ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ
Saturday, Aug 08, 2026 - 12:22 PM (IST)
8 ਅਗਸਤ 1942 ਦਾ ‘ਭਾਰਤ ਛੱਡੋ ਅੰਦੋਲਨ’ ਯਾਦ ਹੈ ਅਤੇ ਅੱਜ ਅਸੀਂ ਸੱਤਾ ਅਤੇ ਸਿਸਟਮ ਦੀ ਬਦਬੂ ਨੂੰ ਸਾਫ਼ ਕਰਨਾ ਭੁੱਲ ਰਹੇ ਹਾਂ। 84 ਸਾਲ ਪਹਿਲਾਂ ‘ਅੰਗਰੇਜ਼ੋ ਭਾਰਤ ਛੋੜੋ’ ਦਾ ਸੰਕਲਪ ਲਿਆ ਸੀ ਅਤੇ ‘ਕਰੋ ਜਾਂ ਮਰੋ’ ਦਾ ਨਾਅਰਾ ਦਿੱਤਾ ਸੀ। ਅੰਗਰੇਜ਼ਾਂ ਨੂੰ ਤਾਂ ਆਖ਼ਰਕਾਰ ਜਾਣਾ ਹੀ ਪਿਆ ਅਤੇ ਅਸੀਂ ਆਜ਼ਾਦ ਰਾਸ਼ਟਰ ਬਣੇ। ਉਦੋਂ ਤੋਂ ਲੈ ਕੇ ਹੁਣ ਤੱਕ ਦਾ ਮੁਲਾਂਕਣ ਅਤੇ ਲੇਖਾ-ਜੋਖਾ ਕਰਨਾ ਜ਼ਰੂਰੀ ਹੈ।
ਇਤਿਹਾਸ ਦੀ ਗੱਲ
ਬ੍ਰਿਟਿਸ਼ ਹਕੂਮਤ ਨੇ ਬਹੁਤ ਸਾਰੀਆਂ ਚਾਲਾਂ ਚੱਲੀਆਂ ਅਤੇ ਉਹ ਕਾਮਯਾਬ ਵੀ ਹੋਏ। ਧਾਰਮਿਕ ਏਕਤਾ ਨੂੰ ਟੁਕੜੇ-ਟੁਕੜੇ ਕਰਨਾ, ਨਾਗਰਿਕਾਂ ਨੂੰ ਆਪਸ ’ਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਨਾ ਅਤੇ ਅਜਿਹੀ ਸਿੱਖਿਆ ਨੀਤੀ ਬਣਾਉਣੀ ਕਿ ਦੇਸ਼ ਦੇ ਪ੍ਰਤਿਭਾਸ਼ਾਲੀ ਉੱਥੇ ਵੱਸਣ ਅਤੇ ਇੱਥੇ ਉਨ੍ਹਾਂ ਦੇ ਜਾਣ ਤੋਂ ਬਾਅਦ ਦੇਸੀ ਅੰਗਰੇਜ਼ ਸ਼ਾਸਨ ਦੀ ਵਾਗਡੋਰ ਸੰਭਾਲੀ ਰੱਖਣ।
ਕੱਚਾ ਮਾਲ ਆਪਣੇ ਦੇਸ਼ ਲੈ ਗਏ ਅਤੇ ਉੱਥੇ ਸਾਨੂੰ ਹੋਰ ਦੂਜੇ ਦੇਸ਼ਾਂ ਨੂੰ ਵੇਚਣ ਲਈ ਪੱਕਾ ਮਾਲ ਤਿਆਰ ਕੀਤਾ। ਆਵਾਜਾਈ ਭਾਵ ਟਰਾਂਸਪੋਰਟੇਸ਼ਨ ਦਾ ਇੰਤਜ਼ਾਮ ਕੀਤਾ। ਰੇਲ, ਪੁਲ, ਸੜਕ ਦਾ ਨਿਰਮਾਣ ਅਤੇ ਆਪਣਾ ਅਕਸ ਜਾਂ ਯਾਦਗਾਰ ਛੱਡਣ ਲਈ ਭਵਨਾਂ, ਇਮਾਰਤਾਂ ਅਤੇ ਦੇਸ਼ ਭਰ ’ਚ ਅਨੇਕਾਂ ਮੂਰਤੀਆਂ ਦੀ ਸਥਾਪਨਾ ਕੀਤੀ।
ਇਹ ਸਭ ਤਾਂ ਉਹ ਆਪਣੇ ਨਾਲ ਲੈ ਕੇ ਜਾ ਨਹੀਂ ਸਕਦੇ ਸਨ ਪਰ ਅਨੇਕਾਂ ਅਜਿਹੀਆਂ ਬੁਰਾਈਆਂ ਅਤੇ ਸਮੱਸਿਆਵਾਂ ਛੱਡ ਗਏ ਜਿਨ੍ਹਾਂ ਦਾ ਹੱਲ ਕਰਦਿਆਂ-ਕਰਦਿਆਂ ਪੀੜ੍ਹੀਆਂ ਬੀਤ ਗਈਆਂ ਪਰ ਹੱਲ ਨਹੀਂ ਹੋਇਆ। ਸਿੱਖਿਆ ਨੀਤੀਆਂ ਬਣਾਉਂਦੇ ਰਹੇ, ਭਾਰਤੀ ਜ਼ਾਬਤਾ ਕਾਨੂੰਨ ਬਣਾ ਕੇ ਕਾਨੂੰਨ ’ਚ ਸੋਧਾਂ ਕੀਤੀਆਂ ਅਤੇ ਨਿਆਂ ਪ੍ਰਣਾਲੀ ਨੂੰ ਸਾਰਿਆਂ ਲਈ ਸੌਖਾ ਅਤੇ ਪਾਰਦਰਸ਼ੀ ਬਣਾਉਣ ਦੇ ਯਤਨ ਕੀਤੇ।
ਬੇਰੋਜ਼ਗਾਰੀ ਦੂਰ ਕਰਨ ਅਤੇ ਉੱਦਮਤਾ ਨੂੰ ਹੱਲਾਸ਼ੇਰੀ ਦੇਣ ਲਈ ਕਈ ਪ੍ਰੋਗਰਾਮ ਚਲਾਏ। ਗ਼ਰੀਬੀ ਖ਼ਤਮ ਕਰਨ ਲਈ ਖਾਤਿਆਂ ’ਚ ਨਕਦ ਰਕਮ ਪਹੁੰਚਾਈ ਅਤੇ ਕੋਈ ਭੁੱਖਾ ਨਾ ਰਹੇ, ਅਨਾਜ, ਗੈਸ ਸਿਲੰਡਰ ਮੁਹੱਈਆ ਕਰਵਾਏ। ਮਤਲਬ ਇਹ ਕਿ ਹਰੇਕ ਸਰਕਾਰ ਨੇ ਕੁਝ ਜਨਤਾ ਲਈ ਅਤੇ ਬਹੁਤ ਕੁਝ ਆਪਣੇ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤਾ।
ਹਕੀਕਤ
ਸਭ ਤੋਂ ਵੱਡੀ ਗੱਲ ਇਹ ਕਿ ਵਿਦੇਸ਼ੀ ਹਮਲਾਵਰਾਂ ਨੇ ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਕੀਤੀਆਂ ਕਿ ਕੋਈ ਉਪਾਅ ਕੰਮ ਨਹੀਂ ਆ ਸਕਿਆ। ਸਿਸਟਮ ਇੰਨਾ ਖੋਖਲਾ ਹੋ ਗਿਆ ਕਿ ਪੱਤਾ-ਪੱਤਾ ਅਤੇ ਬੂਟਾ-ਬੂਟਾ ਇਸ ਦੀ ਲਪੇਟ ’ਚ ਆ ਕੇ ਪੂਰੇ ਰੁੱਖ ਨੂੰ ਸੜਾਉਣ ਦਾ ਕੰਮ ਕਰ ਰਿਹਾ ਹੈ।
ਉਦਾਹਰਣ: ਨਿਆਂ ਸੌਖਾ ਹੁੰਦਾ ਅਤੇ ਨਿਆਂ ’ਚ ਦੇਰੀ ਦਾ ਅਰਥ ਅਨਿਆਂ ਹੁੰਦਾ ਤਾਂ ਸੁਪਰੀਮ ਕੋਰਟ ’ਚ 80 ਹਜ਼ਾਰ, ਹਾਈ ਕੋਰਟ ’ਚ 60 ਲੱਖ ਕੇਸ ਅਤੇ ਹੇਠਲੀਆਂ ਅਦਾਲਤਾਂ ’ਚ ਕਰੋੜਾਂ ਮੁਕੱਦਮੇ ਪੈਂਡਿੰਗ ਨਾ ਹੁੰਦੇ। ਬਹੁਤ ਸਾਰੇ ਤਾਂ ਦਾਦੇ ਤੋਂ ਸ਼ੁਰੂ ਹੋਏ ਅਤੇ ਪੋਤਾ ਤਰੀਕ ਭੁਗਤ ਰਿਹਾ ਹੈ। ਕਿੰਨੇ ਬੇਕਸੂਰ ਜੇਲ ’ਚ ਹਨ ਅਤੇ ਕਿੰਨੇ ਦੋਸ਼ੀ ਖੁੱਲ੍ਹੇਆਮ ਹਨ, ਜੱਗ-ਜ਼ਾਹਿਰ ਹੈ।
ਸਵਾਲ : 77 ਸਾਲਾਂ ’ਚ ਜੱਜਾਂ ਦੀ ਭਰਤੀ ਕਿਉਂ ਨਹੀਂ ਪੂਰੀ ਹੋਈ, ਕੋਰਟ ਡਿਜੀਟਲ ਕਿਉਂ ਨਹੀਂ ਅਤੇ ਤਰੀਕ ’ਤੇ ਤਰੀਕ ਕਿਉਂ?
ਹਰ ਪਾਸੇ ਕਮੀਆਂ ਹੀ ਕਮੀਆਂ
ਸਿੱਖਿਆ ਰਸਾਤਲ ’ਚ ਹੈ ਕਿਉਂਕਿ ਅਧਿਆਪਕਾਂ ਦਾ 5 ’ਚੋਂ 1 ਅਹੁਦਾ ਖ਼ਾਲੀ ਹੈ, ਡੇਢ ਲੱਖ ਸਕੂਲਾਂ ’ਚ ਸਿਰਫ਼ 1 ਅਧਿਆਪਕ ਹੈ, ਇਕ ਲੱਖ ’ਚ ਪ੍ਰਿੰਸੀਪਲ ਹੀ ਨਹੀਂ ਹੈ। 5ਵੀਂ ਦਾ 50 ਫ਼ੀਸਦੀ ਬੱਚਾ ਦੂਜੀ ਜਮਾਤ ਦਾ ਪੈਰਾ ਨਹੀਂ ਪੜ੍ਹ ਪਾਉਂਦਾ।
ਸਵਾਲ : ਨੀਲਕਣੀ ਟਾਸਕ ਫ਼ੋਰਸ ਪੇਪਰ ਬਚਾਏਗੀ ਪਰ ਜਦੋਂ ਸਕੂਲ ’ਚ ਪੜ੍ਹਾਉਣ ਵਾਲਾ ਹੀ ਨਹੀਂ, ਉਸ ਦਾ ਕੀ?
ਪੜ੍ਹਾਈ-ਲਿਖਾਈ ਤੋਂ ਬਾਅਦ ਸਿਹਤ ਦੀ ਦੇਖਭਾਲ ਦੀ ਗੱਲ ਕਰੀਏ ਤਾਂ ਡਬਲਯੂ. ਐੱਚ. ਓ. ਅਨੁਸਾਰ ਦਸ ਲੱਖ ਡਾਕਟਰਾਂ ਅਤੇ ਤੀਹ ਲੱਖ ਨਰਸਾਂ ਦੀ ਘਾਟ ਹੈ। ਇਕ ਚੌਥਾਈ ਸਿਹਤ ਕੇਂਦਰਾਂ ’ਚ ਡਾਕਟਰ ਹੀ ਨਹੀਂ ਹਨ।
ਸਵਾਲ : ਆਯੁਸ਼ਮਾਨ ਹੈ ਪਰ ਪੰਜ ਕਿਲੋਮੀਟਰ ਤੱਕ ਨਾ ਕੋਈ ਕੇਂਦਰ ਹੈ ਨਾ ਹਸਪਤਾਲ ਅਤੇ ਦੂਰ-ਦੁਰਾਡੇ ਅਤੇ ਆਦਿਵਾਸੀ ਇਲਾਕਿਆਂ ’ਚ ਤਾਂ ਘੱਟੋ-ਘੱਟ ਸਹੂਲਤ ਦੇ ਵੀ ਲਾਲੇ ਪਏ ਹੋਏ ਹਨ।
ਸਾਰੇ ਰਾਜ ਆਪਸੀ ਤਾਲਮੇਲ ਨਾ ਹੋਣ ਕਰ ਕੇ ਆਪਣੀ ਢੋਲਕੀ ਆਪਣਾ ਰਾਗ ਅਲਾਪ ਰਹੇ ਹਨ। ਪਾਣੀ ਦੀ ਉਦਾਹਰਣ ਦੇਖੋ—ਕਾਵੇਰੀ, ਕ੍ਰਿਸ਼ਨਾ, ਸਤਲੁਜ-ਯਮੁਨਾ ਵਿਵਾਦ ਅੱਧੀ ਸਦੀ ਤੋਂ ਚੱਲ ਰਿਹਾ ਹੈ। ਨਾ ਟ੍ਰਿਬਿਊਨਲ ਦਾ ਫ਼ੈਸਲਾ ਮੰਨਦੇ ਹਨ ਨਾ ਆਪਸ ’ਚ ਕੋਈ ਸਮਝੌਤਾ ਕਰਦੇ ਹਨ। ਸਵਾਲ : ਦੇਸ਼ ਇਕ ਹੈ ਪਰ ਸਿਸਟਮ ਦੇ ਚਿੱਥੜੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕਿਉਂ? ਜੀ. ਐੱਸ. ਟੀ. ਕੌਂਸਲ ਚੱਲ ਸਕਦੀ ਹੈ ਤਾਂ ‘ਸਿੱਖਿਆ-ਸਿਹਤ-ਨਿਆਂ ਕੌਂਸਲ’ ਕਿਉਂ ਨਹੀਂ?
ਵਿਦੇਸ਼ ਨਾਲ ਤੁਲਨਾ
ਜਰਮਨੀ ’ਚ ਪੜ੍ਹਾਈ ਦੇ ਨਾਲ ਫ਼ੈਕਟਰੀ ’ਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਦੱਖਣੀ ਕੋਰੀਆ ’ਚ ਸਟਾਰਟਅੱਪ ਈਕੋਸਿਸਟਮ ਨੂੰ ਸਰਕਾਰ ਵੱਲੋਂ ਫ਼ੰਡ ਮਿਲਦਾ ਹੈ। ਚੀਨ ਨੇ ਦਸ ਸਾਲਾਂ ’ਚ ਅੱਸੀ ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ। ਪਿੰਡ-ਪਿੰਡ ’ਚ ਫ਼ੈਕਟਰੀ, ਈ-ਕਾਮਰਸ ਅਤੇ ਇਨਫ਼ਰਾਸਟ੍ਰਕਚਰ ਹੈ।
ਸਵਾਲ : ਅਸੀਂ ਦੁਨੀਆ ਦੀ ਸਭ ਤੋਂ ਵੱਡੀ ਵਰਕ ਫ਼ੋਰਸ ਨੂੰ ‘ਪ੍ਰੀਖਿਆ ਹਾਲ’ ’ਚ ਸੜਾ ਰਹੇ ਹਾਂ। ਡਿਗਰੀ ਹੈ, ਹੁਨਰ ਨਹੀਂ ਹੈ। ਫ਼ੈਕਟਰੀ ਨਹੀਂ, ਸਿਰਫ਼ ਫ਼ਾਰਮ ਹੈ। ਡੈਨਮਾਰਕ ’ਚ ਡਿਜੀਟਲ ਗਵਰਨੈਂਸ ਹੈ। ਹਰ ਫ਼ਾਈਲ ਆਨਲਾਈਨ ਹੈ, ਕੋਈ ਵੀ ਦੇਖ ਸਕਦਾ ਹੈ। ਸਿੰਗਾਪੁਰ ’ਚ ਭ੍ਰਿਸ਼ਟਾਚਾਰ ’ਤੇ ਉਮਰ ਕੈਦ ਅਤੇ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਹੈ।
ਸਵਾਲ : 10 ਕਰੋੜ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਵਾਲਾ ਬਿੱਲ ਹੈ ਪਰ ਫੜਿਆ ਕੌਣ ਜਾਵੇਗਾ, ਮਾਫ਼ੀਆ ਜਾਂ ਮੋਹਰਾ ?
ਇਹੋ ਕੁਝ ਅਜਿਹੇ ਸਵਾਲ ਹਨ ਜੋ ਨਾਗਰਿਕ ਖੁੱਦ ਤੋਂ ਪੁੱਛਣ ਤੋਂ ਬਾਅਦ ਸੱਤਾਧਾਰੀਆਂ ਤੋਂ ਪੁੱਛੇ ਅਤੇ ਉਨ੍ਹਾਂ ਨਾਲ ਬਹਿਸ ਕਰੇ। ਚੁੱਪ ਰਹਿਣ ਨਾਲ ਉਹ ਮਜ਼ਬੂਤ ਹੁੰਦੇ ਹਨ ਅਤੇ ਨਾਲ ਸਾਡੀ ‘ਸਬ ਚੱਲਦਾ ਹੈ’ ਦੀ ਮਾਨਸਿਕਤਾ ਦੀ ਪੁਸ਼ਟੀ ਕਰਦਾ ਹੈ, ਇਸ ਤੋਂ ਗੁਲਾਮੀ ਦੀ ਆਦਤ ਖ਼ਤਮ ਨਹੀਂ ਹੁੰਦੀ ਸਗੋਂ ਅੱਤਿਆਚਾਰ ਅਤੇ ਤਾਨਾਸ਼ਾਹੀ ਨੂੰ ਪਾਲਣ-ਪੋਸ਼ਣ ਦਾ ਕੰਮ ਹੁੰਦਾ ਹੈ।
ਕੀ ਇਕ ਵਿਕਾਸਸ਼ੀਲ ਦੇਸ਼ ਇਸ ਤਰ੍ਹਾਂ ਚੱਲਦਾ ਹੈ ਜਿੱਥੇ ਹਾਦਸੇ ਤੋਂ ਬਾਅਦ ਸਭ ਤੋਂ ਤੇਜ਼ ਜਾਂਚ ਹੁੰਦੀ ਹੈ? ਕਿੰਨੇ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਸ਼ਹਿਰ ਦੀ ਸੜਕ ਬਣਨ ’ਚ ਕਿੰਨਾ ਖ਼ਰਚ ਅਤੇ ਕਿਉਂ ਆਇਆ? ਕੰਮ ਦੀ ਗੁਣਵੱਤਾ ਕਿਸ ਨੇ ਜਾਂਚੀ? ਜੇਕਰ ਜਨਤਾ ਸਵਾਲ ਨਹੀਂ ਕਰੇਗੀ ਤਾਂ ਉਨ੍ਹਾਂ ਦੀਆਂ ਪੌਂ-ਬਾਰਾਂ ਅਤੇ ਇਹ ਬੇਧੜਕ ਅਤੇ ਬੇਝਿਚਕ ਆਪਣੇ ਕੁਕਰਮ ਕਰਦੇ ਰਹਿਣਗੇ। ਇਸ ਲਈ ਜੋ ਵੀ ਗ਼ਲਤ ਦਿਸੇ, ਠੀਕ ਨਾ ਲੱਗੇ ਅਤੇ ਤੁਹਾਡੇ ਨਾਲ ਖਿਲਵਾੜ ਹੁੰਦਾ ਲੱਗੇ ਤਾਂ ਆਵਾਜ਼ ਉਠਾਓ!
-ਪੂਰਨ ਚੰਦ ਸਰੀਨ
