ਨਸ਼ਾ ਅਤੇ ਧਮਾਕਾਖੇਜ਼ ਪਦਾਰਥਾਂ ਦੀ ਸਮੱਗਲਿੰਗ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਮਿਜ਼ੋਰਮ
Friday, Mar 07, 2025 - 03:13 AM (IST)

ਭਾਰਤ ਦਾ ਉੱਤਰ-ਪੂਰਬੀ ਸੂਬਾ ਮਿਜ਼ੋਰਮ (ਮਿਜ਼ੋ ਦੀ ਭੂਮੀ) 1972 ’ਚ ਕੇਂਦਰ ਸ਼ਾਸਿਤ ਸੂਬਾ ਬਣਾਇਆ ਗਿਆ ਅਤੇ 1987 ’ਚ ਇਸ ਨੂੰ ਸੂਬੇ ਦਾ ਦਰਜਾ ਮਿਲਿਆ। ਇਹ ਆਸਾਮ, ਤ੍ਰਿਪੁਰਾ ਅਤੇ ਮਣੀਪੁਰ ਨਾਲ 325 ਕਿ. ਮੀ. ਲੰਬੀ ਸਰਹੱਦ ਸਾਂਝੀ ਕਰਦਾ ਹੈ।
ਦੋ-ਦੋ ਅਸ਼ਾਂਤ ਦੇਸ਼ਾਂ ਮਿਆਂਮਾਰ ਅਤੇ ਬੰਗਲਾਦੇਸ਼ ਨਾਲ ਇਸ ਦੀ ਕ੍ਰਮਵਾਰ 510 ਕਿ. ਮੀ. ਅਤੇ 318 ਕਿ. ਮੀ. ਕੌਮਾਂਤਰੀ ਸਰਹੱਦ ਹੋਣ ਕਾਰਨ ਇਹ ਫੌਜੀ ਦ੍ਰਿਸ਼ਟੀ ਤੋਂ ਬੇਹੱਦ ਸੰਵੇਦਨਸ਼ੀਲ ਸੂਬਾ ਹੈ ਜੋ ਪਿਛਲੇ ਕੁਝ ਸਮੇਂ ਦੌਰਾਨ ਨਸ਼ੀਲੇ ਪਦਾਰਥਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਮੱਗਲਿੰਗ ਦਾ ਵੱਡਾ ਕੇਂਦਰ ਬਣ ਗਿਆ ਹੈ।
19 ਫਰਵਰੀ, 2025 ਨੂੰ ਮਿਜ਼ੋਰਮ ਦੇ ਰਾਜਪਾਲ ਜਨਰਲ ਵੀ. ਕੇ. ਸਿੰਘ ਨੇ ਕਿਹਾ ਸੀ ਕਿ ਇਥੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਦੁਰਵਰਤੋਂ ਅੱਜ ਖਤਰਨਾਕ ਪੱਧਰ ’ਤੇ ਪੁੱਜ ਗਈ ਹੈ ਅਤੇ ਪਿਛਲੇ ਇਕ ਸਾਲ ਦੌਰਾਨ ਉਥੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਸਿਲਸਿਲੇ ’ਚ 37 ਵਿਦੇਸ਼ੀਆਂ ਸਮੇਤ 600 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 429 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।
ਇਸੇ ਤਰ੍ਹਾਂ ਮਿਜ਼ੋਰਮ ਤੋਂ ਅਸ਼ਾਂਤ ਮਿਆਂਮਾਰ ਅਤੇ ਬੰਗਲਾਦੇਸ਼ ਨੂੰ ਧਮਾਕਾਖੇਜ਼ ਪਦਾਰਥਾਂ ਦੀ ਸਮੱਗਲਿੰਗ ਵੀ ਚਿੰਤਾਜਨਕ ਪੱਧਰ ’ਤੇ ਪੁੱਜ ਗਈ ਹੈ। ਬੀਤੀ 1 ਮਾਰਚ, 2025 ਨੂੰ ਸੂਬੇ ਦੇ ‘ਸਿਆਹਾ’ ਜ਼ਿਲੇ ’ਚ ਤਾਇਨਾਤ ਅਸਮ ਰਾਈਫਲਜ਼ ਦੇ ਜਵਾਨਾਂ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਧਮਾਕਾਖੇਜ਼ ਪਦਾਰਥਾਂ ਦੇ 86 ਪੈਕੇਟ, ਫੌਜੀ ਵਰਦੀਆਂ ਅਤੇ ਗੋਲਾ-ਬਾਰੂਦ ਦੇ ਭੰਡਾਰ ਬਰਾਮਦ ਕੀਤੇ ਜੋ ਬੰਗਲਾਦੇਸ਼ ਭੇਜੇ ਜਾਣੇ ਸਨ।
ਇਹ ਇਸ ਸਾਲ ਇਥੋਂ ਮਿਆਂਮਾਰ ਅਤੇ ਬੰਗਲਾਦੇਸ਼ ਦੇ ਬਾਗੀ ਗਿਰੋਹਾਂ ਨੂੰ ਸਮੱਗਲ ਕਰਕੇ ਭੇਜੇ ਜਾਣ ਵਾਲੇ ਧਮਾਕਾਖੇਜ਼ ਪਦਾਰਥਾਂ ਦੀ ਨੌਵੀਂ ਖੇਪ ਸੀ।
ਸਾਲ 2024 ’ਚ ਮਿਜ਼ੋਰਮ ਤੋਂ ਧਮਾਕਾਖੇਜ਼ ਪਦਾਰਥਾਂ ਦੀ ਸਮੱਗਲਿੰਗ ਦੇ 13 ਮਾਮਲੇ ਫੜੇ ਗਏ ਸਨ। ਇਨ੍ਹਾਂ ’ਚ 2000 ਕਿਲੋ ਵਿਸਫੋਟਕ, ਘੱਟ ਤੋਂ ਘੱਟ 60,000 ਡੈਟੋਨੇਟਰ ਅਤੇ 13,000 ਜਿਲੇਟਿਨ ਦੀਆਂ ਛੜਾਂ ਬਰਾਮਦ ਕੀਤੀਆਂ ਗਈਆਂ ਸਨ ਪਰ ਇਸ ਸਾਲ (2025) ਦੇ ਪਹਿਲੇ 2 ਮਹੀਨਿਆਂ ’ਚ ਹੀ ਧਮਾਕਾਖੇਜ਼ ਪਦਾਰਥ ਫੜੇ ਜਾਣ ਦੀਆਂ 9 ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚ 1150 ਕਿਲੋ ਧਮਾਕਾਖੇਜ਼ ਪਦਾਰਥ, 15,270 ਡੈਟੋਨੇਟਰ ਅਤੇ 6030 ਜਿਲੇਟਿਨ ਦੀਆਂ ਛੜਾਂ ਸ਼ਾਮਲ ਹਨ।
ਇਸ ਸੰਬੰਧ ’ਚ ਹੁਣ ਤੱਕ 27 ਭਾਰਤੀ ਨਾਗਰਿਕਾਂ ਅਤੇ 4 ਮਿਆਂਮਾਰ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਿਜ਼ੋਰਮ ’ਚ ਇਸ ਸਾਲ ਧਮਾਕਾਖੇਜ਼ ਪਦਾਰਥਾਂ ਦੀ ਸਮੱਗਲਿੰਗ ਦੇ ਧੰਦੇ ’ਚ ਕਿੰਨੀ ਤੇਜ਼ੀ ਆ ਚੁੱਕੀ ਹੈ।
ਸਮੱਗਲਰ ਆਮ ਤੌਰ ’ਤੇ ਮਾਈਨਿੰਗ (ਖਨਨ) ’ਚ ਵਰਤੋਂ ਲਈ ਧਮਾਕਾਖੇਜ਼ ਪਦਾਰਥ ਵੇਚਣ ਵਾਲੇ ਲਾਇਸੈਂਸਸ਼ੁਦਾ ਡੀਲਰਾਂ ਕੋਲੋਂ ਇਹ ਧਮਾਕਾਖੇਜ਼ ਪਦਾਰਥ ਪ੍ਰਾਪਤ ਕਰਦੇ ਹਨ ਪਰ ਇਨ੍ਹਾਂ ਦੀ ਵੱਡੇ ਪੈਮਾਨੇ ’ਤੇ ਦੁਰਵਰਤੋਂ ਹੋ ਰਹੀ ਹੈ।
ਅਸਮ ਰਾਈਫਲਜ਼ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੀ ਮਿਜ਼ੋਰਮ ਬ੍ਰਾਂਚ ਪਿਛਲੇ 6 ਮਹੀਨਿਆਂ ਦੌਰਾਨ ਕਈ ਵਾਰ ਸੂਬਾ ਸਰਕਾਰ ਨੂੰ ਇਨ੍ਹਾਂ ਧਮਾਕਾਖੇਜ਼ ਪਦਾਰਥਾਂ ਦੇ ਗਲਤ ਹੱਥਾਂ ’ਚ ਜਾਣ ਅਤੇ ਮਿਆਂਮਾਰ ਦੇ ਬਾਗੀ ਧੜਿਆਂ ਨੂੰ ਵੇਚਣ ਦੇ ਸੰੰਬੰਧ ’ਚ ਲਿਖ ਚੁੱਕੀ ਹੈ। ਅਧਿਕਾਰੀਆਂ ਨੇ ਅੰਤਿਮ ਪੱਤਰ ਬੀਤੇ ਮਹੀਨੇ ਲਿਖਿਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਵਪਾਰੀਆਂ ਵਲੋਂ ਧਮਾਕਾਖੇਜ਼ ਪਦਾਰਥਾਂ ਦੀ ਵਿਕਰੀ ਦੀ ਜਾਂਚ ਦੀ ਫੌਰੀ ਲੋੜ ਹੈ।
ਇਸ ਅਧਿਕਾਰੀ ਨੇ ਇਸ ਤੋਂ ਵੀ ਵੱਡੇ ਖਤਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਿਆਂਮਾਰ ਅਤੇ ਬੰਗਲਾਦੇਸ਼ ਨੂੰ ਸਮੱਗਲ ਕੀਤੇ ਜਾਣ ਵਾਲੇ ਇਹ ਧਮਾਕਾਖੇਜ਼ ਪਦਾਰਥ ਵਾਪਸ ਭਾਰਤੀ ਅੱਤਵਾਦੀ ਗਿਰੋਹਾਂ ਨੂੰ ਭੇਜੇ ਜਾ ਸਕਦੇ ਹਨ। ਜੇ ਸਰਹੱਦ ਪਾਰ ਦੇ ਗਿਰੋਹਾਂ ਨੂੰ ਧਮਾਕਾਖੇਜ਼ ਪਦਾਰਥਾਂ ਦੀ ਵਿਕਰੀ ਅਤੇ ਦੁਰਵਰਤੋਂ ਜਾਰੀ ਰਹੀ ਤਾਂ ਇਨ੍ਹਾਂ ਦਾ ਭਾਰਤ ’ਚ ਸਰਗਰਮ ਬਾਗੀ ਗਿਰੋਹਾਂ ਤੱਕ ਪੁੱਜਣਾ ਕੁਝ ਸਮੇਂ ਦੀ ਹੀ ਗੱਲ ਹੈ।
ਆਮ ਤੌਰ ’ਤੇ ਜ਼ਬਤ ਕੀਤਾ ਜਾਣ ਵਾਲਾ ਧਮਾਕਾਖੇਜ਼ ਪਦਾਰਥ ‘ਨਿਓਜੈੱਲ 90’ ਹੈ ਜਿਸ ਦੀ ਵਰਤੋਂ ‘ਇੰਡੀਅਨ ਮੁਜਾਹਿਦੀਨ’ ਵਰਗੇ ਗਿਰੋਹਾਂ ਨੇ 2007 ’ਚ ਹੈਦਰਾਬਾਦ ਅਤੇ 2008 ਦੇ ਜੈਪੁਰ ਧਮਾਕਿਆਂ ’ਚ ਕੀਤੀ ਸੀ। ਸਾਲ 2020 ’ਚ ਕਸ਼ਮੀਰ ਦੇ ‘ਕਰੇਵਾ’ ਇਲਾਕੇ ’ਚ ਸ਼ੱਕੀ ਅੱਤਵਾਦੀਆਂ ਦੇ ਅੱਡੇ ਤੋਂ ਵੀ ਇਹੀ ਧਮਾਕਾਖੇਜ਼ ਪਦਾਰਥ ਬਰਾਮਦ ਕੀਤਾ ਗਿਆ ਸੀ।
ਅਧਿਕਾਰੀਆਂ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ ਨੇ ਪਹਿਲੀ ਵਾਰ 2022 ’ਚ ਦੱਸਿਆ ਸੀ ਕਿ ਸਥਾਨਕ ਸਮੱਗਲਰ ਗਿਰੋਹ ਮਿਆਂਮਾਰ ’ਚ ਬਾਗੀ ਗਿਰੋਹਾਂ ਨੂੰ ਇਨ੍ਹਾਂ ਧਮਾਕਾਖੇਜ਼ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ। ਉਸ ਪਿੱਛੋਂ ਇਹ ਬੁਰਾਈ ਵਧਦੀ ਹੀ ਗਈ ਹੈ।
ਇਸ ਲਈ ਇਸ ’ਤੇ ਨਿਗਰਾਨੀ ਵਧਾਉਣ ਅਤੇ ਭਾਰਤ-ਮਿਆਂਮਾਰ ਸਰਹੱਦ ’ਤੇ ਵਾੜ ਲਾਉਣ ਦੇ ਕੰਮ ’ਚ ਤੇਜ਼ੀ ਲਿਆਉਣ ਅਤੇ ਧਮਾਕਾਖੇਜ਼ ਪਦਾਰਥਾਂ ਦੀ ਸਮੱਗਲਿੰਗ ਰੋਕਣ ਲਈ ਤੁਰੰਤ ਸਖਤ ਕਦਮ ਚੁੱਕਣ ਦੀ ਲੋੜ ਹੈ।
-ਵਿਜੇ ਕੁਮਾਰ