ਜਹਾਜ਼ਾਂ ’ਚ ਬੰਬਾਂ ਦੀਆਂ ਧਮਕੀਆਂ, ਸੁਰੱਖਿਆ ਪ੍ਰਬੰਧ ਹੋਰ ਜ਼ਿਆਦਾ ਦਰੁਸਤ ਕਰਨ ਦੀ ਲੋੜ
Wednesday, Oct 23, 2024 - 03:17 AM (IST)
ਕੁਝ ਸਮੇਂ ਤੋਂ ਜਹਾਜ਼ਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਦੇ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਪਿਛਲੇ 8 ਦਿਨਾਂ ’ਚ ਹੀ ਵਿਸਤਾਰਾ, ਏਅਰ ਇੰਡੀਆ, ਇੰਡੀਗੋ, ਅਕਾਸਾ, ਸਪਾਈਸ ਜੈੱਟ, ਸਟਾਰ ਏਅਰ ਤੇ ਅਲਾਇੰਸ ਏਅਰ ਆਦਿ ਦੇ 170 ਤੋਂ ਵੱਧ ਜਹਾਜ਼ਾਂ ਦੀਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। 21 ਅਕਤੂਬਰ ਰਾਤ ਤੋਂ 22 ਅਕਤੂਬਰ ਨੂੰ ਇਹ ਲੇਖ ਲਿਖੇ ਜਾਣ ਤੱਕ 80 ਜਹਾਜ਼ਾਂ ’ਚ ਬੰਬ ਹੋਣ ਦੀ ਧਮਕੀ ਮਿਲ ਚੁੱਕੀ ਹੈ।
ਜਹਾਜ਼ ’ਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਉਸ ਨੂੰ ਆਪਣੇ ਤੈਅ ਹਵਾਈ ਅੱਡੇ ਦੀ ਬਜਾਏ ਨੇੜਲੇ ਹਵਾਈ ਅੱਡੇ ’ਤੇ ਉਤਾਰਿਆ ਜਾਂਦਾ ਹੈ। ਇਸ ਨਾਲ ਹਵਾਬਾਜ਼ੀ ਕੰਪਨੀਆਂ ਨੂੰ 200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ।
ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿਥੇ ਸਰਕਾਰ ਨੇ ਜਹਾਜ਼ਾਂ ’ਚ ਏਅਰ ਮਾਰਸ਼ਲਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ ਉਥੇ ਹੀ ਸਰਕਾਰ ਹਵਾਬਾਜ਼ੀ ਸੁਰੱਖਿਆ ਨਿਯਮਾਂ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਦੇ ਨਜ਼ਰੀਏ ਨਾਲ ਗੈਰ-ਕਾਨੂੰਨੀ ਕਾਰਜਾਂ ਨੂੰ ਰੋਕਣ ਦੇ ਕਾਨੂੰਨ 1982 ’ਚ ਸੋਧ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਅਨੁਸਾਰ ਭਾਵੇਂ ਹੀ ਹੁਣ ਤੱਕ ਆਈਆਂ ਧਮਕੀਆਂ ਫਰਜ਼ੀ ਪਾਈਆਂ ਗਈਆਂ ਹਨ ਪਰ ਇਨ੍ਹਾਂ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਇਸ ਲਈ ਫਰਜ਼ੀ ਕਾਲ ਜਾਂ ਸੋਸ਼ਲ ਮੀਡੀਆ ਪੋਸਟ ਕਰ ਕੇ ਜਹਾਜ਼ਾਂ ’ਚ ਬੰਬ ਹੋਣ ਦੀ ਧਮਕੀ ਦੇਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਵਿਵਸਥਾ ਤੋਂ ਇਲਾਵਾ ਅਜਿਹੇ ਅਪਰਾਧੀਆਂ ਨੂੰ ‘ਨੋ ਫਲਾਈ ਸੂਚੀ’ ਵਿਚ ਪਾਉਣ ਦਾ ਵੀ ਮਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਅਜਿਹੀਆਂ ਸਾਰੀਆਂ ਕਾਲਜ਼ ਅਤੇ ਇਸ ’ਤੇ ਸਰਗਰਮੀ ਤੇ ਪ੍ਰੋਟੋਕੋਲ ਅਨੁਸਾਰ ਐਕਸ਼ਨ ਲੈ ਰਹੀ ਹੈ। ਯਾਤਰੀਆਂ ਨੂੰ ਅਸੁਵਿਧਾ ਨਾ ਹੋਵੇ ਇਸ ਲਈ ਅਸੀਂ ਹੁਣ ਜਹਾਜ਼ ਸੇਵਾਵਾਂ ਦੇ ਪ੍ਰਬੰਧਕਾਂ ਨਾਲ ਮਿਲ ਕੇ ਇਹ ਪਤਾ ਲਗਾ ਰਹੇ ਹਾਂ ਕਿ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ?
ਅਜਿਹੇ ਹਾਲਾਤ ’ਚ ਹੁਣ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਨੇ ਲੋਕਾਂ ਨੂੰ 1 ਤੋਂ 19 ਨਵੰਬਰ ਦੇ ਵਿਚਾਲੇ ਏਅਰ ਇੰਡੀਆ ਦੇ ਜਹਾਜ਼ਾਂ ’ਚ ਯਾਤਰਾ ਨਾ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਤਰੀਕਾਂ ਦੌਰਾਨ ਸਿੱਖ ਵਿਰੋਧੀ ਦੰਗਿਆਂ ਦੀ 40ਵੀਂ ਬਰਸੀ ’ਤੇ ਏਅਰ ਇੰਡੀਆ ਦੀਆਂ ਉਡਾਣਾਂ ’ਤੇ ਹਮਲਾ ਹੋ ਸਕਦਾ ਹੈ।
ਅਜਿਹੇ ’ਚ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ ਕਿਉਂਕਿ ਜ਼ਰਾ ਜਿਹੀ ਗਲਤੀ ਵੀ ਮਹਿੰਗੀ ਪੈ ਸਕਦੀ ਹੈ।
–ਵਿਜੇ ਕੁਮਾਰ