ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?

Saturday, Aug 15, 2026 - 02:31 PM (IST)

ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?

1947 ’ਚ ਮਹਾਨ ਭਾਰਤ ਦੀ ਵੰਡ ਬਿਨਾਂ ਕਿਸੇ ਯੋਜਨਾਬੱਧ ਅਤੇ ਠੋਸ ਪ੍ਰਬੰਧਕੀ ਵਿਵਸਥਾ ਅਤੇ ਬੇਲੋੜੀ ਕਾਹਲੀ ’ਚ ਕਰ ਦਿੱਤੀ ਗਈ। ਸਿੱਟੇ ਵਜੋਂ, ਇਸ ਹਫੜਾ-ਦਫੜੀ ’ਚ 10 ਲੱਖ ਹਿੰਦੂ, ਸਿੱਖ ਅਤੇ ਮੁਸਲਮਾਨ ਆਪਣੀਆਂ ਜਾਨਾਂ ਗੁਆ ਬੈਠੇ। 21 ਲੱਖ ਲੋਕ ਲਾਪਤਾ ਹੋ ਗਏ। ਲੱਖਾਂ ਔਰਤਾਂ ਦੀ ਇੱਜ਼ਤ ਲੁੱਟੀ ਗਈ। 2 ਕਰੋੜ ਲੋਕਾਂ ਨੂੰ ਆਪਣੇ ਵੱਡੇ-ਵਡੇਰਿਆਂ ਦੀ ਜ਼ਮੀਨ-ਜਾਇਦਾਦ ਨੂੰ ਸਦਾ ਲਈ ਛੱਡ ਕੇ ਬੇਘਰ, ਬੇ-ਚਿਰਾਗ ਅਤੇ ਖਾਨਾਬਦੋਸ਼ਾਂ ਵਾਂਗ ਭਟਕਦੇ ਹੋਏ ਪਾਕਿਸਤਾਨ ਤੋਂ ਭਾਰਤ ਅਤੇ ਭਾਰਤ ਤੋਂ ਪਾਕਿਸਤਾਨ ਜਾਣਾ ਪਿਆ।

ਰਸਤਿਆਂ ’ਚ ਮਜ਼੍ਹਬੀ ਜਨੂੰਨ ਦੇ ਪਾਗਲਪਨ ਦਾ ਸ਼ਿਕਾਰ ਕਾਫ਼ਲਿਆਂ ’ਤੇ ਹਮਲੇ ਕਰਦੇ, ਲੁੱਟਦੇ ਅਤੇ ਕਈਆਂ ਨੂੰ ਮਾਰ ਦਿੰਦੇ। ਇਸ ਜ਼ੁਲਮੋ-ਸਿਤਮ ਦਾ ਸਭ ਤੋਂ ਵੱਡਾ ਸਾਹਮਣਾ ਅਖੰਡ ਭਾਰਤ ਦੀਆਂ ਧੀਆਂ ਨੂੰ ਕਰਨਾ ਪਿਆ। ਕਈ ਔਰਤਾਂ ਨੇ ਖੂਹਾਂ ’ਚ ਛਾਲਾਂ ਮਾਰ ਕੇ ਆਪਣੀ ਜਾਨ ਦੇ ਦਿੱਤੀ ਅਤੇ ਕਈ ਲੋਕਾਂ ਨੇ ਆਪਣੀ ਪਤਨੀ ਅਤੇ ਧੀਆਂ ਨੂੰ ਆਪਣੇ ਹੀ ਹੱਥੀਂ ਮਾਰ ਦਿੱਤਾ ਤਾਂ ਜੋ ਉਹ ਗੈਰ-ਮਰਦ ਦੇ ਹੱਥ ਨਾ ਲੱਗਣ। ਜਿਹੜੇ ਲੋਕ ਰੇਲਗੱਡੀਆਂ ’ਚ ਬੈਠ ਕੇ ਆ ਰਹੇ ਸਨ, ਉਨ੍ਹਾਂ ਨੂੰ ਵੀ ਬਹੁਤ ਜ਼ੁਲਮ ਨਾਲ ਡੱਬਿਆਂ ’ਚ ਹੀ ਕਤਲ ਕਰ ਦਿੱਤਾ ਗਿਆ। ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਇਸ ਖ਼ੂਨ-ਖ਼ਰਾਬੇ ਦਾ ਚਸ਼ਮਦੀਦ ਗਵਾਹ ਹੈ।

ਸੰਸਾਰ ਦੇ ਇਤਿਹਾਸ ’ਚ ਇਸ ਤਰ੍ਹਾਂ ਦਾ ਜ਼ੁਲਮ ਕਦੇ ਦੇਖਣ ਨੂੰ ਨਹੀਂ ਮਿਲਿਆ। ਜੰਗਲੀ ਸਮਾਜ ’ਚ ਵੀ ਸ਼ਾਇਦ ਇਸ ਤਰ੍ਹਾਂ ਦੀ ਕਤਲੋਗਾਰਤ ਨਹੀਂ ਹੋਈ ਹੋਵੇਗੀ, ਜਿੰਨੀ ਸੱਭਿਅਕ ਸਮਾਜ ਦੇ ਲੋਕਾਂ ਨੇ ਕਰ ਕੇ ਵਿਖਾਈ। ਭਾਰਤ ’ਚ ਸਰਕਾਰਾਂ ਤਾਂ ਬਦਲਦੀਆਂ ਸਨ ਪਰ ਲੋਕ ਆਪੋ-ਆਪਣੀਆਂ ਥਾਵਾਂ ’ਤੇ ਹੀ ਰਹਿੰਦੇ ਸਨ। ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਸਰਕਾਰ ਦੇ ਬਦਲਣ ਨਾਲ ਲੋਕਾਂ ਨੂੰ ਆਪਣਾ ਦੇਸ਼ ਵੀ ਬਦਲਣਾ ਪਿਆ।

ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ ਕਈ ਸਦੀਆਂ ਤੋਂ ਸ਼ਾਂਤਮਈ ਮਾਹੌਲ ’ਚ ਪਿਆਰ-ਮੁਹੱਬਤ ਅਤੇ ਆਪਸੀ ਸਹਿਯੋਗ ਨਾਲ ਰਹਿ ਰਹੇ ਸਨ, ਅੱਜ ਵੀ ਰਹਿ ਰਹੇ ਹਨ, ਤਾਂ ਫਿਰ ਵੰਡ ਦੀ ਲੋੜ ਕੀ ਸੀ? ਇਸ ਹੈਰਾਨ ਕਰਨ ਵਾਲੇ, ਦੁਖਦਾਈ ਅਤੇ ਅਫਸੋਸਨਾਕ ਮੰਜ਼ਰ ਲਈ ਸਮੁੱਚੀ ਮਨੁੱਖਤਾ ਸ਼ਰਮਿੰਦਾ ਹੈ। ਆਖ਼ਿਰ ਭਾਰਤ ਦੀ ਵੰਡ ਲਈ ਕੌਣ ਜ਼ਿੰਮੇਵਾਰ ਹੈ—ਬਰਤਾਨਵੀ ਹਕੂਮਤ, ਮੁਸਲਮਾਨ ਲੀਗ ਜਾਂ ਕਾਂਗਰਸ?

ਭਾਰਤ ਦੇ ਸਿਆਸੀ ਤੌਰ ’ਤੇ ਬੁਰੀ ਤਰ੍ਹਾਂ ਵੰਡੇ ਜਾਣ ਕਾਰਨ ਦੂਜੇ ਦੇਸ਼ਾਂ ਦੇ ਹਮਲਾਵਰਾਂ ਨੂੰ ਇਸ ‘ਸੋਨੇ ਦੀ ਚਿੜੀ’ ਨੂੰ ਲੁੱਟਣ ਅਤੇ ਫਿਰ ਲੰਬਾ ਸਮਾਂ ਰਾਜ ਕਰਨ ਦਾ ਮੌਕਾ ਮਿਲਿਆ। ਸੌੜੀ ਜਾਤੀ ਵਿਵਸਥਾ ਨੇ ਸਮਾਜਿਕ ਏਕਤਾ ’ਚ ਖਿਲਾਰਾ ਪੈਦਾ ਕਰ ਦਿੱਤਾ। ਸੰਘਰਸ਼ਮਈ ਜੀਵਨ ਦੀ ਬਜਾਏ ਹਿਜਰਤਵਾਦੀ ਸੋਚ ਬੁਰੀ ਤਰ੍ਹਾਂ ਮਾਨਸਿਕਤਾ ’ਤੇ ਹਾਵੀ ਹੋ ਗਈ। ਸਮਾਜ ਦੀ ਰੱਖਿਆ ਲਈ ਸਿਰਫ ਇਕ ਖਾਸ ਵਰਗ ਨੂੰ ਲੜਨ ਦਾ ਅਧਿਕਾਰ ਸੀ।

ਅਤੇ ਵਿਦੇਸ਼ੀਆਂ ਨੇ ਸਾਡੀਆਂ ਕਮੀਆਂ, ਕਮਜ਼ੋਰੀਆਂ ਦਾ ਖੁੱਲ੍ਹ ਕੇ ਫ਼ਾਇਦਾ ਉਠਾਇਆ ਅਤੇ ਅਸੀਂ ਲੰਬੇ ਸਮੇਂ ਤੱਕ ਗੁਲਾਮੀ ਦੀਆਂ ਜੰਜ਼ੀਰਾਂ ’ਚ ਜਕੜੇ ਰਹੇ। ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਅੰਗਰੇਜ਼ਾਂ ਨੇ ਭਾਰਤ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਦੇ ਨਾਲ ਫਰਾਂਸੀਸੀ ਅਤੇ ਪੁਰਤਗਾਲੀ ਵੀ ਵੱਖ-ਵੱਖ ਇਲਾਕਿਆਂ ਦੇ ਹੁਕਮਰਾਨ ਬਣ ਬੈਠੇ।

1857 ਦੇ ਪਹਿਲੇ ਆਜ਼ਾਦੀ ਸੰਗਰਾਮ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ’ਤੇ ਰਾਜ ਕਰਨ ਦੀ ਨੀਤੀ ਬਦਲ ਲਈ ਅਤੇ ਲੋਕਾਂ ਨੂੰ ਇਕ ਸੂਤਰ ’ਚ ਪਿਰੋਣ ਦੀ ਬਜਾਏ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ। 1905 ’ਚ ਪਹਿਲੀ ਵਾਰ ਬਰਤਾਨਵੀ ਹਕੂਮਤ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੱਖ-ਵੱਖ ਕਰਨ ਲਈ ਹਿੰਦੂ ਬਹੁਗਿਣਤੀ ਅਤੇ ਮੁਸਲਮਾਨ ਬਹੁਗਿਣਤੀ ’ਚ ਵੰਡ ਦਿੱਤਾ। ਇਸੇ ਸਾਲ ਕਾਂਗਰਸ ਨਰਮ ਦਲੀਆਂ ਹੱਥੋਂ ਨਿਕਲ ਕੇ ਗਰਮ ਦਲੀਆਂ ਦੇ ਹੱਥਾਂ ’ਚ ਆ ਗਈ, ਜਿਸ ’ਚ ਮਹਾਰਾਸ਼ਟਰ ਦੇ ਬਾਲ ਗੰਗਾਧਰ ਤਿਲਕ, ਪੰਜਾਬ ਦੇ ਲਾਲਾ ਲਾਜਪਤ ਰਾਏ ਅਤੇ ਬੰਗਾਲ ਦੇ ਬਿਪਿਨ ਚੰਦਰ ਪਾਲ ਸ਼ਾਮਲ ਸਨ।

ਅੰਗਰੇਜ਼ਾਂ ਨੇ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਇਕ ਨਵੀਂ ਸਾਜ਼ਿਸ਼ ਰਚੀ ਜਿਸ ਦੇ ਦੂਰਗਾਮੀ ਮਾੜੇ ਪ੍ਰਭਾਵ ਪਏ। 1906 ’ਚ ਅਲੀਗੜ੍ਹ ਮੁਸਲਿਮ ਸਕੂਲ ਦੇ ਅੰਗਰੇਜ਼ ਪ੍ਰਿੰਸੀਪਲ ਵਿਲੀਅਮ ਆਰਕਬੋਲਡ ਦੁਆਰਾ ਆਗਾ ਖਾਂ ਦੀ ਅਗਵਾਈ ’ਚ ਕੁਝ ਮੁਸਲਿਮ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਅਤੇ ਇੱਥੇ ਹੀ ਲਾਰਡ ਮਿੰਟੋ ਦੇ ਨਾਂ ਇਕ ਚਿੱਠੀ ਤਿਆਰ ਕੀਤੀ ਗਈ, ਜਿਸ ’ਚ ਮੁਸਲਿਮ ਨੇਤਾਵਾਂ ਨੇ ਬਰਤਾਨਵੀ ਹਕੂਮਤ ਪ੍ਰਤੀ ਆਪਣੀ ਵਫ਼ਾਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਭਵਿੱਖ ’ਚ ਇਸ ਭਾਵਨਾ ਨੂੰ ਹੋਰ ਵਧਾਉਣਗੇ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਗੇ ਅਤੇ ਉਨ੍ਹਾਂ ਨੂੰ ਵੱਖਰੀ ਵਿਸ਼ੇਸ਼ ਸਿਆਸੀ ਪਛਾਣ ਦਿੱਤੀ ਜਾਵੇ ਅਤੇ ਹੇਠਲੇ ਪੱਧਰ ਤੋਂ ਲੈ ਕੇ ਅਸੈਂਬਲੀ ਤੱਕ ਉਨ੍ਹਾਂ ਲਈ ਵੱਖਰਾ ਚੋਣ ਮੰਡਲ ਬਣਾਇਆ ਜਾਵੇ।

ਇਹ ਚਿੱਠੀ ਸ਼ਿਮਲਾ ’ਚ ਵਾਇਸਰਾਏ ਨੂੰ ਦਿੱਤੀ ਗਈ ਅਤੇ ਉਸ ਦੇ ਭਰੋਸੇ ਤੋਂ ਬਾਅਦ 1906 ’ਚ ਢਾਕਾ ’ਚ ਮੁਸਲਿਮ ਲੀਗ ਦੀ ਸਥਾਪਨਾ ਹੋਈ ਅਤੇ ਦੇਸ਼ ’ਚ ਮੁਸਲਮਾਨ ਮੁਸਲਿਮ ਲੀਗ ਦੇ ਮੈਂਬਰ ਬਣਨ ਲੱਗੇ। ਹਕੀਕਤ ’ਚ ਮੁਸਲਿਮ ਨੇਤਾਵਾਂ ਦਾ ਬਰਤਾਨਵੀ ਸਰਕਾਰ ਪ੍ਰਤੀ ਇਹ ਪੂਰਨ ਸਮਰਪਣ ਸੀ ਅਤੇ ਲੀਗ ਦੇ ਨੇਤਾ ਬਰਤਾਨਵੀ ਹਕੂਮਤ ਦੀ ਕਠਪੁਤਲੀ ਬਣ ਗਏ।

1909 ’ਚ ਸਰਕਾਰ ਨੇ ਮੁਸਲਮਾਨਾਂ ਲਈ ਵੱਖਰੇ ਚੋਣ ਮੰਡਲ ਦਾ ਕਾਨੂੰਨ ਬਣਾ ਦਿੱਤਾ। ਇਸ ਨਾਲ ਭਾਰਤ ’ਚ ਆਜ਼ਾਦੀ ਦੀ ਮੰਗ ਦਾ ਸੰਘਰਸ਼ ਕਰਨ ਵਾਲੀ ਕਾਂਗਰਸ ਪਾਰਟੀ ਦੇ ਸਾਹਮਣੇ ਮੁਸਲਮਾਨਾਂ ਦੀ ਇਕ ਨਵੀਂ ਸਿਆਸੀ ਪਾਰਟੀ ਮੁਸਲਿਮ ਲੀਗ ਖੜ੍ਹੀ ਕਰ ਦਿੱਤੀ ਗਈ, ਜੋ ਏਕਤਾ ਦੇ ਧਾਗਿਆਂ ਨੂੰ ਕਮਜ਼ੋਰ ਕਰਦੀ ਗਈ।

ਮੁਸਲਿਮ ਲੋਕਾਂ ਨੇ ਦੋ-ਰਾਸ਼ਟਰ ਸਿਧਾਂਤ ਦਾ ਖੁੱਲ੍ਹ ਕੇ ਲੋਕਾਂ ’ਚ ਪ੍ਰਚਾਰ ਕੀਤਾ ਕਿ ਹਿੰਦੂ ਅਤੇ ਮੁਸਲਮਾਨ ਦੋ ਸੰਪਰਦਾਵਾਂ ਨਹੀਂ ਸਗੋਂ ਰਾਸ਼ਟਰ ਹਨ। ਇਸ ਸਿਧਾਂਤ ਨੂੰ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਲਾਰਡ ਐਕਟਨ ਨੇ 19ਵੀਂ ਸਦੀ ਦੇ ਤੀਜੇ ਦਹਾਕੇ ’ਚ ਪਾਸ ਕੀਤਾ ਸੀ। ਭਾਰਤ ’ਚ ਇਸ ਸਿਧਾਂਤ ਨੂੰ ਸਭ ਤੋਂ ਪਹਿਲਾਂ ਸਰ ਸਈਦ ਅਹਿਮਦ ਖਾਂ ਨੇ 1887 ’ਚ ਮੇਰਠ ਦੇ ਜਲਸੇ ’ਚ ਪੇਸ਼ ਕੀਤਾ ਸੀ ਜਿਸ ਦਾ ਹੌਲੀ-ਹੌਲੀ ਪ੍ਰਚਾਰ ਹੋਣ ਲੱਗਾ। ਇਸ ਸਿਧਾਂਤ ਦੀ ਸਭ ਤੋਂ ਵੱਧ ਦੁਰਵਰਤੋਂ ਮੁਹੰਮਦ ਅਲੀ ਜਿੱਨਾਹ ਅਤੇ ਅੱਲਾਮਾ ਇਕਬਾਲ ਨੇ ਕੀਤੀ, ਜਿਸ ਨਾਲ ਸਮੁੱਚੇ ਸਮਾਜ ’ਚ ਫਿਰਕਾਪ੍ਰਸਤੀ ਦਾ ਜ਼ਹਿਰ ਫੈਲਣ ਲੱਗਾ ਅਤੇ ਵੰਡ ਦਾ ਇਕ ਕਾਰਨ ਵੀ ਬਣਿਆ।

ਕਾਂਗਰਸ ਇਕ ਪਾਸੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ, ਦੂਜਾ ਸਰਵ-ਧਰਮ ਸਮਭਾਵ ਲਈ ਸੰਘਰਸ਼ ਕਰ ਰਹੀ ਸੀ, ਤੀਜਾ ਅੰਗਰੇਜ਼ਾਂ ਦੇ ਮਾੜੇ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਸੰਘਰਸ਼ ਕਰ ਰਹੀ ਸੀ, ਚੌਥਾ ਮੁਸਲਿਮ ਲੀਗ ਦੀ ਫਿਰਕਾਪ੍ਰਸਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਪੰਜਵਾਂ ਸਾਰੇ ਲੋਕਾਂ ਨੂੰ ਇਕ ਸੂਤਰ ’ਚ ਰੱਖਣ ਦੀ ਕੋਸ਼ਿਸ਼ ’ਚ ਰੁੱਝੀ ਹੋਈ ਸੀ ਪਰ ਦੂਜੇ ਪਾਸੇ, ਮੁਹੰਮਦ ਅਲੀ ਜਿੱਨਾਹ ਭਾਰਤ ਦੇ ਸਮੁੱਚੇ ਮੁਸਲਮਾਨਾਂ ਦੀ ਪ੍ਰਤੀਨਿਧਤਾ ਦਾ ਅਧਿਕਾਰ ਮੁਸਲਿਮ ਲੀਗ ਲਈ ਮੰਗ ਰਹੇ ਸਨ, ਜੋ ਕਿ ਸਮਾਜਿਕ ਅਤੇ ਸਿਆਸੀ ਹਿੱਤ ’ਚ ਨਹੀਂ ਸੀ।

ਇਸ ਕਸ਼ਮਕਸ਼ ਦੌਰਾਨ ਭਾਰਤ ਦੇ ਮਹਾਨ ਸਪੂਤ, ਆਜ਼ਾਦੀ ਘੁਲਾਟੀਏ ਅਤੇ ਆਰੀਆ ਸਮਾਜ ਦੇ ਇਕ ਪ੍ਰਸਿੱਧ ਨੇਤਾ ਨੇ ਛੂਤ-ਛਾਤ ਨੂੰ ਦੂਰ ਕਰਨ ਲਈ ਲਾਹੌਰ ’ਚ ਇਕ ਵੱਡੇ ਪ੍ਰੀਤੀਭੋਜ ਦਾ ਪ੍ਰਬੰਧ ਕਰ ਕੇ ਸਮਾਜ ਸੁਧਾਰ ਦੀ ਇਕ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ।

ਦੂਜੇ ਪਾਸੇ ਦੇਸ਼ ਨੂੰ ਤੋੜਨ ਲਈ ਜਿੱਨਾਹ ਅੰਗਰੇਜ਼ਾਂ ਤੋਂ ਸਿੱਧੇ ਅਤੇ ਅਸਿੱਧੇ ਢੰਗ ਨਾਲ ਮਦਦ ਲੈ ਰਹੇ ਸਨ। ਆਖ਼ਿਰਕਾਰ ਅੰਗਰੇਜ਼ਾਂ ਦੀ ਵੰਡ ਦੀ ਚਾਲ ਕਾਮਯਾਬ ਹੋ ਗਈ ਅਤੇ ਜਿੱਨਾਹ ਅਤੇ ਮੁਸਲਿਮ ਲੀਗ ਨੇ ਲੋਕਾਂ ਦੇ ਇਕੱਠੇ ਰਹਿਣ ਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ। ਕਾਂਗਰਸ ਆਖ਼ਰੀ ਸਾਹ ਤੱਕ ਵੰਡ ਦੇ ਵਿਰੁੱਧ ਸੀ। ਹਕੀਕਤ ’ਚ ਦੇਸ਼ ਦੀ ਵੰਡ ਲਈ ਅੰਗਰੇਜ਼ ਅਤੇ ਮੁਸਲਿਮ ਲੀਗ ਜ਼ਿੰਮੇਵਾਰ ਹਨ।

—ਪ੍ਰੋ. ਦਰਬਾਰੀ ਲਾਲ


author

Harpreet SIngh

Content Editor

Related News