ਹੁਣ ਪੈਰਾਲੰਪਿਕ ਖੇਡਾਂ ’ਚ ਭਾਰਤੀ ਔਰਤਾਂ ਦਾ ਡੰਕਾ

Monday, Sep 02, 2024 - 02:59 AM (IST)

ਹੁਣ ਪੈਰਾਲੰਪਿਕ ਖੇਡਾਂ ’ਚ ਭਾਰਤੀ ਔਰਤਾਂ ਦਾ ਡੰਕਾ

ਇਕ ਪਾਸੇ ਦੇਸ਼ ’ਚ ਔਰਤਾਂ ਦੇ ਵਿਰੁੱਧ ਅਪਰਾਧ ਜ਼ੋਰਾਂ ’ਤੇ ਹਨ ਤਾਂ ਦੂਸਰੇ ਪਾਸੇ ਉਲਟ ਹਾਲਾਤ ਦੇ ਦਰਮਿਆਨ ਵੀ ਭਾਰਤੀ ਔਰਤਾਂ ਖੇਡਾਂ ਅਤੇ ਜ਼ਿੰਦਗੀ ਦੇ ਹੋਰਨਾਂ ਖੇਤਰਾਂ ’ਚ ਸ਼ਲਾਘਾਯੋਗ ਪ੍ਰਦਰਸ਼ਨ ਕਰ ਰਹੀਆਂ ਹਨ।

ਹਾਲ ਹੀ ’ਚ ਪੈਰਿਸ ਓਲੰਪਿਕ ਖੇਡਾਂ ’ਚ ਭਾਰਤ ਦੇ ਜਿੱਤੇ 6 ਤਮਗਿਆਂ ’ਚੋਂ ਇਕੱਲੇ ਭਾਰਤ ਦੀ ਮਨੂ ਭਾਕਰ ਨੇ ਹੀ 2 ਤਮਗੇ ਜਿੱਤ ਕੇ ਰਿਕਾਰਡ ਕਾਇਮ ਕੀਤਾ ਅਤੇ ਹੁਣ ਪੈਰਿਸ ’ਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ’ਚ ਭਾਰਤੀ ਔਰਤਾਂ ਇਕ ਵਾਰ ਫਿਰ ਆਪਣੀ ਸਫਲਤਾ ਦਾ ਡੰਕਾ ਵਜਾ ਰਹੀਆਂ ਹਨ।

29 ਅਗਸਤ ਨੂੰ ਖੇਡਾਂ ਦੇ ਪਹਿਲੇ ਦਿਨ ਬਿਨਾਂ ਬਾਹਾਂ ਦੀ ਤੀਰਅੰਦਾਜ਼ ਅਤੇ ਫੌਜ ਵਲੋਂ ਟ੍ਰੇਂਡ ਜੰਮੂ-ਕਸ਼ਮੀਰ ਦੀ ਸ਼ੀਤਲ ਦੇਵੀ ਨੇ ਵਿਸ਼ਵ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਅੰਤਿਮ 16 ’ਚ ਜਗ੍ਹਾ ਬਣਾ ਲਈ। ਉਥੇ ਹੀ ਮੁਕਾਬਲੇਬਾਜ਼ੀ ’ਚ ਭਾਰਤ ਨੇ 6 ਤਮਗੇ ਜਿੱਤ ਲਏ ਹਨ। ਇਨ੍ਹਾਂ ’ਚੋਂ 5 ਔਰਤਾਂ ਨੇ ਜਿੱਤੇ ਹਨ।

ਰਾਜਸਥਾਨ ਦੀ ਵੰਡਰ ਗਰਲ ਅਵਨੀ ਲੇਖਰਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇਬਾਜ਼ੀ ’ਚ ਸੋਨ ਤਮਗਾ ਜਿੱਤਿਆ। ਅਵਨੀ ਜਦੋਂ 11 ਸਾਲ ਦੀ ਸੀ ਇਕ ਕਾਰ ਹਾਦਸੇ ਕਾਰਨ ਉਸ ਦੀ ਕਮਰ ਤੋਂ ਹੇਠਲੇ ਹਿੱਸੇ ਨੂੰ ਲਕਵਾ ਮਾਰ ਗਿਆ ਅਤੇ ਉਦੋਂ ਤੋਂ ਉਹ ਵ੍ਹੀਲਚੇਅਰ ’ਤੇ ਹੈ।

ਇਸੇ ਤਰ੍ਹਾਂ ਬਚਪਨ ਤੋਂ ਪੋਲੀਓਗ੍ਰਸਤ ਅਤੇ 2 ਬੱਚਿਆਂ ਦੀ ਮਾਂ ਰਾਜਸਥਾਨ ਦੀ ਹੀ ਮੋਨਾ ਅਗਰਵਾਲ ਨੇ ਇਸੇ ਮੁਕਾਬਲੇ ’ਚ ਕਾਂਸੇ ਦਾ ਤਮਗਾ ਜਿੱਤਿਆ ਹੈ।

ਇਸੇ ਮੁਕਾਬਲੇ ’ਚ ਸੇਰੇਬ੍ਰਲ ਪਾਲਸੀ ਨਾਲ ਗ੍ਰਸਤ ਉੱਤਰ ਪ੍ਰਦੇਸ਼ ਦੇ ਕਿਸਾਨ ਦੀ ਬੇਟੀ ਪ੍ਰੀਤੀਪਾਲ ਨੇ ਔਰਤਾਂ ਦੀ ਟੀ-35 ਵਰਗ ਦੀ 100 ਮੀਟਰ ਮੁਕਾਬਲੇਬਾਜ਼ੀ ’ਚ ਕਾਂਸੇ ਦਾ ਤਮਗਾ ਜਿੱਤਿਆ। ਪ੍ਰੀਤੀ ਦੇ ਸਰੀਰ ਦੇ ਹੇਠਲੇ ਹਿੱਸੇ ਨੂੰ ਜਨਮ ਦੇ ਸਮੇਂ ਹੀ 6 ਦਿਨਾਂ ਲਈ ਪਲਾਸਟਰ ਨਾਲ ਬੰਨ੍ਹ ਕੇ ਰੱਖਣਾ ਪਿਆ ਸੀ। ਕਮਜ਼ੋਰ ਲੱਤਾਂ ਅਤੇ ਇਨ੍ਹਾਂ ਦੇ ਅਨਿਯਮਿਤ ਗਠਨ ਦੇ ਕਾਰਨ ਉਹ ਬਚਪਨ ਤੋਂ ਹੀ ਕਈ ਰੋਗਾਂ ਦੇ ਜੋਖਮ ’ਤੇ ਸੀ।

ਮੁਕਾਬਲੇਬਾਜ਼ੀ ’ਚ ਭਾਰਤ ਤਮਗਾ ਸੂਚੀ ’ਚ 23ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਅਜੇ 4 ਦਿਨਾਂ ਦੀ ਖੇਡ ਹੀ ਹੋਈ ਹੈ ਅਤੇ 7 ਦਿਨ ਬਾਕੀ ਹਨ। ਦੇਖਦੇ ਹਾਂ ਕਿ ਪੈਰਾਲੰਪਿਕ ’ਚ ਭਾਰਤੀ ਔਰਤਾਂ ਦੀ ਸਥਿਤੀ ਕੀ ਹੁੰਦੀ ਹੈ?

ਯਕੀਨਨ ਹੀ ਭਾਰਤ ਨੂੰ ਆਪਣੀਆਂ ਧੀਆਂ ’ਤੇ ਮਾਣ ਹੈ। ਸਾਡੇ ਦੇਸ਼ ’ਚ ਪ੍ਰਤਿਭਾ ਹਰ ਥਾਂ ਹੈ ਪਰ ਲੋੜ ਉਸ ਨੂੰ ਪਛਾਣ ਕੇ ਉਸ ਦੀ ਸਹੀ ਵਰਤੋਂ ਕਰਨ, ਖਿਡਾਰੀਆਂ ਦੀ ਟ੍ਰੇਨਿੰਗ ਲਈ ਜ਼ਰੂਰੀ ਫੰਡਾਂ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਉਚਿਤ ਉਤਸ਼ਾਹ ਦੇਣ ਦੀ ਹੈ।

-ਵਿਜੇ ਕੁਮਾਰ


author

Harpreet SIngh

Content Editor

Related News