ਸਾਬਕਾ ਜਥੇਦਾਰ ਨੇ ਗੁਰੂ ਘਰਾਂ ਦੀਆਂ ਜਾਇਦਾਦਾਂ ਖੁਰਦ-ਬੁਰਦ ਕਰਨ ਦੇ ਐੱਸਜੀਪੀਸੀ ਪ੍ਰਧਾਨ ਤੇ ਹੋਰ ਮੈਂਬਰਾਂ ''ਤੇ ਲਾਏ ਦੋਸ਼
Thursday, Jun 19, 2025 - 09:01 AM (IST)

ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਬਾਨੀ ਭਾਈ ਰਣਜੀਤ ਸਿੰਘ ਵੱਲੋਂ ਪੰਥਕ ਮਸਲਿਆਂ ਨੂੰ ਸਮੇਂ-ਸਮੇਂ 'ਤੇ ਸੰਗਤਾਂ ਦੀ ਕਚਹਿਰੀ ਵਿੱਚ ਉਜਾਗਰ ਕੀਤਾ ਜਾਂਦਾ ਹੈ। ਇਸੇ ਤਹਿਤ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਕਾਰਨਾਮੇ ਨੂੰ ਨੰਗਾ ਕਰਦਿਆਂ ਪੰਜਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਸ੍ਰੀ ਤਰਨਤਾਰਨ ਵਿਖੇ ਗੁਰੂ ਘਰ ਦੀ ਕਰੋੜਾਂ ਦੀ ਸੰਪਤੀ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਉਂਦਿਆਂ ਆਖਿਆ ਕਿ ਇਹ ਸੰਪਤੀ ਘਰ ਦੇ ਸ਼ਰਧਾਲੂਆਂ ਨੇ ਗੁਰੂ ਘਰ ਨੂੰ ਦਾਨ ਵਿੱਚ ਦਿੱਤੀ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਰਾਹੀਂ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੈ ਜਦਕਿ ਗੁਰੂ ਘਰ ਦੀ ਸੰਪਤੀ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ ਸਗੋਂ ਸ਼੍ਰੋਮਣੀ ਕਮੇਟੀ ਤਾਂ ਸਿਰਫ ਇਸ ਦੀ ਕਸਟੋਡੀਅਨ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੁਕ ਜਾਵੇਗੀ LPG ਸਿਲੰਡਰਾਂ ਦੀ ਸਪਲਾਈ! ਘਰ-ਘਰ ਕੀਤੀ ਜਾ ਰਹੀ ਅਪੀਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਤਰਨਤਾਰਨ ਸਾਹਿਬ ਦੇ ਗੁਰੂ ਘਰ ਦੇ ਨਾਲ ਲੱਗਦੀ ਸੰਪਤੀ ਜਿਹੜੀ ਕਰੋੜਾਂ ਦੀ ਸੰਪਤੀ ਹੈ ਅਤੇ ਇਸ ਸੰਪਤੀ ਨੂੰ ਇਸ ਤੋਂ ਪਹਿਲਾਂ 40 ਵਾਰੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤੇ ਹਰ ਵਾਰੀ ਵੱਡੀ ਗਿਣਤੀ ਵਿੱਚ ਬੋਲੀ ਦੇਣ ਲਈ ਲੋਕ ਆ ਜਾਂਦੇ ਰਹੇ ਅਤੇ ਇਹ ਬੋਲੀ ਰੱਦ ਕਰ ਦਿੱਤੀ ਜਾਂਦੀ ਰਹੀ ਹੈ ਪਰ ਇਸ ਵਾਰੀ ਬਿਨਾਂ ਕੋਈ ਬੋਲੀ ਐਲਾਨ ਕੀਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਾਦਲ ਜੁੰਡਲੀ ਇਹ ਜਾਇਦਾਦ ਆਪਣੇ ਚਹੇਤਿਆਂ ਨੂੰ ਕੋਡੀਆਂ ਦੇ ਭਾਅ ਵੇਚ ਰਹੀ ਹੈ। ਜਿਸ ਜਾਇਦਾਦ ਦੀ ਮਾਰਕੀਟ ਕੀਮਤ 60 ਲੱਖ ਹੈ, ਉਸ ਨੂੰ 16 ਲੱਖ ਵਿੱਚ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰੀ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੀਆਂ ਖੁਰਾਫਾਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ : ATM ਤੋਂ ਡੈਬਿਟ ਕਾਰਡ ਤਕ... 1 ਜੁਲਾਈ ਤੋਂ ਬਦਲ ਰਹੇ ਕਈ ਬੈਂਕਿੰਗ ਨਿਯਮ
ਉਹਨਾਂ ਦੱਸਿਆ ਕਿ ਹਰਿਆਣਾ ਵਿੱਚ ਵੀ ਇੱਕ ਮੁਸਲਮਾਨ ਸ਼ਰਧਾਲੂ ਨੇ 27 ਏਕੜ ਜ਼ਮੀਨ ਗੁਰੂ ਘਰ ਦੇ ਨਾਮ ਦਾਨ ਕੀਤੀ ਸੀ ਜਿਸ ਵਿੱਚੋਂ 25 ਏਕੜ ਜ਼ਮੀਨ ਪੰਥ ਨੂੰ ਚੰਬੜੀ ਜੋਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਮ 99 ਸਾਲ ਦਾ ਪਟਾ ਬਣਾ ਕੇ ਕਰ ਦਿੱਤਾ ਗਿਆ। ਇਹ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਕਰਨ ‘ਤੇ ਸ਼੍ਰੋਮਣੀ ਕਮੇਟੀ ਨੇ ਜ਼ਮੀਨ ਤੇ ਬੈਂਕ ਕੋਲੋਂ 100 ਕਰੋੜ ਦਾ ਕਰਜ਼ਾ ਵੀ ਲੈ ਕੇ ਟਰੱਸਟ ਨੂੰ ਦਿੱਤਾ ਜਿਸ ਦੀ ਕਿਸ਼ਤ ਸ਼੍ਰੋਮਣੀ ਕਮੇਟੀ ਦਿੰਦੀ ਰਹੀ ਹੈ। ਇਸ ਤੋਂ ਇਲਾਵਾ ਹਰ ਸਾਲ ਇਸ ਨਿੱਜੀ ਟਰੱਸਟ ਨੂੰ ਅੱਠ ਕਰੋੜ ਰੁਪਏ ਸ਼੍ਰੋਮਣੀ ਕਮੇਟੀ ਹਰ ਸਾਲ ਬਜਟ ਵਿੱਚ ਦਿੰਦੀ ਹੈ ਅਤੇ ਇਸ ਵਾਰੀ ਵੀ ਅੱਠ ਕਰੋੜ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਬਾਦਲ ਐਂਡ ਪਾਰਟੀ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਘੁਣ ਵਾਂਗ ਖਾਣ ਲੱਗੀ ਹੋਈ ਹੈ ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰ ਦੀ ਜਾਇਦਾਦ ਨੂੰ ਖੁਰਦ-ਬੁਰਦ ਕਰਨ ਦਾ ਡੱਟ ਕੇ ਵਿਰੋਧ ਕਰਨ ਤਾਂ ਕਿ ਗੁਰੂ ਘਰ ਦੀਆਂ ਇਹਨਾਂ ਮਹਿੰਗੀਆਂ ਜਾਇਦਾਦਾਂ ਨੂੰ ਇਨ੍ਹਾਂ ਦੇ ਹੱਥੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8