ਵਿਕਸਿਤ ਭਾਰਤ ਲਈ ਪ੍ਰੇਰਣਾ ਦਾ ਸੋਮਾ ਲਾਲ ਬਹਾਦੁਰ ਸ਼ਾਸਤਰੀ
Monday, Apr 28, 2025 - 05:53 PM (IST)

ਲਾਲ ਬਹਾਦੁਰ ਸ਼ਾਸਤਰੀ ਜਿਨ੍ਹਾਂ ਨੂੰ ਭਾਰਤ ਦੀ ਤੀਜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਪਹਿਲਾਂ ਅਤੇ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਾਨਸ਼ੀਨ ਵਜੋਂ ਦੇਸ਼ ਦੀ ਵਾਗਡੋਰ ਨੂੰ ਸੰਭਾਲਣ ਦਾ ਮੌਕਾ ਮਿਲਿਆ, ਪਿਤਾ-ਪੁੱਤਰੀ ਦੇ ਲੰਬੇ ਰਾਜ ਦਰਮਿਆਨ ਪ੍ਰਧਾਨ ਮੰਤਰੀ ਵਜੋਂ 18 ਮਹੀਨਿਆਂ ਦਾ ਇਕ ਛੋਟਾ ਜਿਹਾ ਕਾਰਜਕਾਲ ਉਨ੍ਹਾਂ ਦੇ ਮੋਢਿਆਂ ’ਤੇ ਸੀ, ਜਿਸ ਨੂੰ ਅਕਸਰ ਘੱਟ ਕਰ ਕੇ ਆਂਕਿਆ ਗਿਆ ਜਾਂ ਇਕ ਸੰਖੇਪ ਰੁਕਾਵਟ ਵਾਂਗ ਵੇਖਿਆ ਗਿਆ ਪਰ ਉਨ੍ਹਾਂ ਦੀ ਭੂਮਿਕਾ, ਸੋਚ ਅਤੇ ਨੀਤੀਆਂ ਅੱਜ ਵੀ ਸਾਡੇ ਕੌਮੀ ਚਰਿੱਤਰ ’ਚ ਡੂੰਘਾਈ ਤੱਕ ਸਮਾਈਆਂ ਹੋਈਆਂ ਹਨ, ਕਿਉਂਕਿ ਉਹ ਇਕ ਅਜਿਹਾ ਨਾਂ ਹੈ ਜੋ ਸਾਦਗੀ, ਨੈਤਿਕਤਾ, ਈਮਾਨਦਾਰੀ ਅਤੇ ਅਗਵਾਈ ਦੀ ਜਿਊਂਦੀ ਮਿਸਾਲ ਹੈ।
ਇਹ ਲਾਲ ਬਹਾਦੁਰ ਸ਼ਾਸਤਰੀ ਹੀ ਸਨ ਜਿਨ੍ਹਾਂ ਨੇ ‘ਹਰਿਤ ਕ੍ਰਾਂਤੀ’ ਲਿਆ ਕੇ ਦੇਸ਼ ਨੂੰ ਅਨਾਜ ਦੇ ਸੰਕਟ ’ਚੋਂ ਕੱਢਣ ’ਚ ਅਹਿਮ ਭੂਮਿਕਾ ਨਿਭਾਈ। ਇੰਨਾ ਹੀ ਨਹੀਂ, ਕਿਸਾਨਾਂ ਦੀ ਆਮਦਨ ਵਧਾਉਣ ਲਈ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਸਥਾਪਨਾ ਕਰ ਕੇ ਦੁੱਧ ਕ੍ਰਾਂਤੀ ਜਿਸ ਨੂੰ ਵ੍ਹਾਈਟ ਕ੍ਰਾਂਤੀ ਦੇ ਨਾਂ ਨਾਲ ਜਾਣਿਆ ਗਿਆ, ਨੂੰ ਸਹੀ ਦਿਸ਼ਾ ਦਿੱਤੀ ਅਤੇ ਦੇਸ਼ ਦੇ ਸਭ ਤੋਂ ਵੱਡੇ ਦੁੱਧ ਬ੍ਰਾਂਡ ਅਮੂਲ ਦੀ ਨੀਂਹ ਰੱਖੀ। ਸ਼ਾਸਤਰੀ ਜੀ ਦੀ ਪ੍ਰਸ਼ਾਸਨਿਕ ਦ੍ਰਿਸ਼ਟੀ ਵੀ ਬਹੁਤ ਪ੍ਰਭਾਵਸ਼ਾਲੀ ਸੀ। ਉਨ੍ਹਾਂ ਨੇ ਭਾਰਤ ਦੇ ਸਮੁੱਚੇ ਵਿਕਾਸ ਲਈ ਠੋਸ ਪਹਿਲ ਕਰਦਿਆਂ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ, ਭਾਰਤੀ ਖੁਰਾਕ ਨਿਗਮ ਅਤੇ ਬੀ. ਐੱਸ. ਐੱਫ. ਵਰਗੀਆਂ ਸੰਸਥਾਵਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਦੀ ਭੂਮਿਕਾ ਅੱਜ ਵੀ ਕੌਮੀ ਰਚਨਾ ’ਚ ਕੇਂਦਰੀ ਮੰਨੀ ਜਾਂਦੀ ਹੈ।
ਜਿਸ ਦੌਰ ’ਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਉਦੋਂ ਦੇਸ਼ ਦੇ ਸਾਹਮਣੇ ਅਣਗਿਣਤ ਸਮਾਜਿਕ, ਸਿਆਸੀ ਅਤੇ ਕੌਮਾਂਤਰੀ ਸੰਕਟ ਮੂੰਹ ਅੱਡੀ ਖੜ੍ਹੇ ਸਨ। ਉਸ ਸਮੇਂ ਦੇਸ਼ ਨਾ ਸਿਰਫ ਆਰਥਿਕ ਅਸਥਿਰਤਾ, ਖੁਰਾਕ ਸੰਕਟ ਅਤੇ ਭਾਰਤ-ਪਾਕਿ ਜੰਗ ਵਰਗੇ ਬਹੁ-ਮੰਤਵੀ ਸੰਕਟਾਂ ਨਾਲ ਜੂਝ ਰਿਹਾ ਸੀ ਸਗੋਂ ਵੱਖ-ਵੱਖ ਖੇਤਰਾਂ ਜਿਵੇਂ ਦੱਖਣੀ ਭਾਰਤ, ਪੰਜਾਬ ਅਤੇ ਉੱਤਰ-ਪੂਰਬ ’ਚ ਉੱਠਦੇ ਖੇਤਰੀ ਅਤੇ ਵੱਖਵਾਦੀ ਅੰਦੋਲਨਾਂ ਰਾਹੀਂ ਉਲਝਣਾਂ ’ਚ ਵੀ ਫਸਿਆ ਹੋਇਆ ਸੀ ਪਰ ਸ਼ਾਸਤਰੀ ਜੀ ਨੇ ਆਪਣੀ ਯੋਗ ਅਗਵਾਈ ਹੇਠ ਦੇਸ਼ ਦੀ ਰਾਸ਼ਟਰੀ ਏਕਤਾ ਅਤੇ ਲੋਕਰਾਜੀ ਕਦਰਾਂ-ਕੀਮਤਾਂ ਦੀ ਰਾਖੀ ਕੀਤੀ।
ਉਨ੍ਹਾਂ ਦੇਸ਼ ਦੇ 2 ਸਭ ਤੋਂ ਅਹਿਮ ਥੰਮ੍ਹਾਂ ਫੌਜੀ ਜਵਾਨਾਂ ਤੇ ਕਿਸਾਨਾਂ ਨੂੰ ਇਕੱਠਿਆਂ ਜੋੜਦਿਆਂ ‘ਜੈ ਜਵਾਨ-ਜੈ ਕਿਸਾਨ’ ਦਾ ਨਾਅਰਾ ਦਿੱਤਾ। ਇਹ ਸਿਰਫ ਇਕ ਨਾਅਰਾ ਨਹੀਂ ਸੀ ਸਗੋਂ ਇਕ ਦਰਸ਼ਨ ਸੀ ਜੋ ਦੇਸ਼ ਦੀ ਆਤਮਾ ਨਾਲ ਜੁੜ ਗਿਆ। ਅੱਜ ਵੀ ਇਹ ਵਾਕ ਰਾਸ਼ਟਰੀ ਚੇਤਨਾ ਦਾ ਹਿੱਸਾ ਬਣਿਆ ਹੋਇਆ ਹੈ। ਸ਼ਾਸਤਰੀ ਜੀ ਦੀ ਨਿਮਰਤਾ, ਈਮਾਨਦਾਰੀ ਅਤੇ ਚੋਟੀ ਦੀ ਲੀਡਰਸ਼ਿਪ ਦੀ ਸਮਰੱਥਾ ਇਸ ਪੱਧਰ ਤੱਕ ਸੀ ਕਿ ਉਹ ਨਹਿਰੂ ਅਤੇ ਟੰਡਨ ਵਰਗੀਆਂ ਉਲਟ ਸ਼ਖਸੀਅਤਾਂ ਨਾਲ ਵੀ ਸਹਿਮਤੀ ਬਣਾ ਲੈਂਦੇ ਸਨ।ਇਸੇ ਤਰ੍ਹਾਂ 1965 ’ਚ ਭਾਰਤ-ਪਾਕਿ ਜੰਗ ਦੌਰਾਨ ਇਕ ਕਿੱਸਾ ਬਹੁਤ ਮਸ਼ਹੂਰ ਹੋਇਆ ਜਦੋਂ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਆਯੂਬ ਖਾਨ ਨੇ ਕਿਹਾ ਕਿ ਉਹ ਦਿੱਲੀ ਤੱਕ ਪੈਦਲ ਆਉਣਗੇ ਤਾਂ ਸ਼ਾਸਤਰੀ ਜੀ ਨੇ ਬਹੁਤ ਨਿਮਰਤਾ ਨਾਲ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਇੰਨੀ ਤਕਲੀਫ ਕਰਨ ਦੀ ਲੋੜ ਨਹੀਂ। ਮੈਂ ਖੁਦ ਹੀ ਲਾਹੌਰ ਜਾ ਕੇ ਉਨ੍ਹਾਂ ਦਾ ਸੁਆਗਤ ਕਰਨਾ ਚਾਹਾਂਗਾ।
ਇਸੇ ਤਰ੍ਹਾਂ ਜਦੋਂ ਇਕ ਪੱਤਰਕਾਰ ਨੇ ਆਯੂਬ ਖਾਨ ਦੇ ਲੰਬੇ ਕੱਦ ਦਾ ਹਵਾਲਾ ਦਿੰਦੇ ਹੋਏ ਸ਼ਾਸਤਰੀ ਜੀ ਕੋਲੋਂ ਪੁੱਛਿਆ ਕਿ ਤੁਸੀਂ ਉਨ੍ਹਾਂ ਨਾਲ ਗੱਲਬਾਤ ਕਿਵੇਂ ਕਰੋਗੇ ਕਿਉਂਕਿ ਤੁਹਾਡਾ ਕੱਦ ਛੋਟਾ ਹੈ ਅਤੇ ਉਹ ਲੰਬੇ ਕੱਦ ਦੇ ਹਨ? ਇਸ ’ਤੇ ਸ਼ਾਸਤਰੀ ਜੀ ਨੇ ਸਹਿਜਤਾ ਨਾਲ ਕਿਹਾ ਕਿ ਮੈਂ ਸਿਰ ਉਪਰ ਚੁੱਕ ਕੇ ਗੱਲ ਕਰਾਂਗਾ ਅਤੇ ਉਹ ਸਿਰ ਝੁਕਾ ਕੇ। ਇਨ੍ਹਾਂ ਕਥਨਾਂ ’ਚ ਸ਼ਾਸਤਰੀ ਜੀ ਦਾ ਸਿਰਫ ਖਾਸ ਵਿਅੰਗ ਨਹੀਂ ਸੀ ਸਗੋਂ ਡਿਪਲੋਮੈਟਿਕ ਹੁਨਰ ਅਤੇ ਸਵੈਮਾਣ ਦਾ ਬੇਮਿਸਾਲ ਤਾਲਮੇਲ ਵੀ ਨਜ਼ਰ ਆਉਂਦਾ ਹੈ। ਰੇਲ ਮੰਤਰੀ ਵਜੋਂ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਅਤੇ ਜਵਾਬਦੇਹੀ ਦੀ ਭਾਵਨਾ ਵੀ ਸਾਹਮਣੇ ਆਉਂਦੀ ਹੈ। ਖਾਸ ਕਰ ਕੇ 1956 ’ਚ ਹੋਏ ਇਕ ਰੇਲ ਹਾਦਸੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਨੈਤਿਕਤਾ ਦੇ ਆਧਾਰ ’ਤੇ ਉਨ੍ਹਾਂ ਵਲੋਂ ਦਿੱਤਾ ਗਿਆ ਅਸਤੀਫਾ ਜੋ ਅੱਜ ਦੇ ਸਿਆਸੀ ਮਾਹੌਲ ਤੋਂ ਬਿਲਕੁਲ ਉਲਟ ਨਜ਼ਰ ਆਉਂਦਾ ਹੈ।
ਕੁਝ ਸਮਾਂ ਪਹਿਲਾਂ ਇਤਿਹਾਸਕਾਰ ਸੰਜੀਵ ਚੋਪੜਾ ਜੋ ‘ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਐਡਮਨਿਸਟ੍ਰੇਟਿਵ ਅਕੈਡਮੀ’ ਦੇ ਸਾਬਕਾ ਡਾਇਰੈਕਟਰ ਵੀ ਰਹੇ ਹਨ, ਨੇ ਆਪਣੇ ਡੂੰਘੇ ਤਜਰਬਿਆਂ ਅਤੇ ਦੂਰਦ੍ਰਿਸ਼ਟੀ ਨੂੰ ਸਾਂਝਾ ਕਰਦੇ ਹੋਏ ਸਰਕਾਰੀ ਲੇਖਾਂ, ਸੰਸਦੀ ਬਹਿਸਾਂ, ਨਿੱਜੀ ਚਿੱਠੀਆਂ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ ’ਤੇ ਸ਼ਾਸਤਰੀ ਜੀ ਦੇ ਜੀਵਨ ਦੇ ਬਹੁ-ਮੰਤਵੀ ਅਣਛੂਹੇ ਪਲਾਂ ਨੂੰ ਉਜਾਗਰ ਕਰਦੇ ‘ਦਿ ਗ੍ਰੇਟ ਕੌਂਸਿਲਿਏਟਰ-ਲਾਲ ਬਹਾਦੁਰ ਸ਼ਾਸਤਰੀ’ ਨਾਮਕ ਇਕ ਪੁਸਤਕ ਲਿਖੀ ਹੈ, ਜਿਸ ’ਚ ਉਨ੍ਹਾਂ ਨੇ ਸ਼ਾਸਤਰੀ ਜੀ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਬਚਪਨ, ਉਨ੍ਹਾਂ ਦੀ ਸਿੱਖਿਆ ਅਤੇ ਆਜ਼ਾਦੀ ਸੰਗਰਾਮ ’ਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਆਜ਼ਾਦ ਭਾਰਤ ’ਚ ਉਨ੍ਹਾਂ ਦੀ ਅਗਵਾਈ, ਉਨ੍ਹਾਂ ਦੀ ਕਾਰਜਸ਼ੈਲੀ ਅਤੇ ਦੇਸ਼ ਦੀ ਆਰਥਿਕ, ਖੇਤੀਬਾੜੀ, ਵਿਦੇਸ਼ ਨੀਤੀ ਅਤੇ ਅਦਾਰਿਆਂ ਦੇ ਨਿਰਮਾਣ ’ਚ ਉਨ੍ਹਾਂ ਦੇ ਯੋਗਦਾਨ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਹੈ।
ਲਾਲ ਬਹਾਦੁਰ ਸ਼ਾਸਤਰੀ ਨੇ ਕਦੇ ਵੀ ਸੱਤਾ ਨੂੰ ਦਿਖਾਵੇ ਜਾਂ ਵੈਭਵ ਦਾ ਮਾਧਿਅਮ ਨਹੀਂ ਬਣਾਇਆ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ ਬਹੁਤ ਸਾਦੀ ਰਹੀ। ਉਨ੍ਹਾਂ ਨਾਲ ਜੁੜਿਆ ਸਭ ਤੋਂ ਅਨੋਖਾ ਪੱਖ ਇਹ ਹੈ ਕਿ ਉਹ ਸੱਤਾ ਦੇ ਸਿਖਰ ’ਤੇ ਪਹੁੰਚਣ ਦੇ ਬਾਵਜੂਦ ਹਮੇਸ਼ਾ ਜ਼ਮੀਨ ਨਾਲ ਜੁੜੇ ਰਹੇ ਕਿਉਂਕਿ ਉਹ ਲੋਕਾਂ ’ਚੋਂ ਨਿਕਲ ਕੇ ਆਏ ਸਨ ਅਤੇ ਉਨ੍ਹਾਂ ਦਰਮਿਆਨ ਹੀ ਰਹਿਣਾ ਪਸੰਦ ਕਰਦੇ ਸਨ।
ਅੱਜ ਐਲੋਨ ਮਸਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਜਦੋਂ ਅਸੀਂ ਨਵੇਂ ਅਦਾਰਿਆਂ ਦੀ ਅਹਿਮਤੀਅਤ ਨੂੰ ਸਮਝਦੇ ਹੋਏ ਸਵੈ-ਨਿਰਭਰ ਵਿਕਸਿਤ ਭਾਰਤ ਅਤੇ ‘ਗੁੱਡ ਗਵਰਨੈਂਸ’ ਦੀ ਗੱਲ ਕਰਦੇ ਹਾਂ ਤਾਂ ਸ਼ਾਸਤਰੀ ਜੀ ਦੀ ਸਾਦਗੀ ਭਰੀ ਪਰ ਪ੍ਰਭਾਵਸ਼ਾਲੀ ਲੀਡਰਸ਼ਿਪ ਦੀ ਸ਼ੈਲੀ, ਉਨ੍ਹਾਂ ਦੀਆਂ ਨੀਤੀਆਂ ਅਤੇ ਵਿਰਾਸਤ ਦੇਸ਼ ਦੀਆਂ ਨੀਤੀ ਨਿਰਮਾਣ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦੇ ਹੋਏ ਸਾਨੂੰ ਸਪੱਸ਼ਟ ਰਾਹ ਦਿਖਾ ਰਹੀ ਹੈ।
ਜਿਵੇਂ ਸ਼ਾਸਤਰੀ ਜੀ ਨੇ ਉਸ ਦੌਰ ’ਚ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਵੱਖ-ਵੱਖ ਅਦਾਰਿਆਂ ਨੂੰ ਤਿਆਰ ਕੀਤਾ, ਉਸੇ ਤਰ੍ਹਾਂ ਅੱਜ ਬਦਲਦੇ ਹੋਏ ਕੌਮਾਂਤਰੀ ਸੰਦਰਭ ’ਚ ਨਵੀਆਂ ਤਕਨੀਕਾਂ ਨਾਲ ਲੈਸ ਆਧੁਨਿਕ ਅਦਾਰਿਆਂ ਨੂੰ ਤਿਆਰ ਕਰਨ ਦੀ ਲੋੜ ਹੈ। ਅੱਜ ਦੇ ਨੀਤੀ ਨਿਰਮਾਤਾ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਵਡਮੁੱਲੀ ਸਿੱਖਿਆ ਲੈ ਸਕਦੇ ਹਨ।
–ਰਾਜੇਸ਼ ਓ. ਪੀ. ਸਿੰਘ