ਸਾਡੇ ਨੇਤਾਵਾਂ ਨੂੰ 2025 ਇਕ ਬਿਹਤਰ ਸਾਲ ਬਣਾਉਣਾ ਪਵੇਗਾ

Wednesday, Jan 01, 2025 - 01:43 PM (IST)

ਸਾਡੇ ਨੇਤਾਵਾਂ ਨੂੰ 2025 ਇਕ ਬਿਹਤਰ ਸਾਲ ਬਣਾਉਣਾ ਪਵੇਗਾ

ਸਾਲ 2024 ਨੂੰ ਕਿਵੇਂ ਅਲਵਿਦਾ ਆਖੀਏ? ਨਵੀਆਂ ਆਸਾਂ ਅਤੇ ਨਵੀਆਂ ਵਚਨਬੱਧਤਾਵਾਂ ਨਾਲ ਸਾਲ 2025 ਦਾ ਸਵਾਗਤ ਕਰਦੇ ਹੋਏ ਸ਼ੈਂਪੇਨ ਦੀ ਇਕ ਬੋਤਲ ਖੋਲ੍ਹੋ ਜਾਂ ਅਗਲੇ 12 ਮਹੀਨਿਆਂ ਵਿਚ ਲਗਾਤਾਰ ਗਿਰਾਵਟ ਨੂੰ ਦੇਖਦੇ ਰਹੋ। ਇਹ ਸਪੱਸ਼ਟ ਹੈ ਕਿ ਸਾਲ 2024 ਨੂੰ ਇਤਿਹਾਸ ਵਿਚ ਉਥਲ-ਪੁਥਲ ਭਰੇ ਸਾਲ ਵਜੋਂ ਦੇਖਿਆ ਜਾਵੇਗਾ। ਸਿਆਸੀ ਨਜ਼ਰੀਏ ਤੋਂ ਸਾਲ 2024 ਵਿਚ ਇਕ ਵਿਗੜੀ, ਨਵੀਂ ਨਕਾਰਾਤਮਕ ਗੱਲ ਦੇਖਣ ਨੂੰ ਮਿਲੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਸਮਾਰਕ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਅਤੇ ਕਾਂਗਰਸ ਵਿਚਾਲੇ ਕੁਝ ਵਿਵਾਦ ਦੇਖਣ ਨੂੰ ਮਿਲਿਆ।

ਰਾਹੁਲ ਗਾਂਧੀ ਨੇ ਸਰਕਾਰ ’ਤੇ ਸਾਬਕਾ ਪ੍ਰਧਾਨ ਮੰਤਰੀ ਦਾ ਰਾਜਘਾਟ ਦੀ ਬਜਾਏ ਜਨਤਕ ਘਾਟ ’ਤੇ ਸਸਕਾਰ ਕਰਨ ਅਤੇ ਉਨ੍ਹਾਂ ਦੀ ਯਾਦਗਾਰ ਲਈ ਜ਼ਮੀਨ ਨਾ ਦੇ ਕੇ ਉਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ, ਜਦ ਕਿ ਭਾਜਪਾ ਨੇ ਇਸ ਦਾ ਜਵਾਬ ਕਾਂਗਰਸ ’ਤੇ ਇਹ ਦੋਸ਼ ਲਗਾਉਂਦੇ ਹੋਏ ਦਿੱਤਾ ਕਿ ਉਹ ਸਿਆਸੀ ਫਾਇਦੇ ਲਈ ਮਨਘੜਤ ਗੱਲਾਂ ਨਾਲ ਇਸ ਦੁੱਖ ਦੀ ਘੜੀ ਦਾ ਸ਼ੋਸ਼ਣ ਕਰ ਰਹੀ ਹੈ। ਕਾਂਗਰਸ ਇਹ ਭੁੱਲ ਗਈ ਹੈ ਕਿ ਉਸ ਨੇ ਆਪਣੇ ਹੀ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਅੰਤਿਮ ਸੰਸਕਾਰ ਸਮੇਂ ਕਿਵੇਂ ਵਿਵਹਾਰ ਕੀਤਾ ਸੀ ਅਤੇ ਦਿੱਲੀ ਵਿਚ ਉਨ੍ਹਾਂ ਦੀ ਯਾਦਗਾਰ ਲਈ ਜ਼ਮੀਨ ਨਹੀਂ ਦਿੱਤੀ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਵਿਚ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਰਾਓ ਪਰਿਵਾਰ ਨੂੰ ਹੈਦਰਾਬਾਦ ਵਿਚ ਉਸਦਾ ਅੰਤਿਮ ਸੰਸਕਾਰ ਕਰਨ ਲਈ ਕਿਹਾ ਗਿਆ ਸੀ, ਯਾਦਗਾਰ ਬਣਾਉਣੀ ਤਾਂ ਦੂਰ ਦੀ ਗੱਲ।

ਰਾਓ ਦੀ ਯਾਦਗਾਰ ਰਾਸ਼ਟਰ ਏਕਤਾ ਸਥਲ ਮੋਦੀ ਸਰਕਾਰ ਵਲੋਂ ਬਣਾਈ ਗਈ। ਇਸ ਦੇ ਨਾਲ ਹੀ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਤੂੰ-ਤੂੰ, ਮੈਂ-ਮੈਂ ਦੇਖਣ ਨੂੰ ਮਿਲੀ। ਦੋਵਾਂ ਵਿਚਾਲੇ ਸੰਚਾਰ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਇਆ। ਮੋਦੀ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਡੂੰਘੇ ਮਤਭੇਦ ਅਤੇ ਅਵਿਸ਼ਵਾਸ ਦੇਖਣ ਨੂੰ ਮਿਲਿਆ ਅਤੇ ਇਹ ਦੱਸਦਾ ਹੈ ਕਿ ਸੰਸਦ ਦੇ ਕੰਮਕਾਜ ਨੂੰ ਕਿਵੇਂ ਠੱਪ ਕੀਤਾ ਗਿਆ। ਪਹਿਲਾਂ, ਅਰਬਪਤੀ ਕਾਰੋਬਾਰੀ ਅਡਾਣੀ ਨੂੰ ਅਮਰੀਕਾ ਵਲੋਂ ਦੋਸ਼ੀ ਠਹਿਰਾਏ ਜਾਣ ਦੇ ਮੁੱਦੇ ’ਤੇ ਕਾਂਗਰਸ ਨੇ ਆਪਣੀ ਭਾਸ਼ਣ ਦੀ ਸ਼ਕਤੀ ਦੀ ਵਰਤੋਂ ਕੀਤੀ।

ਉਸ ਤੋਂ ਬਾਅਦ ਭਾਜਪਾ ਨੇ ਕਾਂਗਰਸ ਦੇ ਪਹਿਲੇ ਪਰਿਵਾਰ ਸੋਨੀਆ-ਰਾਹੁਲ ਦੇ ਅਮਰੀਕੀ ਅਰਬਪਤੀ ਜਾਰਜ ਸੋਰੋਸ ਨਾਲ ਸਬੰਧਾਂ ਅਤੇ ਭਾਰਤ ਨੂੰ ਅਸਥਿਰ ਕਰਨ ਲਈ ਭਾਰਤ ਵਿਰੋਧੀ ਏਜੰਡਾ ਚਲਾਉਣ ਲਈ ਰੌਲਾ ਪਾਇਆ ਅਤੇ ਇੱਥੋਂ ਤੱਕ ਕਿ ਸਪਾ ਅਤੇ ਤ੍ਰਿਣਮੂਲ ਕਾਂਗਰਸ ਨੇ ਵੀ ਇਸ ਮੁੱਦੇ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਖੁਦ ਨੂੰ ਕਾਂਗਰਸ ਤੋਂ ਅਲੱਗ ਕਰ ਲਿਆ। ਉਸ ਤੋਂ ਬਾਅਦ ਮੇਰਾ ਅੰਬੇਡਕਰ ਬਨਾਮ ਤੇਰਾ ਅੰਬੇਡਕਰ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲਿਆ।

ਅਸਲ ਵਿਚ ਅੰਬੇਡਕਰ ਬਾਰੇ ਜੋ ਵੀ ਕਿਹਾ ਜਾ ਰਿਹਾ ਹੈ, ਉਹ ਪਾਰਟੀਆਂ ਦਾ ਅੰਦਰੂਨੀ ਮਾਮਲਾ ਹੈ ਅਤੇ ਸਾਰੀਆਂ ਪਾਰਟੀਆਂ ਚਾਹੁੰਦੀਆਂ ਹਨ ਇਸ ਦਲਿਤ ਆਗੂ ਨਾਲ ਸਾਂਝ ਪਾ ਕੇ ਉਨ੍ਹਾਂ ਨੂੰ ਕੈਸ਼ ਕਰਨ ਕਿਉਂਕਿ ਦੇਸ਼ ਵਿਚ ਦਲਿਤ ਵੋਟਰਾਂ ਦੀ ਗਿਣਤੀ 20 ਫੀਸਦੀ ਹੈ। ਭਾਜਪਾ ਨੇ ਕਾਂਗਰਸ ’ਤੇ ਇਸ ਮਾਮਲੇ ਵਿਚ ਪਾਖੰਡ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਨੇ ਅੰਬੇਡਕਰ ਨੂੰ ਇਤਿਹਾਸਕ ਤੌਰ ’ਤੇ ਨਜ਼ਰਅੰਦਾਜ਼ ਕੀਤਾ ਹੈ। ਕਾਂਗਰਸ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਅੰਬੇਡਕਰ ਨੂੰ ਨਫ਼ਰਤ ਕਰਦੀ ਹੈ। ਇਸ ਅੜਿੱਕੇ ਦੇ ਦੌਰਾਨ ਸੰਸਦ ਦੇ ਦੋਵੇਂ ਸਦਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਸਰਕਾਰ ਅਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਹੈ।

ਚੋਣ ਦ੍ਰਿਸ਼ਟੀਕੋਣ ਤੋਂ ਮੋਦੀ ਨੂੰ 2024 ਦੀਆਂ ਆਮ ਚੋਣਾਂ ਵਿਚ ਨੁਕਸਾਨ ਸਹਿਣਾ ਪਿਆ ਅਤੇ ਮੋਦੀ 3.0 ਵਿਚ ਇਸ ਵਾਰ 400 ਨੂੰ ਪਾਰ ਕਰਨ ਦੀ ਬਜਾਏ, ਗੱਠਜੋੜ ਦੀ ਸਰਕਾਰ ਬਣਾਉਣ ਲਈ ਮਜਬੂਰ ਹੋਣਾ ਪਿਆ। ਬੇਸ਼ੱਕ ਭਾਜਪਾ ਨੂੰ ਇਕੱਲੀ ਸਭ ਤੋਂ ਵੱਡੀ ਪਾਰਟੀ ਵਜੋਂ 240 ਸੀਟਾਂ ਅਤੇ ਸਹਿਯੋਗੀ ਪਾਰਟੀਆਂ ਨਾਲ 293 ਸੀਟਾਂ ਮਿਲੀਆਂ, ਪਰ ਕੀ ਮੋਦੀ ਆਪਣੇ ਤੀਜੇ ਕਾਰਜਕਾਲ ਵਿਚ ਆਪਣੀਆਂ ਸ਼ਰਤਾਂ ਮੁਤਾਬਕ ਕੰਮ ਕਰ ਸਕਣਗੇ? ਇਸ ਤੋਂ ਬਾਅਦ ਭਾਜਪਾ ਮਹਾਰਾਸ਼ਟਰ ਵਿਚ ਆਪਣੇ ਸਹਿਯੋਗੀਆਂ ਨਾਲ ਵੱਡੀ ਜਿੱਤ ਦਰਜ ਕਰ ਕੇ ਆਪਣੀ ਗਲਤੀ ਸੁਧਾਰਨ ਵਿਚ ਸਫਲ ਰਹੀ। ਨਾਲ ਹੀ ਹਰਿਆਣਾ ਵਿਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ, ਹਾਲਾਂਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਇਨ੍ਹਾਂ ਦੋਵਾਂ ਰਾਜਾਂ ਵਿਚ ਹਾਰ ਝੱਲਣੀ ਪਈ ਸੀ। ਇਸ ਦੀ ਸਭ ਤੋਂ ਵੱਡੀ ਅਸਫਲਤਾ ਕਾਂਗਰਸ ਦੇ ਗੜ੍ਹ ਮਹਾਰਾਸ਼ਟਰ ਵਿਚ ਰਹੀ, ਜਿੱਥੇ ਇਸ ਨੂੰ 288 ਵਿਧਾਨ ਸਭਾ ਸੀਟਾਂ ਵਿਚੋਂ ਸਿਰਫ਼ 16 ਸੀਟਾਂ ਮਿਲੀਆਂ। ਕਾਂਗਰਸ ਆਪਣੀ ਅਸਫਲਤਾ ਤੋਂ ਕੋਈ ਸਬਕ ਨਹੀਂ ਲੈ ਰਹੀ ਹੈ। ਹਾਲਾਂਕਿ ਉਸ ਨੂੰ ਅਹਿਸਾਸ ਹੈ ਕਿ ਉਸ ਨੂੰ ਸਹਿਯੋਗੀ ਪਾਰਟੀਆਂ ਦੀ ਲੋੜ ਹੈ। ਹੁਣ ਦੇਖਣਾ ਇਹ ਹੈ ਕਿ ਕਾਂਗਰਸ ਇਸ ਸਥਿਤੀ ’ਚੋਂ ਕਿਵੇਂ ਉਭਰਦੀ ਹੈ।

ਇਸ ਸਮੇਂ ‘ਇੰਡੀਆ’ ਗੱਠਜੋੜ ’ਚ ਤਕਰਾਰ ਚੱਲ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਮਮਤਾ ਵਾਂਗ ਇਸ ਵਾਰ ਕੇਜਰੀਵਾਲ ਵੀ ਦਿੱਲੀ ਵਿਚ ਇਕੱਲੇ ਹੀ ਚੋਣ ਲੜਨ ਜਾ ਰਹੇ ਹਨ। ਨਾਲ ਹੀ, ਮਮਤਾ ਬੈਨਰਜੀ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ ਕਿ ਉਹ ‘ਇੰਡੀਆ’ ਗੱਠਜੋੜ ਦੀ ਅਗਵਾਈ ਕਰਨ ਲਈ ਤਿਆਰ ਹੈ। ਨਾਲ ਹੀ, ਸਿਆਸੀ ਧਰੁਵੀਕਰਨ ਅਤੇ ਮੁਕਾਬਲੇਬਾਜ਼ੀ ਅਤੇ ਪਛਾਣਾਂ ਦੀ ਵਿਭਿੰਨਤਾ ਦੇ ਇਸ ਦੌਰ ਵਿਚ ਦੇਸ਼ ਵਿਚ ਜਾਤੀਵਾਦ ਅਤੇ ਫਿਰਕਾਪ੍ਰਸਤੀ ਵਧ ਰਹੀ ਹੈ, ਜਿਸ ਕਾਰਨ ਦੇਸ਼ ਵਿਚ ਅਸਹਿਣਸ਼ੀਲਤਾ ਅਤੇ ਅਪਰਾਧ ਵਧਦਾ ਜਾ ਰਿਹਾ ਹੈ। ਜਾਤੀ ਪਛਾਣ ਨੂੰ ਸਮਾਜਿਕ ਪਿਛੋਕੜ ਵਿਚ ਖਤਮ ਕਰਨਾ ਔਖਾ ਹੈ ਜਿੱਥੇ ਜਾਤ ਬਨਾਮ ਜਾਤ ਦਾ ਮੁਕਾਬਲਾ ਹੁੰਦਾ ਹੈ। ਇਹੀ ਸਿਆਸੀ ਪਾਰਟੀਆਂ ਦੀ ਕਿਸਮਤ ਤੈਅ ਕਰਦਾ ਹੈ ਅਤੇ ਕੋਈ ਵੀ ਪਾਰਟੀ ਆਪਣੇ ਜਾਤੀ ਵੋਟ ਬੈਂਕ ਦੀ ਸੁੰਨਤ ਨਹੀਂ ਕਰਨਾ ਚਾਹੁੰਦੀ।

ਇਸ ਸਿਆਸੀ ਗੁੱਸੇ ਦਰਮਿਆਨ ਆਮ ਆਦਮੀ ਰੋਟੀ, ਕੱਪੜਾ ਅਤੇ ਮਕਾਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਉਸ ਦਾ ਗੁੱਸਾ ਅਤੇ ਅਸੰਤੁਸ਼ਟੀ ਵਧਦੀ ਜਾ ਰਹੀ ਹੈ ਅਤੇ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ ਅਤੇ ਨਵੇਂ ਸਾਲ ਵਿਚ ਬਦਲਾਅ ਦੀ ਉਮੀਦ ਕਰ ਰਹੇ ਹਨ। ਉਹ ਸਾਡੇ ਨਵੇਂ ਰਾਜਿਆਂ ਦੇ ਉਨ੍ਹਾਂ ਦੀ ਸ਼ਕਤੀ ਦੇ ਪ੍ਰਤੀਕ ਦੇ ਵਿਵਹਾਰ ਤੋਂ ਬੌਂਦਲੇ ਹੋਏ ਹਨ ਜੋ ਇਸ ਔਰਵੇਲੀਅਨ ਸਿੰਡਰੋਮ ਵਿਚ ਵਿਸ਼ਵਾਸ ਕਰਦੇ ਹਨ ਕਿ ਕੁਝ ਲੋਕ ਦੂਜਿਆਂ ਨਾਲੋਂ ਵੱਧ ਬਰਾਬਰ ਹਨ ਅਤੇ ਉਹ ਹਮੇਸ਼ਾ ਵੱਧ ਮੰਗ ਕਰਨ ਦੇ ਔਰਵੇਲ ਦੇ ਵਿਗਾੜ ਤੋਂ ਵੀ ਪੀੜਤ ਹਨ।

ਸਮਾਜਿਕ ਖੇਤਰ ਵਿਚ ਵੀ ਸਥਿਤੀ ਚੰਗੀ ਨਹੀਂ ਹੈ। ਅਾਜ਼ਾਦੀ ਦੇ 70 ਸਾਲਾਂ ਬਾਅਦ ਵੀ ਸਿੱਖਿਆ, ਸਿਹਤ ਅਤੇ ਅਨਾਜ ਦੇ ਖੇਤਰ ਵਿਚ ਅਰਬਾਂ-ਖਰਬਾਂ ਰੁਪਏ ਖਰਚ ਕਰਨ ਦੇ ਬਾਵਜੂਦ 70 ਫੀਸਦੀ ਲੋਕ ਅੱਜ ਵੀ ਭੁੱਖੇ, ਅਨਪੜ੍ਹ, ਅਣਸਿੱਖਿਅਤ ਅਤੇ ਮੁੱਢਲੀਆਂ ਡਾਕਟਰੀ ਸਹੂਲਤਾਂ ਤੋਂ ਵਾਂਝੇ ਹਨ। ਪੇਂਡੂ ਗਰੀਬੀ, ਸਵੱਛਤਾ, ਸੀਵਰੇਜ ਸਿਸਟਮ ਆਦਿ ਨੂੰ ਅਣਗੌਲਿਆ ਗਿਆ ਹੈ। ਅਸਲ ਵਿਚ ਸਿਸਟਮ ਤੋਂ ਆਮ ਲੋਕਾਂ ਦੇ ਮੋਹ ਭੰਗ ਹੋਣ ਵੱਲ ਧਿਆਨ ਦੇਣ ਲਈ ਕਿਸੇ ਕੋਲ ਸਮਾਂ ਨਹੀਂ ਹੈ, ਜਿਸ ਕਾਰਨ ਲੋਕਾਂ ਵਿਚ ਰੋਹ ਵਧਦਾ ਜਾ ਰਿਹਾ ਹੈ। ਅਸੀਂ ਕਿਸੇ ਵੀ ਇਲਾਕੇ, ਜ਼ਿਲ੍ਹੇ ਜਾਂ ਸੂਬੇ ਵਿਚ ਜਿੱਥੇ ਵੀ ਜਾਂਦੇ ਹਾਂ, ਸਥਿਤੀ ਇਕੋ ਿਜਹੀ ਹੁੰਦੀ ਹੈ, ਜਿਸ ਕਰਕੇ ਲੋਕ ਕਾਨੂੰਨ ਆਪਣੇ ਹੱਥਾਂ ਵਿਚ ਲੈ ਕੇ ਹਿੰਸਾ ’ਤੇ ਤੁਲੇ ਹੋਏ ਹਨ।

ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੇਰਹਿਮੀ ਨਾਲ ਹੱਤਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਅਜਿਹਾ ਲੱਗ ਰਿਹਾ ਹੈ ਕਿ ਪੂਰਾ ਦੇਸ਼ ਇਕ ਹਨੇਰ ਨਗਰੀ ’ਚ ਤਬਦੀਲ ਹੁੰਦਾ ਜਾ ਰਿਹਾ ਹੈ। ਔਰਤਾਂ ਦਾ ਜਿਨਸੀ ਸ਼ੋਸ਼ਣ, ਛੇੜਛਾੜ ਆਦਿ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜਿਸ ਸਮਾਜ ਵਿਚ ਇਹ ਪੁਰਾਣੀ ਸੋਚ ਹੈ ਕਿ ਔਰਤਾਂ ਲਈ ਆਜ਼ਾਦੀ ਅਤੇ ਬਰਾਬਰੀ ਅਸ਼ਲੀਲ ਹੈ, ਉਨ੍ਹਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਭਾਵੇਂ ਕਿ ਸਰਕਾਰਾਂ ਔਰਤਾਂ ਦੇ ਸਸ਼ਕਤੀਕਰਨ ਦੀਆਂ ਵੱਡੀਆਂ ਗੱਲਾਂ ਕਰਦੀਆਂ ਹਨ। ਦੇਸ਼ ਵਿਚ ਹਰ ਮਿੰਟ ਵਿਚ ਸੱਤ ਜਬਰ-ਜ਼ਨਾਹ ਹੁੰਦੇ ਹਨ। ਨਿਰਭਯਾ ਤੋਂ ਲੈ ਕੇ ਹਾਥਰਸ ਤੱਕ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ।

ਵਿਦੇਸ਼ੀ ਮੋਰਚੇ ’ਤੇ ਚੀਨ ਨਾਲ ਭਾਰਤ ਦੇ ਸਬੰਧਾਂ ’ਚ ਬਹੁਤਾ ਸੁਧਾਰ ਨਹੀਂ ਹੋਇਆ ਹੈ। ਲੰਬੀ ਗੱਲਬਾਤ ਤੋਂ ਬਾਅਦ, ਮੋਦੀ ਚੀਨ ਨੂੰ ਇਸ ਗੱਲ ’ਤੇ ਸਹਿਮਤ ਕਰਾਉਣ ਵਿਚ ਸਫਲ ਹੋਏ ਹਨ ਕਿ ਪੂਰਬੀ ਲੱਦਾਖ, ਦੇਸ਼ਪਾਂਗ ਅਤੇ ਗਲਵਾਨ ਘਾਟੀ ਵਿਚ ਸ਼ਾਂਤੀ ਅਤੇ ਸਥਿਰਤਾ ਬਹਾਲ ਕੀਤੀ ਜਾਣੀ ਚਾਹੀਦੀ ਹੈ, ਜਿੱਥੇ ਚੀਨ ਨੇ ਜੂਨ 2020 ਵਿਚ ਕੰਟਰੋਲ ਰੇਖਾ ’ਤੇ ਹਮਲਾਵਰ ਕਾਰਵਾਈ ਕੀਤੀ ਸੀ। ਮੋਦੀ ਚੰਗੀ ਤਰ੍ਹਾਂ ਸਮਝਦੇ ਹਨ ਕਿ ਅੱਜ ਦੀ ਭੂ-ਰਾਜਨੀਤਕ, ਰਣਨੀਤਕ ਹਕੀਕਤ ਵਿਚ, ਵਿਵਹਾਰਕਤਾ ਕੂਟਨੀਤੀ ਦੀ ਅਗਵਾਈ ਕਰਦੀ ਹੈ। ਚੀਨ ਨਿਊ ਨਾਰਮਲ ਬਣਾਉਣਾ ਚਾਹੁੰਦਾ ਹੈ ਪਰ ਭਾਰਤ ਨੂੰ ਸਿਆਣਪ, ਪਰਿਪੱਕਤਾ ਅਤੇ ਸਬਰ ਨਾਲ ਰਣਨੀਤੀ ਅਪਨਾਉਣੀ ਪਵੇਗੀ ਤਾਂ ਜੋ ਉਹ ਭਾਰਤ-ਚੀਨ ਸਬੰਧਾਂ ਨੂੰ ਕਾਬੂ ਕਰ ਸਕੇ ਅਤੇ ਚੀਨ ਨਾਲ ਸਬੰਧ ਬਣਾ ਸਕੇ।

ਜਿਵੇਂ ਹੀ ਭਾਰਤ ਸਾਲ 2025 ਵਿਚ ਪ੍ਰਵੇਸ਼ ਕਰਦਾ ਹੈ, ਸਾਡੇ ਨੇਤਾਵਾਂ ਨੂੰ ਆਪਣੇ ਫਰਜ਼ਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣਾ ਹੋਵੇਗਾ, ਆਪਣੇ ਤਰੀਕੇ ਬਦਲਣੇ ਪੈਣਗੇ ਅਤੇ ਸ਼ਾਸਨ ਦੇ ਅਸਲ ਗੰਭੀਰ ਮੁੱਦਿਆਂ ਨੂੰ ਹੱਲ ਕਰਨਾ ਹੋਵੇਗਾ। ਬੇਰੁਜ਼ਗਾਰੀ, ਵਧਦੀ ਮਹਿੰਗਾਈ, ਸਿੱਖਿਆ ਅਤੇ ਸਿਹਤ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ ਕਰਨਾ ਹੋਵੇਗਾ। ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਦੀ ਜਮਹੂਰੀ ਤਾਕਤ ਆਮ ਲੋਕਾਂ ਦੀ ਸਹਿਣਸ਼ੀਲਤਾ ਅਤੇ ਸਬਰ ਵਿਚ ਹੈ।

ਸਾਡੇ ਨੀਤੀ ਨਿਰਮਾਤਾਵਾਂ ਨੂੰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਆਪਣੇ ਯਤਨ ਦੁੱਗਣੇ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਆਪਣੇ ਨੇਤਾਵਾਂ ਨਾਲ ਮਿਲ ਕੇ ਇਸ ਗੱਲ ’ਤੇ ਵਿਚਾਰ ਕਰਨਾ ਹੋਵੇਗਾ ਕਿ ਅਸਲ ਵਿਚ ਵਿਕਸਤ ਭਾਰਤ ਦਾ ਨਿਰਮਾਣ ਕੌਣ ਕਰ ਸਕਦਾ ਹੈ ਅਤੇ ਜੇਕਰ ਦੋਵੇਂ ਪਾਰਟੀਆਂ ਮਿਲ ਕੇ ਕੰਮ ਕਰਨਗੀਆਂ ਤਾਂ ਇਕ ਬਹੁਲਵਾਦੀ ਸਮਾਜ ਦੀ ਸਿਰਜਣਾ ਹੋਵੇਗੀ ਜਿੱਥੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਇਕੱਠੇ ਰਹਿਣਗੇ, ਵੱਖ-ਵੱਖ ਭਾਈਚਾਰਿਆਂ ਦੇ ਲੋਕ ਮਿਲ ਕੇ ਇਕ ਰਾਸ਼ਟਰ ਬਣਾਉਂਦੇ ਹਨ।

ਕੁੱਲ ਮਿਲਾ ਕੇ ਜਿਵੇਂ-ਜਿਵੇਂ ਵਿਚਾਰਾਂ ਅਤੇ ਵਿਚਾਰਧਾਰਾਵਾਂ ਦਾ ਟਕਰਾਅ ਵਧਦਾ ਜਾਵੇਗਾ, ਸਾਡੇ ਹਾਕਮਾਂ ਨੂੰ ਇਸ ਗੱਲ ’ਤੇ ਧਿਆਨ ਦੇਣਾ ਹੋਵੇਗਾ ਕਿ ਉਹ ਸਾਲ 2025 ਨੂੰ ਕਿਵੇਂ ਵਧੀਆ ਸਾਲ ਬਣਾਉਣ ਜਾ ਰਹੇ ਹਨ। ਉਨ੍ਹਾਂ ਨੂੰ ਆਪਣੇ ਮੁੱਢਲੇ ਫਰਜ਼ਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਅਤੇ ਹੋਰ ਮਨੁੱਖਤਾ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਨੂੰ ਉਮੀਦ ਦੇ ਇਕ ਨਵੇਂ ਲੈਂਜ਼ ਰਾਹੀਂ ਸੰਸਾਰ ਨੂੰ ਦੇਖਣਾ ਚਾਹੀਦਾ ਹੈ ਜਿੱਥੇ ਸਹੀ ਅਧਿਕਾਰ, ਸਹੀ ਇਰਾਦੇ ਅਤੇ ਸਹੀ ਉਮੀਦਾਂ ਸਾਡੇ ਜਵਾਬ ਨੂੰ ਨਿਰਧਾਰਤ ਕਰਨ।

-ਪੂਨਮ ਆਈ. ਕੌਸ਼ਿਸ਼


author

Tanu

Content Editor

Related News