ਕੈਨੇਡਾ ਰਹਿ ਰਹੀ ਔਰਤ ਦੇ ਦੋਸਤ ਨੂੰ ਨਸ਼ੇ ਦੇ ਮਾਮਲੇ ''ਚੋਂ ਕੱਢਣ ਬਦਲੇ ਵਸੂਲੇ 2 ਲੱਖ, ਪੁਲਸ ਨੇ ਨੌਜਵਾਨ ਨੂੰ ਕੀਤਾ ਕਾਬੂ

Wednesday, Jun 25, 2025 - 05:35 AM (IST)

ਕੈਨੇਡਾ ਰਹਿ ਰਹੀ ਔਰਤ ਦੇ ਦੋਸਤ ਨੂੰ ਨਸ਼ੇ ਦੇ ਮਾਮਲੇ ''ਚੋਂ ਕੱਢਣ ਬਦਲੇ ਵਸੂਲੇ 2 ਲੱਖ, ਪੁਲਸ ਨੇ ਨੌਜਵਾਨ ਨੂੰ ਕੀਤਾ ਕਾਬੂ

ਫਗਵਾੜਾ (ਜਲੋਟਾ) : ਗੁਰੂ ਨਾਨਕਪੁਰਾ ਮਾਡਲ ਟਾਊਨ ਦੇ ਪੋਸ਼ ਇਲਾਕੇ 'ਚ ਰਹਿਣ ਵਾਲੇ ਇਕ ਨੌਜਵਾਨ ਨੂੰ ਫਗਵਾੜਾ ਪੁਲਸ ਦੇ ਨਾਂ 'ਤੇ ਕੈਨੇਡਾ 'ਚ ਰਹਿ ਰਹੀ ਇੱਕ ਵਿਆਹੁਤਾ ਔਰਤ ਤੋਂ ਉਸ ਦੇ ਦੋਸਤ ਨੂੰ ਨਸ਼ੇ ਦੇ ਮਾਮਲੇ 'ਚੋਂ ਬਾਹਰ ਕੱਢਣ ਦੇ ਮਾਮਲੇ ਸਬੰਧੀ 2 ਲੱਖ ਰੁਪਏ ਵਸੂਲਣ ਦੇ ਦੋਸ਼ ਵਿੱਚ ਸਿਟੀ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿਟੀ ਦੀ ਐੱਸਐੱਚਓ ਊਸ਼ਾ ਰਾਣੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਮਨ ਸ਼ਰਮਾ ਪੁੱਤਰ ਸੁਮਿਤ ਕੁਮਾਰ ਸ਼ਰਮਾ ਵਾਸੀ ਮਕਾਨ ਨੰਬਰ 380, ਗਲੀ ਨੰਬਰ 5, ਗੁਰੂ ਨਾਨਕਪੁਰਾ, ਮਾਡਲ ਟਾਊਨ, ਫਗਵਾੜਾ ਵਜੋਂ ਹੋਈ ਹੈ। ਐੱਸਐੱਚਓ ਊਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਜੀਤ ਕੌਰ ਪਤਨੀ ਦਰਸ਼ਨ ਰਾਮ ਵਾਸੀ ਪ੍ਰੇਮਪੁਰਾ ਹਾਲ ਵਾਸੀ ਸਰੀ (ਕੈਨੇਡਾ) ਦਾ ਫੋਨ ਆਇਆ ਸੀ ਕਿ ਉਸ ਦੇ ਦੋਸਤ ਤੇਜਵੀਰ ਸਿੰਘ ਉਰਫ਼ ਪਟਵਾਰੀ ਉਰਫ ਰਿਸ਼ੂ ਪੁੱਤਰ ਦਲਬੀਰ ਸਿੰਘ ਵਾਸੀ ਮਕਾਨ ਨੰਬਰ 99 ਬੀ, ਮਾਡਲ ਟਾਊਨ, ਫਗਵਾੜਾ ਨੂੰ ਪੁਲਸ ਦੇ ਚੁੰਗਲ ਤੋਂ ਛੁਡਾਉਣ ਲਈ 2,00,000 ਰੁਪਏ ਚਾਹੀਦੇ ਹਨ। ਜੇਕਰ ਉਹ ਇਹ ਰਕਮ ਦੇ ਦੇਵੇ ਤਾਂ ਉਹ ਕੋਈ ਜੁਗਾੜ ਕਰਕੇ ਉਸਦੇ ਦੋਸਤ ਤੇਜਵੀਰ ਸਿੰਘ ਨੂੰ ਪੁਲਸ ਤੋਂ ਛੁਡਾ ਲਵੇਗਾ।

ਇਹ ਵੀ ਪੜ੍ਹੋ : SBI ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਰੋਜ਼ ਕੁਝ ਸਮੇਂ ਲਈ ਬੰਦ ਰਹੇਗੀ ਇਹ ਸਰਵਿਸ 

ਉਨ੍ਹਾਂ ਦੱਸਿਆ ਕਿ ਬਲਜੀਤ ਕੌਰ ਨੇ ਉਸ ਨੂੰ ਦੱਸਿਆ ਕਿ ਦੋਸ਼ੀ ਮਨ ਸ਼ਰਮਾ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਨਸ਼ੇ ਦੇ ਮਾਮਲੇ ਵਿਚ ਗ੍ਰਿਫਤਾਰ ਤੇਜਵੀਰ ਸਿੰਘ ਉਰਫ ਪਟਵਾਰੀ ਉਰਫ ਰਿਸ਼ੂ ਨੂੰ ਬਿਨਾਂ ਕੇਸ ਦਰਜ ਕੀਤੇ ਪੁਲਸ ਦੇ ਚੁੰਗਲ ਤੋਂ ਬਚਾਏਗਾ। ਉਸ ਨੇ ਇਹ 2 ਲੱਖ ਰੁਪਏ ਦੀ ਰਕਮ ਚੌਹਾਨ ਹਸਪਤਾਲ ਦੇ ਡਾਕਟਰ ਬਲਬੀਰ ਚੌਹਾਨ ਰਾਹੀਂ ਦੋਸ਼ੀ ਮਨ ਸ਼ਰਮਾ ਨੂੰ ਦਿਵਾਈ ਹੈ, ਜਿੱਥੇ ਉਹ ਪਹਿਲਾਂ ਕੰਮ ਕਰਦੀ ਸੀ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋਸਤ ਤੇਜਵੀਰ ਸਿੰਘ ਖਿਲਾਫ ਪਹਿਲਾਂ ਹੀ ਥਾਣਾ ਸਿਟੀ ਵਿਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਦੋਸ਼ੀ ਮਨ ਸ਼ਰਮਾ ਨੇ ਇਹ ਸਭ ਜਾਣਦੇ ਹੋਏ ਉਸ ਤੋਂ ਪੁਲਸ ਦੇ ਨਾਂ 'ਤੇ 2,00,000 ਰੁਪਏ ਦੀ ਵਸੂਲੀ ਕੀਤੀ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਮਨ ਸ਼ਰਮਾ ਨੂੰ ਆਪਣੀ 2,00,000 ਰੁਪਏ ਦੀ ਰਕਮ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਇਹ ਰਕਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਹੁਣ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੁਲਸ ਨੇ ਦੋਸ਼ੀ ਮਨ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਮੁਲਜ਼ਮ ਮਨ ਸ਼ਰਮਾ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News