ਪੰਜਾਬ ਦੇ ਬਹਾਦਰ ਯੋਧੇ ਮਦਨ ਲਾਲ ਢੀਂਗਰਾ

Saturday, Aug 17, 2024 - 03:01 PM (IST)

ਪੰਜਾਬ ਦੇ ਬਹਾਦਰ ਯੋਧੇ ਮਦਨ ਲਾਲ ਢੀਂਗਰਾ

ਬਰਸੀ ’ਤੇ ਵਿਸ਼ੇਸ਼

20ਵੀਂ ਸਦੀ ਦੇ ਪਹਿਲੇ ਦਹਾਕੇ ’ਚ ਜਦੋਂ ਭਾਰਤੀ ਲੋਕਾਂ ’ਤੇ ਪੂਰੀ ਤਾਨਾਸ਼ਾਹੀ ਨਾਲ ਅੰਗਰੇਜ਼ ਹਕੂਮਤ ਦੇ ਜ਼ੁਲਮ ਦਾ ਸਿਲਸਿਲਾ ਜਾਰੀ ਸੀ, ਲੋਕਾਂ ਨੂੰ ਬੁਰੀ ਤਰ੍ਹਾਂ ਲਤਾੜਿਆ ਅਤੇ ਕੁਚਲਿਆ ਜਾ ਰਿਹਾ ਸੀ, ਉਦੋਂ 1909 ’ਚ ਲੰਡਨ ’ਚ ਇਕ ਅੰਗਰੇਜ਼ ਅਫ਼ਸਰ ਨੂੰ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਕੇ ਪੂਰੀ ਦੁਨੀਆ ’ਚ ਤਹਿਲਕਾ ਮਚਾਉਣ ਵਾਲੇ ਪੰਜਾਬ ਦੇ ਬਹਾਦਰ ਯੋਧੇ ਮਦਨ ਲਾਲ ਢੀਂਗਰਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਦੇਸ਼ ਦੇ ਲੋਕ ਸ਼ਰਧਾਂਜਲੀ ਦੇ ਰਹੇ ਹਨ।

ਆਜ਼ਾਦ ਭਾਰਤ ਦੀ ਸਿਰਜਣਾ ਲਈ ਭਾਰਤ ਮਾਤਾ ਦੇ ਕਿੰਨੇ ਹੀ ਬਹਾਦਰ ਯੋਧਿਆਂ ਨੇ ਹੱਸਦਿਆਂ-ਹੱਸਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਬਹਾਦਰਾਂ ’ਚ ਮਦਨ ਲਾਲ ਢੀਂਗਰਾ ਦਾ ਨਾਂ ਸੁਨਹਿਰੀ ਅੱਖਰਾਂ ’ਚ ਲਿਖਿਆ ਗਿਆ ਹੈ। ਇਕ ਖੁਸ਼ਹਾਲ ਪਰਿਵਾਰ ’ਚ ਜਨਮ ਲੈ ਕੇ ਸਿਰਫ 22 ਸਾਲ ਦੀ ਉਮਰ ’ਚ ਹੀ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰਸਤਾ ਚੁਣਨ ਵਾਲੇ ਇਸ ਵੀਰ ਦੀ ਸ਼ਹਾਦਤ ਨਾਲ ਦੇਸ਼ ’ਚ ਆਜ਼ਾਦੀ ਦੀ ਲੜਾਈ ’ਚ ਤੇਜ਼ੀ ਆਈ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਜੰਮਿਆ ਹੋਇਆ ਖੂਨ ਪਿਘਲ ਕੇ ਆਜ਼ਾਦੀ ਦੀ ਪ੍ਰਾਪਤੀ ਲਈ ਅੰਗਰੇਜ਼ਾਂ ਨੂੰ ਭਜਾਉਣ ਲਈ ਸੜਕਾਂ ’ਤੇ ਆ ਗਿਆ।

ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ, 1883 ਨੂੰ ਅੰਮ੍ਰਿਤਸਰ, ਪੰਜਾਬ ਵਿਚ ਪ੍ਰਸਿੱਧ ਸਿਵਲ ਸਰਜਨ ਡਾ. ਦਿੱਤਾ ਮੱਲ ਦੇ ਘਰ ਹੋਇਆ। ਇਕ ਖੁਸ਼ਹਾਲ, ਆਧੁਨਿਕ ਅਤੇ ਪੜ੍ਹਿਆ-ਲਿਖਿਆ ਪਰਿਵਾਰ ਹੋਣ ਕਾਰਨ ਪਿਤਾ ਬ੍ਰਿਟਿਸ਼ ਵਫ਼ਾਦਾਰਾਂ ਦੀ ਸੂਚੀ ਵਿਚ ਸਨ ਜਦੋਂ ਕਿ ਮਾਂ ਇਕ ਬਹੁਤ ਹੀ ਧਾਰਮਿਕ ਅਤੇ ਭਾਰਤੀ ਕਦਰਾਂ-ਕੀਮਤਾਂ ਨਾਲ ਭਰਪੂਰ ਸੀ। ਪਰਿਵਾਰ ਦੇ ਲਾਡਲੇ 1906 ਵਿਚ ਬੀ. ਏ. ਕਰਨ ਤੋਂ ਬਾਅਦ, ਅਗਲੇਰੀ ਪੜ੍ਹਾਈ ਲਈ ਆਪਣੇ ਵੱਡੇ ਭਰਾ ਕੋਲ ਇੰਗਲੈਂਡ ਚਲੇ ਗਏ ਅਤੇ ਯੂਨੀਵਰਸਿਟੀ ਕਾਲਜ ਲੰਡਨ ਵਿਚ ਦਾਖਲਾ ਲੈ ਲਿਆ।

ਲੰਡਨ ਵਿਚ ਪੜ੍ਹਦਿਆਂ, ਮਦਨ ਲਾਲ ਦੀ ਮੁਲਾਕਾਤ ਮਹਾਨ ਕ੍ਰਾਂਤੀਕਾਰੀ ਵੀਰ ਸਾਵਰਕਰ ਨਾਲ ਹੋਈ ਜੋ ਆਜ਼ਾਦੀ ਲਈ ਲੜ ਰਹੇ ਸਨ ਅਤੇ ਜੋ ਲੰਡਨ ਵਿਚ ਰਹਿ ਰਹੇ ਸਨ ਅਤੇ ਉੱਥੋਂ ਸੁਤੰਤਰਤਾ ਸੰਗਰਾਮ ਅੰਦੋਲਨ ਚਲਾਇਆ ਹੋਇਆ ਸੀ। ਇਸ ਅੰਦੋਲਨ ਨੇ ਨੌਜਵਾਨ ਮਦਨ ਲਾਲ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਈ ਅਤੇ ਉਨ੍ਹਾਂ ਨੇ ਆਪਣੀ ਜਨਮ ਭੂਮੀ ਦੀ ਆਜ਼ਾਦੀ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ। ਸਾਵਰਕਰ ਜੀ ਨੇ ਉਨ੍ਹਾਂ ਦੀ ਇੱਛਾ ਨੂੰ ਗੰਭੀਰਤਾ ਨਾਲ ਲਿਆ ਅਤੇ ਮਦਨ ਲਾਲ ਢੀਂਗਰਾ ਦਾ ਸਖ਼ਤ ਇਮਤਿਹਾਨ ਲਿਆ। ਸਾਵਰਕਰ ਜੀ ਨੇ ਇਨ੍ਹਾਂ ਦੇ ਕੋਮਲ ਹੱਥ ਵਿਚ ਇਕ ਕਿੱਲ ਠੋਕਿਆ, ਜਿਸ ਕਾਰਨ ਖੂਨ ਵਹਿਣ ਲੱਗਾ ਪਰ ਇਸ ਨੌਜਵਾਨ ਅਤੇ ਦਲੇਰ ਮਦਨ ਲਾਲ ਨੇ ਮੁਸਕਰਾਹਟ ਨਾਲ ਦਰਦ ਨੂੰ ਬਰਦਾਸ਼ਤ ਕੀਤਾ ਅਤੇ ਜਦੋਂ ਉਹ ਕ੍ਰਾਂਤੀਕਾਰੀ ਇਮਤਿਹਾਨ ਵਿਚ ਸਫਲ ਹੋਏ ਤਾਂ ਵੀਰ ਸਾਵਰਕਰ ਜੀ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਗਲੇ ਲਗਾ ਲਿਆ ਅਤੇ ਆਪਣੇ ਮਿਸ਼ਨ ’ਚ ਸ਼ਾਮਲ ਕਰ ਲਿਆ।

ਇਸ ਪਿੱਛੋਂ ਢੀਂਗਰਾ ਨੇ ਇਨਕਲਾਬੀ ਸਰਗਰਮੀਆਂ ’ਚ ਹਿੱਸਾ ਲੈਣਾ ਸ਼ੁਰੂ ਕਰ ਲਿਆ ਅਤੇ ਗੋਲੀ ਚਲਾਉਣੀ ਵੀ ਸਿੱਖ ਲਈ। ਉਨ੍ਹੀਂ ਦਿਨੀਂ ਇੰਗਲੈਂਡ ਵਿਚ ਕਰਜ਼ਨ ਵਾਈਲੀ ਲੰਡਨ ਵਿਚ ਭਾਰਤੀਆਂ ਦੇ ਆਉਣ-ਜਾਣ ’ਤੇ ਬੜੀ ਹੁਸ਼ਿਆਰੀ ਨਾਲ ਨਜ਼ਰ ਰੱਖ ਰਿਹਾ ਸੀ। ਉਹ ਅਕਸਰ ਸਾਰੇ ਮਨੋਰੰਜਕ ਸਥਾਨਾਂ, ਸੈਰਗਾਹਾਂ ਅਤੇ ਮੀਟਿੰਗਾਂ ਦੇ ਮੰਚਾਂ ’ਤੇ ਹਾਜ਼ਰ ਹੋ ਕੇ ਗੁਪਤ ਜਾਣਕਾਰੀ ਇਕੱਠੀ ਕਰਦਾ ਸੀ। ਜਦੋਂ ਉਸ ਦੀ ਨਜ਼ਰ ਅਚਾਨਕ ਮਦਨ ਲਾਲ ਢੀਂਗਰਾ ’ਤੇ ਪਈ ਤਾਂ ਉਸ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮਦਨ ਲਾਲ ਢੀਂਗਰਾ ਨਾਂ ਦਾ ਵਿਦਿਆਰਥੀ ਇਕ ਬਲਵਾਨ ​​ਅਤੇ ਨਿਡਰ ਭਾਰਤੀ ਹੈ ਜੋ ਅਕਸਰ ਦੂਜੇ ਵਿਦਿਆਰਥੀਆਂ ਦੇ ਮੁਕਾਬਲੇ ਸ਼ਾਂਤ ਅਤੇ ਗੰਭੀਰ ਮੁਦਰਾ ਵਿਚ ਦੇਖਿਆ ਜਾਂਦਾ ਹੈ।

ਕਰਜ਼ਨ ਵਾਈਲੀ ਨੇ ਮਦਨ ਲਾਲ ਨੂੰ ਚਿੱਠੀ ਭੇਜ ਕੇ ਉਸ ਨੂੰ ਮਿਲਣ ਲਈ ਕਿਹਾ। ਚਿੱਠੀ ਮਿਲਦਿਆਂ ਹੀ ਕਰਜ਼ਨ ਵਾਈਲੀ ਦਾ ਸ਼ੱਕੀ ਚਿਹਰਾ ਮਦਨ ਲਾਲ ਦੀਆਂ ਅੱਖਾਂ ਵਿਚ ਨੱਚ ਗਿਆ। ਉਸ ਨੇ ਇਸ ਨੂੰ ਨਿੱਜੀ ਜੀਵਨ ਵਿਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤਾ ਅਤੇ ਕਰਜ਼ਨ ਵਾਈਲੀ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। 1 ਜੁਲਾਈ, 1909 ਦੀ ਰਾਤ ਨੂੰ ਇੰਸਟੀਚਿਊਟ ਆਫ਼ ਇੰਪੀਰੀਅਲ ਸਟੱਡੀਜ਼, ਲੰਡਨ ਦੇ ਜਹਾਂਗੀਰ ਹਾਊਸ ਵਿਖੇ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਸਾਲਾਨਾ ਦਿਵਸ ’ਤੇ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਭਾਰਤੀ, ਸੇਵਾਮੁਕਤ ਬ੍ਰਿਟਿਸ਼ ਅਧਿਕਾਰੀ ਅਤੇ ਆਮ ਨਾਗਰਿਕ ਸ਼ਾਮਲ ਸਨ।

ਇਸ ਪ੍ਰੋਗਰਾਮ ਵਿਚ ਕਰਜ਼ਨ ਵਾਈਲੀ ਵੀ ਸ਼ਾਮਲ ਸੀ, ਜਿਸ ਨੂੰ ਦੇਖ ਕੇ ਮਦਨ ਲਾਲ ਢੀਂਗਰਾ ਦਾ ਖੂਨ ਖੌਲ ਗਿਆ ਅਤੇ ਢੀਂਗਰਾ ਨੇ ਬਹੁਤ ਨੇੜਿਓਂ ਕਰਜ਼ਨ ਦੇ ਚਿਹਰੇ ’ਤੇ 5 ਗੋਲੀਆਂ ਚਲਾ ਕੇ ਉਸ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਉਸ ਨੂੰ ਬਚਾਉਣ ਲਈ ਅੱਗੇ ਆਏ ਪਾਰਸੀ ਡਾਕਟਰ ਕਾਨਸ ਖੁਰਸ਼ੀਦ ਲਾਲ ਕਾਕਾ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਇਸ ਨਿਡਰ ਨੌਜਵਾਨ ਨੇ ਬੜੀ ਸੁਚੇਤਤਾ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਮਾਤਭੂਮੀ ਦੀ ਬੇਇੱਜ਼ਤੀ ਦਾ ਬਦਲਾ ਉਨ੍ਹਾਂ ਦੇ ਦੇਸ਼ ਦੀ ਧਰਤੀ ’ਤੇ ਖੂਨ ਦੇ ਬਦਲੇ ਖੂਨ ਵਹਾ ਕੇ ਲਿਆ।

10 ਜੁਲਾਈ ਨੂੰ ਢੀਂਗਰਾ ਦਲੇਰੀ ਅਤੇ ਉਤਸ਼ਾਹ ਨਾਲ ਭਰੀ ਆਵਾਜ਼ ਵਿਚ ਓਲਡ ਬੈਲੀ ਅਦਾਲਤ ਵਿਚ ਗਰਜਿਆ - ‘‘ਅੰਗਰੇਜ਼ ਭਾਰਤੀਆਂ ਦੇ ਦੁਸ਼ਮਣ ਹਨ। ਮੈਂ ਸੱਚਮੁੱਚ ਸਰ ਕਰਜ਼ਨ ਵਾਈਲੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ, ਮੈਂ ਇਸ ਬਾਰੇ ਦੁਖੀ ਹੋਣ ਦੀ ਬਜਾਏ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹਾਂ।’’

23 ਜੁਲਾਈ ਨੂੰ ਉਨ੍ਹਾਂ ਨੂੰ 17 ਅਗਸਤ ਨੂੰ ਫਾਂਸੀ ਦੇਣ ਦੀ ਸਜ਼ਾ ਸੁਣਾਈ ਗਈ। 17 ਅਗਸਤ ਨੂੰ ਲੰਡਨ ਦੀ ਪੈਂਟਵਿਲੇ ਜੇਲ ਵਿਚ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਬੜੀ ਦਲੇਰੀ ਨਾਲ ਕਿਹਾ ਸੀ ਕਿ ਇਸ ਨਾਲ ਆਜ਼ਾਦੀ ਸੰਗਰਾਮ ਵਿਚ ਤੇਜ਼ੀ ਆਵੇਗੀ ਅਤੇ ਉਹ ਆਜ਼ਾਦੀ ਦੀ ਲਹਿਰ ਵਿਚ ਬਣੀ ਸ਼ਹੀਦਾਂ ਦੀ ਮਾਲਾ ਦੇ ਮਣਕੇ ਬਣ ਗਏ। 13 ਦਸੰਬਰ, 1976 ਨੂੰ ਇਸ ਸ਼ਹੀਦ ਦੀਆਂ ਅਸਥੀਆਂ ਨੂੰ ਭਾਰਤ ਲਿਆਂਦਾ ਗਿਆ, ਜਿੱਥੇ ਲੱਖਾਂ ਦੇਸ਼ ਵਾਸੀਆਂ ਨੇ ਸ਼ਰਧਾਂਜਲੀ ਭੇਟ ਕੀਤੀ।

ਸੁਰੇਸ਼ ਕੁਮਾਰ ਗੋਇਲ


author

Tanu

Content Editor

Related News