ਅਸਲ ’ਚ ਆਮ ਸਿੱਖ ਜਨਤਾ ਖਾਲਿਸਤਾਨੀਆਂ ਤੋਂ ਦੂਰ ਰਹਿਣਾ ਚਾਹੁੰਦੀ ਹੈ

08/08/2023 12:18:17 PM

ਮਹਾਭਾਰਤ ’ਚ ਇਕ ਯਕਸ਼ (ਦੇਵਤਾ) ਨੇ ਯੁਧਿਸ਼ਠਰ ਤੋਂ ਆਪਣੇ ਚਾਰ ਭਰਾਵਾਂ-ਭੈਣਾਂ ਨੂੰ ਵਾਪਸ ਜੀਵਨ ’ਚ ਲਿਆਉਣ ਦੀ ਸ਼ਰਤ ਵਜੋਂ ਉਨ੍ਹਾਂ ਕੋਲੋਂ ਕੁਝ ਸਵਾਲ ਪੁੱਛੇ। ਯਕਸ਼ ਵੱਲੋਂ ਰਿਜ਼ਰਵ ਝੀਲ ਤੋਂ ਪਾਣੀ ਪੀਣ ਤੋਂ ਪਹਿਲਾਂ ਉਨ੍ਹਾਂ ਨੂੰ ਜਵਾਬ ਦੇਣ ਤੋਂ ਇਨਕਾਰ ਕਰਨ ਕਾਰਨ ਉਨ੍ਹਾਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ਦਾ ਇਕ ਸਵਾਲ ਸੀ, ‘‘ਕਿਮ ਆਸ਼ਚਰਯਮ?’’ (ਹੈਰਾਨੀਜਨਕ ਕੀ ਹੈ)। ਯੁਧਿਸ਼ਠਰ ਦਾ ਜਵਾਬ ਸੀ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੌਤ ਅਟੱਲ ਹੈ, ਫਿਰ ਵੀ ਅਸੀਂ ਜੀਵਨ ਨੂੰ ਹਲਕੇ ਢੰਗ ਨਾਲ ਲੈਂਦੇ ਹਾਂ ਅਤੇ ਇੰਝ ਜਿਉਂਦੇ ਅਤੇ ਵਿਵਹਾਰ ਕਰਦੇ ਹਾਂ ਜਿਵੇਂ ਕਿ ਅਸੀਂ ਅਮਰ ਹਾਂ। ਉਹ ਆਸ਼ਚਰਯਮ (ਹੈਰਾਨੀਜਨਕ) ਹੈ।

ਕੁਝ ਹਜ਼ਾਰ ਸਾਲ ਪਿੱਛੋਂ 1675 ’ਚ ਇਕ ਸਮਰਾਟ ਦੀ ਕੱਟੜਤਾ ਦੇ ਹਮਲੇ ਨੂੰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਨੇ ਚੁਣੌਤੀ ਦਿੱਤੀ ਸੀ। ਪੀੜਤ ਕਸ਼ਮੀਰੀ ਪੰਡਿਤਾਂ ਵੱਲੋਂ ਸੰਪਰਕ ਕੀਤੇ ਜਾਣ ’ਤੇ ਗੁਰੂ ਜੀ ਨੇ ਉਨ੍ਹਾਂ ਨੂੰ ਅਪਰਾਧੀਆਂ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਉਹ ਆਪਣਾ ਧਰਮ ਤਦ ਹੀ ਛੱਡਣਗੇ ਜਦ ਪਹਿਲਾਂ ਉਹ ਇਸ ਲਈ ਸਹਿਮਤ ਹੋਣਗੇ। ਧਰਮ ਤਬਦੀਲੀ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਕ ’ਚ ਸ਼ਹੀਦ ਕਰ ਦਿੱਤਾ ਗਿਆ।

ਸਾਲਾਂ ਪਿੱਛੋਂ ਉਨ੍ਹਾਂ ਦੇ ਦੋ ਛੋਟੇ ਪੋਤਿਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਜਿਉਂਦੇ ਕੰਧਾਂ ’ਚ ਚਿਣਵਾ ਦਿੱਤਾ ਗਿਆ ਅਤੇ ਦੋ ਵੱਡੇ ਪੋਤੇ ਯੁੱਧ ਦੇ ਮੈਦਾਨ ’ਚ ਸ਼ਹੀਦ ਹੋ ਗਏ।

ਇਨ੍ਹਾਂ ਘਟਨਾਵਾਂ ਨੇ ਸਿੱਖ ਭਾਈਚਾਰੇ ਦੀ ਵਿਚਾਰਧਾਰਾ ਨੂੰ ਨਵਾਂ ਆਕਾਰ ਦਿੱਤਾ। ਆਸਥਾ ਦੀ ਆਜ਼ਾਦੀ ਇਸਦੇ ਕੇਂਦਰੀ ਸਿਧਾਂਤਾਂ ’ਚੋਂ ਇਕ ਬਣ ਗਈ ਜਦਕਿ ਸੱਤਾ ਦੀ ਦੁਰਵਰਤੋਂ ਕਰਨਾ, ਭੈਅ ਫੈਲਾਉਣਾ ਅਤੇ ਧਰਮਾਂ ਦੇ ਪੈਰੋਕਾਰਾਂ ਨੂੰ ਆਪਣੇ ਅਧੀਨ ਕਰਨਾ ਸਰਾਪ ਬਣ ਗਿਆ।

ਤਿੰਨ ਸ਼ਤਾਬਦੀਆਂ ਤੋਂ ਵੀ ਘੱਟ ਸਮੇਂ ਪਿੱਛੋਂ ਭਾਰਤੀ ਉਪ ਮਹਾਦੀਪ ਨੇ ਵੰਡ ਦੀ ਤ੍ਰਾਸਦੀ ਦੇਖੀ। ਸਾਡੇ ਗੁਆਂਢੀ ਦੀ ਮੌਜੂਦਾ ਕਿਸਮਤ ਜੋ ਉਸ ਨਾਲ ਪੈਦਾ ਹੋਈ, ਇਕ ਅਜਿਹੀ ਉਦਾਹਰਣ ਹੈ ਜੋ ਵਿਕਾਸ ਦੀ ਥਾਂ ਅਸਹਿਣਸ਼ੀਲਤਾ ਅਤੇ ਨਫਰਤ ’ਤੇ ਪਲ ਰਹੇ ਇਕ ਧਾਰਮਿਕ ਰਾਜ ਦੀ ਹੈ। ਇਸ ਮਹੱਤਵਪੂਰਨ ਇਤਿਹਾਸਕ ਸੰਦਰਭ ਨੂੰ ਧਿਆਨ ’ਚ ਰੱਖਦਿਆਂ ਕੀ ਇਹ ਚੋਟੀ ਦਾ ‘ਆਸ਼ਚਰਯਮ’ ਨਹੀਂ ਹੈ ਕਿ ਖਾਲਿਸਤਾਨ ਹਮਾਇਤੀ ਸਿੱਖ ਹਿੱਤ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੇ ਹਨ?

ਇਨ੍ਹਾਂ ਦਾ ਨਿਰਮਾਣ ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਜ਼ਿੰਮੇਵਾਰ ਲੋਕਾਂ ਦੇ ਵਿਚਾਰਕ ਵੰਸ਼ਜਾਂ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੇ ਸਪਾਂਸਰਾਂ ਨੇ ਉਨ੍ਹਾਂ ਨੂੰ ਧਾਰਮਿਕ ਅਸਹਿਣਸ਼ੀਲਤਾ ਅਤੇ ਅੱਤਵਾਦੀ ਰਣਨੀਤੀ ਦਾ ਆਹਾਰ ਦਿੱਤਾ। ਉਹ ਧਾਰਨਾਵਾਂ ਜੋ ਉਸ ਆਸਥਾ ਤੋਂ ਵੱਖਰੀਆਂ ਹਨ ਜਿਨ੍ਹਾਂ ਦੀ ਉਹ ਪ੍ਰਤੀਨਿਧਤਾ ਕਰਨ ਦਾ ਦਿਖਾਵਾ ਕਰਦੇ ਹਨ।

ਇਸ ’ਚ ਕੋਈ ਹੈਰਾਨੀ ਨਹੀਂ ਕਿ ਦਹਾਕਿਆਂ ਤੱਕ ਯਤਨ ਕਰਨ ਪਿੱਛੋਂ ਵੀ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀ ਹਮਾਇਤ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਸਪਾਂਸਰਾਂ ਦੀਆਂ ਅੱਖਾਂ ’ਤੇ ਪੱਟੀ ਬੱਝੀ ਹੋਣ ਕਾਰਨ ਉਹ ਭਾਰਤ ’ਚ ਸਿੱਖਾਂ ਨੂੰ ਮਿਲਣ ਵਾਲੇ ਅਧਿਕਾਰਾਂ, ਸਨਮਾਨ ਅਤੇ ਤਰੱਕੀ ਨੂੰ ਦੇਖਣ ’ਚ ਅਸਫਲ ਰਹਿੰਦੇ ਹਨ।

ਤਰੁੱਟੀਪੂਰਨ ਤਰਕ ਵਾਲੇ ਇਨ੍ਹਾਂ ਆਕਿਆਂ ਨੂੰ ਉਹ ਲੋਕ ਟੱਕਰ ਦੇ ਰਹੇ ਹਨ ਜੋ ਭਾਰਤ ਪ੍ਰਤੀ ਸਿੱਖ ਭਾਈਚਾਰੇ ਦੀ ਵਫਾਦਾਰੀ ’ਤੇ ਸਵਾਲ ਉਠਾ ਰਹੇ ਹਨ। ਇਹ ਨਫਰਤ ਫੈਲਾਉਣ ਵਾਲੇ ਆਮ ਤੌਰ ’ਤੇ ਸੋਸ਼ਲ ਮੀਡੀਆ ’ਤੇ ਸਰਗਰਮ ਹੁੰਦੇ ਹਨ। ਇਹ ਇਕ ਅਜਿਹਾ ਮੰਚ ਹੈ ਜਿਸ ਦੀ ਦੁਰਵਰਤੋਂ ਸਭ ਤੋਂ ਵੱਧ ਹੁੰਦੀ ਹੈ। ਭਾਵੇਂ ਹੀ ਇਹ ਉਸ ਤਰ੍ਹਾਂ ਦੀ ਪਹੁੰਚ ਨੂੰ ਸਮਰੱਥ ਬਣਾਉਂਦਾ ਹੈ, ਜੋ ਰਵਾਇਤੀ ਮੀਡੀਆ ਕੋਲ ਨਹੀਂ ਹੁੰਦੀ।

ਆਮ ਤੌਰ ’ਤੇ ਰਾਸ਼ਟਰ ਲਈ ਬਲੀਦਾਨਾਂ ਦੇ ਸ਼ਾਨਦਾਰ ਰਿਕਾਰਡ ਲਈ ਜਾਣੇ ਜਾਣ ਵਾਲੇ ਭਾਈਚਾਰੇ ਦੀ ਵਫਾਦਾਰੀ ਬਾਰੇ ਸ਼ੱਕ ਪੈਦਾ ਕਰ ਕੇ, ਸਿਰਫ ਇਸ ਲਈ ਕਿ ਕੁਝ ਅਸੰਤੁਸ਼ਟ ਲੋਕ ਕਿਤੇ ਸ਼ੋਰ ਮਚਾਉਂਦੇ ਹਨ, ਉਹ ਆਪਣੇ ਵੰਡ-ਪਾਊ ਏਜੰਡੇ ਦੀ ਪੂਰਨ ਗੈਰ-ਹਾਜ਼ਰੀ ਨੂੰ ਪ੍ਰਗਟ ਕਰਦੇ ਹਨ। ਹੁਣ ਸਵਾਲ ਇਹ ਹੈ ਕਿ ਜੇ ਖਾਲਿਸਤਾਨ ਹਮਾਇਤੀਆਂ ਦਾ ਹਮਾਇਤ ਆਧਾਰ ਨਿਗੂਣਾ ਹੈ ਤਾਂ ਪ੍ਰੇਸ਼ਾਨ ਕਿਉਂ ਹੋਈਏ?

ਖੈਰ, ਚੰਗੀ ਸਿੱਖਿਆ ਨਾਲ ਤਰਕਸੰਗਤ ਸੋਚ ਵਿਕਸਿਤ ਹੁੰਦੀ ਹੈ। ਇਸ ਤੋਂ ਵਾਂਝੀ ਆਬਾਦੀ ਦਾ ਇਕ ਵਰਗ ਭੋਲਾ-ਭਾਲਾ ਹੈ। ਨਤੀਜੇ ਵਜੋਂ ਖਾਲਿਸਤਾਨ ਹਮਾਇਤੀਆਂ ਵਰਗੇ ਕੁਝ ਹਜ਼ਾਰ ਸ਼ਰਾਰਤੀ ਤੱਤ ਵੀ ਹੌਲੀ-ਹੌਲੀ ਸਿੱਖ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਉਹ 1980 ਦੇ ਦਹਾਕੇ ’ਚ ਵੀ ਅਜਿਹਾ ਕਰ ਚੁੱਕੇ ਸਨ। ਉਸ ਸਮੇਂ ਦੀ ਸੱਤਾਧਾਰੀ ਵਿਵਸਥਾ ਦੇ ਸਿਆਸੀ ਲਾਲਚ ਨੇ ਉਸ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ। ਪਾਕਿਸਤਾਨ ਦੀ ਆਈ. ਐੱਸ. ਆਈ. ਖੁਸ਼ੀ ਨਾਲ ਇਹ ਸਭ ਦੇਖ ਰਹੀ ਸੀ ਕਿਉਂਕਿ ਸਾਡੇ ਆਪਣੇ ਦੇਸ਼ ਦੇ ਸਿਆਸੀ ਆਗੂਆਂ ਨੇ ਦੋ ਭਾਈਚਾਰਿਆਂ ਦਰਮਿਆਨ ਕਲੇਸ਼ ਦੇ ਬੀਜ ਬੀਜੇ ਸਨ, ਜਿਨ੍ਹਾਂ ’ਚ ਖੂਨ ਦਾ ਸਭ ਤੋਂ ਮਜ਼ਬੂਤ ਰਿਸ਼ਤਾ ਹੈ।

ਇਕ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਘਟਨਾਵਾਂ ਦੀ ਇਕ ਲੜੀ ਸ਼ੁਰੂ ਕੀਤੀ ਅਤੇ ਉਸਦੇ ਖਿਲਾਫ ਕਤਲੇਆਮ ਦੀ ਯੋਜਨਾ ਬਣਾਈ। ਅਖੀਰ, ਜਿਨ੍ਹਾਂ ਨੂੰ ਕਿਸਮਤ ਨੇ ਵਧੇਰੇ ਪ੍ਰਭਾਵ ਦਿੱਤਾ ਹੈ, ਉਨ੍ਹਾਂ ਨੂੰ ਸਾਡੇ ਰਾਖੇ ਬਣਨ ਦੀ ਲੋੜ ਹੈ। ਸਾਡੇ ਧਾਰਮਿਕ ਅਧਿਕਾਰੀ ਜਾਣਦੇ ਹਨ ਕਿ ਬੇਈਮਾਨ ਸਿਆਸਤਦਾਨਾਂ ਅਤੇ ਇਕ ਦੁਸ਼ਮਣ ਗੁਆਂਢੀ ਦੇਸ਼ ਦੀ ਖੁਫੀਆ ਏਜੰਸੀ ਨੇ ਅਤੀਤ ’ਚ ਸਿੱਖ ਭਾਈਚਾਰੇ ਦਾ ਅਕਸ ਖਰਾਬ ਕੀਤਾ ਹੈ। ਉਨ੍ਹਾਂ ਨੂੰ ਉਸੇ ਸਕ੍ਰਿਪਟ ਨੂੰ ਦੁਬਾਰਾ ਚਲਾਉਣ ਦੇਣਾ ਸ਼ਰਮ ਦੀ ਗੱਲ ਹੋਵੇਗੀ।

ਉਦਾਹਰਣ ਲਈ ਫਰਵਰੀ 2023 ’ਚ ਕੈਨੇਡਾ ਦੀ ਓਂਟਾਰੀਓ ਗੁਰਦੁਆਰਾ ਕਮੇਟੀ ਨੇ ਪੂਰੇ ਸੂਬੇ ’ਚ ਮੰਦਰਾਂ ’ਚ ਭੰਨ-ਤੋੜ ਲਈ ਜ਼ਿੰਮੇਵਾਰ ਅਪਰਾਧੀਆਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ। ਮਾਰਚ 2023 ’ਚ ਅਕਾਲ ਤਖਤ ਦੇ ਜਥੇਦਾਰ ਨੇ ਅਮਰੀਕਾ ’ਚ ਭਾਰਤ ਦੇ ਵਣਜ ਦੂਤਘਰ ’ਤੇ ਹਮਲੇ ਦੀ ਨਿੰਦਾ ਕੀਤੀ ਅਤੇ ਤਖਤ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ. ਕੇ. ’ਚ ਸਾਡੇ ਹਾਈ ਕਮਿਸ਼ਨ ’ਤੇ ਹਮਲੇ ਦੀ ਨਿੰਦਾ ਕੀਤੀ ਹੈ।

ਬਦਕਿਸਮਤੀ ਨਾਲ ਉਨ੍ਹਾਂ ਦੇ ਬਿਆਨਾਂ ਨੂੰ ਜ਼ਿਆਦਾ ਕਵਰੇਜ ਨਹੀਂ ਦਿੱਤੀ ਗਈ ਜਿੰਨੀ ਕਿ ਵਿਦੇਸ਼ਾਂ ’ਚ ਦਿਖਾਵਾ ਕਰ ਰਹੇ ਵੱਖਵਾਦੀਆਂ ਨੂੰ ਮਿਲੀ। ਲੋੜ ਹੈ ਕਿ ਅਜਿਹੇ ਯਤਨਾਂ ਨੂੰ ਮੀਡੀਆ ਹੋਰ ਜ਼ਿਆਦਾ ਪ੍ਰਚਾਰਿਤ ਕਰੇ। ਨਾਲ ਹੀ ਧਾਰਮਿਕ ਆਗੂਆਂ ਨੂੰ ਵੀ ਆਵਾਜ਼ ਉਠਾਉਣ ਅਤੇ ਆਪਣੇ ਸਮਝਦਾਰ ਬਿਆਨਾਂ ਦੀ ਪਹੁੰਚ ਵਧਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਧਾਰਮਿਕ ਆਗੂ ਖਾਲਿਸਤਾਨ ਹਮਾਇਤੀਆਂ ਨੂੰ ਸਿੱਖ ਭਾਈਚਾਰੇ ’ਚੋਂ ਛੇਕ ਕੇ ਸਭ ਤੋਂ ਮਜ਼ਬੂਤ ਝਟਕਾ ਦੇ ਸਕਦੇ ਹਨ।

ਇਹ ਦਾਅਵਾ ਕਰ ਕੇ ਕਿ ਸਿੱਖ ਇਕ ਵੱਖ ਮਾਤ-ਭੂਮੀ ਚਾਹੁੰਦੇ ਹਨ, ਖਾਲਿਸਤਾਨ ਹਮਾਇਤੀ ਉਨ੍ਹਾਂ ਲੱਖਾਂ ਸਿੱਖਾਂ ਦੀ ਦੇਸ਼ ਭਗਤੀ ਦਾ ਮਜ਼ਾਕ ਉਡਾਉਂਦੇ ਹਨ ਜੋ ਵਫਾਦਾਰੀ ਨਾਲ ਭਾਰਤ ਦੀਆਂ ਹਥਿਆਰਬੰਦ ਫੌਜਾਂ ਦੀ ਸੇਵਾ ਕਰਦੇ ਹਨ। ਛੇਕਣ ਤੋਂ ਪਹਿਲਾਂ ਦੀ ਆਸਥਾ ਨੂੰ ਕਿਸੇ ਵੀ ਸਬੰਧ ਤੋਂ ਵਾਂਝੇ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ 1984 ਦੇ ਕਤਲੇਆਮ ਦੇ ਅਪਰਾਧੀਆਂ ਨੂੰ ਹਿੰਦੂ ਭਾਈਚਾਰੇ ’ਚੋਂ ਛੇਕਣ ਦੀ ਉਮੀਦ ਵੀ ਬਣੇਗੀ।

ਅਖੀਰ ’ਚ ਭਾਰਤ ਸਰਕਾਰ ਅੰਦੋਲਨ ਦੇ ਤਾਬੂਤ ’ਚ ਆਖਰੀ ਕਿੱਲ ਠੋਕ ਸਕਦੀ ਹੈ। ਨਵੰਬਰ 1984 ਦੇ ਜ਼ਿਆਦਾਤਰ ਅਪਰਾਧੀ ਅਜੇ ਵੀ ਪਕੜ ਤੋਂ ਬਾਹਰ ਹਨ। ਕੁਝ ਸਾਲਾਂ ’ਚ ਨਿਆਂ ਦਾ ਮੌਕਾ ਹਮੇਸ਼ਾ ਲਈ ਖਤਮ ਹੋ ਸਕਦਾ ਹੈ।

1984 ਦੇ ਪੀੜਤਾਂ ਨੂੰ ਨਿਆਂ ਨਾ ਦੇਣਾ ਵੱਖਵਾਦੀਆਂ ਦੀ ਇਕ ਵੱਖਰੀ ਤਰਕਸੰਗਤ ਸ਼ਿਕਾਇਤ ਹੈ। ਇਹ ਨਿਆਂ ਪ੍ਰਦਾਨ ਕਰਨਾ ਭਾਰਤ ਲਈ ਪ੍ਰਵਾਸੀ ਸਿੱਖਾਂ ’ਚ ਭਾਰਤ ਖਿਲਾਫ ਗੁੱਸਾ ਭੜਕਾਉਣ ਲਈ ਖਾਲਿਸਤਾਨ ਮੂਵਮੈਂਟ ਦੇ ਕਰਤਿਆਂ-ਧਰਤਿਆਂ ਲਈ ਸਭ ਤੋਂ ਮਹੱਤਵਪੂਰਨ ਔਜ਼ਾਰ ਖੋਹਣ ਦਾ ਮੌਕਾ ਹੈ। ਪ੍ਰਮੁੱਖ ਹਿੱਤਧਾਰਕਾਂ ’ਚ ਆਮ ਸਿੱਖ ਅਸਲ ’ਚ ਪਹਿਲਾਂ ਤੋਂ ਹੀ ਵੱਖਵਾਦੀਆਂ ਨਾਲ ਸ਼ਾਮਲ ਹੋਣ ਤੋਂ ਇਨਕਾਰ ਕਰ ਕੇ ਅਤੇ ਸਮਾਜਿਕ-ਆਰਥਿਕ ਤਰੱਕੀ ’ਚ ਯੋਗਦਾਨ ਪਾ ਕੇ ਆਪਣਾ ਕਰਤੱਵ ਨਿਭਾਅ ਰਹੇ ਹਨ। (ਇਹ ਲੇਖਕ ਦੇ ਆਪਣੇ ਵਿਚਾਰ ਹਨ) (ਦਿ ਸਟੇਟਸ ਮੈਨ ਤੋਂ ਧੰਨਵਾਦ ਸਹਿਤ)

ਹਰਪ੍ਰੀਤ ਸਿੰਘ


Rakesh

Content Editor

Related News