ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
Sunday, Aug 02, 2026 - 07:49 PM (IST)
ਜੰਤਰ-ਮੰਤਰ ’ਤੇ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਨੇ ਉਹ ਸਬਕ ਸਿਖਾਇਆ ਹੈ, ਜੋ ਭਾਰਤ ਦੀ ਲੋਕਤੰਤਰੀ ਰਾਜਨੀਤੀ ਦੇ 79 ਸਾਲਾਂ ’ਚ ਸਿਆਸੀ ਪਾਰਟੀਆਂ ਨੇ ਨਹੀਂ ਸਿੱਖਿਆ। ਇਸ ‘ਸਬਕ’ ਦਾ ਪਹਿਲਾ ਸੰਕੇਤ ਇਸ ਸਾਲ ਦੀ ਸ਼ੁਰੂਆਤ ’ਚ ਹੀ ਦਿਸ ਗਿਆ ਸੀ ਪਰ ਉਸ ’ਤੇ ਥੋੜ੍ਹੀ ਦੇਰ ਬਾਅਦ ਗੱਲ ਕਰਾਂਗੇ।
ਹੁਣ ਤੱਕ, ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਸਿਆਸੀ ਪਾਰਟੀਆਂ ਸੰਘਰਸ਼ ਅਤੇ ਚੋਣਾਂ ਜਿੱਤ ਕੇ ਬਦਲਾਅ ਲਿਆ ਸਕਦੀਆਂ ਹਨ। ਉਹ ਸਬਕ ਅੱਜ ਵੀ ਸੱਚ ਹੈ। ਕਾਂਗਰਸ ਨੇ ਉਸ ਅੰਦੋਲਨ ਦੀ ਅਗਵਾਈ ਕੀਤੀ, ਜਿਸ ਨੇ ਆਜ਼ਾਦੀ ਦਿਵਾਈ। ਲਗਾਤਾਰ ਚੋਣਾਂ ਜਿੱਤ ਕੇ, ਕਾਂਗਰਸ ਨੇ ਭਾਰਤੀ ਲੋਕਤੰਤਰ ਦੇ ਕਈ ਥੰਮ੍ਹ ਖੜ੍ਹੇ ਕੀਤੇ, ਜਿਵੇਂ ਕਿ ਸੰਵਿਧਾਨਕ ਸ਼ਾਸਨ, ਧਰਮਨਿਰਪੱਖਤਾ, ਰਾਖਵਾਂਕਰਨ, ਭਾਸ਼ਾਈ ਰਾਜ, ਇਕ ਆਜ਼ਾਦ ਕੇਂਦਰੀ ਬੈਂਕ, ਸਾਧਨਾਂ ਦੀ ਵੰਡ ਆਦਿ। ਖੇਤਰੀ ਪਾਰਟੀਆਂ, ਉਦਾਹਰਣ ਲਈ ਦ੍ਰਾਵਿੜ ਪਾਰਟੀਆਂ ਨੇ ਰਾਜਾਂ ’ਚ ਚੋਣਾਂ ਜਿੱਤੀਆਂ ਅਤੇ ਰਾਜ ਦੀ ਭਾਸ਼ਾ, ਰਾਜਾਂ ਦੇ ਅਧਿਕਾਰ, ਸੱਭਿਆਚਾਰਕ ਪਛਾਣ, ਭੂਮੀ ਸੁਧਾਰ ਆਦਿ ਦੀ ਪ੍ਰਧਾਨਤਾ ਨੂੰ ਸਥਾਪਿਤ ਕੀਤਾ। 1975 ’ਚ ਜੇ. ਪੀ. ਦੀ ਅਗਵਾਈ ਵਾਲੇ ਅੰਦੋਲਨ ਨੇ ਇਕ ਕੇਂਦਰ ਸਰਕਾਰ ਨੂੰ ਬਦਲ ਦਿੱਤਾ ਅਤੇ ਆਜ਼ਾਦੀ ਲਈ ਸੰਵਿਧਾਨਕ ਸੁਰੱਖਿਆ ਉਪਾਅ ਲਾਗੂ ਕੀਤੇ।
1978 ’ਚ ਏ. ਏ. ਐੱਸ. ਯੂ. ਅੰਦੋਲਨ ਨੇ ਸਰਹੱਦ ਪਾਰ ਤੋਂ ਹੋਣ ਵਾਲੇ ਪ੍ਰਵਾਸ ਨੂੰ ਕੰਟਰੋਲ ਕਰਨ ਲਈ ਕਾਨੂੰਨੀ ਪ੍ਰਬੰਧਾਂ ਨੂੰ ਪ੍ਰੇਰਿਤ ਕੀਤਾ। ਅਸਲ ’ਚ, ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਸ਼ਾਸਨ ’ਚ ਸਾਰੇ ਮੁੱਖ ਬਦਲਾਅ ਸਿਆਸੀ ਪਾਰਟੀਆਂ ਵਲੋਂ ਸੰਘਰਸ਼ ਅਤੇ ਚੋਣਾਂ ਦੇ ਮਾਧਿਅਮ ਨਾਲ ਲਿਆਂਦੇ ਗਏ ਸਨ।
ਅਸਾਧਾਰਨ ਯੋਗਤਾਵਾਂ : ਸੀ. ਜੇ. ਪੀ. ਰਵਾਇਤੀ ਅਰਥਾਂ ’ਚ ਕੋਈ ਸਿਆਸੀ ਪਾਰਟੀ ਨਹੀਂ ਹੈ। ਇਸ ਦਾ ਜਨਮ ਇਕ ਵਿਅਕਤੀ, ਅਭਿਜੀਤ ਦੀਪਕੇ ਦੀ ਗੁੱਸੇ ਭਰੀ ਪ੍ਰਤੀਕਿਰਿਆ ਤੋਂ ਹੋਇਆ ਸੀ। ਜ਼ਾਹਿਰ ਹੈ, ਦੀਪਕੇ ਅਤੇ ਉਨ੍ਹਾਂ ਦੇ ਕੁਝ ਦੋਸਤ ਇਕ ਭੜਕਾਊ ਪ੍ਰਤੀਤ ਹੁੰਦੀ ਟਿੱਪਣੀ ਤੋਂ ਬਹੁਤ ਦੁਖੀ ਸਨ। ਦੀਪਕੇ ਨੇ ਇਕ ਮੰਚ ਸ਼ੁਰੂ ਕੀਤਾ ਅਤੇ ਪੁੱਛਿਆ ‘ਕੀ ਹੋਵੇਗਾ ਜੇਕਰ ਸਾਰੇ ਕਾਕਰੋਚ ਇਕੱਠੇ ਹੋ ਜਾਣ?’ ਉਨ੍ਹਾਂ ਨੇ ਐਲਾਨ ਕੀਤਾ ਕਿ ਕੋਈ ਵੀ ਉਸ ਮੰਚ ’ਚ ਸ਼ਾਮਲ ਹੋ ਸਕਦਾ ਹੈ ਜੋ ‘ਬੇਰੋਜ਼ਗਾਰ, ਆਲਸੀ, ਲਗਾਤਾਰ ਆਨਲਾਈਨ ਰਹਿਣ ਵਾਲਾ ਅਤੇ ਪੇਸ਼ੇਵਰ ਤੌਰ ’ਤੇ ਬੁੜਬੜਾਉਣ ਦੀ ਸਮਰੱਥਾ ਰੱਖਣ ਵਾਲਾ ਹੋਵੇ।’ ਜ਼ਾਹਿਰ ਹੈ, ਅਜਿਹੇ ਕਈ ਵਿਦਿਆਰਥੀ ਅਤੇ ਵਿਦਵਾਨ ਹਨ ਜੋ ਇਨ੍ਹਾਂ ਅਸਾਧਾਰਨ ਯੋਗਤਾਵਾਂ ਨੂੰ ਪੂਰਾ ਕਰਦੇ ਹਨ! ਅਜਿਹੇ ਵੀ ਕਈ ਲੋਕ ਹਨ ਜੋ ਨੌਕਰੀਪੇਸ਼ਾ ਹਨ ਪਰ ਲਗਾਤਾਰ ਆਨਲਾਈਨ ਰਹਿੰਦੇ ਹਨ ਅਤੇ ਪੇਸ਼ੇਵਰ ਤੌਰ ’ਤੇ ਬੁੜਬੜਾ ਸਕਦੇ ਹਨ। ਇਨ੍ਹਾਂ ’ਚ ਕਲਾਕਾਰ, ਅਧਿਆਪਕ, ਡਾਕਟਰ, ਨਰਸਾਂ, ਵਕੀਲ, ਕਾਰੋਬਾਰੀ, ਪੱਤਰਕਾਰ, ਹੋਰ ਪੇਸ਼ੇਵਰ ਅਤੇ ਜੂਨੀਅਰ ਸਰਕਾਰੀ ਕਰਮਚਾਰੀ ਵਰਗੇ ਸਤਿਕਾਰਯੋਗ ਮਰਦ ਅਤੇ ਔਰਤਾਂ ਸ਼ਾਮਲ ਹਨ।
ਇਸ ਮੰਚ ਕੋਲ ਇਕ ਸੰਸਥਾਪਕ-ਨੇਤਾ, ਬੁਲਾਰਾ ਅਤੇ ਹਿੰਮਤ ਹੈ। ਜਿੱਥੋਂ ਤੱਕ ਪਤਾ ਹੈ, ਕੋਈ ਸੰਗਠਨ ਨਹੀਂ ਹੈ, ਕੋਈ ਮੈਂਬਰਸ਼ਿਪ ਨਹੀਂ ਹੈ, ਕੋਈ ਰਜਿਸਟ੍ਰੇਸ਼ਨ ਨਹੀਂ ਹੈ, ਨੀਤੀਆਂ ਦਾ ਕੋਈ ਐਲਾਨ ਨਹੀਂ ਹੈ ਜਾਂ ਸਿਆਸੀ ਪਾਰਟੀ ਦੀ ਕੋਈ ਹੋਰ ਵਿਸ਼ੇਸ਼ਤਾ ਨਹੀਂ ਹੈ। ਫਿਰ ਵੀ, 35 ਦਿਨਾਂ ਦੇ ਰੋਸ ਪ੍ਰਦਰਸ਼ਨ ਰਾਹੀਂ, ਸੀ. ਜੇ. ਪੀ. ਨੇ 2 ਕੈਬਨਿਟ ਮੰਤਰੀਆਂ ਨੂੰ ਗੱਲਬਾਤ ਲਈ ਮਜਬੂਰ ਕੀਤਾ, ਇਕ ਮੰਤਰੀ ਦਾ ਅਸਤੀਫਾ ਲਿਆ, ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਕੇਸ ਵਾਪਸ ਲੈਣ ਲਈ ਮਜਬੂਰ ਕੀਤਾ ਅਤੇ ਸਰਕਾਰ ਤੋਂ ਲਿਖਤੀ ਵਚਨਬੱਧਤਾਵਾਂ ਪ੍ਰਾਪਤ ਕੀਤੀਆਂ ਹਨ। ਇਹ ਅਨੋਖਾ ਹੈ।
ਨਵੀਂ ਘਟਨਾ ਦਾ ਸੰਕੇਤ : ਜਿਵੇਂ ਕਿ ਮੈਂ ਕਿਹਾ, ਸਿਆਸੀ ਪਾਰਟੀਆਂ ਤੋਂ ਪਰ੍ਹੇ ਅਤੇ ਬਾਹਰ ਇਸ ਤਰ੍ਹਾਂ ਦੀ ਜਗ੍ਹਾ ਦਾ ਪਹਿਲਾ ਸੰਕੇਤ 2026 ’ਚ ਤਾਮਿਲਨਾਡੂ ’ਚ ਦੇਖਿਆ ਗਿਆ ਸੀ। ਜੋਸਫ ਵਿਜੇ ਨੇ ਫਰਵਰੀ 2024 ’ਚ ਇਕ ਸਿਆਸੀ ਪਾਰਟੀ (ਤਾਮਿਲਗਾ ਵੇਟਰੀ ਕੜਗਮ ਜਾਂ ਟੀ. ਵੀ. ਕੇ.) ਦਾ ਐਲਾਨ ਕੀਤਾ ਸੀ, ਪਰ ਇਸ ਨੇ ਇਕ ਨਿਯਮਿਤ ਪਾਰਟੀ ਦਾ ‘ਰੂਪ’ ਨਹੀਂ ਲਿਆ। ਹਰ ਲਿਹਾਜ਼ ਨਾਲ ਇਹ ਇਕ ਨਿਰਾਕਾਰ ‘ਫੈਨਜ਼ ਐਸੋਸੀਏਸ਼ਨ’ ਬਣਿਆ ਰਿਹਾ। ਜ਼ਿਆਦਾਤਰ, ਫੈਨਜ਼ ਐਸੋਸੀਏਸ਼ਨ ਦੇ ਅਹੁਦੇਦਾਰ ਹੀ ਵੱਖ-ਵੱਖ ਪੱਧਰਾਂ ’ਤੇ ਟੀ. ਵੀ. ਕੇ. ਦੇ ਅਹੁਦੇਦਾਰ ਬਣ ਗਏ।
ਟੀ. ਵੀ. ਕੇ. ਦੇ ਉਮੀਦਵਾਰਾਂ ਦੀ ਚੋਣ ਰਵਾਇਤੀ ਰਾਜਨੀਤਿਕ ਗਿਆਨ ਨੂੰ ਨਕਾਰਦਿਆਂ ਕੀਤੀ ਗਈ—ਜਾਤ, ਧਰਮ, ਲਿੰਗ, ਵਿਰਾਸਤ, ਧਨ ਆਦਿ ਨੂੰ ਨਜ਼ਰਅੰਦਾਜ਼ ਕਰਦੇ ਹੋਏ। 234 ’ਚੋਂ 200 ਤੋਂ ਵੱਧ ਉਮੀਦਵਾਰਾਂ ਕੋਲ ਪੈਸਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਖਰਚ ਕੀਤਾ। ਕਈ ਟੀ. ਵੀ. ਕੇ. ਉਮੀਦਵਾਰ ਸੰਬੰਧਤ ਚੋਣ ਖੇਤਰ ਲਈ ਅਣਜਾਣ ਸਨ ਅਤੇ ਉਨ੍ਹਾਂ ਕੋਲ ਬਹੁਤ ਘੱਟ ਬੂਥ ਏਜੰਟ, ਪੋਲਿੰਗ ਏਜੰਟ ਜਾਂ ਕਾਊਂਟਿੰਗ ਏਜੰਟ ਸਨ।
ਵਿਜੇ ਨੇ ਕੁਝ ਰੋਡ ਸ਼ੋਅ ਕੀਤੇ ਅਤੇ ਘੱਟ ਸਭਾਵਾਂ ’ਚ ਗੱਲ ਕੀਤੀ। ਜ਼ਾਹਿਰ ਹੈ, ਵੋਟਰਾਂ ਲਈ ਸਿਰਫ ‘ਵਿਜੇ’ ਅਤੇ ‘ਸੀਟੀ’ ਦਾ ਨਿਸ਼ਾਨ ਮਾਅਨੇ ਰੱਖਦਾ ਸੀ। ਇਸ ਦਾ ਜਾਦੂਗਰ ਸੋਸ਼ਲ ਮੀਡੀਆ (ਇੰਸਟਾਗ੍ਰਾਮ ਅਤੇ ਯੂ-ਟਿਊਬ) ਸੀ—ਵਿਜੇ ਹਰ ਜਗ੍ਹਾ ਦਿਖਾਈ ਦੇ ਰਹੇ ਸਨ ਅਤੇ ਹਰ ਘਰ ’ਚ ਉਨ੍ਹਾਂ ਦੀ ਆਵਾਜ਼ ਸੁਣੀ ਜਾ ਰਹੀ ਸੀ। ਟੀ. ਵੀ. ਕੇ. ਨੇ ਡੀ. ਐੱਮ. ਕੇ. ਅਤੇ ਏ. ਆਈ. ਡੀ. ਐੱਮ. ਕੇ. ਦੀਆਂ 2 ਜ਼ਬਰਦਸਤ ਰਾਜਨੀਤਿਕ ਅਤੇ ਚੋਣ ਮਸ਼ੀਨਾਂ ਵਿਰੁੱਧ 108 ਚੋਣ ਖੇਤਰਾਂ ’ਚ ਜਿੱਤ ਦਰਜ ਕੀਤੀ ਅਤੇ 35 ਫੀਸਦੀ ਵੋਟਾਂ ਹਾਸਲ ਕੀਤੀਆਂ।
ਕਿਸੇ ਸਿਆਸੀ ਪਾਰਟੀ, ਕਿਸੇ ਨੇਤਾ, ਕਿਸੇ ਪੱਤਰਕਾਰ ਅਤੇ ਕਿਸੇ ਚੋਣ ਵਿਸ਼ਲੇਸ਼ਕ ਨੇ ਟੀ. ਵੀ. ਕੇ. ਦੀ ਜਿੱਤ ਦੀ ਭਵਿੱਖਬਾਣੀ ਨਹੀਂ ਕੀਤੀ ਸੀ। ਜਦੋਂ ਚੋਣ ਨਤੀਜੇ ਆਏ, ਤਾਂ ਇਸ ਨੂੰ ਟੀ. ਵੀ. ਕੇ. ਵਲੋਂ ਵੀ ਓਨੀ ਹੀ ਹੈਰਾਨੀ ਨਾਲ ਪ੍ਰਾਪਤ ਕੀਤਾ ਗਿਆ, ਜਿੰਨਾ ਕਿ ਸਥਾਪਿਤ ਸਿਆਸੀ ਪਾਰਟੀਆਂ ਵਲੋਂ ਝਟਕੇ ਦੇ ਨਾਲ।
ਤਾਮਿਲਨਾਡੂ ’ਚ ਰਾਜਨੀਤਿਕ ਬਦਲਾਅ ਉਨ੍ਹਾਂ ਨਾਗਰਿਕਾਂ ਵਲੋਂ ਲਿਆਂਦਾ ਗਿਆ ਜੋ ਸਿਆਸੀ ਪਾਰਟੀਆਂ ਤੋਂ ਪਰ੍ਹੇ ਅਤੇ ਬਾਹਰ ਦੀ ਜਗ੍ਹਾ ’ਤੇ ਕਬਜ਼ਾ ਕਰ ਰਹੇ ਸਨ। ਤਾਮਿਲਨਾਡੂ ਦੀ ਉਦਾਹਰਣ ਦਾ ਪਾਲਣ ਕਰਦੇ ਹੋਏ, ਇਹ ਕਲਪਨਾ ਤੋਂ ਪਰ੍ਹੇ ਨਹੀਂ ਹੈ ਕਿ ਬਦਲਾਅ ਉਨ੍ਹਾਂ ਨਾਗਰਿਕਾਂ ਵਲੋਂ ਲਿਆਂਦਾ ਜਾ ਸਕਦਾ ਹੈ, ਜੋ ਇਕ-ਦੂਜੇ ਨੂੰ ਨਹੀਂ ਜਾਣਦੇ ਹੋਣਗੇ, ਇਕ-ਦੂਜੇ ਨਾਲ ਗੱਲ ਨਹੀਂ ਕਰ ਸਕਦੇ ਹੋਣਗੇ, ਕਿਸੇ ਸੰਗਠਨ ਨਾਲ ਸੰਬੰਧਤ ਨਹੀਂ ਹੋ ਸਕਦੇ ਹੋਣਗੇ ਪਰ ਇਕੋ ਤਰੀਕੇ ਨਾਲ ਵੋਟ ਪਾਉਣਗੇ ਅਤੇ ਸਰਕਾਰ ਬਣਾਉਣ ਲਈ ਕਾਫੀ ਗਿਣਤੀ ’ਚ ਨੁਮਾਇੰਦਿਆਂ ਨੂੰ ਚੁਣਨਗੇ।
ਸਿਆਸੀ ਪਾਰਟੀਆਂ ਲਈ ਚੁਣੌਤੀ : ਸਿਆਸੀ ਪਾਰਟੀਆਂ ਨੂੰ ਤਾਮਿਲਨਾਡੂ ’ਚ ਚੋਣ ਨਤੀਜਿਆਂ ਦੀ ਘਟਨਾ ਅਤੇ ਜੰਤਰ-ਮੰਤਰ ਰੋਸ ਪ੍ਰਦਰਸ਼ਨ ਦੇ ਨਤੀਜੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਸੰਗਠਿਤ ਸਿਆਸੀ ਪਾਰਟੀਆਂ ਸ਼ਾਇਦ ਅਪ੍ਰਚੱਲਿਤ ਨਾ ਹੋਣ ਪਰ ‘ਹਾਈਕਮਾਂਡ’, ‘ਕਾਰਜਕਾਰੀ ਕਮੇਟੀ’, ‘ਮਹਾ ਸਭਾ’, ਮੈਂਬਰਸ਼ਿਪ ਅਤੇ ਪਾਰਟੀ ਚੋਣਾਂ ਵਰਗੀਆਂ ਰਵਾਇਤੀ ਧਾਰਨਾਵਾਂ ਗੈਰ-ਪ੍ਰਾਸੰਗਿਕ ਹੋ ਸਕਦੀਆਂ ਹਨ। ‘ਵੋਟ ਬੈਂਕ’ ਵਰਗਾ ਅਪਮਾਨਜਨਕ ਵਾਕੰਸ਼ ਗਾਇਬ ਹੋ ਸਕਦਾ ਹੈ।
ਮੋਬਾਈਲ, ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ਕਾਰਨ ਨਾਗਰਿਕਾਂ ਨੇ ਚੁੱਪੀ ਤੋੜ ਦਿੱਤੀ ਹੈ। ਹੁਣ, ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਡਰ ਵੀ ਤਿਆਗ ਦਿੱਤਾ ਹੈ। ਖਾਕੀ ਜਾਂ ਨੀਲਾ, ਪੁਲਸ, ਲਾਠੀਆਂ, ਹੰਝੂ ਗੈਸ, ਬੰਦੂਕਾਂ ਅਤੇ ਗ੍ਰਿਫ਼ਤਾਰੀ-ਹਿਰਾਸਤ ਹੁਣ ਨੌਜਵਾਨਾਂ ਨੂੰ ਡਰਾਉਂਦੇ ਨਹੀਂ ਹਨ ਅਤੇ ਵਡੇਰੀ ਉਮਰ ਦੇ ਨਾਗਰਿਕ ਵੀ ਇਸ ਦਾ ਅਨੁਸਰਨ ਕਰ ਸਕਦੇ ਹਨ। ਮੇਰੀ ਕਾਮਨਾ ਹੈ ਕਿ ਸਿਆਸੀ ਪਾਰਟੀਆਂ ਤੋਂ ਪਰ੍ਹੇ ਅਤੇ ਬਾਹਰ ਦਾ ਰਾਜਨੀਤਿਕ ਖੇਤਰ ਵੱਡਾ ਹੋਵੇ।
ਜੈੱਨ-ਜ਼ੀ ਅਤੇ ਹੋਰ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਅੱਗੇ ਚੁਣੌਤੀਪੂਰਨ ਕੰਮ ਹਨ :
-ਸਭ ਤੋਂ ਪਹਿਲਾਂ, ਉਨ੍ਹਾਂ ਨੂੰ ਯੂਨੀਵਰਸਿਟੀਆਂ ਨੂੰ ਮੱਧਕਾਲੀਨਤਾ ਅਤੇ ਅੰਧ-ਵਿਸ਼ਵਾਸ ਤੋਂ ਬਾਹਰ ਕੱਢਣਾ ਪਵੇਗਾ।
-ਉਨ੍ਹਾਂ ਨੂੰ ਵਰਦੀਧਾਰੀ ਪੁਲਸ, ਨੈਤਿਕ ਪੁਲਸਿੰਗ ਅਤੇ ਬਜਰੰਗ ਦਲ ਵਰਗੇ ‘ਪ੍ਰਵਰਤਕਾਂ’ ਦੇ ਕਠੋਰ ਬਲ ਦਾ ਸਾਹਮਣਾ ਕਰਨਾ ਪਵੇਗਾ।
-ਉਨ੍ਹਾਂ ਨੂੰ ਵਿਧਾਨਕ ਨੈਤਿਕਤਾ ਅਤੇ ਵਿਤਕਰੇ ਵਿਰੁੱਧ ਲੜਨਾ ਪਵੇਗਾ।
-ਜੈੱਨ-ਜ਼ੀ ਨੂੰ ਸਥਾਨਕ ਮਾਲੀਆ ਅਤੇ ਰਜਿਸਟ੍ਰੇਸ਼ਨ ਦਫ਼ਤਰਾਂ, ਹਸਪਤਾਲਾਂ, ਰਾਸ਼ਨ ਦੀਆਂ ਦੁਕਾਨਾਂ, ਸਥਾਨਕ ਸੰਸਥਾਵਾਂ ਆਦਿ ’ਚ ਫੈਲੇ ਦਮਨਕਾਰੀ ਭ੍ਰਿਸ਼ਟਾਚਾਰ ਨੂੰ ਰੋਕਣਾ ਪਵੇਗਾ।
ਜੰਤਰ-ਮੰਤਰ ਤੋਂ ਬਾਅਦ, ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ।
-ਪੀ. ਚਿਦਾਂਬਰਮ
