ਪਹਿਲਾਂ ਸੱਤਾ ਲੋਕਾਂ ਤੋਂ ਡਰਦੀ ਸੀ, ਹੁਣ ਲੋਕ ਸੱਤਾ ਤੋਂ

Tuesday, Feb 03, 2026 - 01:34 PM (IST)

ਪਹਿਲਾਂ ਸੱਤਾ ਲੋਕਾਂ ਤੋਂ ਡਰਦੀ ਸੀ, ਹੁਣ ਲੋਕ ਸੱਤਾ ਤੋਂ

ਇਕ ਸਮਾਂ ਸੀ, ਬਹੁਤ ਪੁਰਾਣੀ ਗੱਲ ਨਹੀਂ, ਜਦੋਂ ਰਾਜਨੇਤਾ ਬਿਨਾਂ ਕਿਸੇ ਚਿਤਾਵਨੀ ਦੇ ਬਾਜ਼ਾਰਾਂ ’ਚ ਚਲੇ ਆਉਂਦੇ ਸਨ। ਜਦੋਂ ਇਕ ਜ਼ਿਲਾ ਕਲੈਕਟਰ ਬੱਸ ਸਟੈਂਡ ’ਤੇ ਖੜ੍ਹਾ ਹੁੰਦਾ ਸੀ। ਜਦੋਂ ਕਿਸੇ ਮੰਤਰੀ ਦੀ ਗੱਡੀ ਲਾਲ ਬੱਤੀ ’ਤੇ ਬਾਕੀ ਸਾਰਿਆਂ ਵਾਂਗ ਉਡੀਕ ਕਰਦੀ ਸੀ। ਸੱਤਾ ਦੀ ਹੋਂਦ ਸੀ ਪਰ ਉਸ ਨੂੰ ਆਪਣੀ ਮੌਜੂਦਗੀ ਦਾ ਐਲਾਨ ਕਰਨ ਲਈ ਸਾਇਰਨ ਦੀ ਲੋੜ ਨਹੀਂ ਸੀ।

ਲੋਕ ਉਸ ਸਮੇਂ ਨੂੰ ਸਿਰਫ ਪੁਰਾਣੀਆਂ ਯਾਦਾਂ ਦੇ ਤੌਰ ’ਤੇ ਨਹੀਂ ਸਗੋਂ ਇਕ ਚਾਹਤ ਦੇ ਨਾਲ ਯਾਦ ਕਰਦੇ ਹਨ ਕਿਉਂਕਿ ਉਦੋਂ ਸੱਤਾ ਲੱਗਭਗ ਮਹਿਸੂਸ ਹੁੰਦੀ ਸੀ, ਜ਼ਿਆਦਾ ਮਨੁੱਖੀ ਅਤੇ ਘੱਟ ਡਰਾਉਣ ਵਾਲੀ।

ਜਦੋਂ ਕੋਵਿਡ ਆਇਆ ਤਾਂ ਕਈ ਲੋਕਾਂ ਨੂੰ ਲੱਗਾ ਉਹ ਸਮਾਂ ਫਿਰ ਤੋਂ ਪਰਤ ਆਇਆ ਹੈ। ਸੜਕਾਂ ਖਾਲੀ ਸਨ। ਸਾਇਰਨ ਖਾਮੋਸ਼ ਹੋ ਗਏ। ਲਾਲ ਬੱਤੀਆਂ ਹਟਾ ਦਿੱਤੀਆਂ ਗਈਆਂ। ਕਾਫਿਲੇ ਗਾਇਬ ਹੋ ਗਏ। ਨੇਤਾਵਾਂ ਨੇ ਸਾਦਗੀ, ਸਮਾਨਤਾ ਅਤੇ ਸਾਂਝੇ ਦੁੱਖ ਦੀ ਗੱਲ ਕੀਤੀ। ਵਾਅਦੇ ਕੀਤੇ ਗਏ ਕਿ ਕੋਈ ਸੜਕ ਨਹੀਂ ਰੋਕੀ ਜਾਵੇਗੀ, ਕੋਈ ਵੀ. ਆਈ. ਪੀ. ਕਲਚਰ ਨਹੀਂ ਹੋਵੇਗਾ, ਸੁਰੱਖਿਆ ਦਾ ਕੋਈ ਨਾਟਕ ਨਹੀਂ ਹੋਵੇਗਾ। ਅਤੇ ਫਿਰ, ਹੌਲੀ-ਹੌਲੀ ਅਤੇ ਉਮੀਦ ਮੁਤਾਬਕ ਉਹ ਸਭ ਵਾਪਸ ਆ ਗਿਆ।

ਅੱਜ ਉਹ ਨਜ਼ਾਰਾ ਫਿਰ ਤੋਂ ਜਾਣਿਆ-ਪਛਾਣਿਆ ਹੈ-ਪਾਇਲਟ ਕਾਰਾਂ, ਪੁਲਸ ਦੇ ਵਾਹਨ, ਚਮਕਦੀਆਂ ਲਾਈਟਾਂ, ਅਚਾਨਕ ਸੜਕਾਂ ਦਾ ਬੰਦ ਹੋਣਾ ਅਤੇ ਮਾਮੂਲੀ ਅਹੁਦੇਦਾਰਾਂ ਲਈ ਵੀ ਲੰਬੇ ਕਾਫਲੇ। ਨੌਕਰਸ਼ਾਹ, ਜੋ ਕਦੇ ਖੁਦ ਗੱਡੀ ਚਲਾਉਂਦੇ ਸਨ, ਹੁਣ ਅੰਗਰੱਖਿਅਕਾਂ ਦੇ ਨਾਲ ਚੱਲਦੇ ਹਨ। ਸਾਦਗੀ ਦੀ ਗੱਲ ਕਰਨ ਵਾਲੇ ਰਾਜਨੇਤਾ 10 ਗੱਡੀਆਂ ਦੇ ਨਾਲ ਆਉਂਦੇ ਹਨ। ਕੋਵਿਡ ਨੇ ਵੀ. ਆਈ. ਪੀ. ਕਲਚਰ ਦਾ ਇਲਾਜ ਨਹੀਂ ਕੀਤਾ, ਬਸ ਉਸ ਨੂੰ ਕੁਝ ਦੇਰ ਲਈ ਰੋਕ ਦਿੱਤਾ ਸੀ।

ਅਸਹਿਜ ਕਰਨ ਵਾਲਾ ਸਵਾਲ ਇਹ ਹੈ ਕੀ ਉਹ ਪੁਰਾਣਾ, ਸਾਦਾ ਸਮਾਂ ਕਦੇ ਵਾਪਸ ਪਰਤੇਗਾ?

ਈਮਾਨਦਾਰ ਜਵਾਬ ਇਹ ਹੈ ਕਿ ਸੱਤਾ, ਜਿਸਦਾ ਸਵਾਦ ਇਕ ਵਾਰ ਚੱਖ ਲਿਆ ਜਾਏ, ਉਹ ਖੁਦ ਤੋਂ ਕਦੇ ਨਿਮਰ ਨਹੀਂ ਹੁੰਦੀ।

ਸੁਰੱਖਿਆ ਸਿਰਫ ਇਸ ਲਈ ਨਹੀਂ ਵਧੀ ਕਿਉਂਕਿ ਖਤਰੇ ਵਧ ਗਏ। ਇਹ ਇਸ ਲਈ ਵਧੀ ਕਿਉਂਕਿ ‘ਹੱਕ ਜਤਾਉਣ’ ਦੀ ਭਾਵਨਾ ਵਧ ਗਈ। ਸੱਤਾ ਦੀ ਹਰ ਪਰਤ ਇਹ ਮੰਨਣ ਲੱਗੀ ਕਿ ਉਹ ਸੁਰੱਖਿਆ, ਤਰਜੀਹ ਅਤੇ ਰਸਤਾ ਸਾਫ ਦੇਖਣ ਦੀ ਹੱਕਦਾਰ ਹੈ।

ਜਦੋਂ ਇਕ ਵਿਅਕਤੀ ਲਈ ਸੜਕਾਂ ਰੋਕੀਆਂ ਜਾਂਦੀਆਂ ਹਨ, ਤਾਂ ਹਜ਼ਾਰਾਂ ਲੋਕਾਂ ਨੂੰ ਦਰਜਾਬੰਦੀ ’ਚ ਉਨ੍ਹਾਂ ਦੀ ਜਗ੍ਹਾ ਯਾਦ ਦਿਵਾਈ ਜਾਂਦੀ ਹੈ। ਜਦੋਂ ਕਾਫਲੇ ਕੱਢਣ ਲਈ ਐਂਬੂਲੈਂਸ ਫਸ ਜਾਂਦੀ ਹੈ ਤਾਂ ਜਨਤਾ ਦਾ ਗੁੱਸਾ ਚੁੱਪਚਾਪ ਵਧਦਾ ਹੈ। ਜਦੋਂ ਰਾਜਨੇਤਾ ਬਿਨਾਂ ਸੁਰੱਖਿਆ ਪਰਤਾਂ ਦੇ ਲੋਕਾਂ ਵਿਚਾਲੇ ਨਹੀਂ ਚੱਲ ਸਕਦੇ ਤਾਂ ਵਿਸ਼ਵਾਸ ਘੱਟ ਹੋ ਜਾਂਦਾ ਹੈ। ਸਿਸਟਮ ਨਾਗਰਿਕਾਂ ਨੂੰ ਕਹਿੰਦਾ ਹੈ ਕਿ ਉਹ ਸਮਾਨਤਾ ’ਚ ਭਰੋਸਾ ਰੱਖਦਾ ਹੈ ਪਰ ਉਸ ਦੇ ਕੰਮ ਕੁਝ ਹੋਰ ਹੀ ਕਹਿੰਦੇ ਹਨ।

ਕੀ ਇਹ ਕਦੇ ਬਦਲੇਗਾ? ਇਹ ਬਦਲ ਸਕਦਾ ਹੈ ਪਰ ਸਿਰਫ ਦਬਾਅ ’ਚ, ਸਦਭਾਵਨਾ ਨਾਲ ਨਹੀਂ।

ਬਦਲਾਅ ਇਸ ਲਈ ਨਹੀਂ ਆਏਗਾ ਕਿ ਨੇਤਾ ਅਚਾਨਕ ਨਿਮਰ ਹੋ ਜਾਣਗੇ। ਇਹ ਸਿਰਫ ਉਦੋਂ ਆਏਗਾ ਜਦੋਂ ਵੋਟਰ ਲਗਾਤਾਰ ਫਜ਼ੂਲਖਰਚੀ ਨੂੰ ਸਜ਼ਾ ਦੇਣਗੇ, ਜਦੋਂ ਅਦਾਲਤਾਂ ਸੁਰੱਖਿਆ ਸ਼੍ਰੇਣੀਆਂ ਨੂੰ ਸਖਤੀ ਨਾਲ ਸੀਮਤ ਕਰਨਗੀਆਂ, ਜਦੋਂ ਮੀਡੀਆ ਕਾਫਲਿਆਂ ਦਾ ਗੁਣਗਾਨ ਕਰਨਾ ਬੰਦ ਕਰ ਦੇਵੇਗਾ ਅਤੇ ਜਦੋਂ ਨਾਗਰਿਕ ਵੀ. ਆਈ. ਪੀ. ਆਵਾਜਾਈ ਕਾਰਨ ਹੋਣ ਵਾਲੀ ਦਿੱਕਤ ਨੂੰ ਆਮ ਮੰਨਣਾ ਬੰਦ ਕਰ ਦੇਣਗੇ।

ਕੁਝ ਸੂਬਿਆਂ ਨੇ ਸੁਰੱਖਿਆ ਸੂਚੀਆਂ ’ਚ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਨੇਤਾਵਾਂ ਨੇ ਜਾਣਬੁੱਝ ਕੇ ਆਪਣੇ ਤਾਮਝਾਮ ਨੂੰ ਘੱਟ ਕੀਤਾ ਹੈ ਪਰ ਇਹ ਅਪਵਾਦ ਹੈ, ਨਿਯਮ ਨਹੀਂ।

ਸੱਚਾਈ ਕੌੜੀ ਹੈ : ਵੀ. ਆਈ. ਪੀ. ਕਲਚਰ ਇਸ ਲਈ ਜ਼ਿੰਦਾ ਹੈ ਕਿਉਂਕਿ ਸਮਾਜ ਇਸ ਨੂੰ ਸਹਿਣ ਕਰਦਾ ਹੈ। ਅਸੀਂ ਨਿੱਜੀ ਤੌਰ ’ਤੇ ਸ਼ਿਕਾਇਤ ਕਰਦੇ ਹਾਂ ਪਰ ਜਨਤਕ ਤੌਰ ’ਤੇ ਪਾਲਣਾ ਕਰਦੇ ਹਾਂ। ਅਸੀਂ ਹਟ ਜਾਂਦੇ ਹਾਂ, ਚੁੱਪਚਾਪ ਉਡੀਕ ਕਰਦੇ ਹਾਂ, ਆਪਣੇ ਜੀਵਨ ਨੂੰ ਢਾਲ ਲੈਂਦੇ ਹਾਂ ਅਤੇ ਸਿਸਟਮ ਇਸ ਖਾਮੋਸ਼ੀ ਨੂੰ ਸਹਿਮਤੀ ਮੰਨ ਲੈਂਦਾ ਹੈ। ਇਕੱਲੇ ਚੱਲਦੇ ਹੋਏ ਰਾਜਨੇਤਾ ਦੀ ਪੁਰਾਣੀ ਦਿੱਖ ਇਸ ਲਈ ਕੰਮ ਕਰਦੀ ਸੀ ਕਿਉਂਕਿ ਉਦੋਂ ਸੱਤਾ ਲੋਕਾਂ ਤੋਂ ਡਰਦੀ ਸੀ। ਅੱਜ ਲੋਕ ਸੱਤਾ ਤੋਂ ਡਰਦੇ ਹਨ। ਇਹੀ ਅਸਲੀ ਬਦਲਾਅ ਹੈ।

ਕੀ ਇਸ ਨੂੰ ਬਦਲਿਆ ਜਾ ਸਕਦਾ ਹੈ? ਸ਼ਾਇਦ, ਪਰ ਸਿਰਫ ਤਾਂ ਹੀ ਜੇਕਰ ਸੱਤਾ ਨੂੰ ਸਾਇਰਨ ਅਤੇ ਬੈਰੀਕੇਡਸ ਰਾਹੀਂ ਮੰਗ ਕਰਨ ਦੀ ਬਜਾਏ ਫਿਰ ਤੋਂ ਸਨਮਾਨ ਹਾਸਲ ਕਰਨ ਲਈ ਮਜਬੂਰ ਕੀਤਾ ਜਾਏ। ਸਿਰਫ ਉਦੋਂ, ਜਦੋਂ ਜਨਤਕ ਸੇਵਾ ਫਿਰ ਤੋਂ ਸੇਵਾ ਲੱਗੇ, ਰਾਜਸ਼ਾਹੀ ਨਹੀਂ।

ਨਾਲ ਹੀ, ਇਨ੍ਹਾਂ ਨਵੇਂ ‘ਬਣਨ ਦੀ ਚਾਹ ਰੱਖਣ ਵਾਲੇ’ ਰਾਜਨੇਤਾਵਾਂ ਦੀ ਅਸੁਰੱਖਿਆ ਵੀ ਹੈ ਜਿਨ੍ਹਾਂ ਨੂੰ ਉਦੋਂ ਹੀ ਪਛਾਣਿਆ ਜਾਵੇਗਾ ਜਦੋਂ ਉਨ੍ਹਾਂ ਦੇ ਨਾਲ 6 ਬਾਡੀਗਾਰਡ ਹੋਣ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਹਲਚਲ ਪੈਦਾ ਕਰਨਾ ਚਾਹੁੰਦੇ ਹੋ ਕਿ ‘ਮੈਂ ਆ ਗਿਆ ਹਾਂ।’ ਇਹ ਅਨੋਖਾ ਹੈ ਕਿ ਕੁਝ ਸ਼ਕਤੀਸ਼ਾਲੀ ਅਤੇ ਸਾਦੇ ਮੰਤਰੀ ਅਜੇ ਵੀ ਆਪਣੇ ਨਾਲ ਕਿਸੇ ਨੂੰ ਲੈ ਕੇ ਨਹੀਂ ਚੱਲਦੇ।

ਉਦੋਂ ਤੱਕ ਕਾਫਲੇ ਲੰਬੇ ਹੁੰਦੇ ਰਹਿਣਗੇ, ਲਾਲ ਬੱਤੀਆਂ ਚਮਕਦੀਆਂ ਰਹਿਣਗੀਆਂ ਅਤੇ ਸੜਕਾਂ ਰੁਕਦੀਆਂ ਰਹਿਣਗੀਆਂ ਅਤੇ ਅਸੀਂ ਚੁੱਪਚਾਪ ਪੁੱਛਦੇ ਰਹਾਂਗੇ- ਸ਼ਾਸਕਾਂ ਨੇ ਸਾਡੇ ਦਰਮਿਆਨ ਚੱਲਣਾ ਕਦੋਂ ਬੰਦ ਕਰ ਦਿੱਤਾ ਅਤੇ ਸਾਡੇ ਉਪਰੋਂ ਲੰਘਣਾ ਕਦੋਂ ਸ਼ੁਰੂ ਕਰ ਦਿੱਤਾ?

ਇਹ ਸਵਾਲ ਕਿਸੇ ਵੀ ਸਾਇਰਨ ਤੋਂ ਵੱਧ, ਸੱਤਾ ’ਚ ਬੈਠੇ ਲੋਕਾਂ ਨੂੰ ਚਿੰਤਤ ਕਰਨਾ ਚਾਹੀਦਾ ਹੈ। 2014 ’ਚ ਜਦੋਂ ਨਵੀਂ ਸਰਕਾਰ ਨੇ ਸਹੁੰ ਚੁੱਕੀ ਸੀ, ਤਾਂ ਅਸੀਂ ਸੁਣਿਆ ਸੀ ਕਿ ਕੋਈ ਸਾਇਰਨ ਨਹੀਂ ਹੋਵੇਗਾ, ਕੋਈ ਲਾਲ ਬੱਤੀ ਨਹੀਂ ਹੋਵੇਗੀ, ਸੁਰੱਖਿਆ ਗਾਰਡ ਨਹੀਂ ਹੋਣਗੇ ਪਰ ਕਿਤੇ ਨਾ ਕਿਤੇ ਕੁਝ ਗਲਤ ਹੋ ਗਿਆ ਹੈ। ਅਸਲੀ ਰਾਜਨੇਤਾ ਲਈ ਅਸਲੀ ਖਤਰਾ ਸਮਝ ’ਚ ਆਉਂਦਾ ਸੀ ਪਰ ਹੁਣ ਇਹ ‘ਅਰਾਈਵਡ ਸਿੰਡ੍ਰੋਮ’ (ਪਹੁੰਚ ਜਾਣ ਦਾ ਭਰਮ) ਬਣ ਗਿਆ ਹੈ-ਬਾਡੀਗਾਰਡ, ਕਾਰੋਬਾਰੀ ਸਥਾਪਨਾ ਅਤੇ ਵੀ. ਆਈ. ਪੀ. ਸਿੰਡ੍ਰੋਮ ਦਰਅਸਲ ਆਮ ਆਦਮੀ ਲਈ ਇਕ ਤਸ਼ੱਦਦ ਹੈ। ਸਭ ਤੋਂ ਵੱਧ ਕੇ ਅਸੀਂ ਅਕਸਰ ਅਜਿਹੇ ਧੋਖੇਬਾਜ਼ਾਂ ਅਤੇ ਵਿਅਕਤੀਆਂ ਨੂੰ ਦੇਖਦੇ ਹਾਂ, ਜੋ ਹੁਣੇ-ਹੁਣ ਜੇਲ ਤੋਂ ਬਾਹਰ ਆਏ ਹਨ ਅਤੇ ਇਹ ਨਿੱਜੀ ਸੁਰੱਖਿਆ ਗਾਰਡਾਂ ਨਾਲ ਘੁੰਮਦੇ ਹਨ। ਇਹ ਇਕ ਬਹੁਤ ਹੀ ਦੁਖਦਾਈ ਮਜ਼ਾਕ ਹੈ।

- ਦੇਵੀ ਚੇਰੀਅਨ


author

Anmol Tagra

Content Editor

Related News