ਵਧਦੀ ਹਿੰਸਾ : ਸਮਾਜ ਕਿਸ ਦਿਸ਼ਾ ’ਚ ਵਧ ਰਿਹਾ?

Wednesday, Oct 16, 2024 - 02:48 PM (IST)

ਵਧਦੀ ਹਿੰਸਾ : ਸਮਾਜ ਕਿਸ ਦਿਸ਼ਾ ’ਚ ਵਧ ਰਿਹਾ?

ਸਮਾਜ ’ਚ ਹਿੰਸਾ ਵਧਦੀ ਜਾ ਰਹੀ ਹੈ। ਕਿਸੇ ਵੀ ਦਿਨ ਦੇ ਕਿਸੇ ਵੀ ਅਖਬਾਰ ਨੂੰ ਚੁੱਕ ਲਓ, ਕਤਲੇਆਮ, ਕਤਲ, ਸਮੂਹਿਕ ਜਬਰ-ਜ਼ਨਾਹ, ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਆਦਿ ਮੁੱਖ ਪੰਨੇ ’ਤੇ ਖਬਰਾਂ ਛਾਈਆਂ ਰਹਿੰਦੀਆਂ ਹਨ ਪਰ ਹੁਣ ਘਿਨੌਣੀ ਹਿੰਸਾ ਵੀ ਕਿਸੇ ਨੂੰ ਠੇਸ ਨਹੀਂ ਪਹੁੰਚਾਉਂਦੀ ਅਤੇ ਘਿਨੌਣਾ ਅਤੇ ਵਹਿਸ਼ੀਪਣ ਅੱਜ ਆਧੁਨਿਕ ਭਾਰਤ ਦਾ ਸਮਾਨਾਰਥੀ ਬਣ ਗਿਆ ਹੈ। ਕੱਟੜ ਅਸਹਿਣਸ਼ੀਲ ਭਾਰਤ ’ਚ ਤੁਹਾਡਾ ਸਵਾਗਤ ਹੈ।

ਸ਼ਨੀਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਜੀਤ ਪਵਾਰ ਧੜੇ ਦੇ ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ, ਜਿਨ੍ਹਾਂ ਦੇ ਕਈ ਬਾਲੀਵੁੱਡ ਅਦਾਕਾਰਾਂ ਨਾਲ ਗੂੜ੍ਹੇ ਸਬੰਧ ਸਨ ਅਤੇ ਜਿਨ੍ਹਾਂ ਦੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਵਰਗੇ ਲੋਕਾਂ ਨਾਲ ਅਖੌਤੀ ਸਬੰਧ ਸਨ, ਨੂੰ ਕਥਿਤ ਤੌਰ ’ਤੇ ਮੁੰਬਈ ’ਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਅਤੇ ਕਾਰਨ ਇਹ ਦੱਸਿਆ ਕਿ ਉਹ ਉਸ ਦੇ ਦੁਸ਼ਮਣ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਦੋਸਤ ਸੀ। ਹਾਈ-ਪ੍ਰੋਫਾਈਲ ਸਿਆਸੀ ਅਪਰਾਧ ਇਕ ਨੈਰੇਟਿਵ ਬਣਾਉਂਦਾ ਹੈ। ਆਸ ਅਨੁਸਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ। ਭਾਵੇਂ ਉਹ ਕੋਈ ਵੀ ਹੋਵੇ, ਸਖਤ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਕਿਉਂਕਿ ਇਹ ਸੂਬੇ ਦੀ ਜ਼ਿੰਮੇਵਾਰੀ ਹੈ।

1960 ਦੇ ਦਹਾਕੇ ਤੋਂ ਮੁੰਬਈ ’ਚ ਅੱਧੀ ਦਰਜਨ ਤੋਂ ਵੱਧ ਸਿਆਸੀ ਆਗੂਆਂ ਨੂੰ ਵੱਖ-ਵੱਖ ਅਪਰਾਧੀ ਗੈਂਗਾਂ ਵੱਲੋਂ ਮਾਰਿਆ ਗਿਆ। ਇਹ ਮੁੰਬਈ ’ਚ ਸੰਗਠਿਤ ਅਪਰਾਧਾਂ ਨਾਲ ਸਿਆਸੀ ਮੁਕਾਬਲੇਬਾਜ਼ੀ ਦੇ ਸੱਚ ਨੂੰ ਦਰਸਾਉਂਦਾ ਹੈ। ਅਜਿਹਾ ਪਹਿਲਾ ਕਤਲ ਜੂਨ 1970 ’ਚ ਭਾਜਪਾ ਵਿਧਾਇਕ ਕ੍ਰਿਸ਼ਨਾ ਦੇਸਾਈ ਦਾ ਹੋਇਆ ਸੀ। 1990 ਦੇ ਦਹਾਕੇ ’ਚ ਵਿਧਾਇਕਾਂ ਦੇ ਕਤਲਾਂ ਦੀ ਗਿਣਤੀ ’ਚ ਵਾਧਾ ਹੋਇਆ।

ਸ਼ਿਵ ਸੈਨਾ ਵਿਧਾਇਕ ਵਿੱਠੁਲ ਚਵਾਨ ਨੂੰ 1992 ਦੇ ਮੱਧ ’ਚ ਪੁਰਾਣੇ ਸਾਤਮ ਗੈਂਗ ਵੱਲੋਂ ਮਾਰਿਆ ਗਿਆ ਅਤੇ ਇਸ ਦਾ ਕਾਰਨ ਸ਼ਿਵ ਸੈਨਾ ਵਿਧਾਇਕ ਦੇ ਨਾਲ ਪੈਸਿਆਂ ਦੇ ਲੈਣ-ਦੇਣ ਦਾ ਝਗੜਾ ਸੀ। ਉਸ ਦੇ ਬਾਅਦ ਮਈ 1993 ’ਚ ਅਰੁਣ ਗਵਲੀ ਗੈਂਗ ਵੱਲੋਂ ਮਜ਼ਦੂਰ ਸੰਘ ਨੇਤਾ ਰਮੇਸ਼ ਮੌਰੀਆ ਨੂੰ ਮਾਰਿਆ ਗਿਆ ਅਤੇ 5 ਦਿਨ ਬਾਅਦ ਦਾਊਦ ਇਬਰਾਹਿਮ ਗੈਂਗ ਵੱਲੋਂ ਭਾਜਪਾ ਵਿਧਾਇਕ ਸ਼ੰਕਰ ਦੱਤ ਸ਼ਰਮਾ ਨੂੰ ਮਾਰਿਆ ਗਿਆ। ਅਪ੍ਰੈਲ 1994 ’ਚ ਮੁਸਲਿਮ ਲੀਗ ਦੇ ਵਿਧਾਇਕ ਜਿਆਉਦੀਨ ਬੁਖਾਰੀ ਨੂੰ ਅਰੁਣ ਗਵਲੀ ਗੈਂਗ ਵੱਲੋਂ ਮਾਰਿਆ ਗਿਆ। ਉਸ ਤੋਂ ਬਾਅਦ 1994 ’ਚ ਛੋਟਾ ਸ਼ਕੀਲ ਗੈਂਗ ਵੱਲੋਂ ਵਿਧਾਇਕ ਰਾਮਦਾਸ ਨਾਇਕ ਅਤੇ 1997 ’ਚ ਛੋਟਾ ਰਾਜਨ ਗੈਂਗ ਵੱਲੋਂ ਵਿਧਾਇਕ ਦੱਤਾ ਸਾਵੰਤ ਨੂੰ ਮਾਰਿਆ ਗਿਆ ਅਤੇ ਤ੍ਰਾਸਦੀ ਦੇਖੋ ਕਿ ਲਗਭਗ ਸਾਰੇ ਮੁਲਜ਼ਮਾਂ ਨੂੰ ਉਪਰਲੀਆਂ ਅਦਾਲਤਾਂ ਵੱਲੋਂ ਬਰੀ ਕੀਤਾ ਗਿਆ।

ਅਜਿਹੇ ਮਾਹੌਲ ’ਚ, ਜਿਥੇ ਸੱਤਾ ਗਿਣਤੀ ਦੀ ਖੇਡ ਬਣ ਗਈ ਹੋਵੇ, ਉਥੇ ਅਪਰਾਧੀ ਅਤੇ ਸਿਆਸੀ ਆਗੂ ਇਕ-ਦੂਜੇ ਨਾਲ ਬੜੀ ਗੂੜ੍ਹਤਾ ਨਾਲ ਜੁੜੇ ਹੁੰਦੇ ਹਨ ਅਤੇ ਪਾਰਟੀਆਂ ਦੇ ਮਾਫੀਆ ਡਾਨਾਂ ਅਤੇ ਅਪਰਾਧੀਆਂ ਨਾਲ ਸਬੰਧ ਹੁੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਬੰਦੂਕ ਦੀ ਗੋਲੀ ਦੇ ਜ਼ੋਰ ’ਤੇ ਵੋਟ ਹਾਸਲ ਕਰਨ ’ਚ ਸਹਾਇਕ ਹੁੰਦੇ ਹਨ। ਇਸ ਤੋਂ ਇਲਾਵਾ ਸੱਤਾ ਦੇ ਲਾਲਚ ਨਾਲ ਉਨ੍ਹਾਂ ਨੂੰ ਸੰਸਦ ਮੈਂਬਰ, ਵਿਧਾਇਕ ਦਾ ਟੈਗ ਮਿਲ ਜਾਂਦਾ ਹੈ ਜੋ ਮਾਫੀਆ ਡਾਨਾਂ, ਕਾਤਲਾਂ ਅਤੇ ਅਪਰਾਧੀਆਂ ਲਈ ਇਕ ਬੁਲੇਟ ਪਰੂਫ ਜੈਕੇਟ ਵਾਂਗ ਹੁੰਦਾ ਹੈ।

ਇਸ ਲਈ ਸੂਬਾ ਮਾਫੀਆ ਡਾਨਾਂ, ਉਨ੍ਹਾਂ ਦੀਆਂ ਫੌਜਾਂ, ਉਨ੍ਹਾਂ ਦੇ ਹਥਿਆਰਬੰਦ ਬ੍ਰਿਗੇਡਾਂ ਅਤੇ ਉਨ੍ਹਾਂ ਦੇ ਵਿਚਾਰਕ ਗੁੰਡਿਆਂ ਦਾ ਅਖਾੜਾ ਬਣ ਗਿਆ ਹੈ ਜਿਥੇ ਸਾਡੇ ਲੋਕਸੇਵਕ ਅੰਡਰਵਰਲਡ ’ਚ ਉਨ੍ਹਾਂ ਦੇ ਆਕਿਆਂ ਦੀ ਧੁਨ ’ਤੇ ਨੱਚਦੇ ਹਨ ਜਿੱਥੇ ਅਪਰਾਧੀ ਤੋਂ ਸਿਆਸੀ ਆਗੂ ਬਣੇ ਲੋਕ ਸਾਫ ਬਚ ਨਿਕਲਦੇ ਹਨ ਅਤੇ ਇਸ ਦਾ ਕਾਰਨ ਕਾਨੂੰਨੀ ਪ੍ਰਕਿਰਿਆ ’ਚ ਦੇਰੀ ਹੁੰਦਾ ਹੈ, ਜਿਸ ’ਚ ਹਮੇਸ਼ਾ ਸਿਆਸੀ ਦਬਾਅ ਹੀ ਕੰਮ ਕਰਦਾ ਹੈ, ਜਿਸ ਦੇ ਕਾਰਨ ਦੋਸ਼ਸਿੱਧ ਨਹੀਂ ਹੁੰਦੇ। ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਰਦਾ ਕਿ ਉਹ ਸਮਾਜ ਅਤੇ ਰਾਸ਼ਟਰ ’ਚ ਸਭ ਤੋਂ ਵੱਡਾ ਖਤਰਾ ਹੈ।

ਭਾਰਤ ’ਚ ਸੰਤੁਲਨ, ਖੁੱਲ੍ਹਾਪਣ ਅਤੇ ਸਹਿਣਸ਼ੀਲਤਾ ਘੱਟ ਰਹੀ ਹੈ। ਕੀ ਤੁਸੀਂ ਇਸ ਤੋਂ ਪ੍ਰੇਸ਼ਾਨ ਹੋ? ਬਿਲਕੁਲ ਨਹੀਂ। ਕਿਸੇ ਦੀ ਗੱਡੀ ’ਤੇ ਮਾਮੂਲੀ ਝਰੀਟ ਵੱਜ ਜਾਵੇ ਤਾਂ ਤੁਹਾਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇਗਾ ਅਤੇ ਜਿਥੇ ਖੂਨ ਹੋਵੇਗਾ ਉਥੇ ਕੋਈ ਵੀ ਲਾਲ ਨਿਸ਼ਾਨ ਦੇਖਣ ਨੂੰ ਤਿਆਰ ਨਹੀਂ। ਦੇਸ਼ ਦੀ ਰਾਜਧਾਨੀ ’ਚ ਗੈਂਗਵਾਰ ਆਮ ਗੱਲ ਹੈ। ਇਹ ਅਪਰਾਧੀ ਗੈਂਗ ਜੇਲਾਂ ਤੋਂ ਕੰਮ ਕਰ ਰਹੇ ਹਨ। ਕਿਵੇਂ? ਕੀ ਜੇਲ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਗੰਢ-ਤੁੱਪ ਹੈ? ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?

ਹਾਲ ਹੀ ’ਚ ਤਿੰਨ ਔਰਤਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਫ੍ਰੀਜ਼ਰ ਵਿਚ ਰੱਖਿਆ ਅਤੇ ਬਾਅਦ ’ਚ ਸਾੜਿਆ ਗਿਆ। ਦੋ ਹੋਰ ਔਰਤਾਂ ਨੂੰ ਕਾਰ ’ਚ ਸ਼ਰਾਬੀਆਂ ਨੇ 10 ਕਿ. ਮੀ. ਤਕ ਘੜੀਸਿਆ ਪਰ ਇਸ ’ਤੇ ਲੋਕਾਂ ਦਾ ਗੁੱਸਾ ਦੇਖਣ ਨੂੰ ਨਹੀਂ ਮਿਲਿਆ। ਦੇਸ਼ ’ਚ ਹਰੇਕ ਮਿੰਟ ’ਚ ਜਬਰ-ਜ਼ਨਾਹ ਦੀਆਂ 7 ਘਟਨਾਵਾਂ ਹੋਈਆਂ ਹਨ। ਭੀੜ-ਭੜੱਕੇ ਵਾਲੀਆਂ ਸੜਕਾਂ ’ਤੇ ਦਿਨ-ਦਿਹਾੜੇ ਕਤਲ ਕੀਤੇ ਜਾਂਦੇ ਹਨ। ਇਕ 80 ਸਾਲਾ ਬਜ਼ੁਰਗ ਨੇ ਹਰਿਆਣਾ ’ਚ ਇਕ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ।

ਯਕੀਨੀ ਤੌਰ ’ਤੇ ਲੋਕਾਂ ਦੇ ਗੁੱਸੇ ਦੇ ਕਈ ਕਾਰਨ ਹਨ। ਬੇਰੋਜ਼ਗਾਰੀ, ਮਹਿੰਗਾਈ, ਕਾਨੂੰਨ-ਵਿਵਸਥਾ ਦਾ ਨਾ ਹੋਣਾ ਆਦਿ ਪ੍ਰਮੁੱਖ ਕਾਰਨ ਹਨ। ਤਕਨਾਲੋਜੀ ਅਤੇ ਸੋਸ਼ਲ ਮੀਡੀਆ ਕਾਰਨ ਅੱਜ ਧਰੁਵੀਕਰਨ ਕਰਨਾ ਵੱਧ ਸੌਖਾ ਹੋ ਗਿਆ ਹੈ। ਸਮਾਜ ’ਚ ਹਿੰਸਕ ਸਮੱਗਰੀ ਵੰਡੀ ਜਾਂਦੀ ਹੈ ਅਤੇ ਨਫਰਤ, ਫਿਰਕੂਪੁਣੇ, ਧਾਰਮਿਕ ਨਫਰਤ ਦੀ ਸਿਆਸਤ ਕੀਤੀ ਜਾਂਦੀ ਹੈ। ਨਤੀਜੇ ਵਜੋਂ ਭੀੜ ਵੱਲੋਂ ਹਿੰਸਾ ਹੁੰਦੀ ਹੈ। ਟੀਚਾਬੱਧ ਹਿੰਸਕ ਸਮੱਗਰੀ ਨੂੰ ਸੋਸ਼ਲ ਮੀਡੀਆ ’ਤੇ ਖੁੱਲ੍ਹੇਆਮ ਸ਼ੇਅਰ ਕੀਤਾ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਸਾਡਾ ਸਮਾਜ ਕਿਧਰ ਜਾ ਰਿਹਾ ਹੈ। ਇਹ ਸਿਰਦਰਦੀ ਦਾ ਸਵਾਲ ਨਹੀਂ ਹੈ ਸਗੋਂ ਇਕ ਵਿਆਪਕ ਸਵਾਲ ਅਤੇ ਵੱਡੀ ਸਮੱਸਿਆ ਹੈ ਅਤੇ ਉਹ ਸਮੱਸਿਆ ਹਿੰਸਾ ਅਤੇ ਗੁੱਸਾ ਹੈ, ਜਿਸ ਦੇ ਕਾਰਨ ਸੰਸਥਾਵਾਂ, ਸਮਾਜ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਮੁਕੰਮਲ ਤੌਰ ’ਤੇ ਢਹਿ-ਢੇਰੀ ਹੋਣ ਦੀ ਸੰਭਾਵਨਾ ਹੈ। ਨਫਰਤ ਅਤੇ ਗੁੱਸੇ ਦਾ ਇਕ ਨਵਾਂ ਪੰਥ ਸਥਾਪਿਤ ਹੋ ਰਿਹਾ ਹੈ।

ਇਸ ਲਈ ਕੌਣ ਦੋਸ਼ੀ ਹੈ? ਇਸ ਲਈ ਸਿਆਸੀ ਆਗੂ, ਨੌਕਰਸ਼ਾਹੀ, ਪੁਲਸ, ਸਿਆਸੀ ਸਰਪ੍ਰਸਤੀ ਵਾਲੇ ਅਪਰਾਧੀ ਸਾਰੇ ਦੋਸ਼ੀ ਹਨ। ਫਰਜ਼ੀ ਪੁਲਸ ਮੁਕਾਬਲੇ, ਹਵਾਲਾਤ ’ਚ ਜ਼ੁਲਮ ਨਾਲ ਮੌਤਾਂ ਆਮ ਗੱਲ ਹੈ। ਤੁਸੀਂ ਕਿਸੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀ ‘ਪੁਲਸ ਵਾਲੇ ਗੁੰਡੇ’ ਨੂੰ ਸੱਦ ਸਕਦੇ ਹੋ। ਅਪਰਾਧੀ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਅੱਗੇ ਆਉਂਦੇ ਹਨ।

ਇਸ ਮਾਹੌਲ ’ਚ ਕੀ ਅਪਰਾਧਿਕ ਮਾਫੀਆ ਡਾਨ ਪਿੱਛੇ ਰਹਿ ਸਕਦੇ ਹਨ, ਜਿਨ੍ਹਾਂ ਨੇ ਹੁਣ ਅਦਾਲਤ ਤੋਂ ਬਾਹਰ ਮਾਮਲਿਆਂ ਦਾ ਹੱਲ ਅਤੇ ਜਬਰੀ ਵਸੂਲੀ ਦਾ ਰਾਹ ਅਪਣਾ ਲਿਆ ਹੈ? ਦੇਸ਼ ’ਚ ਅਸਹਿਣਸ਼ੀਲਤਾ ਵਧਦੀ ਜਾ ਹੀ ਹੈ ਅਤੇ ਧਰਮ ਨਫਰਤ ਦੀ ਇਕ ਚੰਗਿਆੜੀ ਬਣਦਾ ਜਾ ਰਿਹਾ ਹੈ। ਇਹ ਸਭ ਮਾੜੇ ਸ਼ਗਨ ਦਿਖਾਈ ਦੇ ਰਹੇ ਹਨ। ਇਸ ਦੇ ਇਲਾਵਾ ਵਧਦੀ ਮਹਿੰਗਾਈ, ਆਬਾਦੀ ’ਚ ਵਾਧਾ, ਸ਼ਹਿਰੀ ਇਲਾਕਿਆਂ ’ਚ ਵਿਵਸਥਾ ਦਾ ਢਹਿ-ਢੇਰੀ ਹੋਣਾ, ਝੁੱਗੀ-ਝੌਂਪੜੀ ਬਸਤੀਆਂ ਦਾ ਪ੍ਰਸਾਰ ਹੋਣਾ ਵੀ ਅਪਰਾਧਾਂ ਨੂੰ ਸ਼ਹਿ ਦੇ ਰਹੇ ਹਨ। ਪ੍ਰਸ਼ਾਸਨਿਕ ਪ੍ਰਣਾਲੀ ਵਿਵਹਾਰਿਕ ਤੌਰ ’ਤੇ ਢਹਿ-ਢੇਰੀ ਹੋ ਚੁੱਕੀ ਹੈ।

ਇਕ ਤਰਫਾ ਆਰਥਿਕ ਵਾਧੇ ਦੇ ਕਾਰਨ ਇਕ ਬੜਾ ਵੱਡਾ ਵਾਂਝਾ ਵਰਗ ਬਣ ਗਿਆ ਹੈ, ਜੋ ਖੁਦ ਨੂੰ ਪੱਛਮੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਅਤੇ ਮਾਪਦੰਡਾਂ ਨਾਲ ਨਹੀਂ ਜੋੜ ਸਕਦਾ। ਬਦਕਿਸਮਤੀ ਨਾਲ ਇਸ ਸਭ ਦੇ ਬਾਰੇ ’ਚ ਵਧੇਰੇ ਭਾਰਤੀ ਨਹੀਂ ਸੋਚਦੇ। ਕੀ ਹਿੰਸਾ ਦੀ ਕੀਮਤ ਦੇਸ਼ ਅਦਾ ਕਰੇਗਾ? ਇਸ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ ਅਤੇ ਕਿਸ ਤਰ੍ਹਾਂ ਭਾਰਤ ਦੀ ਆਤਮਾ ਨੂੰ ਮੁਕਤੀ ਮਿਲੇਗੀ? ਕੋਈ ਵੀ ਖੂਨ-ਖਰਾਬਾ ਜਾਂ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।

ਫਿਰ ਅੱਗੇ ਦੀ ਰਾਹ ਕੀ ਹੈ? ਅਜਿਹੇ ਮਾਹੌਲ ’ਚ ਜਿਥੇ ਆਪਣਾ ਹਿੱਸਾ ਵਸੂਲਣ ਲਈ ਬੜੇ ਧੱਕੇ ਦੀ ਵਰਤੋਂ ਕਰਨੀ ਸਾਡੀ ਦੂਜੀ ਪ੍ਰਵਿਰਤੀ ਬਣ ਗਈ ਹੈ, ਸਮਾਂ ਆ ਗਿਆ ਹੈ ਕਿ ਅਜਿਹੀਆਂ ਚੀਜ਼ਾਂ ’ਤੇ ਰੋਕ ਲਗਾਈ ਜਾਵੇ।ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਲੋਕਤੰਤਰ ਅਜਿਹੀ ਦਾਸੀ ਨਹੀਂ ਹੈ ਜਿਸ ਨੂੰ ਬੰਦੂਕ ਦੀ ਨੋਕ ’ਤੇ ਲੋਕਾਂ ਵੱਲੋਂ ਗਲੀਆਂ ’ਚੋਂ ਚੁੱਕਿਆ ਜਾਵੇ। ਅਸੀਂ ਇਕ ਸੱਭਿਅਕ ਲੋਕਤੰਤਰ ਹਾਂ ਅਤੇ ਨਵੇਂ ਭਾਰਤ ਦੇ ਨਿਰਮਾਣ ’ਚ ਅਸੀਂ ਇਸ ਨੂੰ ਨਸ਼ਟ ਨਹੀਂ ਕਰ ਸਕਦੇ। ਹਿੰਸਾ ਕਿਸੇ ਵੀ ਰੂਪ ’ਚ ਨਾ ਮੰਨਣਯੋਗ ਹੈ।

-ਪੂਨਮ ਆਈ. ਕੌਸ਼ਿਸ਼


author

Tanu

Content Editor

Related News