ਚੀਨ ਯਾਤਰਾ ਦੇ ਅਨੁਭਵ ਅਤੇ ਭਾਰਤ ਨਾਲ ਤੁਲਨਾ ਦੇ ਦਿਲਚਸਪ ਤੱਥ
Saturday, Nov 01, 2025 - 03:33 PM (IST)
ਚੀਨ ਦੀ 10 ਦਿਨ ਦੀ ਯਾਤਰਾ ’ਚ ਇਹ ਵਿਸ਼ਾਲ ਦੇਸ਼ ਬੜਾ ਵੱਧ ਦੇਖਣਾ ਸੰਭਵ ਨਹੀਂ ਸੀ ਪਰ ਸੀਮਤ ਸਮੇਂ ’ਚ ਜੋ ਕੁਝ ਦੇਖਿਆ ਅਤੇ ਸਮਝ ’ਚ ਆਇਆ, ਉਸ ਨਾਲ ਤੁਲਨਾ ਕਰਨ ’ਤੇ ਕਾਫੀ ਕੁਝ ਅਜਿਹਾ ਲੱਗਾ ਜੋ ਆਮ ਸੀ ਜਿਵੇਂ ਕਿ ਆਰਥਿਕ ਅਤੇ ਸਮਾਜਿਕ ਹਾਲਤਾਂ ਅਤੇ ਜਿਥੋਂ ਤੱਕ ਸਿਆਸਤ ਦੀ ਗੱਲ ਹੈ ਤਾਂ ਕਮਿਊਨਿਸਟ ਵਿਚਾਰਧਾਰਾ ’ਤੇ ਚੱਲਣ ਵਾਲਾ ਦੇਸ਼ ਹੈ ਅਤੇ ਇਕ ਹੀ ਪਾਰਟੀ ਦੇ ਸ਼ਾਸਨ ਦਾ ਪ੍ਰਤੀਕ ਹੈ।
ਤੁਲਨਾਤਮਕ ਅਧਿਐਨ : ਸਾਡਾ ਦੇਸ਼ ਬ੍ਰਿਟਿਸ਼ ਸ਼ਾਸਨ ਤੋਂ ਸਾਲ 1947 ’ਚ ਮੁਕਤ ਹੋਇਆ ਤਾਂ ਚੀਨ ਨੇ ਸੰਨ 1949 ’ਚ ਰਾਜਸ਼ਾਹੀ, ਬਸਤੀਵਾਦੀ ਵਿਵਸਥਾ ਅਤੇ ਖਾਨਾਜੰਗੀ ਮੁਕਤੀ ਹਾਸਲ ਕੀਤੀ ਅਤੇ ਚੀਨੀ ਗਣਰਾਜ ਦੀ ਸਥਾਪਨਾ ਹੋਈ। ਸਾਡੀ ਲੜਾਈ ਇਕ ਪਾਸੇ ਅੰਗਰੇਜ਼ਾਂ ਨਾਲ ਸੀ ਤਾਂ ਦੂਜੇ ਪਾਸੇ ਰਾਜਿਆਂ-ਮਹਾਰਾਜਿਆਂ ਦੇ ਸ਼ਾਸਨ ਨਾਲ ਜਿਸ ਦੀ ਕਹਾਣੀ ਜ਼ਿਆਦਾਤਰ ਜ਼ੁਲਮ, ਤਸ਼ੱਦਦ ਅਤੇ ਅੰਗਰੇਜ਼ੀ ਹਕੂਮਤ ਨਾਲ ਰਲ ਕੇ ਦੇਸ਼ ਵਾਸੀਆਂ ਨੂੰ ਗੁਲਾਮ ਬਣਾਈ ਰੱਖਣ ਦੀ ਸੀ। ਚੀਨ ’ਚ ਿਚਆਂਗ ਕਾਈ ਸ਼ੇਕ ਨੇ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ’ਚ ਸਰਦਾਰ ਪਟੇਲ ਨੇ ਸਾਰੀਆਂ ਰਿਆਸਤਾਂ ਨੂੰ ਆਜ਼ਾਦ ਭਾਰਤ ਨਾਲ ਜੋੜਨ ਦੀ ਔਖੀ ਭੂਮਿਕਾ ਨਿਭਾਈ।
ਚੀਨ ’ਤੇ ਜਾਪਾਨ ਨੇ ਹਮਲਾ ਕੀਤਾ ਅਤੇ ਕਾਫੀ ਸੂਬੇ ਹਥਿਆ ਲਏ। ਸਾਡੇ ਇੱਥੇ ਪਾਕਿਸਤਾਨ ਨੇ ਕਸ਼ਮੀਰ ’ਚ ਪੀ. ਓ. ਕੇ. ’ਤੇ ਕਬਜ਼ਾ ਕੀਤਾ ਅਤੇ ਭਾਰਤੀ ਹਿੱਸੇ ’ਤੇ ਹਮੇਸ਼ਾ ਨਜ਼ਰ ਟਿਕਾਈ ਬੈਠਾ ਹੈ ਅਤੇ ਦਹਿਸ਼ਤ ਪੈਦਾ ਕਰਦਾ ਰਹਿੰਦਾ ਹੈ। ਚੀਨ ’ਚ ਕਿਊਮਿੰਟਾਂਗ ਜਾਂ ਕੇ. ਐੱਮ. ਟੀ. ਅਤੇ ਚੀਨ ਕਮਿਊਨਿਸਟ ਪਾਰਟੀ ਨੇ ਰਲ ਕੇ ਜਾਪਾਨ ਦਾ ਮੁਕਾਬਲਾ ਕੀਤਾ ਪਰ 1945 ’ਚ ਜਾਪਾਨ ਦੀ ਹਾਰ ਦੇ ਬਾਅਦ ਵੱਖਰੀ ਵਿਚਾਰਧਾਰਾ ਹੋਣ ਦੇ ਕਾਰਨ ਗੱਠਜੋੜ ਤੋੜ ਦਿੱਤਾ ਜਿਸ ਦਾ ਨਤੀਜਾ ਵੱਡੇ ਪੱਧਰ ’ਤੇ ਖਾਨਾਜੰਗੀ ਨਾਲ ਹੋਇਆ। ਕਮਿਊਨਿਸਟਾਂ ਨੇ ਕੇ. ਐੱਮ. ਟੀ. ਨੂੰ ਹਰਾ ਦਿੱਤਾ ਜਿਸ ਦਾ ਕਾਰਨ ਕਿਸਾਨ ਵਰਗ ਦਾ ਉਸ ਦੇ ਨਾਲ ਹੋਣਾ ਅਤੇ ਗੁਰਿੱਲਾ ਜੰਗ ਦੀ ਤਕਨੀਕ ਅਪਣਾਉਣਾ ਸੀ।
ਕਹਿ ਸਕਦੇ ਹਾਂ ਕਿ ਚੀਨ ’ਚ ਮਾਓ ਯੁੱਗ ਅਤੇ ਭਾਰਤ ’ਚ ਨਹਿਰੂ-ਪਟੇਲ ਯੁੱਗ ਦਾ ਆਰੰਭ ਹੋਇਆ। ਸਾਡੇ ਇੱਥੇ ਜ਼ਿਮੀਂਦਾਰਾ ਪ੍ਰਥਾ ਦਾ ਅੰਤ ਹੋਇਆ, ਜ਼ਮੀਨ ਦਾਨ ਅੰਦੋਲਨ ਅਤੇ ਖੁਦ ਆਪਣੀ ਜ਼ਮੀਨ ਦੇਣ ਦੀ ਮੁਹਿੰਮ ਚੱਲੀ ਤਾਂ ਚੀਨ ’ਚ ਭੂਮੀ ਸੁਧਾਰ ਦੇ ਨਾਂ ’ਤੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਖੋਹ ਕੇ ਕਿਸਾਨਾਂ ’ਚ ਵੰਡੀ ਗਈ। ਜਿਸ ਨੇ ਆਨਾਕਾਨੀ ਕੀਤੀ, ਉਸ ਦਾ ਕਤਲ ਕਰ ਦਿੱਤਾ ਜਾਂ ਉਸ ਨੂੰ ਕੈਦ ’ਚ ਸੁੱਟ ਦਿੱਤਾ। ਉਸ ਦੇ ਬਾਅਦ ਉਥੇ ਕੋਰੀਆਈ ਜੰਗ ਹੋਈ, ਤਾਂ ਅਸੀਂ ਚੀਨ ਅਤੇ ਪਾਕਿਸਤਾਨ ਨਾਲ ਜੰਗ ਲੜੀ। ਚੀਨ ਨੇ ਸੋਵੀਅਤ ਰੂਸ ਸ਼ੈਲੀ ਅਪਣਾ ਕੇ 5 ਸਾਲਾ ਯੋਜਨਾ ਬਣਾਈ ਅਤੇ 1954 ’ਚ ਨਵਾਂ ਸੰਵਿਧਾਨ ਅਪਣਾਇਆ, ਅਸੀਂ ਵੀ 1950 ’ਚ ਭਾਰਤੀ ਸੰਵਿਧਾਨ ਅਪਣਾ ਕੇ ਦੇਸ਼ ਦਾ ਵਿਕਾਸ ਕਰਨ ਦੀ ਪੱਕੀ ਧਾਰ ਲਈ।
ਭੁੱਲ ਕਿੱਥੇ ਹੋਈ : ਨਹਿਰੂ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ ਰਲ ਕੇ ਦੇਸ਼ ਨੂੰ ਜਿੱਥੇ ਇਕ ਪਾਸੇ ਆਧੁਨਿਕ ਅਤੇ ਲੋਕਤੰਤਰੀ ਵਿਵਸਥਾ ਤੋਂ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਥੇ ਦੂਜੇ ਪਾਸੇ ਇਹ ਭੁੱਲ ਗਏ ਕਿ ਇਨ੍ਹਾਂ ਰਾਸ਼ਟਰੀ ਸੰਸਥਾਵਾਂ ਅਤੇ ਸਰੋਤਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ। ਉਨ੍ਹਾਂ ਨੇ ਇਨ੍ਹਾਂ ਸੰਸਥਾਨਾਂ ਦੇ ਮੁਖੀ ਆਪਣੀ ਪਾਰਟੀ ਨਾਲ ਜੁੜੇ ਨੇਤਾਵਾਂ ਨੂੰ ਬਣਾ ਦਿੱਤਾ, ਜਿਨ੍ਹਾਂ ਨੇ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਦੇ ਨਵੇਂ ਮੀਲ ਪੱਥਰ ਸਥਾਪਿਤ ਕਰਨ ’ਚ ਕੋਈ ਕਸਰ ਨਹੀਂ ਛੱਡੀ। ਨਤੀਜੇ ਵਜੋਂ ਕੁਝ ਕੁ ਅਪਵਾਦਾਂ ਦੇ ਨਾਲ ਸਾਰੇ ਪੀ. ਐੱਸ. ਯੂ. ਘਾਟੇ ਦੀ ਭੇਟ ਚੜ੍ਹਨ ਲੱਗੇ।
ਸਾਡੇ ਜੋ ਹੋਣਹਾਰ ਵਿਵਗਿਆਨੀ ਸਨ, ਉਹ ਸੀ. ਐੱਸ. ਆਈ. ਆਰ. ਦੀਆਂ ਪ੍ਰਯੋਗਸ਼ਾਲਾਵਾਂ ਛੱਡ ਕੇ ਪੱਛਮੀ ਦੇਸ਼ਾਂ ’ਚ ਡੈਪੂਟੇਸ਼ਨ ਜਾਂ ਪੜ੍ਹਾਈ ਲਈ ਸਕਾਲਰਸ਼ਿਪ ’ਤੇ ਚਲੇ ਗਏ ਅਤੇ ਉਥੇ ਗਿਆਨ ਨਾਲ ਉਨ੍ਹਾਂ ਦੇਸ਼ਾਂ ਨੂੰ ਖੁਸ਼ਹਾਲ ਅਤੇ ਤਕਨਾਲੋਜੀ ਸੰਪੰਨ ਬਣਾਉਣ ਲੱਗੇ। ਇਹੀ ਹਸ਼ਰ ਆਈ. ਸੀ. ਏ. ਆਰ. ਅਤੇ ਉਸ ਦੇ ਅਧੀਨ ਸਥਾਪਿਤ ਪ੍ਰਯੋਗਸ਼ਾਲਾਵਾਂ ਦਾ ਹੋਇਆ। ਖੇਤੀਬਾੜੀ ਅਤੇ ਖੇਤੀ ਪੈਦਾਵਾਰ ’ਚ ਸੁਧਾਰ ਲਈ ਜੋ ਤਕਨੀਕਾਂ ਵਿਕਸਤ ਕੀਤੀਆਂ ਗਈਆਂ, ਉਹ ਕਿਸਾਨ ਤੱਕ ਪਹੁੰਚਣ ਦੀ ਕੋਸ਼ਿਸ਼ ਨਾ ਹੋਣ ਨਾਲ ਅੱਜ ਤੱਕ ਅਸੀਂ ਖੇਤੀ ਦੇ ਪੁਰਾਣੇ ਤਰੀਕੇ ਅਪਨਾ ਰਹੇ ਹਾਂ।
ਇਸ ਦੇ ਉਲਟ ਚੀਨ ਨੇ ਆਪਣੇ ਨਾਗਰਿਕਾਂ ਨੂੰ ਆਧੁਨਿਕ ਅਤੇ ਵਿਗਿਆਨਕ ਸੋਚ ਦਾ ਪਾਠ ਪੜ੍ਹਾਇਆ। ਆਪਣੀ ਬਣਾਈ ਟੈਕਨਾਲੋਜੀਜ਼ ਦੀ ਵਰਤੋਂ ਦਾ ਮਜ਼ਬੂਤ ਪ੍ਰਬੰਧ ਕੀਤਾ ਅਤੇ ਇੰਨੀ ਹੁਸ਼ਿਆਰੀ ਵਰਤੀ ਕਿ ਦੁਨੀਆ ਨੂੰ ਉਸ ਦਾ ਸੁਰੱਖਿਆ ਕਵਚ ਤੋੜਨਾ ਅਸੰਭਵ ਹੋ ਗਿਆ।
ਚੀਨ ਨੇ ਦੁਨੀਆ ਲਈ ਆਪਣੇ ਦਰਵਾਜ਼ੇ ਖੋਲ੍ਹੇ ਅਤੇ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦਿੱਤਾ ਪਰ ਆਪਣੇ ਹਿੱਤਾਂ ਦੀ ਕੀਮਤ ’ਤੇ ਨਹੀਂ। ਅੱਜ ਵੀ ਚੀਨ ਆਸਾਨੀ ਨਾਲ ਆਪਣੇ ਉਥੇ ਵਸਣ ਨਹੀਂ ਦਿੰਦਾ ਪਰ ਜੋ ਵਸ ਗਿਆ, ਉਹ ਵਾਪਸ ਪਰਤਣ ਬਾਰੇ ਨਹੀਂ ਸੋਚਦਾ। ਭਾਰਤ ਤੋਂ ਜੋ ਲੋਕ ਉੱਥੇ ਰੈਸਟੋਰੈਂਟ ਅਤੇ ਹੋਰ ਵਪਾਰਕ ਖੇਤਰਾਂ ’ਚ ਕੰਮ ਕਰ ਰਹੇ ਹਨ, ਉਹ ਖੁਸ਼ ਹਨ ਅਤੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਇੱਥੇ ਆਉਣ ਦਾ ਸੱਦਾ ਦੇ ਰਹੇ ਹਨ। ਅਮਰੀਕਾ ਅਤੇ ਯੂਰਪ ਦੀ ਥਾਂ ਹੁਣ ਚੀਨ ਪ੍ਰਵਾਸੀਆਂ ਦੀ ਮਨਪਸੰਦ ਜਗ੍ਹਾ ਹੈ।
ਭਾਰਤ ’ਚ ਨਹਿਰੂ, ਇੰਦਰਾ ਅਤੇ ਰਾਜੀਵ ਗਾਂਧੀ ਤੱਕ ਇਕ ਲੰਬੇ ਸਮੇਂ ਤੱਕ ਕਾਂਗਰਸ ਸੱਤਾ ’ਚ ਰਹੀ। ਇਕ ਹੀ ਪਰਿਵਾਰ ਜਾਂ ਉਨ੍ਹਾਂ ਦੇ ਪਿਛਲੱਗੂ ਖੂਬ ਕਮਾਈ ਕਰ ਰਹੇ ਸਨ ਅਤੇ ਦੇਸ਼ ਖੋਖਲਾ ਹੋ ਰਿਹਾ ਸੀ। ਐਮਰਜੈਂਸੀ ’ਚ ਸਾਰਿਆਂ ਦੇ ਨੱਕ ’ਚ ਦਮ ਲਿਆ ਦਿੱਤਾ। ਠੀਕ ਇਸੇ ਤਰ੍ਹਾਂ ਚੀਨ ’ਚ ਲਗਭਗ ਸਾਢੇ 5 ਲੱਖ ਬੁੱਧੀਜੀਵੀਆਂ ਨੂੰ ਦੱਖਣਪੰਥੀ ਕਰਾਰ ਦੇ ਕੇ ਲੇਬਰ ਕੈਂਪਾਂ ’ਚ ਬੰਦੀ ਬਣਾ ਦਿੱਤਾ। ਚੀਨ ’ਚ ਨਕਲੀ ਕਾਰੋਬਾਰ ਸ਼ੁਰੂ ਹੋਇਆ ਜਿਵੇਂ ਭਾਰਤ ’ਚ ਇੰਸਪੈਕਟਰ ਰਾਜ ਦਾ ਬੋਲਬਾਲਾ ਸੀ, ਉਵੇਂ ਹੀ ਉੱਥੇ ਵੀ ਵਿਕਾਸ ਦੇ ਝੂਠੇ ਅੰਕੜੇ ਪੇਸ਼ ਕੀਤੇ ਜਾਣ ਲੱਗੇ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ। ਗਰੀਬੀ, ਭੁੱਖਮਰੀ ਇੰਨੀ ਵਧੀ ਕਿ ਹਾਹਾਕਾਰ ਮਚ ਗਈ।
ਵਿਕਾਸ ਦੀ ਤੇਜ਼ ਰਫਤਾਰ : ਚੀਨ ’ਚ ਬੁਲੇਟ ਟ੍ਰੇਨ ਅਤੇ ਮੈਗਲੀਵੀ ਟ੍ਰੇਨ ਨੇ ਦੇਸ਼ ਦੀ ਕਾਇਆਪਲਟ ਦਿੱਤੀ। ਸੜਕਾਂ, ਪੁਲਾਂ ਦਾ ਜਾਲ ਬੁਣਿਆ। ਰੇਲ ਯਾਤਰਾ ਦੌਰਾਨ ਕਾਰਖਾਨਿਆਂ ਦੀ ਲਾਈਨ ਅਤੇ ਬਹੁਮੰਜ਼ਿਲਾ ਇਮਾਰਤਾਂ ਦਿਖਾਈ ਦਿੰਦੀਆਂ ਹਨ, ਜੋ ਇਸ ਦੀ ਸ਼ਾਨ ਦਰਸਾਉਂਦੀਆਂ ਹਨ। 2010 ’ਚ ਚੀਨ ਨੇ ਅਰਥਵਿਵਸਥਾ ਦੇ ਮਾਮਲੇ ’ਚ ਜਾਪਾਨ ਨੂੰ ਪਿੱਛੇ ਛੱਡ ਦਿੱਤਾ। 2013 ਤੱਕ ਹਾਈ ਸਪੀਡ ਰੇਲ ਨੈੱਟਵਰਕ ਬਣਿਆ। ਭ੍ਰਿਸ਼ਟਾਚਾਰ ਲਈ 15 ਲੱਖ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਿਨ੍ਹਾਂ ’ਚ ਕਈ ਵੱਡੇ ਜਨਰਲ ਸਨ।
ਜਿੱਥੋਂ ਤੱਕ ਭਾਰਤ ਦੀ ਗੱਲ ਹੈ, 2014 ਤੋਂ ਭਾਜਪਾ ਜਾਂ ਰਾਜਗ ਦੀ ਸਰਕਾਰ ਹੈ ਅਤੇ ਇਸ ਨੇ ਦੇਸ਼ ਨੂੰ ਸੁਸਤੀ ਤੋਂ ਮੁਕਤੀ ਦਿਵਾਉਣ ’ਚ ਅਹਿਮ ਯੋਗਦਾਨ ਦਿੱਤਾ ਹੈ ਪਰ ਚੀਨ ਨਾਲ ਤੁਲਨਾ ਕਰਨ ’ਤੇ ਜਾਪਦਾ ਹੈ ਕਿ ਇੰਨਾ ਕਾਫੀ ਨਹੀਂ ਹੈ ਅਤੇ ਜਿਸ ਰਫਤਾਰ ਨਾਲ ਕੰਮ ਹੋਣਾ ਚਾਹੀਦਾ ਸੀ, ਉਹ ਮੱਠੀ ਹੈ।
ਪੂਰਨ ਚੰਦ ਸਰੀਨ
