ਜੱਜ ਅਤੇ ਵਕੀਲ ਸੰਜਮ ਨਾਲ ਟਿੱਪਣੀਆਂ ਕਰਨ, ਚੀਫ ਜਸਟਿਸ ਚੰਦਰਚੂੜ ਨੇ ਕਿਹਾ
Friday, Aug 09, 2024 - 03:49 AM (IST)
ਜਸਟਿਸ ਡੀ.ਵਾਈ. ਚੰਦਰਚੂੜ 13 ਮਈ, 2016 ਨੂੰ ਸੁਪਰੀਮ ਕੋਰਟ ਦੇ ਜੱਜ ਬਣਨ ਪਿੱਛੋਂ 9 ਨਵੰਬਰ, 2022 ਨੂੰ ਭਾਰਤ ਦੇ ਚੀਫ ਜਸਟਿਸ ਬਣੇ। ਜਸਟਿਸ ਚੰਦਰਚੂੜ ਦੇ ਨਾਂ ’ਤੇ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ’ਚ ਸਭ ਤੋਂ ਵੱਧ ਲੋਕਹਿੱਤਕਾਰੀ ਫੈਸਲੇ ਸੁਣਾਉਣ ਅਤੇ ਟਿੱਪਣੀਆਂ ਕਰਨ ਦਾ ਰਿਕਾਰਡ ਦਰਜ ਹੈ। ਇਨ੍ਹਾਂ ਵੱਲੋਂ ਸਿਰਫ ਇਕ ਹਫਤੇ ’ਚ ਕੀਤੀਆਂ ਗਈਆਂ ਮਹੱਤਵਪੂਰਨ ਟਿੱਪਣੀਆਂ ਹੇਠਾਂ ਦਰਜ ਹਨ :
* 2 ਅਗਸਤ ਨੂੰ ਸ਼੍ਰੀ ਚੰਦਰਚੂੜ ਨੇ ‘ਬਦਲਵੇਂ ਝਗੜਾ ਨਿਵਾਰਨ ਤੰਤਰ’ ਦੇ ਤੌਰ ’ਤੇ ਲੋਕ ਅਦਾਲਤਾਂ ਦੀ ਭੂਮਿਕਾ ’ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ :
‘‘ਲੋਕ ਅਦਾਲਤਾਂ ’ਚ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਬੇੜਾ ਹੋ ਜਾਂਦਾ ਹੈ। ਇਸੇ ਕਾਰਨ ਲੋਕ ਅਦਾਲਤਾਂ ਹਰਮਨਪਿਆਰੀਆਂ ਹੋ ਰਹੀਆਂ ਹਨ। ਲੋਕ ਲੰਬੀ ਚੱਲਣ ਵਾਲੀ ਅਦਾਲਤੀ ਕਾਰਵਾਈ ’ਚ ਨਸ਼ਟ ਹੋਣ ਵਾਲੇ ਸਮੇਂ ਤੋਂ ਇੰਨਾ ਤੰਗ ਆ ਗਏ ਹਨ ਕਿ ਉਹ ਚਾਹੁੰਦੇ ਹਨ ਕਿ ਬਸ ਕਿਸੇ ਤਰ੍ਹਾਂ ਉਨ੍ਹਾਂ ਦੀ ਇਸ ਅਦਾਲਤੀ ਕਾਰਵਾਈ ਤੋਂ ਮੁਕਤੀ ਹੋ ਜਾਵੇ ਕਿਉਂਕਿ ਲੰਬੀ ਅਦਾਲਤੀ ਪ੍ਰਕਿਰਿਆ ਕਿਸੇ ਸਜ਼ਾ ਤੋਂ ਘੱਟ ਨਹੀਂ ਹੈ ਅਤੇ ਇਸੇ ਕਾਰਨ ਇਹ ਜੱਜਾਂ ਲਈ ਚਿੰਤਾ ਦਾ ਵਿਸ਼ਾ ਹੈ।’’
‘‘ਲੋਕ ਅਦਾਲਤ ਦਾ ਮਕਸਦ ਲੋਕਾਂ ਦੇ ਘਰਾਂ ਤੱਕ ਨਿਆਂ ਪਹੁੰਚਾਉਣਾ ਅਤੇ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਅਸੀਂ ਉਨ੍ਹਾਂ ਦੀ ਜ਼ਿੰਦਗੀ ’ਚ ਨਿਰੰਤਰ ਮੌਜੂਦ ਹਾਂ। ਆਪਸੀ ਸਮਝੌਤੇ ਨਾਲ ਹੋਏ ਫੈਸਲੇ ਵਿਰੁੱਧ ਕੋਈ ਅਪੀਲ ਵੀ ਨਹੀਂ ਕੀਤੀ ਜਾ ਸਕਦੀ।’’
ਵਰਨਣਯੋਗ ਹੈ ਕਿ ਲੋਕ ਅਦਾਲਤਾਂ ’ਚ ਨਾਗਰਿਕਾਂ ਨਾਲ ਸਬੰਧਤ ਮਾਮਲਿਆਂ ਨੂੰ ਪੂਰੀ ਤਰ੍ਹਾਂ ਨਾਲ ਸਵੈ-ਇੱਛੁਕ ਅਤੇ ਸਹਿਮਤੀ ਭਰੇ ਤਰੀਕੇ ਨਾਲ ਦੋਵਾਂ ਧਿਰਾਂ ਦੀ ਤਸੱਲੀ ਅਨੁਸਾਰ ਹੱਲ ਕੀਤਾ ਜਾਂਦਾ ਹੈ ਅਤੇ ਦੋਵਾਂ ਧਿਰਾਂ ਦੇ ਅਦਾਲਤੀ ਖਰਚ ’ਚ ਵੀ ਕਮੀ ਆਉਂਦੀ ਹੈ।
* 6 ਅਗਸਤ ਨੂੰ ਵਕੀਲਾਂ ਵੱਲੋਂ ਜੱਜਾਂ ’ਤੇ ਮਾਮਲੇ ਦੀ ਛੇਤੀ ਸੁਣਵਾਈ ਲਈ ਜ਼ੋਰ ਦੇਣ ਦੇ ਰੁਝਾਨ ਤੋਂ ਨਾਰਾਜ਼ ਸ਼੍ਰੀ ਚੰਦਰਚੂੜ ਨੇ ਉਨ੍ਹਾਂ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ, ‘‘ਕਿਰਪਾ ਕਰ ਕੇ ਅਦਾਲਤ ਨੂੰ ਹਦਾਇਤਾਂ ਨਾ ਦਿਓ। ਤੁਸੀਂ ਇਕ ਦਿਨ ਲਈ ਇੱਥੇ ਆ ਕੇ ਬੈਠ ਕਿਉਂ ਨਹੀਂ ਜਾਂਦੇ? ਤਦ ਤੁਸੀਂ ਅਦਾਲਤ ਨੂੰ ਦੱਸੋ ਕਿ ਤੁਸੀਂ ਕਿਹੜੀ ਤਰੀਕ ਚਾਹੁੰਦੇ ਹੋ?’’
‘‘ਤੁਸੀਂ ਮਹਿਸੂਸ ਕਰੋਗੇ ਕਿ ਅਦਾਲਤ ’ਚ ਕੰਮ ਦਾ ਕਿੰਨਾ ਦਬਾਅ ਹੁੰਦਾ ਹੈ। ਕਿਰਪਾ ਕਰ ਕੇ ਇੱਥੇ ਆਓ ਅਤੇ ਇਕ ਦਿਨ ਲਈ ਬੈਠੋ। ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਆਪਣੀ ਜਾਨ ਛੁਡਾ ਕੇ ਭੱਜੋਗੇ।’’
ਜਸਟਿਸ ਚੰਦਰਚੂੜ ਨੇ ਜਿੱਥੇ ਵਕੀਲਾਂ ਨੂੰ ਉਕਤ ਨਸੀਹਤ ਦਿੱਤੀ ਹੈ ਉੱਥੇ ਹੀ ਉਨ੍ਹਾਂ ਨੇ ਜੱਜਾਂ ਦੇ ਫੈਸਲਿਆਂ ਅਤੇ ਟਿੱਪਣੀਆਂ ’ਤੇ ਵੀ ਬੇਬਾਕ ਰਾਇ ਪ੍ਰਗਟ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਬੀਰ ਸਹਿਰਾਵਤ ਨੇ ਸੁਪਰੀਮ ਕੋਰਟ ਵਿਰੁੱਧ ਟਿੱਪਣੀ ਕਰਦਿਆਂ ਕਿਹਾ ਸੀ ਕਿ ‘‘ਸੁਪਰੀਮ ਕੋਰਟ ’ਚ ਇਹ ਮੰਨ ਲੈਣ ਦਾ ਰੁਝਾਨ ਹੈ ਕਿ ਉਹ ਵੱਧ ਸਰਵਉੱਚ ਹੈ।’’
* 7 ਅਗਸਤ ਨੂੰ ਉਕਤ ਟਿੱਪਣੀਆਂ ਦਾ ਖੁਦ ਨੋਟਿਸ ਲੈਂਦਿਆਂ ਇਨ੍ਹਾਂ ਨੂੰ ਹਟਾਉਂਦੇ ਹੋਏ ਸ਼੍ਰੀ ਚੰਦਰਚੂੜ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਬੈਂਚ ਨੇ ਕਿਹਾ :
‘‘ਪੰਜਾਬ-ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਬੀਰ ਸਹਿਰਾਵਤ ਦੀਆਂ ਟਿੱਪਣੀਆਂ ਡੂੰਘੀ ਚਿੰਤਾ ਦਾ ਵਿਸ਼ਾ ਹਨ। ਨਾ ਤਾਂ ਸੁਪਰੀਮ ਕੋਰਟ ਸਰਵਉੱਚ ਹੈ ਅਤੇ ਨਾ ਹੀ ਹਾਈ ਕੋਰਟ। ਅਸਲ ’ਚ ਭਾਰਤ ਦਾ ਸੰਵਿਧਾਨ ਸਰਵਉੱਚ ਹੈ। ਹਾਈ ਕੋਰਟ ’ਚ ਕਾਰਵਾਈ ਦੇ ਸੰਚਾਲਨ ਲਈ ਅਜਿਹੀਆਂ ਟਿੱਪਣੀਆਂ ਪੂਰੀ ਤਰ੍ਹਾਂ ਬੇਲੋੜੀਆਂ ਸਨ।’’
ਸੁਪਰੀਮ ਕੋਰਟ ਨੇ ਜਸਟਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘‘ਭਵਿੱਖ ’ਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ ਬੈਂਚ ਵੱਲੋਂ ਪਾਸ ਹੁਕਮਾਂ ’ਤੇ ਵਿਚਾਰ ਕਰਦੇ ਸਮੇਂ ਉਨ੍ਹਾਂ ਤੋਂ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਉਮੀਦ ਕੀਤੀ ਜਾਂਦੀ ਹੈ।’’
* 7 ਅਗਸਤ ਨੂੰ ਹੀ ਜਸਟਿਸ ਡੀ. ਵਾਈ. ਚੰਦਰਚੂੜ ਨੇ ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ’ਚ ਕਿਹਾ, ‘‘ਜੱਜ ਬਣ ਕੇ ਰਿਟਾਇਰ ਹੋਣ ਵਾਲੇ ਵਿਅਕਤੀ ਨੂੰ ਸਿਆਸਤ ’ਚ ਆਉਣ ਤੋਂ ਪਹਿਲਾਂ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ ਅਤੇ ਇਸ ’ਚ ਕਾਫੀ ਵਕਫਾ ਹੋਣਾ ਚਾਹੀਦਾ।’’
‘‘ਜਿਨ੍ਹਾਂ ਨੂੰ ਲੋਕ ਅਦਾਲਤਾਂ ਦੀਆਂ ਲੰਬੀਆਂ ਛੁੱਟੀਆਂ ਕਹਿੰਦੇ ਹਨ, ਉਨ੍ਹਾਂ ’ਚ ਵੀ ਜੱਜ ਤਿਆਰੀ ਕਰਦੇ ਹਨ। ਜੱਜਾਂ ਨੂੰ ਸਮਾਂ ਨਹੀਂ ਦਿਓਗੇ ਤਾਂ ਉਹ ਕੰਮ ਕਿਵੇਂ ਕਰਨਗੇ?’’
‘‘ਕੇਂਦਰ ਅਤੇ ਸੂਬਾ ਸਰਕਾਰਾਂ ਛੋਟੇ-ਛੋਟੇ ਮਾਮਲੇ ਵੀ ਸੁਪਰੀਮ ਕੋਰਟ ’ਚ ਲੈ ਆਉਂਦੀਆਂ ਹਨ, ਇਸ ਨਾਲ ਬੋਝ ਵਧਦਾ ਹੈ।’’
‘‘ਲੋਕ ਅਦਾਲਤਾਂ ’ਚ ਜਾਣ ਤੋਂ ਇਸ ਲਈ ਡਰਦੇ ਹਨ ਕਿਉਂਕਿ ਅਦਾਲਤਾਂ ਦੀ ਭਾਸ਼ਾ, ਸ਼ੈਲੀ ਅਤੇ ਪ੍ਰਕਿਰਿਆ ਆਮ ਨਹੀਂ ਹੈ। ਇਸ ਨੂੰ ਸੌਖੀ ਅਤੇ ਆਮ ਆਦਮੀ ਦੇ ਹਿਸਾਬ ਨਾਲ ਬਣਾਇਆ ਜਾਵੇ ਤਾਂ ਕਾਫੀ ਸੁਧਾਰ ਹੋ ਸਕਦਾ ਹੈ।’’
ਇਸ ਸਮੇਂ ਜਦਕਿ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਲਗਭਗ ਅਕਿਰਿਆਸ਼ੀਲ ਹੋ ਚੁੱਕੀਆਂ ਹਨ, ਨਿਆਪਾਲਿਕਾ ਅਹਿਮ ਮੁੱਦਿਆਂ ’ਤੇ ਕਈ ਲੋਕਹਿੱਤੂ ਫੈਸਲੇ ਲੈ ਰਹੀਆਂ ਹਨ। ਅਜਿਹੇ ’ਚ ਜਸਟਿਸ ਡੀ. ਵਾਈ. ਚੰਦਰਚੂੜ ਦੀਆਂ ਉਕਤ ਟਿੱਪਣੀਆਂ ਇਕ ਰੋਸ਼ਨ ਮੀਨਾਰ ਦੇ ਬਰਾਬਰ ਹੀ ਹਨ।
-ਵਿਜੇ ਕੁਮਾਰ