੀ ਖੇਤੀ ਸਮਰੱਥਾ ਖਤਮ ਹੋ ਜਾਵੇਗੀ।

ਰੁੱਖਾਂ ਦੀ ਅਣਹੋਂਦ ਕਾਰਨ, ਸ਼ਾਕਾਹਾਰੀ ਜੀਵ ਭੁੱਖ ਨਾਲ ਮਰ ਜਾਣਗੇ ਅਤੇ ਸ਼ਾਕਾਹਾਰੀ ਜੀਵਾਂ ਨੂੰ ਖਾਣ ਵਾਲੇ ਮਾਸਾਹਾਰੀ ਵੀ ਮਰ ਜਾਣਗੇ। ਜੇਕਰ ਰੁੱਖ ਅਲੋਪ ਹੋ ਗਏ ਤਾਂ ਪੰਛੀਆਂ ਅਤੇ ਜਾਨਵਰਾਂ ਦੀਆਂ ਕਈ ਕਿਸਮਾਂ ਖ਼ਤਰੇ ਵਿਚ ਪੈ ਜਾਣਗੀਆਂ। ਇਹ ਇਕ ਵਿਸ਼ਵਵਿਆਪੀ ਜੈਵ-ਵਿਭਿੰਨਤਾ ਸੰਕਟ ਦੀ ਸ਼ੁਰੂਆਤ ਹੋਵੇਗੀ, ਜੋ ਸਮੁੱਚੇ ਈਕੋ-ਸਿਸਟਮ ਨੂੰ ਪ੍ਰਭਾਵਤ ਕਰੇਗੀ। ਰੁੱਖਾਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਪੰਛੀ ਅਤੇ ਜਾਨਵਰ ਇਨ੍ਹਾਂ ਵਿਚ ਆਪਣਾ ਘਰ ਬਣਾਉਂਦੇ ਹਨ ਅਤੇ ਉਹ ਅਨਾਥ ਹੋ ਜਾਣਗੇ।

ਬੋਟੈਨਿਕ ਗਾਰਡਨ ਕੰਜ਼ਰਵੇਸ਼ਨ ਇੰਟਰਨੈਸ਼ਨਲ ਦੀ ਐਮਿਲੀ ਬੀਚ ਦੇ ਅਨੁਸਾਰ, ਹੈੱਜਹੌਗ (ਕੰਡੇਦਾਰ ਜੰਗਲੀ ਚੂਹਾ) ਅਲੋਪ ਹੋਣ ਦੇ ਨੇੜੇ ਹੈ। ਯੂਨਾਈਟਿਡ ਕਿੰਗਡਮ ਦੇ ਚਾਰ ਸਮੁੰਦਰੀ ਪੰਛੀ ਗ੍ਰੈਪਲੋਵਰ, ਡਨਲਿਨ, ਟਰਨਸਟੋਨ ਅਤੇ ਕਰਲੇਵ ਸੈਂਡਪਾਈਪਰ ਵੀ ਅਲੋਪ ਹੋਣ ਦੇ ਕੰਢੇ ’ਤੇ ਹਨ। ਰਾਇਲ ਬੋਟੈਨਿਕ ਗਾਰਡਨ ਦੇ ਸੰਭਾਲ ਖੋਜਕਰਤਾ ਸਟੀਵਨ ਬੈਚਮੈਨ ਨੇ ਕਿਹਾ ਕਿ ਰੁੱਖਾਂ ਨੂੰ ਗੁਆਉਣ ਦਾ ਮਤਲਬ ਹੈ ਉਨ੍ਹਾਂ ’ਤੇ ਨਿਰਭਰ ਕਈ ਹੋਰ ਪ੍ਰਜਾਤੀਆਂ ਨੂੰ ਗੁਆਉਣਾ। ਇਸ ਲਈ ਉਹ ਬੀਜ ਇਕੱਠੇ ਕਰ ਕੇ ਅਤੇ ਨਮੂਨੇ ਉਗਾ ਕੇ ਰੁੱਖਾਂ ਦੀ ਸਾਂਭ-ਸੰਭਾਲ ਦਾ ਕੰਮ ਕਰ ਰਹੇ ਹਨ।

ਨਿਰੰਕਾਰ ਸਿੰਘ


author

Rakesh

Content Editor

Related News