ਵਿਸ਼ਵ ਸ਼ਾਂਤੀ ’ਚ ਭਾਰਤ ਦਾ ਯੋਗਦਾਨ
Saturday, Sep 21, 2024 - 02:20 PM (IST)
ਕਿਹਾ ਜਾਂਦਾ ਹੈ ਕਿ ਜੰਗ ਮਨੁੱਖ ਦੇ ਦਿਮਾਗ ਦੀ ਉਪਜ ਹੁੰਦੀ ਹੈ, ਸਵਾਲ ਇਹ ਹੈ ਕਿ ਕੀ ਇਸ ਦੀ ਥਾਂ ਸ਼ਾਂਤੀ ਦੀ ਪੈਦਾਵਾਰ ਨਹੀਂ ਹੋ ਸਕਦੀ? ਸੰਯੁਕਤ ਰਾਸ਼ਟਰ ਨੇ 25 ਸਾਲ ਪਹਿਲਾਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਦੀ ਸ਼ੁਰੂਆਤ ਕੀਤੀ ਸੀ। ਇਸ ਸੰਦਰਭ ਵਿਚ ਸਾਨੂੰ ਸਮਝਣਾ ਪਵੇਗਾ ਕਿ ਅੱਜ ਸਾਡੇ ਲਈ ਇਸ ਦੀ ਕੀ ਮਹੱਤਤਾ ਹੈ!
ਗਲਤੀ ਦੀ ਸਜ਼ਾ
ਸਾਡੇ ਦੇਸ਼ ਵਿਚ, ਇੰਡੀਅਨ ਪੀਸ ਕੀਪਿੰਗ ਫੋਰਸ ਭਾਵ ਭਾਰਤੀ ਸ਼ਾਂਤੀ ਸਥਾਪਨਾ ਬਲ ਦੀ ਕਲਪਨਾ ਅਤੇ ਉਸ ਦਾ ਗਠਨ ਮਰਹੂਮ ਰਾਜੀਵ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਸੀ। ਵਰਨਣਯੋਗ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਇਕ ਤਰ੍ਹਾਂ ਦੀ ਸਿਆਸੀ ਵਿਰਾਸਤ ਵਜੋਂ ਮਿਲਿਆ ਸੀ ਜਿਸ ਵਿਚ ਯੋਗਤਾ ਕੋਈ ਮਾਪਦੰਡ ਨਹੀਂ ਸੀ। ਆਈ. ਪੀ. ਕੇ. ਐੱਫ. ਬਾਰੇ 2 ਬਹੁਤ ਹੀ ਸੰਖੇਪ ਅਤੇ ਹੈਰਾਨ ਕਰਨ ਵਾਲੇ ਤੱਥਾਂ ਨਾਲ ਭਰਪੂਰ ਪੁਸਤਕਾਂ ਉਨ੍ਹਾਂ ਦੇ ਲੇਖਕ, ਸੰਪਾਦਕ ਅਤੇ ਸੰਗ੍ਰਹਿਕਰਤਾ ਕਰਨਲ ਅਤੁਲ ਕੋਚਰ ਅਤੇ ਕਰਨਲ ਬੀ. ਆਰ. ਨਾਇਰ ਵਲੋਂ ਪੜ੍ਹਨ ਲਈ ਦਿੱਤੀਆਂ ਗਈਆਂ ਹਨ। ਇਸ ਵਿਸ਼ੇ ’ਤੇ ਉਨ੍ਹਾਂ ਨਾਲ ਵਿਸਥਾਰਪੂਰਵਕ ਗੱਲਬਾਤ ਵੀ ਹੋਈ।
ਹੋਇਆ ਇਹ ਕਿ ਗੁਆਂਢੀ ਦੇਸ਼ ਸ਼੍ਰੀਲੰਕਾ ਵਿਚ ਤਮਿਲ ਅਤੇ ਸਿਨਹਾਲੀ ਬੋਲਣ ਵਾਲਿਆਂ ਵਿਚ ਸੱਤਾ ਲਈ ਸੰਘਰਸ਼ ਚੱਲ ਰਿਹਾ ਸੀ। ਤਮਿਲ ਬੋਲਣ ਵਾਲੇ ਆਪਣੇ ਲਈ ਵੱਖਰੇ ਰਾਜ ਦੀ ਮੰਗ ਕਰ ਰਹੇ ਸਨ ਅਤੇ ਕਈ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਘੁਸਪੈਠ ਕਰ ਰਹੇ ਸਨ। ਸ਼੍ਰੀਲੰਕਾ ਦੇ ਰਾਜਵਰਧਨੇ ਨੇ ਮਦਦ ਮੰਗਣ ਲਈ, ਜਾਂ ਜੋ ਵੀ ਉਸਦਾ ਇਰਾਦਾ ਸੀ, ਰਾਜੀਵ ਗਾਂਧੀ ਨਾਲ ਮੁਲਾਕਾਤ ਕੀਤੀ। ਭਾਰਤ ਅਤੇ ਸ਼੍ਰੀਲੰਕਾ ਦਾ ਸਮਝੌਤਾ ਜਲਦਬਾਜ਼ੀ ਵਿਚ ਹੋ ਗਿਆ। ਮਣੀਸ਼ੰਕਰ ਅਈਅਰ ਨੇ ਰਾਜੀਵ ਗਾਂਧੀ ’ਤੇ ਲਿਖੀ ਆਪਣੀ ਕਿਤਾਬ ’ਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ ਕਿ ਇਕਰਾਰਨਾਮੇ ’ਤੇ ਬਾਹਰ ਹਾਲ ਵਿਚ ਦਸਤਖਤ ਕੀਤੇ ਗਏ ਅਤੇ ਇਸ ਤੋਂ ਬਾਅਦ ਰਾਜੀਵ ਅਤੇ ਰਾਜਵਰਧਨੇ ਨਾਲ ਵਾਲੇ ਕਮਰੇ ਵਿਚ ਚਲੇ ਗਏ।
ਉਨ੍ਹਾਂ ਦਰਮਿਆਨ ਕੀ ਗੱਲ ਹੋਈ, ਇਹ ਤਾਂ ਉਹ ਹੀ ਜਾਣਨ ਪਰ ਬਾਹਰ ਆ ਕੇ ਐਲਾਨ ਕੀਤਾ ਕਿ ਭਾਰਤ ਆਪਣੇ ਫੌਜੀ ਬਲਾਂ ਨੂੰ ਸ਼੍ਰੀਲੰਕਾ ਭੇਜੇਗਾ ਤਾਂ ਕਿ ਉਥੇ ਬਾਗੀਆਂ ਨੂੰ ਸਬਕ ਸਿਖਾਇਆ ਜਾ ਸਕੇ ਅਤੇ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ। ਇਸ ਤਰ੍ਹਾਂ ਆਈ. ਪੀ. ਕੇ. ਐੱਫ. ਦਾ ਗਠਨ ਹੋ ਗਿਆ ਅਤੇ ਚੁਣੇ ਹੋਏ ਸਿਪਾਹੀਆਂ ਨੂੰ ਭੇਜਣ ਦੇ ਆਦੇਸ਼ ਦਿੱਤੇ ਗਏ। ਇੱਥੇ ਇਹ ਦੱਸਣਾ ਸਹੀ ਹੋਵੇਗਾ ਕਿ ਦੁਨੀਆ ਦੀਆਂ ਦੋ ਮਹਾਸ਼ਕਤੀਆਂ ਅਮਰੀਕਾ ਅਤੇ ਰੂਸ ਦੂਜੇ ਦੇਸ਼ਾਂ ਦੇ ਅੰਦਰੂਨੀ ਅਤੇ ਆਪਸੀ ਵਿਵਾਦਾਂ ਨੂੰ ਸੁਲਝਾਉਣ ਅਤੇ ਉੱਥੇ ਸ਼ਾਂਤੀ ਸਥਾਪਤ ਕਰਨ ਦੇ ਨਾਂ ’ਤੇ ਆਪਣੀਆਂ ਫੌਜਾਂ ਭੇਜਦੇ ਆ ਰਹੇ ਹਨ। ਉਨ੍ਹਾਂ ਦਾ ਕੰਮ ਉਸ ਬਾਂਦਰ ਵਰਗਾ ਹੈ ਜੋ ਦੋ ਬਿੱਲੀਆਂ ਦੀ ਲੜਾਈ ਵਿਚ ਚੌਧਰੀ ਬਣ ਕੇ ਆਪਣਾ ਉੱਲੂ ਸਿੱਧਾ ਕਰਦਾ ਹੈ।
ਇਨ੍ਹਾਂ ਦੋਵਾਂ ਸ਼ਕਤੀਆਂ ਦਾ ਅਸਲ ਉਦੇਸ਼ ਆਪਣੇ ਹਥਿਆਰਾਂ ਦੀ ਪਰਖ ਕਰਨਾ ਅਤੇ ਆਪਣੀ ਨਿਸ਼ਾਨਾ ਸਮਰੱਥਾ ਦਾ ਫਾਇਦਾ ਉਠਾ ਕੇ ਦੂਜੇ ਦੇਸ਼ਾਂ ਨੂੰ ਵੇਚਣਾ ਹੁੰਦਾ ਹੈ। ਇਸ ਮਾਮਲੇ ਵਿਚ ਉਹ ਦੇਸ਼ ਤਬਾਹ ਹੋ ਜਾਂਦੇ ਹਨ ਜੋ ਉਨ੍ਹਾਂ ਦੇ ਸ਼ਾਂਤੀ ਬਹਾਲ ਕਰਨ ਦੇ ਝਾਂਸੇ ’ਚ ਆ ਜਾਂਦੇ ਹਨ। ਭਾਰਤ ਨੇ ਕਦੇ ਵੀ ਆਪਣੀ ਫੌਜੀ ਸ਼ਕਤੀ ਦਾ ਬੇਲੋੜਾ ਪ੍ਰਦਰਸ਼ਨ ਨਹੀਂ ਕੀਤਾ ਅਤੇ ਨਾ ਹੀ ਮਹਾਨ ਜੰਗੀ ਸ਼ਕਤੀ ਕਹਾਉਣ ਦੇ ਵਿਚਾਰ ਨੂੰ ਅੱਗੇ ਵਧਾਇਆ ਅਤੇ ਨਾ ਹੀ ਕੋਈ ਸਨਕ ਪਾਲੀ।
ਰਾਜੀਵ ਗਾਂਧੀ ਇੱਥੇ ਹੀ ਖੁੰਝ ਗਏ ਅਤੇ ਇੰਦਰਾ ਗਾਂਧੀ ਵਾਂਗ ਨਾਂ ਕਮਾਉਣ ਲਈ ਜਲਦਬਾਜ਼ੀ ਕਰ ਦਿੱਤੀ, ਜੋ ਉਸ ਨੇ ਪਾਕਿਸਤਾਨ ਨੂੰ ਦੋ ਟੁਕੜਿਆਂ ਵਿਚ ਵੰਡ ਕੇ ਕਮਾਇਆ ਸੀ। ਰਾਜੀਵ ਗਾਂਧੀ ਭੁੱਲ ਗਏ ਕਿ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਸੰਘਰਸ਼ਾਂ ਵਿਚ ਫਰਕ ਹੈ। ਦੇਸ਼ ਨੂੰ ਇਸ ਨਾਸਮਝੀ ਦੀ ਕੀਮਤ ਆਪਣੇ 1200 ਤੋਂ ਵੱਧ ਸੈਨਿਕਾਂ ਦੀ ਕੁਰਬਾਨੀ ਅਤੇ ਹਜ਼ਾਰਾਂ ਦੇ ਜ਼ਖਮੀ ਹੋਣ ਨਾਲ ਚੁਕਾਉਣੀ ਪਈ। ਇਸ ਤੱਥ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਕਿ ਆਈ. ਪੀ. ਕੇ. ਐੱਫ. ਨੂੰ ਜਿਸ ਲਿੱਟੇ ਮੁਖੀ ਪ੍ਰਭਾਕਰਨ ਨੂੰ ਸਬਕ ਸਿਖਾਉਣ ਲਈ ਭੇਜਿਆ ਗਿਆ ਸੀ, ਨੂੰ ਤਮਿਲਨਾਡੂ ਦੇ ਤਤਕਾਲੀ ਮੁੱਖ ਮੰਤਰੀ ਨੇ ਪਾਲਿਆ ਸੀ। ਇਹ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਉੱਤਰੀ ਭਾਰਤ ਦੇ ਪੰਜਾਬ ਵਿਚ ਭਿੰਡਰਾਂਵਾਲੇ ਦਾ ਪਾਲਣ ਪੋਸ਼ਣ ਕੀਤਾ ਸੀ, ਜੋ ਆਖਰਕਾਰ ਉਸਦੀ ਬਰਬਾਦੀ ਦਾ ਕਾਰਨ ਬਣਿਆ। ਇਸੇ ਤਰਜ਼ ’ਤੇ ਸ਼੍ਰੀਲੰਕਾ ਦੇ ਪ੍ਰੇਮ ਦਾਸ ਅਤੇ ਭਾਰਤ ਦੇ ਰਾਜੀਵ ਗਾਂਧੀ ਲਿੱਟੇ ਦੇ ਹੱਥੋਂ ਮਾਰੇ ਗਏ।
ਆਪ੍ਰੇਸ਼ਨ ਪਵਨ
ਅੰਗਰੇਜ਼ੀ ਵਿਚ ਲਿਖੀਆਂ ਦੋਵੇਂ ਕਿਤਾਬਾਂ ਜਿਨ੍ਹਾਂ ਦੇ ਸਿਰਲੇਖ ਰੀਸਰੈਕਟਿੰਗ ਆਈ. ਪੀ. ਕੇ. ਐੱਫ. ਲੈਗੇਸੀ ਐਂਡ ਵੇਲੀਐਂਟ ਡੀਡਜ਼, ਅਨਡਾਇੰਗ ਮੈਮੋਰੀਜ਼ ਹਨ, ਜੋ ਸਾਡੇ ਬਹਾਦਰ ਸਪੂਤਾਂ ਦੀ ਕਲਮ ’ਚੋਂ ਨਿਕਲੀਆਂ ਹਨ ਜਿਨ੍ਹਾਂ ਨੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਆਪਣੀ ਅਥਾਹ ਹਿੰਮਤ, ਬਹਾਦਰੀ ਅਤੇ ਦਲੇਰੀ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਵੱਲੋਂ ਸਰਲ, ਪ੍ਰਭਾਵਸ਼ਾਲੀ ਭਾਸ਼ਾ ਵਿਚ ਲਿਖੀਆਂ ਗਈਆਂ ਕਹਾਣੀਆਂ ਨੂੰ ਪੜ੍ਹਦਿਆਂ ਇੰਝ ਜਾਪਦਾ ਹੈ ਜਿਵੇਂ ਘਟਨਾ ਬਿਲਕੁਲ ਸਾਡੇ ਸਾਹਮਣੇ ਵਾਪਰ ਰਹੀ ਹੋਵੇ। ਕੁਝ ਵਰਣਨ ਅਜਿਹੇ ਹਨ ਕਿ ਇੰਝ ਲੱਗਦਾ ਹੈ ਜਿਵੇਂ ਕੋਈ ਫਿਲਮ ਤੁਹਾਡੇ ਸਾਹਮਣੇ ਚੱਲ ਰਹੀ ਹੋਵੇ। ਲਿੱਟੇ ਦੇ ਅੱਤਵਾਦੀਆਂ, ਹਮਾਇਤੀਆਂ, ਸਰਗਣਿਆਂ, ਖਾਸ ਤੌਰ ’ਤੇ ਚੀਫ਼ ਪ੍ਰਭਾਕਰਨ ਨਾਲ ਮੁਕਾਬਲੇ ਦੇ ਰੋਮਾਂਚਕ ਬਿਰਤਾਂਤਾਂ ਨੂੰ ਪੜ੍ਹਨਾ ਇਕ ਪਾਸੇ ਸਾਡੇ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਉਂਦਾ ਹੈ ਅਤੇ ਦੂਜੇ ਪਾਸੇ ਹੈਰਾਨ ਕਰਦਾ ਹੈ ਕਿ ਕਿਵੇਂ ਸਾਡੇ ਯੋਧਿਆਂ ਨੇ ਬਿਨਾਂ ਕਿਸੇ ਭਰਪੂਰ ਤਿਆਰੀ ਦੇ ਸੀਮਤ ਸਾਧਨਾਂ ਨਾਲ ਉਹ ਕਰ ਦਿਖਾਇਆ, ਜਿਸ ਦੀ ਗਾਥਾ ਪ੍ਰੇਰਨਾ ਦਾ ਸਰੋਤ ਬਣ ਗਈ।
ਸ਼ਾਂਤੀ ਦੀ ਪਰਿਭਾਸ਼ਾ
ਜਿੱਥੋਂ ਤਕ ਦੁਨੀਆ ਭਰ ਵਿਚ ਸ਼ਾਂਤੀ ਨਾਲ ਰਹਿਣ ਦੀ ਭਾਰਤ ਦੀ ਨੀਤੀ ਦਾ ਸਵਾਲ ਹੈ, ਅਸਲੀਅਤ ਇਹ ਹੈ ਕਿ ਅਸੀਂ ਉਦੋਂ ਹੀ ਹਥਿਆਰ ਚੁੱਕੇ ਹਨ ਜਦੋਂ ਸਾਡੀਆਂ ਸਰਹੱਦਾਂ ਨੂੰ ਖਤਰਾ ਪੈਦਾ ਹੋਇਆ ਹੋਵੇ। ਸਾਨੂੰ ਇਸ ਨੀਤੀ ਦੇ ਮਾੜੇ ਪ੍ਰਭਾਵ ਵੀ ਝੱਲਣੇ ਪਏ ਹਨ, ਜਿਵੇਂ ਕਿ ਕੋਈ ਆਪਣੇ ਦੇਸ਼ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਕੇ ਭਾਰਤ ਨੂੰ ਆਪਣੀ ਪਨਾਹਗਾਹ ਸਮਝ ਲੈਂਦਾ ਹੈ।
ਕੌਮੀ ਜੰਗੀ ਯਾਦਗਾਰ
ਭਾਰਤ ਦੇ ਸੈਨਿਕਾਂ ਦੇ ਸਨਮਾਨ ਵਿਚ ਇੰਡੀਆ ਗੇਟ ’ਤੇ ਬਣੀ ਯਾਦਗਾਰ ਸਾਡੀ ਵਿਰਾਸਤ ਹੈ। ਅਸਲ ਵਿਚ ਭਾਵੇਂ ਸਾਡੇ ਯੋਧੇ ਹਥਿਆਰਬੰਦ ਬਲਾਂ ਵਿਚ ਹੋਣ, ਅਰਧ ਸੈਨਿਕ ਬਲਾਂ ਵਿਚ ਹੋਣ ਜਾਂ ਪੁਲਸ ਅਤੇ ਆਈ.ਪੀ. ਕੇ. ਐੱਫ. ਵਰਗੀਆਂ ਸੰਸਥਾਵਾਂ ਵਿਚ ਹੋਣ, ਉਹ ਵੀ ਬਰਾਬਰ ਦੇ ਹੱਕਦਾਰ ਹਨ ਕਿ ਉਨ੍ਹਾਂ ਲਈ ਯਾਦਗਾਰੀ ਸਥਾਨ ਬਣਾਏ ਜਾਣ। ਆਈ. ਪੀ. ਕੇ. ਐੱਫ. ’ਚ ਤਾਂ ਸਾਰੀਆਂ ਹੀ ਫੌਜਾਂ ਦੇ ਵੀਰ ਸਨ।
-ਪੂਰਨ ਚੰਦ ਸਰੀਨ