LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!

Friday, Apr 03, 2026 - 02:49 AM (IST)

LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!

ਅਮਰੀਕਾ ਅਤੇ ਇਜ਼ਰਾਈਲ ਵਲੋਂ 28 ਫਰਵਰੀ ਨੂੰ ਈਰਾਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਪੂਰੀ ਦੁਨੀਆ ’ਚ ਪੈਟਰੋਲੀਅਮ ਪਦਾਰਥਾਂ ਅਤੇ ਗੈਸ ਦੀ ਕਿੱਲਤ ਪੈਦਾ ਹੋ ਗਈ ਹੈ। ਅਸਲ ’ਚ ਈਰਾਨ ਨੇ ਹਮਲੇ ਤੋਂ ਬਾਅਦ ਹੋਰਮੁਜ਼ ਜਲਡਮਰੂਮੱਧ (ਸਟ੍ਰੇਟ ਆਫ ਹੋਰਮੁਜ਼) ਨੂੰ ਬੰਦ ਕਰ ਦਿੱਤਾ ਹੈ। ਦੁਨੀਆ ਭਰ ਨੂੰ ਕੱਚੇ ਤੇਲ ਅਤੇ ਗੈਸ ਦੀ ਸਪਲਾਈ ਦਾ 20 ਫੀਸਦੀ ਹਿੱਸਾ ਇਸੇ ਸਮੁੰਦਰੀ ਮਾਰਗ ਤੋਂ ਗੁਜ਼ਰਦਾ ਹੈ।

ਦੇਸ਼ ’ਚ ਐੱਲ. ਪੀ. ਜੀ. ਦੀ ਕਮੀ ਕਾਰਨ ਰੈਸਟੋਰੈਂਟ ਕਾਰੋਬਾਰ ’ਤੇ ਸੰਕਟ ਆ ਗਿਆ ਹੈ ਅਤੇ ਦੇਸ਼ ਦੇ ਲਗਭਗ 10 ਫੀਸਦੀ ਢਾਬੇ ਅਤੇ ਰੈਸਟੋਰੈਂਟ ਬੰਦ ਹੋ ਗਏ ਹਨ ਅਤੇ ਕਈ ਜਗ੍ਹਾ ਰੈਸਟੋਰੈਂਟਾਂ ਨੇ ਖਾਣੇ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਅਤੇ ਆਪਣੇ ਮੈਨਿਊ ’ਚ ਆਈਟਮਾਂ ਘੱਟ ਕਰ ਦਿੱਤੀਆਂ ਹਨ।

ਇਸੇ ਦੌਰਾਨ ਉਦਯੋਗਾਂ ਅਤੇ ਢਾਬਿਆਂ ’ਚ ਵਰਤੇ ਜਾਣ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਬੁੱਧਵਾਰ ਨੂੰ ਇਕ ਵਾਰ ਫਿਰ 195.50 ਰੁਪਏ ਵਧਾਈ ਗਈ ਅਤੇ ਦਿੱਲੀ ’ਚ 19 ਕਿਲੋਗ੍ਰਾਮ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਹੁਣ 2078.50 ਰੁਪਏ ਹੋ ਗਈ ਹੈ।

ਇਸ ਤੋਂ ਪਹਿਲਾਂ, 7 ਮਾਰਚ ਨੂੰ 14.2 ਕਿਲੋਗ੍ਰਾਮ ਦੇ ਘਰੇਲੂ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 60 ਰੁਪਏ ਵਧਾਈ ਗਈ ਸੀ। ਇਸ ਦੇ ਨਾਲ ਹੀ ਹਵਾਈ ਜਹਾਜ਼ ’ਚ ਵਰਤੇ ਜਾਣ ਵਾਲੇ ਏਅਰ ਟਰਬਾਈਨਲ ਫਿਊਲ (ਏ. ਟੀ. ਐੱਫ.) ਦੀਆਂ ਕੀਮਤਾਂ ’ਚ ਵੀ 8.6 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ ਵਧ ਕੇ 104927 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ।

ਦੇਸ਼ ਭਰ ’ਚ ਪੈਦਾ ਹੋਈ ਐੱਲ. ਪੀ. ਜੀ. ਦੀ ਕਮੀ ਦੇ ਕਾਰਨ ਇਸ ਦੀ ਕਾਲਾਬਾਜ਼ਾਰੀ ਵੀ ਜ਼ੋਰਾਂ ’ਤੇ ਹੈ। ਦਿੱਲੀ ’ਚ ਕੁਝ ਸਥਾਨਾਂ ’ਤੇ ਘਰੇਲੂ ਰਸੋਈ ਗੈਸ ਦਾ ਸਿਲੰਡਰ 4500 ਰੁਪਏ ’ਚ ਵੇਚਿਆ ਜਾ ਰਿਹਾ ਹੈ ਜਦਕਿ ਕਮਰਸ਼ੀਅਲ ਸਿਲੰਡਰ 6000 ਰੁਪਏ ਤੱਕ ਵਿਕ ਰਹੇ ਹਨ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਇਕ ਸੀਨੀਅਰ ਅਧਿਕਾਰੀ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਐੱਲ. ਪੀ. ਜੀ. ਦੀ ਕਾਲਾਬਾਜ਼ਾਰੀ ਰੋਕਣ ਲਈ 1 ਅਪ੍ਰੈਲ ਨੂੰ ਲਗਭਗ 2600 ਛਾਪੇ ਮਾਰੇ ਗਏ ਅਤੇ ਲਗਭਗ 700 ਸਿਲੰਡਰ ਜ਼ਬਤ ਕੀਤੇ ਗਏ।

ਇਸ ਸੰਕਟ ਕਾਰਨ ਦੁਨੀਆ ਭਰ ’ਚ ਪੈਟਰੋਲ, ਡੀਜ਼ਲ 30 ਤੋਂ 50 ਫੀਸਦੀ ਮਹਿੰਗਾ ਹੋ ਗਿਆ ਹੈ ਪਰ ਕੇਂਦਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਬਜਾਏ 27 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ’ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਨੂੰ 10 ਫੀਸਦੀ ਘੱਟ ਕਰ ਕੇ ਇਸ ਦਾ ਬੋਝ ਸਰਕਾਰੀ ਤੇਲ ਕੰਪਨੀਆਂ ’ਤੇ ਪਾ ਦਿੱਤਾ ਹੈ।

ਇਸ ਦੇ ਨਾਲ ਹੀ ਈਰਾਨ ਜੰਗ ਤੋਂ ਬਾਅਦ ਭਾਰਤ ਨੇ 40 ਦੇਸ਼ਾਂ ਤੋਂ ਕੱਚਾ ਤੇਲ ਮੰਗਵਾਉਣਾ ਸ਼ੁਰੂ ਕੀਤਾ ਹੈ ਅਤੇ ਇਸੇ ਕਾਰਨ ਹੁਣ ਹੋਰਮੁਜ਼ ਜਲਡਮਰੂਮੱਧ ਦੇ ਜ਼ਰੀਏ ਭਾਰਤ ’ਚ ਸਿਰਫ਼ 30 ਫੀਸਦੀ ਤੇਲ ਅਤੇ ਗੈਸ ਹੀ ਆ ਰਹੀ ਹੈ ਜਦਕਿ ਜੰਗ ਤੋਂ ਪਹਿਲਾਂ ਇਸ ਮਾਰਗ ਤੋਂ ਭਾਰਤ 55 ਫੀਸਦੀ ਤੇਲ ਮੰਗਵਾ ਰਿਹਾ ਸੀ।

ਇਸ ਤੋਂ ਇਲਾਵਾ ਭਾਰਤ ਨੇ ਪਲਾਸਟਿਕ ਅਤੇ ਦਵਾਈਆਂ ਦੇ ਨਿਰਮਾਣ ’ਚ ਵਰਤੇ ਜਾਣ ਵਾਲੇ ਪੈਟਰੋ ਕੈਮੀਕਲਜ਼ ਸਮੇਤ 40 ਉਤਪਾਦਾਂ ’ਤੇ ਦਰਾਮਦ ਕਰ ’ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਛੋਟੇ ਉਦਯੋਗਾਂ ’ਚ ਲਾਗਤ ਦਾ ਦਬਾਅ ਘੱਟ ਹੋਵੇਗਾ।

ਦੇਸ਼ ਭਰ ’ਚ ਪੈਦਾ ਹੋਏ ਰਸੋਈ ਗੈਸ ਦੇ ਸੰਕਟ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਮਾਰਚ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਅਤੇ 1 ਅਪ੍ਰੈਲ ਨੂੰ ਇਸੇ ਮੁੱਦੇ ’ਤੇ ਕੈਬਨਿਟ ਕਮੇਟੀ ਆਨ ਸਕਿਓਰਿਟੀ (ਸੀ. ਸੀ. ਐੱਸ.) ਦੀ ਬੈਠਕ ਦੀ ਪ੍ਰਧਾਨਗੀ ਕੀਤੀ।

ਇਸ ਦੌਰਾਨ ਪੀ. ਐੱਨ. ਜੀ. ਅਤੇ ਐੱਲ. ਪੀ. ਜੀ. ਦੀ ਸਪਲਾਈ ਵਧਾਉਣ ’ਤੇ ਜ਼ੋਰ ਦਿੱਤਾ ਗਿਆ, ਖਾਦਾਂ ਦੀ ਉਪਲਬਧਤਾ ਦਾ ਮੁਲਾਂਕਣ ਅਤੇ ਭਵਿੱਖ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਹੋਇਆ। ਇਸ ਦੇ ਨਾਲ ਹੀ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਦੇ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ।

ਇਸ ਸਥਿਤੀ ਨਾਲ ਨਜਿੱਠਣ ਲਈ ਰਸੋਈ ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਆਮ ਜਨਤਾ ਨੂੰ ਵੀ ਹੁਣ ਰਸੋਈ ਗੈਸ ਦੇ ਬਦਲ ਦੇ ਤੌਰ ’ਤੇ ਬਿਜਲੀ ਨਾਲ ਚੱਲਣ ਵਾਲੇ ਇੰਡਕਸ਼ਨ ਚੁੱਲ੍ਹੇ ਦੀ ਵਰਤੋਂ ਵਧਾਉਣੀ ਚਾਹੀਦੀ ਹੈ ਅਤੇ ਘਰਾਂ ਤੋਂ ਇਲਾਵਾ ਰੈਸਟੋਰੈਂਟਾਂ ਅਤੇ ਢਾਬਿਆਂ ’ਚ ਵੀ ਇਸ ਤਰ੍ਹਾਂ ਦੇ ਚੁੱਲ੍ਹੇ ਬਦਲ ਦੇ ਤੌਰ ’ਤੇ ਵਰਤੇ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਕਦਮਾਂ ਨਾਲ ਹੀ ਅਸੀਂ ਮੌਜੂਦਾ ਸੰਕਟ ਨਾਲ ਕੁਝ ਹੱਦ ਤੱਕ ਨਜਿੱਠ ਸਕਦੇ ਹਾਂ।

—ਵਿਜੇ ਕੁਮਾਰ
 


author

Inder Prajapati

Content Editor

Related News