ਅੱਜ ਦੇ ਵਿਗਿਆਨਿਕ ਯੁੱਗ ’ਚ ਅੰਧਵਿਸ਼ਵਾਸਾਂ ’ਚ ਪੈ ਕੇ ਤਬਾਹ ਹੋ ਰਹੇ ਲੋਕ

Sunday, Mar 09, 2025 - 04:37 AM (IST)

ਅੱਜ ਦੇ ਵਿਗਿਆਨਿਕ ਯੁੱਗ ’ਚ ਅੰਧਵਿਸ਼ਵਾਸਾਂ ’ਚ ਪੈ ਕੇ ਤਬਾਹ ਹੋ ਰਹੇ ਲੋਕ

ਅੱਜ ਦੇ ਵਿਗਿਆਨਿਕ ਯੁੱਗ ’ਚ ਵੀ ਅੰਧਵਿਸ਼ਵਾਸ ਅਤੇ ਜਾਦੂ-ਟੂਣੇ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ ਅਤੇ ਇਨ੍ਹਾਂ ਦੇ ਜਾਲ ’ਚ ਫਸ ਕੇ ਲੋਕ ਤਬਾਹ ਹੋ ਰਹੇ ਹਨ। ਵੱਡੀ ਗਿਣਤੀ ’ਚ ਲੋਕ ਤੰਤਰ-ਮੰਤਰ, ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਤੇ ਟੂਣੇ-ਟੋਟਕਿਆਂ ’ਚ ਪੈ ਕੇ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ, ਇਹ ਪਿਛਲੇ ਕੇਵਲ ਇਕ ਮਹੀਨੇ ਦੌਰਾਨ ਸਾਹਮਣੇ ਆਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 7 ਫਰਵਰੀ ਨੂੰ ‘ਕੈਮੂਰ’ (ਬਿਹਾਰ) ’ਚ ਇਕ 55 ਸਾਲਾ ਔਰਤ ‘ਮੁੰਨੀ ਕੰਵਰ’ ਸਮੇਤ 5 ਵਿਅਕਤੀਆਂ ਨੂੰ ਇਕ ਦੋ ਸਾਲ ਦੇ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕਰਨ ਅਤੇ ਉਸ ਦੀਆਂ ਲੱਤਾਂ ਵੱਢਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਔਰਤ ਨੇ ਮੰਨਿਆ ਕਿ ਉਨ੍ਹਾਂ ਵਿਅਕਤੀਆਂ ਨੇ ਇਹ ਅਪਰਾਧ ਇਕ ਤਾਂਤਰਿਕ ਦੀ ਇਸ ਸਲਾਹ ’ਤੇ ਕੀਤਾ ਕਿ ਅਜਿਹਾ ਕਰਨ ਨਾਲ ਉਸ ਦੀ ਬੇਔਲਾਦ ਧੀ ਨੂੰ ਔਲਾਦ ਪ੍ਰਾਪਤ ਹੋ ਜਾਵੇਗੀ।

* 26 ਫਰਵਰੀ ਨੂੰ ‘ਅਮਰਾਵਤੀ’ (ਮਹਾਰਾਸ਼ਟਰ) ਜ਼ਿਲੇ ਦੇ ‘ਸਿਮੌਰੀ’ ਪਿੰਡ ’ਚ 22 ਦਿਨ ਦੇ ਬੀਮਾਰ ਨਵਜਨਮੇ ਬੱਚੇ ਨੂੰ ਉਸ ਦੇ ਘਰਵਾਲਿਆਂ ਨੇ ਡਾਕਟਰ ਕੋਲ ਲਿਜਾਣ ਦੀ ਬਜਾਏ ਅੰਧਵਿਸ਼ਵਾਸ ਦੇ ਪ੍ਰਭਾਵ ’ਚ ਘਰੇਲੂ ਇਲਾਜ ਦੌਰਾਨ ‘ਗਰਮ ਦਰਾਂਤੀ’ ਨਾਲ 65 ਵਾਰ ਦਾਗ ਦਿੱਤਾ ਜਿਸ ਨਾਲ ਬੱਚਾ ਠੀਕ ਹੋਣ ਦੀ ਬਜਾਏ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ।

* 1 ਮਾਰਚ ਨੂੰ ‘ਧਨਬਾਦ’ (ਝਾਰਖੰਡ) ਜ਼ਿਲੇ ਦੇ ‘ਟੁੰਡੀ’ ਪਿੰਡ ’ਚ ਕੁਝ ਦਬੰਗਾਂ ਨੇ 5 ਔਰਤਾਂ ਨੂੰ ‘ਡਾਇਣਾਂ’ ਕਰਾਰ ਦੇਣ ਦੇ ਬਾਅਦ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਗਾਲੀ-ਗਲੋਚ ਕਰ ਕੇ ਪਰਿਵਾਰ ਸਮੇਤ ਪਿੰਡ ’ਚੋਂ ਬਾਹਰ ਕੱਢ ਦਿੱਤਾ। ਇਸ ਸੰਬੰਧ ’ਚ ਪੁਲਸ ਨੇ 16 ਦਬੰਗਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ।

ਪੀੜਤ ਔਰਤਾਂ ਅਨੁਸਾਰ ਉਨ੍ਹਾਂ ਦੇ ਘਰ ਦੇ ਨੇੜੇ-ਤੇੜੇ ਦੋ ਵਿਅਕਤੀ ਬੀਮਾਰ ਸਨ। ਇਕ ‘ਓਝਾ’ ਨੇ ਪੂਰੇ ਪਿੰਡ ’ਚ ਇਹ ਅਫਵਾਹ ਫੈਲਾਅ ਦਿੱਤੀ ਕਿ ਇਹ 5 ਔਰਤਾਂ ‘ਡਾਇਣਾਂ’ ਹਨ ਜਿਨ੍ਹਾਂ ਦੇ ਜਾਦੂ-ਟੂਣੇ ਨਾਲ ਲੋਕ ਬੀਮਾਰ ਹੋ ਰਹੇ ਹਨ। ਇਸੇ ’ਤੇ ਕੁਝ ਦਬੰਗਾਂ ਨੇ ਇਹ ਗੈਰ-ਮਨੁੱਖੀ ਕਦਮ ਚੁੱਕਿਆ।

* 2 ਮਾਰਚ ਨੂੰ ‘ਪੱਛਮੀ ਸਿੰਘਭੂਮ’ (ਝਾਰਖੰਡ) ਦੇ ‘ਚਿਮੀਸਾਈ’ ਪਿੰਡ ’ਚ ਬੈਂਡ-ਵਾਜੇ ਤੇ ਬਰਾਤ ਸਮੇਤ ਧੂਮਧਾਮ ਨਾਲ ਇਕ 11 ਮਹੀਨਿਆਂ ਦੀ ਬੱਚੀ ਦਾ ਇਕ ਕੁੱਤੇ ਨਾਲ ਵਿਆਹ ਕਰਵਾਇਆ ਗਿਆ ਅਤੇ ਬਰਾਤੀਆਂ ਨੂੰ ਦਾਅਵਤ ਵੀ ਦਿੱਤੀ ਗਈ

ਵਰਣਨਯੋਗ ਹੈ ਕਿ ਇੱਥੋਂ ਦੀ ਇਕ ਜਨਜਾਤੀ ’ਚ ਲੜਕੀ ਦੇ ਦੰਦ ’ਤੇ ਦੰਦ (ਕੁਕੁਰ ਦੰਦ) ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਜਿਸ ਲੜਕੀ ਨੂੰ ‘ਕੁਕੁਰ ਦੰਦ’ ਹੁੰਦਾ ਹੈ, ਉਸ ਦੇ ਬਦਸ਼ਗਨ ਨੂੰ ਟਾਲਣ ਲਈ ਉਸ ਦਾ ਵਿਆਹ ਇਕ ਵਿਸ਼ੇਸ਼ ਪੁਰਬ ਦੌਰਾਨ ਕੁੱਤੇ ਨਾਲ ਕਰਨ ਦੀ ਪ੍ਰੰਪਰਾ ਹੈ।

* 3 ਮਾਰਚ, 2025 ਨੂੰ ਨਵਰੰਗਪੁਰ (ਓਡਿਸ਼ਾ) ਜ਼ਿਲੇ ਦੇ ‘ਫੁੰਡੇਲਪਾੜਾ’ ਪਿੰਡ ’ਚ ਇਕ ਬੀਮਾਰ ਬੱਚੇ ਦੇ ਇਲਾਜ ਦੇ ਨਾਂ ’ਤੇ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਲੋਹੇ ਦੀ ਗਰਮ ਛੜ ਨਾਲ 40 ਵਾਰ ਦਾਗ ਦਿੱਤਾ ਜਿਸ ਨਾਲ ਬੱਚੇ ਦੀ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।

* 7 ਮਾਰਚ ਨੰੂ ‘ਖੰਡਵਾ’ (ਮੱਧ ਪ੍ਰਦੇਸ਼) ’ਚ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ‘ਸਾਗੌਨ’ ਦੀ ਲੱਕੜੀ ਦੀ ਸਮੱਗਲਿੰਗ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ ਦੌਰਾਨ ਇਹ ਖੁਲਾਸਾ ਹੋਇਆ ਕਿ ਸਮੱਗਲਿੰਗ ਲਈ ਲੱਕੜੀ ਵੱਢਣ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗਿਰੋਹ ਦੇ ਮੈਂਬਰ ਜੰਗਲੀ ਛਿਪਕਲੀ (ਮਾਨੀਟਰ ਲਿਜ਼ਰਡ) ਦੇ ਪ੍ਰਾਈਵੇਟ ਪਾਰਟ (ਜਨਨ ਅੰਗ) ਦੀ ਪੂਜਾ ਕਰਦੇ ਹਨ।

ਇਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸਮੱਗਲਿੰਗ ਲਈ ਲੱਕੜੀ ਵੱਢਣ ਅਤੇ ਲਿਜਾਣ ’ਚ ਕੋਈ ਰੁਕਾਵਟ ਨਹੀਂ ਆਵੇਗੀ ਅਤੇ ਫੜੇ ਜਾਣ ਦਾ ਖਤਰਾ ਵੀ ਘੱਟ ਹੋਵੇਗਾ।

* 7 ਮਾਰਚ ਨੂੰ ਹੀ ਗੋਆ ਦੇ ‘ਬਾਬਾ ਸਾਹੇਬ ਅਲਾਰ’ ਅਤੇ ਉਸ ਦੀ ਪਤਨੀ ‘ਪੂਜਾ’ ਨੂੰ ਇਕ ਤਾਂਤਰਿਕ ਦੀ ਸਲਾਹ ’ਤੇ ਆਪਣੀਆਂ ਪ੍ਰੇਸ਼ਾਨੀਆਂ ਖਤਮ ਕਰਨ ਲਈ ਆਪਣੇ ਗੁਆਂਢ ਦੀ 5 ਸਾਲਾ ਬੱਚੀ ਦੀ ਬਲੀ ਦੇਣ ਅਤੇ ਲਾਸ਼ ਨੂੰ ਆਪਣੇ ਘਰ ਦੇ ਪਿਛਵਾੜੇ ’ਚ ਦਫਨਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਵੀ ਦੇਸ਼ ਦੇ ਕਈ ਇਲਾਕਿਆਂ ’ਚ ਲੋਕ ਅੱਖਾਂ ਮੀਟ ਕੇ ਝਾੜ-ਫੂਕ, ਟੂਣੇ-ਟੋਟਕਿਆਂ ਅਤੇ ਪਿਛਾਂਹ-ਖਿੱਚੂ ਰੀਤੀ-ਰਿਵਾਜਾਂ ਦੇ ਜੰਜਾਲ ’ਚ ਫਸੇ ਹੋਏ ਹਨ।

ਇਸ ਤੋਂ ਵਧ ਕੇ ਤ੍ਰਾਸਦੀ ਕੀ ਹੋਵੇਗੀ ਕਿ ਅੱਜ ਦੇ ਬਦਲੇ ਹੋਏ ਦੌਰ ’ਚ ਵੀ ਲੋਕ ਅੰਧਵਿਸ਼ਵਾਸਾਂ ਦੇ ਚੱਕਰ ’ਚ ਪੈ ਕੇ ਅਜਿਹੇ ਘਿਨੌਣੇ ਕੰਮ ਕਰ ਰਹੇ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਆਪਣੀਆਂ ਜਾਨਾਂ ਤੱਕ ਤੋਂ ਹੱਥ ਧੋਣਾ ਪੈ ਰਿਹਾ ਹੈ।

ਇਸ ਲਈ ਸਮਾਜ ਦੇ ਬੁੱਧੀਜੀਵੀ ਵਰਗ ਨੂੰ ਲੋਕਾਂ ਨੂੰ ਅਗਿਆਨ ਅਤੇ ਅੰਧਵਿਸ਼ਵਾਸਾਂ ਦੇ ਇਸ ਅੰਧਕਾਰ ’ਚੋਂ ਬਾਹਰ ਕੱਢਣ ਲਈ ਅੱਗੇ ਆਉਣਾ ਚਾਹੀਦਾ ਹੈ।

–ਵਿਜੇ ਕੁਮਾਰ


author

Sandeep Kumar

Content Editor

Related News