ਜਨਤਕ ਆਵਾਜਾਈ ’ਚ ਮੋਬਾਈਲ ਦੇ ਰੌਲੇ ’ਤੇ ਸਖ਼ਤੀ ਜ਼ਰੂਰੀ

Friday, Oct 23, 2026 - 04:57 PM (IST)

ਜਨਤਕ ਆਵਾਜਾਈ ’ਚ ਮੋਬਾਈਲ ਦੇ ਰੌਲੇ ’ਤੇ ਸਖ਼ਤੀ ਜ਼ਰੂਰੀ

ਜਨਤਕ ਆਵਾਜਾਈ ’ਚ ਸਫ਼ਰ ਕਰਨਾ ਕਿਸੇ ਇਕ ਵਿਅਕਤੀ ਦਾ ਨਿੱਜੀ ਪ੍ਰੋਗਰਾਮ ਨਹੀਂ ਸਗੋਂ ਅਨੇਕਾਂ ਲੋਕਾਂ ਨਾਲ ਸਾਂਝੀ ਯਾਤਰਾ ਦਾ ਤਜਰਬਾ ਹੁੰਦਾ ਹੈ। ਟਰੇਨ ਹੋਵੇ ਜਾਂ ਬੱਸ, ਹਰ ਯਾਤਰੀ ਟਿਕਟ ਖ਼ਰੀਦ ਕੇ ਆਪਣੇ ਪੜਾਅ ’ਤੇ ਪਹੁੰਚਣ, ਆਪਣੇ ਵਿਚਾਰਾਂ ’ਚ ਗੁਆਚਣ ਜਾਂ ਥਕਾਵਟ ਲਾਹੁਣ ਦਾ ਅਧਿਕਾਰ ਰੱਖਦਾ ਹੈ ਪਰ ਦੁਖਦਾਈ ਸਥਿਤੀ ਇਹ ਹੈ ਕਿ ਕੁੱਝ ਲੋਕਾਂ ਨੇ ਜਨਤਕ ਆਵਾਜਾਈ ਨੂੰ ਆਪਣੀ ਨਿੱਜੀ ਬੈਠਕ, ਮਨੋਰੰਜਨ ਦਾ ਕਮਰਾ ਅਤੇ ਮੋਬਾਈਲ ਸਿਨੇਮਾ ਹਾਲ ਸਮਝ ਲਿਆ ਹੈ।

ਕੋਈ ਬਿਨਾਂ ਈਅਰਫ਼ੋਨ ਲਗਾਏ ਮੋਬਾਈਲ ’ਤੇ ਰੀਲਾਂ ਦੇਖ ਰਿਹਾ ਹੈ, ਕੋਈ ਪੂਰੀ ਆਵਾਜ਼ ’ਚ ਗਾਣੇ ਵਜਾ ਰਿਹਾ ਹੈ, ਕੋਈ ਫ਼ਿਲਮ ਦੇ ਡਾਇਲਾਗਾਂ ਨਾਲ ਬੱਸ ਦੇ ਹੋਰ ਯਾਤਰੀਆਂ ਜਾਂ ਟਰੇਨ ਦੇ ਪੂਰੇ ਡੱਬੇ ਨੂੰ ਜਾਣੂ ਕਰਵਾ ਰਿਹਾ ਹੈ ਤਾਂ ਕੋਈ ਫ਼ੋਨ ਨੂੰ ਸਪੀਕਰ ’ਤੇ ਰੱਖ ਕੇ ਇਸ ਅੰਦਾਜ਼ ’ਚ ਗੱਲਬਾਤ ਕਰ ਰਿਹਾ ਹੈ, ਮੰਨੋ ਨੇੜੇ-ਤੇੜੇ ਬੈਠੇ ਸਾਰੇ ਯਾਤਰੀ ਉਸ ਦੀ ਨਿੱਜੀ ਜ਼ਿੰਦਗੀ ਦੇ ਕਿੱਸੇ ਸੁਣਨ ਲਈ ਹੀ ਸਫ਼ਰ ਕਰ ਰਹੇ ਹੋਣ।

ਅਜਿਹੇ ਲੋਕਾਂ ਨੂੰ ਸ਼ਾਇਦ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਕਥਿਤ ਮੌਜ-ਮਸਤੀ ਦੂਜਿਆਂ ਲਈ ਕਿੰਨੀ ਵੱਡੀ ਮੁਸੀਬਤ ਬਣ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਯਾਤਰੀਆਂ ਨੂੰ ਆਪਣੀ ਇਸ ਗ਼ੈਰ-ਜ਼ਿੰਮੇਵਾਰਾਨਾ ਹਰਕਤ ’ਚ ਕੁੱਝ ਵੀ ਗ਼ਲਤ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੂੰ ਲੱਗਦਾ ਹੈ ਕਿ ਮੋਬਾਈਲ ਉਨ੍ਹਾਂ ਦਾ ਹੈ, ਇੰਟਰਨੈੱਟ ਦੇ ਪੈਸੇ ਉਹ ਭਰਦੇ ਹਨ, ਟਿਕਟ ਉਨ੍ਹਾਂ ਨੇ ਖ਼ਰੀਦੀ ਹੈ, ਇਸ ਲਈ ਉਹ ਆਪਣੀ ਮਰਜ਼ੀ ਨਾਲ ਕੁੱਝ ਵੀ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਕੌਣ ਸਮਝਾਵੇ ਕਿ ਟਿਕਟ ਖ਼ਰੀਦਣ ਨਾਲ ਜਨਤਕ ਸਥਾਨ ’ਤੇ ਮਨਮਰਜ਼ੀ ਕਰਨ ਦਾ ਲਾਇਸੈਂਸ ਨਹੀਂ ਮਿਲ ਜਾਂਦਾ। ਤੁਹਾਡਾ ਮੋਬਾਈਲ ਨਿੱਜੀ ਹੋ ਸਕਦਾ ਹੈ ਪਰ ਉਸ ਤੋਂ ਨਿਕਲਣ ਵਾਲਾ ਰੌਲਾ ਜਨਤਕ ਪ੍ਰੇਸ਼ਾਨੀ ਹੈ। ਆਪਣੀ ਪਸੰਦ ਦਾ ਸੰਗੀਤ ਸੁਣਨ ਦਾ ਅਧਿਕਾਰ ਤੁਹਾਨੂੰ ਜ਼ਰੂਰ ਹੈ ਪਰ ਦੂਜਿਆਂ ਨੂੰ ਜ਼ਬਰਦਸਤੀ ਆਪਣਾ ਸਰੋਤਾ ਬਣਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।

ਸਮੱਸਿਆ ਉਦੋਂ ਹੋਰ ਭਿਆਨਕ ਹੋ ਜਾਂਦੀ ਹੈ, ਜਦੋਂ ਕਿਸੇ ਯਾਤਰੀ ਦੇ ਨਿਮਰਤਾ ਸਹਿਤ ਬੇਨਤੀ ਕਰਨ ’ਤੇ ਵੀ ਸਬੰਧਤ ਵਿਅਕਤੀ ਆਵਾਜ਼ ਘਟਾਉਣ ਦੀ ਬਜਾਏ ਆਕੜ ਦਿਖਾਉਣ ਲੱਗਦਾ ਹੈ। ਕਈ ਵਾਰ ਜਵਾਬ ਮਿਲਦਾ ਹੈ, ‘ਤੁਹਾਨੂੰ ਕੀ ਤਕਲੀਫ਼ ਹੈ?’

ਇਸੇ ਸਮੱਸਿਆ ਨੂੰ ਦੇਖਦੇ ਹੋਏ ਦੱਖਣੀ ਰੇਲਵੇ ਨੇ ਟਰੇਨਾਂ ਅਤੇ ਰੇਲਵੇ ਕੰਪਲੈਕਸਾਂ ’ਚ ਯਾਤਰੀਆਂ ਨੂੰ ਪਰੇਸ਼ਾਨ ਕਰਨ ਵਾਲੇ ਰੌਲੇ ਅਤੇ ਬੇਲੋੜੇ ਵਤੀਰੇ ’ਚ ਸਖ਼ਤੀ ਕਰਨ ਅਤੇ ਨਿਯਮਾਂ ਦੀ ਪਾਲਣਾ ’ਤੇ ਜ਼ੋਰ ਦਿੱਤਾ ਹੈ। ਜਨਤਕ ਐਲਾਨਾਂ, ਨੋਟਿਸਾਂ ਅਤੇ ਰੇਲਵੇ ਕਰਮਚਾਰੀਆਂ ਦੇ ਮਾਧਿਅਮ ਨਾਲ ਯਾਤਰੀਆਂ ਨੂੰ ਜ਼ਿੰਮੇਵਾਰ ਵਿਵਹਾਰ ਪ੍ਰਤੀ ਜਾਗਰੂਕ ਕਰਨ ਦੀ ਪਹਿਲ ਮਹੱਤਵਪੂਰਨ ਹੈ। ਮੋਬਾਈਲ ’ਤੇ ਤੇਜ਼ ਆਵਾਜ਼ ’ਚ ਗਾਣੇ ਜਾਂ ਵੀਡੀਓ ਚਲਾ ਕੇ ਦੂਜਿਆਂ ਨੂੰ ਪ੍ਰੇਸ਼ਾਨ ਕਰਨ ’ਤੇ ਪਹਿਲੀ ਵਾਰ 1,000 ਰੁਪਏ ਤੱਕ ਜੁਰਮਾਨਾ ਅਤੇ ਟਰੇਨ ਤੋਂ ਉਤਾਰੇ ਜਾਣ ਦੀ ਕਾਰਵਾਈ ਹੋ ਸਕਦੀ ਹੈ। ਵਾਰ-ਵਾਰ ਅਜਿਹਾ ਕਰਨ ’ਤੇ 5,000 ਰੁਪਏ ਤੱਕ ਜੁਰਮਾਨੇ ਜਾਂ ਛੇ ਮਹੀਨੇ ਤੱਕ ਦੀ ਕੈਦ ਜਾਂ ਦੋਵੇਂ ਵੀ ਹੋ ਸਕਦੇ ਹਨ। ਬੱਸਾਂ ’ਤੇ ਕਾਰਵਾਈ ਸਬੰਧਤ ਟਰਾਂਸਪੋਰਟ ਅਥਾਰਟੀ ਅਤੇ ਲਾਗੂ ਨਿਯਮਾਂ ਅਨੁਸਾਰ ਹੋ ਸਕਦੀ ਹੈ

ਕੀ ਇੰਨੀ ਆਮ ਨਾਗਰਿਕ ਸਮਝ ਵੀ ਸਾਡੇ ਅੰਦਰ ਨਹੀਂ ਬਚੀ ਕਿ ਕਿਸੇ ਜਨਤਕ ਥਾਂ ’ਚ ਆਪਣੀ ਆਵਾਜ਼ ਅਤੇ ਵਿਵਹਾਰ ਦੀ ਸੀਮਾ ਪਛਾਣ ਸਕੀਏ? ਕੀ ਈਅਰਫ਼ੋਨ ਲਗਾ ਕੇ ਗਾਣਾ ਸੁਣਨਾ ਇੰਨਾ ਔਖਾ ਹੈ? ਕੀ ਫ਼ੋਨ ’ਤੇ ਗੱਲ ਕਰਦੇ ਸਮੇਂ ਆਵਾਜ਼ ਹੌਲੀ ਰੱਖਣਾ ਕੋਈ ਅਸਾਧਾਰਨ ਤਿਆਗ ਹੈ? ਕੀ ਕੁੱਝ ਮਿੰਟਾਂ ਲਈ ਰੀਲਾਂ ਦਾ ਵੌਲੀਅਮ ਘੱਟ ਕਰਨ ਨਾਲ ਕਿਸੇ ਦੀ ਨਿੱਜੀ ਆਜ਼ਾਦੀ ਖ਼ਤਰੇ ’ਚ ਪੈ ਜਾਂਦੀ ਹੈ?

ਸੱਚਾਈ ਇਹ ਹੈ ਕਿ ਜ਼ਿਆਦਾਤਰ ਮਾਮਲਿਆਂ ’ਚ ਪਰੇਸ਼ਾਨੀ ਦਾ ਹੱਲ ਬਹੁਤ ਸਰਲ ਹੈ ਪਰ ਹੰਕਾਰ ਅਤੇ ਦੂਜਿਆਂ ਪ੍ਰਤੀ ਅਣਦੇਖੀ ਉਸ ਨੂੰ ਬੇਲੋੜੇ ਵਿਵਾਦ ’ਚ ਬਦਲ ਦਿੰਦੀ ਹੈ।

ਟਰੇਨਾਂ ’ਚ ਯਾਤਰੀ ਟਿਕਟ ਚੈਕਿੰਗ ਕਰਮਚਾਰੀ, ਉਪਲਬਧ ਰੇਲਵੇ ਸਟਾਫ਼ ਜਾਂ ਰੇਲ ਮਦਦ ਸੇਵਾ ਦੇ ਮਾਧਿਅਮ ਨਾਲ ਸ਼ਿਕਾਇਤ ਕਰ ਸਕਦੇ ਹਨ। ਰੇਲਵੇ ਸਹਾਇਤਾ ਲਈ 139 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਬੱਸ ’ਚ ਕੋਈ ਯਾਤਰੀ ਲਗਾਤਾਰ ਰੌਲਾ ਪਾ ਰਿਹਾ ਹੋਵੇ, ਬਦਤਮੀਜ਼ੀ ਕਰ ਰਿਹਾ ਹੋਵੇ ਜਾਂ ਵਿਵਾਦ ਦੀ ਸਥਿਤੀ ਪੈਦਾ ਕਰ ਰਿਹਾ ਹੋਵੇ ਤਾਂ ਬੱਸ ਦੇ ਚਾਲਕ, ਪਰਿਚਾਲਕ ਜਾਂ ਸਬੰਧਤ ਟਰਾਂਸਪੋਰਟ ਅਥਾਰਟੀ ਨੂੰ ਸੂਚਿਤ ਕਰਨਾ ਉਚਿਤ ਹੈ। ਧਮਕੀ ਜਾਂ ਹਿੰਸਾ ਦਾ ਖ਼ਦਸ਼ਾ ਹੋਣ ’ਤੇ ਖ਼ੁਦ ਉਲਝਣ ਦੀ ਬਜਾਏ ਸਬੰਧਤ ਸੁਰੱਖਿਆ ਕਰਮਚਾਰੀਆਂ ਦੀ ਸਹਾਇਤਾ ਲੈਣੀ ਚਾਹੀਦੀ ਹੈ।

ਅੱਜ ਲੋੜ ਸਿਰਫ ਸਖ਼ਤ ਨਿਰਦੇਸ਼ਾਂ ਦੀ ਨਹੀਂ ਸਗੋਂ ਨਾਗਰਿਕ ਵਿਵਹਾਰ ’ਚ ਸੁਧਾਰ ਦੀ ਹੈ। ਕਾਨੂੰਨ ਤੋੜਣ ਵਾਲਿਆਂ ’ਤੇ ਠੱਲ੍ਹ ਪਾ ਸਕਦਾ ਹੈ ਪਰ ਸੰਵੇਦਨਸ਼ੀਲਤਾ ਅਤੇ ਆਤਮ-ਅਨੁਸ਼ਾਸਨ ਹੀ ਜਨਤਕ ਜੀਵਨ ਨੂੰ ਸੁਖਾਵਾਂ ਬਣਾ ਸਕਦੇ ਹਨ। ਜਿਸ ਤਰ੍ਹਾਂ ਅਸੀਂ ਆਪਣੇ ਘਰ ’ਚ ਸ਼ਾਂਤੀ ਚਾਹੁੰਦੇ ਹਾਂ, ਉਸੇ ਤਰ੍ਹਾਂ ਦੂਜਿਆਂ ਨੂੰ ਵੀ ਆਪਣੇ ਸਫ਼ਰ ’ਚ ਸ਼ਾਂਤੀ ਪਾਉਣ ਦਾ ਅਧਿਕਾਰ ਹੈ।

ਟਰੇਨ ਅਤੇ ਬੱਸ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਸਾਂਝੇ ਜਨਤਕ ਸਥਾਨ ਹਨ, ਜਿੱਥੇ ਆਪਣੀ ਪਸੰਦ ਦੂਜਿਆਂ ’ਤੇ ਥੋਪਣਾ ਆਜ਼ਾਦੀ ਨਹੀਂ, ਸਵਾਰਥ ਹੈ; ਤੇਜ਼ ਆਵਾਜ਼ ’ਚ ਮਨੋਰੰਜਨ ਕਰਨਾ ਅਧਿਕਾਰ ਨਹੀਂ, ਅਸੱਭਿਅਤਾ ਹੈ। ਸਿੱਧੀ ਜਿਹੀ ਗੱਲ ਹੈ, ਗਾਣਾ ਸੁਣੋ, ਫ਼ਿਲਮ ਦੇਖੋ, ਰੀਲਾਂ ਚਲਾਓ, ਫ਼ੋਨ ’ਤੇ ਗੱਲ ਵੀ ਕਰੋ ਪਰ ਆਪਣੀ ਖ਼ੁਸ਼ੀ ਲਈ ਦੂਜਿਆਂ ਦਾ ਸਕੂਨ ਨਾ ਖੋਵੋ। ਜੇਕਰ ਤੁਹਾਡੀ ਆਵਾਜ਼ ਨਾਲ ਕਿਸੇ ਦੀ ਨੀਂਦ ਟੁੱਟ ਰਹੀ ਹੈ, ਕਿਸੇ ਦਾ ਸਿਰਦਰਦ ਵਧ ਰਿਹਾ ਹੈ ਜਾਂ ਕਿਸੇ ਦੀ ਯਾਤਰਾ ਪ੍ਰੇਸ਼ਾਨੀ ’ਚ ਬਦਲ ਰਹੀ ਹੈ ਤਾਂ ਸਮੱਸਿਆ ਮੋਬਾਈਲ ’ਚ ਨਹੀਂ, ਤੁਹਾਡੇ ਵਿਵਹਾਰ ’ਚ ਹੈ।
-ਯੋਗੇਸ਼ ਕੁਮਾਰ ਗੋਇਲ।


author

Shubam Kumar

Content Editor

Related News