ਸੱਤਾ-ਵਿਰੋਧੀ ਧਿਰ ਦੇ ਰੰਗ-ਢੰਗ ਬਦਲੇ

06/29/2024 5:26:13 PM

ਆਮ ਤੌਰ ’ਤੇ ਸੱਤਾ ਧਿਰ ਅਤੇ ਕਈ ਵਾਰ ਵਿਰੋਧੀ ਧਿਰ ਲਈ ਵੀ ਚੋਣਾਂ ’ਚ ਲੋਕਾਂ ਦਾ ਫਤਵਾ ਡਾਂਗ ਜਾਂ ਝਾੜੂ ਵਾਂਗ ਹੁੰਦਾ ਹੈ ਪਰ ਆਮ ਤੌਰ ’ਤੇ ਵੋਟਰ ਬੜਾ ਬਾਰੀਕ ਫੈਸਲਾ ਦਿੰਦਾ ਹੈ। ਲੋਕਤੰਤਰ ਅਸਲ ’ਚ ਬਾਰੀਕੀ ਦੀ ਹੀ ਖੇਡ ਹੈ ਅਤੇ ਕਮਿਊਨਿਜ਼ਮ ਵਾਂਗ ਲੱਠਮਾਰ ਬਰਾਬਰੀ, ਤਾਨਾਸ਼ਾਹੀ ਜਾਂ ਬਾਦਸ਼ਾਹਤ ਦੀ ਥਾਂ ਇਹ ਦੁਨੀਆ ’ਚ ਸਫਲ ਹੁੰਦਾ ਗਿਆ ਹੈ ਤਾਂ ਉਸ ਦੀ ਇਹ ਬਾਰੀਕੀ ਹੀ ਅਸਲੀ ਚੀਜ਼ ਹੈ ਅਤੇ ਇਸ ਨੂੰ 365 ਦਿਨ ਤੇ 24 ਘੰਟੇ ਸਿਆਸਤ ਕਰਨ ਵਾਲੇ ਸਿਆਸੀ ਆਗੂ ਨਾ ਸਮਝ ਸਕੇ ਤਾਂ ਇਹ ਸਥਿਤੀ ਚਿੰਤਾ ਦੀ ਹੈ।

18ਵੀਂ ਲੋਕ ਸਭਾ ਲਈ ਹੋਈਆਂ ਤਾਜ਼ਾ ਚੋਣਾਂ ਤੋਂ ਆਏ ਲੋਕ ਫਤਵੇ ਦੇ ਮਾਮਲੇ ’ਚ ਅਜਿਹਾ ਹੀ ਲੱਗਦਾ ਹੈ। ਚੋਣ ਨਤੀਜੇ ਆਉਣ ਅਤੇ ਭਾਜਪਾ ਨੂੰ ਉਸ ਦੇ ਦਾਅਵੇ ਜਾਂ ਆਸ ਤੋਂ ਕਾਫੀ ਹੇਠਾਂ ਅਤੇ ਵਿਰੋਧੀ ਧਿਰ ਨੂੰ ਕਈ ਸੂਬਿਆਂ ’ਚ ਆਸ ਤੋਂ ਵੱਧ ਮਿਲੀ ਸਫਲਤਾ ਦੇ ਤਤਕਾਲ ਬਾਅਦ ਤਾਂ ਸੱਤਾ ਧਿਰ ਅਤੇ ਵਿਰੋਧੀ ਧਿਰ, ਦੋਵਾਂ ਦੇ ਹਾਵ-ਭਾਵ ਤੋਂ ਇਹ ਲੱਗ ਰਿਹਾ ਸੀ ਕਿ ਦੋਵਾਂ ਨੇ ਵੋਟਰਾਂ ਦੇ ਸੰਦੇਸ਼ ਨੂੰ ਠੀਕ ਤਰ੍ਹਾਂ ਹਾਸਲ ਕੀਤਾ ਹੈ।

ਪ੍ਰਧਾਨ ਮੰਤਰੀ ਅਤੇ ਭਾਜਪਾ ਨੂੰ ਅਚਾਨਕ ਐੱਨ. ਡੀ. ਏ. ਪਿਆਰਾ ਹੋ ਗਿਆ, ਉਹ ਕਈ ਵਾਰ ਨਜ਼ਰ ਚੁਰਾਉਂਦੇ ਵੀ ਲੱਗੇ ਤਾਂ ਉਨ੍ਹਾਂ ਦੇ ਦਰਬਾਰ ਦੇ ਸਭ ਤੋਂ ਤਾਕਤਵਰ ਦੱਸੇ ਜਾਣ ਵਾਲੇ ਅਮਿਤ ਸ਼ਾਹ ਨੂੰ ‘ਲੁਕਾਉਣਾ’ ਸ਼ੁਰੂ ਕਰ ਦਿੱਤਾ ਗਿਆ। ਮੋਦੀ ਜੀ ਆਪਣੇ ਫੋਟੋ ਦੇ ਫ੍ਰੇਮ ’ਚ ਨਿਤੀਸ਼ ਅਤੇ ਚੰਦਰਬਾਬੂ ਹੀ ਨਹੀਂ ਪ੍ਰਫੁੱਲ ਪਟੇਲ ਅਤੇ ਲੱਲਨ ਸਿੰਘ ਵਰਗਿਆਂ ਨੂੰ ਵੀ ਆਉਣ ਦੇ ਰਹੇ ਸਨ। ਵਿਰੋਧੀ ਧਿਰ ਤਾਂ ਨਾ ਜਿੱਤ ਕੇ ਵੀ ਜਿੱਤਣ ਤੋਂ ਵੱਧ ਉਛਲ ਰਹੀ ਸੀ।

ਵਿਰੋਧੀ ਧਿਰ ਦਾ ਉਤਸ਼ਾਹ ਕਾਇਮ ਹੈ ਪਰ ਮੋਦੀ ਜੀ ਦੇ ਰੰਗ-ਢੰਗ ਪੁਰਾਣੇ ਜਾਪਣ ਲੱਗੇ ਹਨ। ਮੰਤਰੀ ਮੰਡਲ ਦੇ ਗਠਨ ਤੋਂ ਲੈ ਕੇ ਵਿਭਾਗਾਂ ਦੀ ਵੰਡ ਜਾਂ ਮੋਹਨ ਭਾਗਵਤ ਅਤੇ ਇੰਦ੍ਰੇਸ਼ ਕੁਮਾਰ ਵਰਗਿਆਂ ਦੀ ਗੱਲ ਦਾ ਜਵਾਬ ਹੀ ਨਹੀਂ, ਨੀਟ ਘਪਲੇ ’ਚ ਮੂੰਹ ਨਾ ਖੋਲ੍ਹਣ ਤੋਂ ਵੀ ਇਹ ਰੰਗ ਦਿਸਣ ਲੱਗਾ ਸੀ।

ਪਰ ਨਵੀਂ ਲੋਕ ਸਭਾ ਦੇ ਪਹਿਲੇ ਦਿਨ ਉਨ੍ਹਾਂ ਨੇ ਜਿਸ ਤਰ੍ਹਾਂ ਵਿਰੋਧੀ ਧਿਰ ’ਤੇ ਵਾਰ ਕੀਤਾ, ਉਸ ਦੇ ਸੰਵਿਧਾਨ ਪ੍ਰੇਮ ਨੂੰ ਨਾਟਕ ਦੱਸਿਆ ਅਤੇ 50 ਸਾਲ ਪਹਿਲਾਂ ਲੱਗੀ ਐਮਰਜੈਂਸੀ ਦੇ ਮੁੱਦੇ ਤੋਂ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਹ ਸਾਫ ਸੰਕੇਤ ਸੀ ਕਿ ਉਹ ਲੋਕ ਫਤਵੇ ਨੂੰ ਬੜੇ ਸਾਫ ਢੰਗ ਨਾਲ ਆਪਣੇ ਹੱਕ ’ਚ ਮੰਨਦੇ ਹਨ, ਆਪਣੀ ਜਿੱਤ ਨੂੰ ਇਤਿਹਾਸਕ ਅਤੇ ਬੇਮਿਸਾਲ ਮੰਨਦੇ ਹਨ।

ਆਪਣੇ ਸੰਸਦ ਮੈਂਬਰਾਂ ਦੀ ਗਿਣਤੀ ਘਟਣਾ, ਸਹਿਯੋਗੀ ਪਾਰਟੀਆਂ ’ਤੇ ਨਿਰਭਰਤਾ ਅਤੇ ਵਿਰੋਧੀ ਧਿਰ ਦੀ ਵੱਡੀ ਤਾਕਤ ਦਾ ਉਨ੍ਹਾਂ ਦੇ ਮਨ ’ਤੇ ਕੋਈ ਅਸਰ ਨਹੀਂ ਪਿਆ ਹੈ। ਉਹ ਆਪਣੇ ਰੰਗ ਨਾਲ ਸਰਕਾਰ ਅਤੇ ਸਿਆਸਤ ਚਲਾਉਣ ਦੇ ਮੂਡ ’ਚ ਹਨ ਅਤੇ ਹਾਲ-ਫਿਲਹਾਲ ਉਹ ਨਵੀਆਂ ਸਥਿਤੀਆਂ ਭਾਵ ਚੋਣਾਂ ਤੋਂ ਨਿਕਲੇ ਲੋਕ ਫਤਵੇ ਦੀ ਘੱਟ ਤੋਂ ਘੱਟ ਪ੍ਰਵਾਹ ਕਰਨ ਵਾਲੇ ਹਨ।

ਵਿਰੋਧੀ ਧਿਰ ਦੀ ਤਾਕਤ ਬੇਸ਼ੱਕ ਵਧੀ ਹੋਵੇ ਪਰ ਅਜੇ ਵੀ ਉਸ ਦੀ ਏਕਤਾ ਹੀ ਨਹੀਂ ਪ੍ਰੋਗਰਾਮ ਅਤੇ ਨਜ਼ਰੀਏ ਦਾ ਸ਼ਸ਼ੋਪੰਜ ਪ੍ਰਧਾਨ ਮੰਤਰੀ ਨੂੰ ਤਾਕਤ ਦੇ ਰਿਹਾ ਹੈ ਅਤੇ ਜੋ ਵਿਵਹਾਰ ਉਨ੍ਹਾਂ ਨੇ ਨਤੀਜੇ ਆਉਣ ਦੇ 20 ਦਿਨ ’ਚ ਹੀ ਦਿਖਾਉਣਾ ਸ਼ੁਰੂ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਪਿਛਲਾ ਵਤੀਰਾ ਹੀ ਜਾਰੀ ਰਹੇਗਾ ਭਾਵ 24 ਘੰਟੇ ਚੋਣਾਂ ਦਾ ਚਿੰਤਨ ਅਤੇ ਤਿਆਰੀ, ਹਰ ਕੰਮ ਦਾ ਮਕਸਦ ਚੋਣ ਜਿੱਤਣਾ ਅਤੇ ਇਸ ’ਚ ਵਿਰੋਧੀ ਧਿਰ ਨੂੰ ਹੜੱਪਣ ਅਤੇ ਖਾ ਜਾਣ ਦੀ ਲੋੜ ਜਾਪੇ ਤਾਂ ਉਸ ਤੋਂ ਵੀ ਪਰਹੇਜ਼ ਨਹੀਂ।

ਮੋਦੀ ਦੀ ਸੱਤਾ ਅਤੇ ਅਮਿਤ ਸ਼ਾਹ ਦੇ ਪ੍ਰਬੰਧਨ ਨਾਲ ਕਾਂਗਰਸ ਜਾਂ ਸਪਾ ਨਹੀਂ ਲੜੀ, ਲੋਕਾਂ ਦਾ ਗੁੱਸਾ ਚੈਨਲਾਈਜ਼ਡ ਹੋ ਕੇ ਉਨ੍ਹਾਂ ਦੇ ਪੱਖ ’ਚ ਗਿਆ। ਹਲਕਾ ਸੰਗਠਿਤ ਵਿਰੋਧ ਸਿਰਫ ਤਮਿਲਨਾਡੂ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ’ਚ ਦਿਸਿਆ। ਇਹ ਪ੍ਰਬੰਧਨ, ਸਾਧਨ ਅਤੇ ਸੱਤਾ ਦੇ ਸਹਾਰੇ ਚੋਣ ਜਿੱਤਣ ਦੇ ਭਰਮ ਦਾ ਟੁੱਟਣਾ ਵੀ ਸੀ ਅਤੇ ਇਹ ਕਹਿਣ ’ਚ ਹਰਜ਼ ਨਹੀਂ ਹੈ ਕਿ ਜੇਕਰ ਭਾਜਪਾ ਵੱਲੋਂ ਇਕ-ਇਕ ਸੀਟ ਲਈ ਇੰਨੀ ਚੌਕਸੀ ਨਾ ਰਹਿੰਦੀ, ਇੰਨਾ ਸਾਧਨ ਨਾ ਲੱਗਦਾ ਅਤੇ ਸੱਤਾ ਦੀ ਇੰਨੀ ਖੁੱਲ੍ਹੀ ਦੁਰਵਰਤੋਂ ਨਾ ਹੁੰਦੀ ਤਾਂ ਉਸ ਨੂੰ ਘੱਟੋ-ਘੱਟ 50 ਹੋਰ ਸੀਟਾਂ ਘੱਟ ਮਿਲਦੀਆਂ।

ਇਕੱਲੇ ਪ੍ਰਧਾਨ ਮੰਤਰੀ ਦਾ ਰੁਖ ਬੇਸ਼ੱਕ ਪੁਰਾਣੇ ਗੀਅਰ ’ਚ ਵਾਪਸ ਆ ਗਿਆ ਹੋਵੇ ਪਰ ਮੁਲਕ, ਸਿਆਸਤ ਤੇ ਪ੍ਰਤੀਧਿਰ ਦਾ ਰੁਖ ਤਾਂ ਬਦਲ ਚੁੱਕਾ ਹੈ। ਲੋਕ ਮਹਿੰਗਾਈ ਤੇ ਬੇਰੋਜ਼ਗਾਰੀ ’ਤੇ ਜਵਾਬ ਚਾਹੁੰਦੇ ਹਨ ਤੇ ਤੁਸੀਂ ਮੌਜੂਦਾ ਨੀਤੀਆਂ ਨਾਲ ਬੱਝੇ ਹੋ ਜਿਨ੍ਹਾਂ ਨਾਲ ਇਨ੍ਹਾਂ ਦਾ ਉਪਾਅ ਸੰਭਵ ਨਹੀਂ ਹੈ।

ਤੁਸੀਂ ਸਾਫ-ਸਾਫ ਫਿਰਕੂ ਪ੍ਰਚਾਰ ਕਰ ਕੇ ਵੀ ਨਤੀਜਾ ਦੇਖ ਲਿਆ ਹੈ ਅਤੇ ਮੁਲਕ ਜਾਤੀ ਦੇ ਵਿਚਾਰ ਨੂੰ ਅੱਗੇ ਵਧਾ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਮੰਤਰੀ ਮੰਡਲ ਦੇ ਗਠਨ ’ਚ ਕੁਝ ਪੱਛੜਿਆਂ ਨੂੰ ਲੈਣ ਵਰਗੀਆਂ ਕਰਮਕਾਂਡੀ ਨਿਯੁਕਤੀਆਂ ਨਾਲ ਗੱਲ ਬਣ ਜਾਏਗੀ। ਤੁਹਾਨੂੰ ਕਾਂਗਰਸ ਮੁਕਤ ਭਾਰਤ ਤਹਿਤ ਵਿਰੋਧੀ ਧਿਰ ਦੀਆਂ ਸੂਬਾ ਸਰਕਾਰਾਂ ਡੇਗਣ ਦਾ ਸ਼ੌਕ ਰਿਹਾ ਹੈ (ਉਨ੍ਹਾਂ ਦੇ ਆਪਣੇ ਵਿਰੋਧਾਭਾਸ ਵੀ ਰਹੇ ਹਨ) ਪਰ ਹੁਣ ਤੁਹਾਨੂੰ ਆਪਣੀ ਤੇ ਸਹਿਯੋਗੀ ਪਾਰਟੀਆਂ ਦੀਆਂ ਸੂਬਾ ਸਰਕਾਰਾਂ ਨਾਲ ਵੀ ਬਿਹਤਰ ਢੰਗ ਨਾਲ ਡੀਲ ਕਰਨਾ ਹੋਵੇਗਾ। ਤੁਸੀਂ ਆਂਧਰਾ ਪ੍ਰਦੇਸ਼, ਬਿਹਾਰ ਅਤੇ ਓਡਿਸ਼ਾ ਨੂੰ ਪੈਕੇਜ ਨਾ ਦਿਓ ਪਰ ਵੱਧ ਸਾਧਨ ਦੇਣੇ ਹੋਣਗੇ।

ਮੁਸਲਮਾਨਾਂ ਅਤੇ ਔਰਤਾਂ ਦੀ ਪ੍ਰਤੀਨਿਧਤਾ ਦਾ ਸਵਾਲ ਵੀ ਤੁਹਾਨੂੰ ਹੱਲ ਕਰਨਾ ਹੋਵੇਗਾ ਕਿਉਂਕਿ ਸੰਸਦ ’ਚ ਜਿਵੇਂ ਵਿਰੋਧੀ ਧਿਰ ਦੀਆਂ ਮਹਿਲਾ ਸੰਸਦ ਮੈਂਬਰਾਂ ਆ ਗਈਆਂ ਹਨ ਜਾਂ ਮੁਸਲਮਾਨਾਂ ਨੇ ਜਿਸ ਤਰ੍ਹਾਂ ਨਤੀਜਿਆਂ ’ਤੇ ਅਸਰ ਪਾਇਆ, ਉਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਫਿਰ ਮਹਾਰਾਸ਼ਟਰ ਹੋਵੇ ਜਾਂ ਹਰਿਆਣਾ, ਝਾਰਖੰਡ ਹੋਵੇ ਜਾਂ ਦਿੱਲੀ ਅਜੇ ਜਿਨ੍ਹਾਂ ਸੂਬਿਆਂ ਦੀਆਂ ਚੋਣਾਂ ਹੋਣ ਵਾਲੀਆਂ ਹਨ, ਉੱਥੇ ਤੁਹਾਡੀ ਹਾਲਤ ਇਨ੍ਹਾਂ ਚੋਣਾਂ ’ਚ ਤਰਸਯੋਗ ਹੀ ਰਹੀ ਹੈ।

ਅਤੇ ਇਨ੍ਹਾਂ ਸਭ ਦੇ ਉਪਰ ਤੁਹਾਨੂੰ ਭਾਜਪਾ ਅਤੇ ਸੰਘ ਪਰਿਵਾਰ ਨੂੰ ਵੀ ਸੰਭਾਲਣ ’ਚ ਵੱਧ ਪ੍ਰੇਸ਼ਾਨੀ ਆਉਣੀ ਹੈ ਕਿਉਂਕਿ ਲੋਕ ਫਤਵਾ ਸਾਹਮਣੇ ਆਉਂਦੇ ਹੀ ਸਿਰਫ ਐੱਨ. ਡੀ. ਏ. ਦੀਆਂ ਸਹਿਯੋਗੀ ਪਾਰਟੀਆਂ ਹੀ ਨਹੀਂ, ਆਪਣੇ ਅੰਦਰੋਂ ਵੀ ਅਜਿਹੀਆਂ ਆਵਾਜ਼ਾਂ ਸਾਹਮਣੇ ਆਉਣ ਲੱਗੀਆਂ ਹਨ ਜਿਨ੍ਹਾਂ ਨੂੰ ਤੁਸੀਂ ਜੇ. ਪੀ. ਨੱਢਾ ਵਰਗਿਆਂ ਤੋਂ ਬਿਆਨ ਦਿਵਾ ਕੇ ਨਹੀਂ ਨਿਪਟਾ ਸਕਦੇ।

ਹੁਣ ਤਾਂ ਵਿਦਿਆਰਥੀ ਪ੍ਰੀਸ਼ਦ ਸ਼ਰੇਆਮ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਣ ਨੂੰ ਲੈ ਕੇ ਦੇਸ਼ ਭਰ ’ਚ ਨੀਟ ਕਾਂਡ ’ਤੇ ਅੰਦੋਲਨ ਚਲਾ ਰਿਹਾ ਹੈ। ਮੋਹਨ ਭਾਗਵਤ ਅਤੇ ਇੰਦ੍ਰੇਸ਼ ਕੁਮਾਰ ਨੇ ਸਿੱਧੇ-ਸਿੱਧੇ ਮੋਦੀ ਜੀ ’ਤੇ ਹੀ ਤੀਰ ਵਰ੍ਹਾਏ ਹਨ। ਇਹ ਸਭ ਇਸੇ ਗੱਲ ਦਾ ਸੰਕੇਤ ਕਰਦੇ ਹਨ ਕਿ ਤੁਸੀਂ ਬੇਸ਼ੱਕ ਹੀ ਲੋਕ ਫਤਵੇ ਨੂੰ ਠੀਕ ਤਰ੍ਹਾਂ ਨਾ ਸਮਝੋ ਜਾਂ ਸਮਝ ਕੇ ਅੱਖੋਂ-ਪਰੋਖੇ ਕਰੋ ਪਰ ਵਿਰੋਧੀ ਧਿਰ, ਸਹਿਯੋਗੀ ਪਾਰਟੀਆਂ, ਸੰਘ ਵਰਗਾ ਸਮਰਪਿਤ ਸਹਿਯੋਗੀ ਅਤੇ ਭਾਜਪਾ ਦੇ ਸਾਰੇ ਲੋਕ ਵੀ ਲੋਕ ਫਤਵੇ ਤੋਂ ‘ਪ੍ਰਭਾਵਿਤ’ ਨਾ ਹੋਣ ਅਤੇ ਪੁਰਾਣਾ ਆਚਰਣ ਜਾਰੀ ਰੱਖਣ, ਇਹ ਸੰਭਵ ਨਹੀਂ ਹੈ।

ਅਰਵਿੰਦ ਮੋਹਨ


Tanu

Content Editor

Related News