ਵਿਚਾਰਧਾਰਾਵਾਂ ਦੀ ਲੜਾਈ ’ਚ ਜਿੱਤ ਦਾ ਲੋਕ-ਫਤਵਾ

Sunday, Nov 24, 2024 - 12:44 PM (IST)

ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੂੰ ਇਕੱਠੇ ਮਿਲਾ ਕੇ ਲੋਕ ਸਭਾ ਚੋਣ ਨਤੀਜਿਆਂ ਨਾਲ ਤੁਲਨਾ ਕਰ ਸਕਦੇ ਹਾਂ ਅਤੇ ਵੱਖ-ਵੱਖ ਵਿਸ਼ਲੇਸ਼ਣ ਵੀ। ਮਹਾਰਾਸ਼ਟਰ ਦੇ ਨਤੀਜੇ ਦੱਸਦੇ ਹਨ ਕਿ ਭਾਜਪਾ ਗੱਠਜੋੜ ਨੇ ਲੋਕ ਸਭਾ ਚੋਣ ਨਤੀਜਿਆਂ ਨੂੰ ਪਿੱਛੇ ਛੱਡ ਕੇ ਆਪਣੇ ਮੁੱਦਿਆਂ ਦੇ ਆਧਾਰ ’ਤੇ ਜ਼ਬਰਦਸਤ ਬੜ੍ਹਤ ਬਣਾਈ ਹੈ। ਮਹਾਵਿਕਾਸ ਆਘਾੜੀ ਨੇ ਵੀ ਇਸ ਨੂੰ ਵਿਚਾਰਧਾਰਾ ਦੀ ਲੜਾਈ ਐਲਾਨਿਆ ਸੀ। ਉਹ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ’ਚ ਖੁੰਝੀ ਅਤੇ ਮੰਨ ਲਿਆ ਕਿ ਇਹ ਭਾਜਪਾ ਅਤੇ ਸੰਘ ਦੀ ਵਿਚਾਰਧਾਰਾ ਅਤੇ ਸੂਬਾ ਸਰਕਾਰ ਤੇ ਕੇਂਦਰ ’ਚ ਨਰਿੰਦਰ ਮੋਦੀ ਸਰਕਾਰ ਵਿਰੁੱਧ ਲੋਕ-ਫਤਵਾ ਹੈ, ਜੋ ਜਾਰੀ ਰਹੇਗਾ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਸ ਮਾਨਤਾ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਮਹਾਰਾਸ਼ਟਰ ਦਾ ਨਤੀਜਾ ਅਸਾਧਾਰਨ ਹੈ। ਭਾਜਪਾ ਦੀ ਅਗਵਾਈ ’ਚ ਮਹਾਯੁਤੀ ਦੀ ਇਕਤਰਫਾ ਜਿੱਤ ਹੈ ਅਤੇ ਭਾਜਪਾ ਨੇ ਆਪਣੇ ਇਤਿਹਾਸ ’ਚ ਸਭ ਤੋਂ ਵੱਧ ਸੀਟਾਂ ਜਿੱਤੀਆਂ। ਤਾਂ ਅਜਿਹਾ ਨਤੀਜਾ ਕਿਉਂ ਆਇਆ ਅਤੇ ਝਾਰਖੰਡ ਤੇ ਮਹਾਰਾਸ਼ਟਰ ’ਚ ਫਰਕ ਕਿਉਂ ਹੈ? ਮਹਾਰਾਸ਼ਟਰ ਦੇ ਵੋਟਰਾਂ ਨੇ ਜਦੋਂ 1995 ਪਿੱਛੋਂ ਰਿਕਾਰਡ ਗਿਣਤੀ ’ਚ ਪਿਛਲੀਆਂ ਚੋਣਾਂ ਤੋਂ 4 ਫੀਸਦੀ ਤੋਂ ਵੱਧ ਵੋਟਾਂ ਪਾਈਆਂ ਤਾਂ ਉਸ ਵੇਲੇ ਵੀ ਲੱਗ ਗਿਆ ਸੀ ਕਿ ਇਹ ਲੋਕ ਸਭਾ ਚੋਣਾਂ ਵਾਂਗ ਮੁੜ ਵਾਪਰਨ ਲਈ ਨਹੀਂ ਹੈ। ਮੁੰਬਈ ਸਿਟੀ ਦੀਆਂ 10 ਸੀਟਾਂ ’ਤੇ 52.65 ਫੀਸਦੀ ਅਤੇ ਉਪ ਨਗਰ ਦੀਆਂ 26 ਸੀਟਾਂ ’ਤੇ 56.39 ਫੀਸਦੀ ਵੋਟਾਂ ਪਈਆਂ। ਔਰਤਾਂ ਦੀਆਂ ਵੋਟਾਂ ਦਾ ਅੰਕੜਾ ਵੀ ਅਹਿਮ ਰਿਹਾ।

ਕੁੱਲ 9.7 ਕਰੋੜ ਵੋਟਰਾਂ ’ਚੋਂ 5.22 ਕਰੋੜ ਮਰਦ ਅਤੇ 4.69 ਕਰੋੜ ਔਰਤਾਂ ਸਨ। ਇਨ੍ਹਾਂ ’ਚੋਂ 3 ਕਰੋੜ 34 ਲੱਖ 37 ਹਜ਼ਾਰ 57 ਮਰਦ ਅਤੇ 3 ਕਰੋੜ 6 ਲੱਖ 49 ਹਜ਼ਾਰ 318 ਔਰਤਾਂ ਅਤੇ 1 ਹਜ਼ਾਰ 820 ਹੋਰਾਂ ਨੇ ਵੋਟਾਂ ਪਾਈਆਂ। ਮਰਦਾਂ ਦੀ ਤੁਲਨਾ ’ਚ ਸਿਰਫ 28 ਲੱਖ ਘੱਟ ਔਰਤ ਵੋਟਰਾਂ ਨੇ ਵੋਟਾਂ ਪਾਈਆਂ, ਜਦਕਿ ਦੋਵਾਂ ਦਰਮਿਆਨ ਫਰਕ ਤਕਰੀਬਨ 53 ਲੱਖ ਸੀ। ਕਹਿ ਸਕਦੇ ਹਾਂ ਕਿ ਮਹਾਰਾਸ਼ਟਰ ’ਚ ਵੋਟਰਾਂ ਦੇ ਖਾਤੇ ’ਚ ਏਕਨਾਥ ਸ਼ਿੰਦੇ ਸਰਕਾਰ ਵਲੋਂ ਪੈਸੇ ਪਾਉਣਾ ਵੱਡਾ ਕਾਰਨ ਸੀ। ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਝਾਰਖੰਡ ’ਚ ਵੀ ‘ਮਈਆ ਸਨਮਾਨ ਯੋਜਨਾ’ ਨੇ ਭੂਮਿਕਾ ਨਿਭਾਈ। ਪਰ ਮਹਾਰਾਸ਼ਟਰ ’ਚ ਦੋਵੇਂ ਧਿਰਾਂ ਦਰਮਿਆਨ ਲਗਭਗ 16 ਫੀਸਦੀ ਵੋਟਾਂ ਦਾ ਫਰਕ ਸਿਰਫ ਔਰਤ ਵੋਟਰਾਂ ਕਾਰਨ ਨਹੀਂ ਆ ਸਕਿਆ। ਅਹਿਮ ਮੁੱਦੇ ਹਿੰਦੂਤਵ, ਹਿੰਦੂਤਵ ਤੋਂ ਪ੍ਰੇਰਿਤ ਰਾਸ਼ਟਰਵਾਦ ਅਤੇ ਇਸਲਾਮੀ ਕੱਟੜਵਾਦ-ਇਨ੍ਹਾਂ ’ਤੇ ਸਾਰੇ ਭਾਜਪਾ ਅਤੇ ਸ਼ਿਵ ਸੈਨਾ ਆਗੂ ਬੇਝਿਜਕ ਉੱਚੀ ਅਤੇ ਹਮਲਾਵਰ ਹੋ ਕੇ ਬੋਲਦੇ ਰਹੇ, ਇਨ੍ਹਾਂ ਨਾਲ ਜੁੜੇ ਮੁੱਦੇ ਉਠਾਉਂਦੇ ਰਹੇ, ਵਿਰੋਧੀ ਧਿਰ ਨੂੰ ਹਿੰਦੂਤਵ ਵਿਰੋਧੀ, ਦੇਸ਼ ਦੇ ਹਿੱਤ ਦੇ ਵਿਰੋਧ ’ਚ ਕੰਮ ਕਰਨ ਵਾਲੀ ਐਲਾਨਿਆ ਗਿਆ।

ਮਹਾਰਾਸ਼ਟਰ ’ਚ ਮੁਸਲਮਾਨ ਸੰਗਠਨਾਂ ਅਤੇ ਆਗੂਆਂ ਦਰਮਿਆਨ ਮਹਾਵਿਕਾਸ ਆਘਾੜੀ ਨੂੰ ਹਮਾਇਤ ਦੇਣ ਦੀ ਹੋੜ ਲੱਗੀ ਹੋਈ ਸੀ। ਅਜਿਹੀਆਂ ਮੀਟਿੰਗਾਂ ਦੀਆਂ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਧਾਰਮਿਕ ਆਗੂ, ਇਮਾਮ ਅਤੇ ਮੌਲਵੀ ਕਹਿ ਰਹੇ ਹਨ ਕਿ ਅਸੀਂ ਲੋਕ ਸਭਾ ਚੋਣਾਂ ’ਚ ਮਹਾਵਿਕਾਸ ਆਘਾੜੀ ਦੇ ਹੱਕ ’ਚ ਫਤਵਾ ਜਾਰੀ ਕੀਤਾ ਅਤੇ ਜਿੱਤ ਮਿਲੀ, ਅਸੀਂ ਇਸ ਵਾਰ ਵੀ ਜਾਰੀ ਕਰ ਰਹੇ ਹਾਂ। ਭਾਜਪਾ ਅਤੇ ਸ਼ਿਵ ਸੈਨਾ ਹਮਾਇਤੀਆਂ ’ਚੋਂ ਜਿਨ੍ਹਾਂ ਨੇ ਕਈ ਕਾਰਨਾਂ ਕਰ ਕੇ ਲੋਕ ਸਭਾ ਚੋਣਾਂ ’ਚ ਵੋਟਾਂ ਨਹੀਂ ਪਾਈਆਂ ਜਾਂ ਵਿਰੋਧ ’ਚ ਚਲੇ ਗਏ ਜਾਂ ਮਹਾਵਿਕਾਸ ਆਘਾੜੀ ਦੇ ਹੱਕ ’ਚ ਵੋਟਾਂ ਪਾਉਣ ਵਾਲੇ ਗੈਰ-ਪ੍ਰਤੀਬੱਧ ਵੋਟਰਾਂ ਨੂੰ ਵੀ ਲੱਗਾ ਕਿ ਹਿੰਦੂਆਂ, ਬੋਧੀਆਂ, ਸਿੱਖਾਂ ਅਤੇ ਜੈਨੀਆਂ ਲਈ ਭਾਜਪਾ ਅਤੇ ਸ਼ਿਵ ਸੈਨਾ ਹੀ ਹਨ। ਹਰਿਆਣਾ ਤੋਂ ਇਹ ਰੁਝਾਨ ਅਸੀਂ ਦੇਖਿਆ। ਯੋਗੀ ਅਦਿੱਤਿਆਨਾਥ ਦਾ ‘ਬਟੇਂਗੇ ਤੋਂ ਕਟੇਂਗੇ’, ਪ੍ਰਧਾਨ ਮੰਤਰੀ ਦਾ ਬਟੇਂਗੇ ਤੋ ਵਿਰੋਧੀ ਮਹਿਫਿਲ ਸਜਾਏਂਗੇ’ ਅਤੇ ‘ਏਕ ਰਹੇਂਗੇ ਤੋ ਸੇਫ ਰਹੇਂਗੇ’ ਨਾਅਰੇ ਸੁਭਾਵਿਕ ਤੌਰ ’ਤੇ ਲੋਕਾਂ ਦੇ ਦਿਲਾਂ ਤੱਕ ਪੁੱਜੇ। ਜਦੋਂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸਾਡੇ ਵਿਰੁੱਧ ਵੋਟ ਜੇਹਾਦ ਹੈ ਅਤੇ ਇਸ ਨੂੰ ਵੋਟ ਦੇ ਧਰਮਯੁੱਧ ਨਾਲ ਹਰਾਵਾਂਗੇ ਤਾਂ ਭਾਵੇਂ ਇਸਦੀ ਆਲੋਚਨਾ ਹੋਈ ਪਰ ਲੋਕਾਂ ਦੇ ਅੰਤਰ-ਮਨ ’ਚ ਇਹ ਭਾਵ ਸੀ।

ਹਰਿਆਣਾ ’ਚ ਦੇਖਿਆ ਗਿਆ ਕਿ ਦਲਿਤ ਅਤੇ ਪੱਛੜੇ ਪਹਿਲਾਂ ਵਾਂਗ ਇਸ ਨੈਰੇਟਿਵ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਇਸ ਸਪੱਸ਼ਟ ਦਿਸਦੇ ਰੁਝਾਨ ਦੇ ਬਾਵਜੂਦ ਕਾਂਗਰਸ ਅਤੇ ਸ਼ਿਵ ਸੈਨਾ-ਊਧਵ ਸਭ ਤੋਂ ਵੱਧ ਜ਼ੋਰ ਇਸੇ ਮੁੱਦੇ ’ਤੇ ਦਿੰਦੀਆਂ ਰਹੀਆਂ, ਕਾਂਗਰਸ ਸੰਵਿਧਾਨ ਸਨਮਾਨ ਸੰਮੇਲਨ ਆਯੋਜਿਤ ਕਰਦੀ ਰਹੀ ਅਤੇ ਰਾਹੁਲ ਗਾਂਧੀ ਨੇ ਜਾਤੀ ਮਰਦਮਸ਼ੁਮਾਰੀ ਦੀ ਗੱਲ ਵੀ ਦੁਹਰਾਈ। ਭਾਜਪਾ ਅਤੇ ਸ਼ਿਵ ਸੈਨਾ ਨੇ ਇਸ ਨੂੰ ਹਿੰਦੂਆਂ ਨੂੰ ਜਾਤਾਂ ’ਚ ਵੰਡ ਕੇ ਸਮਾਜ-ਦੇਸ਼ ਤੋੜਨ ਦਾ ਛੜਯੰਤਰ ਦੱਸਦੇ ਹੋਏ ਹਮਲਾ ਕੀਤਾ ਅਤੇ ਆਮ ਵਰਕਰ ‘ਬਟੇਂਗੇ ਤੋਂ ਕਟੇਂਗੇ’ ਅਤੇ ‘ਏਕ ਰਹੇਂਗੇ ਤੋ ਸੇਫ ਰਹੇਂਗੇ ਨਾਅਰੇ’ ਨੂੰ ਹੇਠਾਂ ਤੱਕ ਪਹੁੰਚਾਉਂਦੇ ਰਹੇ। ਮਹਾਰਾਸ਼ਟਰ ਦੇ ਲਗਭਗ ਸਾਰੇ ਇਲਾਕਿਆਂ ’ਚ ਮਹਾਯੁਤੀ ਨੇ ਉਂਝ ਹੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਲਗਭਗ 83 ਫੀਸਦੀ ਹੈ। ਮਹਾਯੁਤੀ ਸਰਕਾਰ ਦੇ ਵਿਰੁੱਧ ਭਾਵ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਅਜੀਤ ਪਵਾਰ ਵਿਰੁੱਧ ਸਰਕਾਰ ਨੂੰ ਲੈ ਕੇ ਜਨਤਾ ’ਚ ਅਜਿਹਾ ਸਬਰ ਨਹੀਂ ਸੀ, ਜਿਸ ਨੂੰ ਉਭਾਰਿਆ ਜਾ ਸਕੇ। ਝਾਰਖੰਡ ’ਚ ਭਾਜਪਾ ਦੀ ਘੁਸਪੈਠ ‘ਲਵ-ਜੇਹਾਦ’ ਅਤੇ ਜਨਨਾਇਕ ਬਦਲਣ ਦਾ ਮੁੱਦਾ ਇਸ ਲਈ ਸਫਲ ਨਹੀਂ ਹੋਇਆ ਕਿਉਂਕਿ ਉਸ ਨੇ ਸੂਬੇ ਦੇ ਅਨੁਕੂਲ ਰਣਨੀਤੀ ਨਹੀਂ ਬਣਾਈ। ਹਿਮੰਤੋ ਵਿਸਵਾਸਰਮਾ ਸਹਿ-ਇੰਚਾਰਜ ਹੁੰਦੇ ਹੋਏ ਵੀ ਮੁੱਖ ਰਣਨੀਤੀਕਾਰ ਅਤੇ ਪਾਰਟੀ ਦੇ ਸਭ ਤੋਂ ਪ੍ਰਮੁੱਖ ਚਿਹਰਾ ਬਣੇ ਹੋਏ ਸਨ। ਝਾਰਖੰਡ ਦੀ ਲੜਾਈ ਸਤ੍ਹਾ ’ਤੇ ਹਿਮੰਤੋ ਬਨਾਮ ਹਿਮੰਤ ਸੋਰੇਨ ਹੋ ਗਈ, ਜੋ ਸੂਬੇ ਦੇ ਵੋਟਰਾਂ ਦੇ ਅਨੁਕੂਲ ਨਹੀਂ ਸੀ।

ਲੋਕਾਂ ਅੰਦਰ ਘੁਸਪੈਠ, ਲਵ-ਜੇਹਾਦ, ਮੁਸਲਿਮ ਕੱਟੜਵਾਦ ਵਿਰੁੱਧ ਭਾਵ ਸੀ ਪਰ ਹਿਮੰਤ ਸੋਰੇਨ ਸਾਹਮਣੇ ਅਜਿਹਾ ਕੋਈ ਚਿਹਰਾ ਨਹੀਂ ਸੀ, ਜਿਸ ਨੂੰ ਦੇਖ ਕੇ ਆਦਿਵਾਸੀ ਵੋਟਰ ਭਾਜਪਾ ਵੱਲ ਆਉਂਦੇ। ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫਤਾਰੀ ਨੂੰ ਹੇਮੰਤ ਨੇ ਆਦਿਵਾਸੀ ਸਨਮਾਨ ਨਾਲ ਜੋੜਿਆ ਅਤੇ ਉਸਦਾ ਵੀ ਪ੍ਰਭਾਵ ਪਿਆ। ਕੁੱਲ ਮਿਲਾ ਕੇ ਵੋਟਰਾਂ ਨੇ ਲੋਕ ਫਤਵਾ ਦੇ ਕੇ ਦੱਸ ਦਿੱਤਾ ਹੈ ਕਿ ਆਈ. ਐੱਨ. ਡੀ. ਆਈ. ਏ. ਅਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਦੀ ਲੋਕ ਸਭਾ ਚੋਣਾਂ ’ਚ ਬੜ੍ਹਤ ਅਸਥਾਈ ਸੀ ਜੋ ਖਤਮ ਹੋ ਚੁੱਕੀ ਹੈ। ਇਹ ਵਿਚਾਰਧਾਰਾਵਾਂ ਦੀ ਲੜਾਈ ’ਚ ਭਾਜਪਾ-ਸ਼ਿਵ ਸੈਨਾ ਦੀ ਜਿੱਤ ਦਾ ਲੋਕ ਫਤਵਾ ਹੈ।

ਅਵਧੇਸ਼ ਕੁਮਾਰ


DIsha

Content Editor

Related News