ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਮਦਦਗਾਰਾਂ ਦਾ ਸਫਾਇਆ ਕਰਨਾ ਜ਼ਰੂਰੀ

Wednesday, Oct 02, 2024 - 04:30 AM (IST)

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਤੱਤਾਂ ਨੂੰ ਸ਼ਹਿ ਦੇਣ ਵਾਲੇ ਉਨ੍ਹਾਂ ਦੇ ਮਦਦਗਾਰਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੁਹਿੰਮ ਚਲਾ ਰੱਖੀ ਹੈ। ਇਸੇ ਲੜੀ ’ਚ ਪਿਛਲੇ ਕੁਝ ਸਮੇਂ ਦੌਰਾਨ ਅੱਤਵਾਦੀਆਂ ਦੇ ਕਈ ਮਦਦਗਾਰ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ’ਚੋਂ ਚੰਦ ਘਟਨਾਵਾਂ ਹੇਠਾਂ ਦਰਜ ਹਨ :
* 19 ਜੂਨ ਨੂੰ ਪੁਲਸ ਨੇ ਅੱਤਵਾਦੀਆਂ ਦੇ ਇਕ ਮਦਦਗਾਰ (ਓਵਰ ਗ੍ਰਾਊਂਡ ਵਰਕਰ) ‘ਹਾਕਮ’ ਨੂੰ ਗ੍ਰਿਫਤਾਰ ਕੀਤਾ। ਉਸ ’ਤੇ 9 ਜੂਨ ਨੂੰ ਵੈਸ਼ਣੋ ਦੇਵੀ ਤੀਰਥ ਯਾਤਰੀਆਂ ਨੂੰ ਲਿਜਾ ਰਹੀ ਬੱਸ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੇ ਗਾਈਡ ਵਜੋਂ ਕੰਮ ਕਰਨ ਦਾ ਦੋਸ਼ ਹੈ। ਇਸ ਘਟਨਾ ’ਚ 9 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ।
* 17 ਜੁਲਾਈ ਨੂੰ ਡੋਡਾ ’ਚ ਪੁਲਸ ਨੇ ਵੱਖ-ਵੱਖ ਅੱਤਵਾਦੀ ਹਮਲਿਆਂ ’ਚ ਸ਼ਾਮਲ ਅੱਤਵਾਦੀਆਂ ਦੇ ਮਦਦਗਾਰਾਂ ਦੇ ਨੈੱਟਵਰਕ ਵਿਰੁੱਧ ਕਾਰਵਾਈ ਦੌਰਾਨ 4 ਮਦਦਗਾਰਾਂ ਮੁਬਾਸ਼ਿਰ ਹੁਸੈਨ, ਸਫਦਰ ਅਲੀ, ਸੱਜਾਦ ਅਹਿਮਦ ਅਤੇ ਸ਼ੌਕਤ ਅਲੀ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਜਾਂਚ ਸ਼ੁਰੂ ਕੀਤੀ।
* 24 ਜੁਲਾਈ ਨੂੰ ਜੰਮੂ-ਕਸ਼ਮੀਰ ਸਰਕਾਰ ਨੇ ਰਾਸ਼ਟਰ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਦੇ ਦੋਸ਼ ’ਚ 2 ਪੁਲਸ ਕਾਂਸਟੇਬਲਾਂ ਇਮਤਿਆਜ਼ ਅਹਿਮਦ ਲੋਨ, ਮੁਸ਼ਤਾਕ ਅਹਿਮਦ ਪੀਰ, ਸਕੂਲ ਸਿੱਖਿਆ ਵਿਭਾਗ ਦੇ ਇਕ ਜੂਨੀਅਰ ਅਸਿਸਟੈਂਟ ਬਾਜਿਲ ਅਹਿਮਦ ਮੀਰ ਅਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ’ਚ ਇਕ ਮੁਲਾਜ਼ਮ ਅਤੇ ਕੱਟੜ ਡਰੱਗਜ਼ ਸਮੱਗਲਰ ਮੁਹੰਮਦ ਜੈਦ ਸ਼ਾਹ ਨੂੰ ਗ੍ਰਿਫਤਾਰ ਕੀਤਾ।
ਮੁਹੰਮਦ ਜੈਦ ਸ਼ਾਹ ਉਨ੍ਹਾਂ ਲੋਕਾਂ ਦੇ ਲਗਾਤਾਰ ਸੰਪਰਕ ’ਚ ਸੀ ਜੋ 1990 ’ਚ ਅੱਤਵਾਦੀ ਟ੍ਰੇਨਿੰਗ ਲਈ ਪਾਕਿਸਤਾਨ ’ਚ ਘੁਸਪੈਠ ਕਰ ਕੇ ਗਏ ਸਨ ਅਤੇ ਇਸ ਸਮੇਂ ਪੀ. ਓ. ਕੇ. ’ਚ ਵੱਸੇ ਹੋਏ ਹਨ। ਮੁਹੰਮਦ ਜੈਦ ਸ਼ਾਹ ਨੂੰ ਸਰਹੱਦ ਪਾਰ ਦੇ ਡਰੱਗ ਸਮੱਗਲਰਾਂ ਕੋਲੋਂ ਹੈਰੋਇਨ ਦੀ ਵੱਡੀ ਖੇਪ ਮਿਲੀ ਸੀ।
* 25 ਜੁਲਾਈ ਨੂੰ ਜੰਮੂ-ਕਸ਼ਮੀਰ ’ਚ ਜੈਸ਼-ਏ-ਮੁਹੰਮਦ ਦੇ ਦੋ ਮਦਦਗਾਰਾਂ ‘ਲਿਆਕਤ’ ਅਤੇ ‘ਰਾਜ’ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰ ਮਦਦਗਾਰ ਅੱਤਵਾਦੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਆਦਿ ਮੁਹੱਈਆ ਕਰਵਾਉਂਦੇ ਸਨ।
* 13 ਅਗਸਤ ਨੂੰ ਜੰਮੂ ਡਵੀਜ਼ਨ ’ਚ ਸਰਹੱਦ ਪਾਰ ਪਾਕਿਸਤਾਨ ਤੋਂ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੇ ਖਾਣ-ਪੀਣ ਦਾ ਬੰਦੋਬਸਤ ਕਰਨ ਵਾਲੇ ਇਕ ਵੱਡੇ ਨੈੱਟਵਰਕ ਦਾ ਭਾਂਡਾ ਭੰਨ ਕੇ ਇਸ ਦੇ ਸਰਗਣਾ ਮੁਹੰਮਦ ਲਤੀਫ ਸਮੇਤ 9 ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਾਕਿਸਤਾਨ ’ਚ ਆਪਣੇ ਹੈਂਡਲਰਾਂ ਦੇ ਲਗਾਤਾਰ ਸੰਪਰਕ ’ਚ ਰਹਿਣ ਵਾਲੇ ਇਨ੍ਹਾਂ ਮਦਦਗਾਰਾਂ ਨੂੰ ਪੂਰੀ ਜਾਣਕਾਰੀ ਹੁੰਦੀ ਸੀ ਕਿ ਕਦੋਂ ਅਤੇ ਕਿਥੇ ਘੁਸਪੈਠ ਹੋਣ ਵਾਲੀ ਹੈ।
* 28 ਸਤੰਬਰ ਨੂੰ ਅਵਾਂਤੀਪੋਰਾ ਪੁਲਸ ਨੇ ਅੱਤਵਾਦੀਆਂ ਦੇ 6 ਮਦਦਗਾਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 5 ਆਈ. ਈ. ਡੀ., 30 ਡੈਟੋਨੇਟਰ, ਆਈ. ਈ. ਡੀ. ਲਈ 17 ਬੈਟਰੀਆਂ, 2 ਪਿਸਤੌਲ, 3 ਮੈਗਜ਼ੀਨ, ਪਿਸਤੌਲ ਦੇ 25 ਜ਼ਿੰਦਾ ਕਾਰਤੂਸ, 4 ਹੱਥਗੋਲੇ ਅਤੇ 20,000 ਰੁਪਏ ਨਕਦ ਬਰਾਮਦ ਕੀਤੇ।
ਅਵਾਂਤੀਪੋਰਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਜਿਹੇ ਨੌਜਵਾਨਾਂ ਦੀ ਪਛਾਣ ਕਰ ਰਿਹਾ ਹੈ ਜਿਨ੍ਹਾਂ ਨੂੰ ਅੱਤਵਾਦੀ ਗਿਰੋਹ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਤ੍ਰਾਸਦੀ ਇਹ ਹੈ ਕਿ ਇਸ ਤਰ੍ਹਾਂ ਦੀਆਂ ਰਾਸ਼ਟਰ ਵਿਰੋਧੀ ਸਰਗਰਮੀਆਂ ’ਚ ਚੰਦ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਪਾਏ ਜਾ ਰਹੇ ਹਨ ਜੋ ਉਸੇ ਥਾਲੀ ’ਚ ਛੇਕ ਕਰ ਰਹੇ ਹਨ ਜਿਸ ’ਚ ਉਹ ਖਾਂਦੇ ਹਨ। ਇਸ ਲਈ ਜੰਮੂ-ਕਸ਼ਮੀਰ ’ਚ ਅੱਤਵਾਦ ਖਤਮ ਕਰ ਕੇ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਲਈ ਇਥੇ ਮੌਜੂਦ ਕਾਲੀਆਂ ਭੇਡਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਬਹੁਤ ਜ਼ਰੂਰੀ ਹੈ।
ਅਜਿਹਾ ਕਰ ਕੇ ਹੀ ਇਸ ਅਸ਼ਾਂਤ ਸੂਬੇ ’ਚ ਸ਼ਾਂਤੀ ਅਤੇ ਖੁਸ਼ਹਾਲੀ ਕਾਇਮ ਕੀਤੀ ਜਾ ਸਕੇਗੀ। ਇਸ ਲਈ ਇਸ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ।
–ਵਿਜੇ ਕੁਮਾਰ
 


Inder Prajapati

Content Editor

Related News