ਵਿਰੋਧੀ ਧਿਰ ਮੈਨੂੰ ਜ਼ਿੰਦਾ ਦਫਨਾਉਣੇ ਚਾਹੁੰਦੇ ਹਨ ਪਰ ਜਨਤਾ ਮੇਰਾ ਸੁਰੱਖਿਆ ਕਵਚ : PM ਮੋਦੀ
Friday, May 10, 2024 - 05:30 PM (IST)
ਨੰਦੂਰਬਾਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਰੋਧੀ ਧਿਰ 'ਚ ਕੁਝ ਲੋਕ ਉਨ੍ਹਾਂ ਨੂੰ ਜ਼ਿੰਦਾ ਦਫਨਾਉਣਾ ਚਾਹੁੰਦੇ ਹਨ ਪਰ ਦੇਸ਼ ਦੇ ਲੋਕ ਉਨ੍ਹਾਂ ਦਾ ਸੁਰੱਖਿਆ ਕਵਚ ਹਨ ਅਤੇ ਜਨਤਾ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਿੱਗਜ ਭਾਜਪਾ ਨੇਤਾ ਨੇ ਕਿਹਾ ਕਿ 'ਨਕਲੀ ਸ਼ਿਵ ਸੈਨਾ' ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਗਾਲ੍ਹਾਂ ਦਿੰਦੀ ਹੈ ਕਿ ਉਸ ਤੋਂ ਇਸ ਦਾ ਆਪਣਾ 'ਮਨਪਸੰਦ ਵੋਟ ਬੈਂਕ' ਖੁਸ਼ ਹੁੰਦਾ ਹੈ। ਉੱਤਰ ਮਹਾਰਾਸ਼ਟਰ ਦੇ ਨੰਦੂਰਬਾਰ 'ਚ ਭਾਜਪਾ ਦੀ ਉਮੀਦਵਾਰ ਹਿਨਾ ਗਾਵਿਤ ਦੇ ਸਮਰਥਨ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਇਹ ਨਕਲੀ ਸ਼ਿਵ ਸੈਨਾ ਵਾਲੇ ਮੈਨੂੰ ਜ਼ਿੰਦਾ ਦਫਨਾਉਣ ਦੀ ਗੱਲ ਕਰ ਰਹੇ ਹਨ। ਇਕ ਪਾਸੇ ਕਾਂਗਰਸ ਹੈ, ਜੋ ਕਹਿੰਦੀ ਹੈ- ਮੋਦੀ ਤੇਰੀ ਕਬਰ ਪੁੱਟੇਗੀ... ਦੂਜੇ ਪਾਸੇ ਇਹ ਨਕਲੀ ਸ਼ਿਵ ਸੈਨਾ ਹੈ ਜੋ ਮੈਨੂੰ ਜ਼ਿੰਦਾ ਦਫਨਾਉਣ ਦੀ ਗੱਲ ਕਰਦੀ ਹੈ ਅਤੇ ਮੈਨੂੰ ਗਾਲ੍ਹਾਂ ਦਿੰਦੇ ਹੋਏ ਵੀ ਇਹ ਲੋਕ ਤੁਸ਼ਟੀਕਰਨ ਦਾ ਪੂਰਾ ਧਿਆਨ ਰੱਖਦੇ ਹਨ।''
ਇਹ ਵੀ ਪੜ੍ਹੋ : ਸੰਜੇ ਰਾਊਤ ਦੇ ਵਿਗੜੇ ਬੋਲ, ਕਿਹਾ- 'ਅਸੀਂ ਔਰੰਗਜ਼ੇਬ ਨੂੰ ਦਫ਼ਨਾ ਦਿੱਤਾ ਤਾਂ ਮੋਦੀ ਕੀ ਚੀਜ਼ ਹਨ'
ਪੀ.ਐੱਮ. ਮੋਦੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਰ੍ਹਾਂ ਮਹਾਰਾਸ਼ਟਰ 'ਚ ਦਫਨਾਉਣ ਦੀ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦੀ ਟਿੱਪਣੀ ਵੱਲ ਇਸ਼ਾਰਾ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਨਕਲੀ ਸ਼ਿਵ ਸੈਨਾ ਵਾਲੇ ਉਨ੍ਹਾਂ ਨੂੰ ਜ਼ਿੰਦਾ ਦਫਨਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਸੋਚਦਾ ਹਾਂ, ਦੁੱਖ ਹੁੰਦਾ ਹੈ ਕਿ ਬਾਲਾ ਸਾਹਿਬ ਠਾਕਰੇ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ। ਉਨ੍ਹਾਂ ਨੂੰ ਮੈਂ ਕਰੀਬ ਤੋਂ ਦੇਖਿਆ ਹੈ। ਹੁਣ ਤਾਂ ਨਕਲੀ ਸ਼ਿਵ ਸੈਨਾ ਵਾਲੇ ਬੰਬ ਧਮਾਕੇ ਦੇ ਦੋਸ਼ੀ ਨੂੰ ਵੀ ਆਪਣੇ ਪ੍ਰਚਾਰ 'ਚ ਲਿਜਾਉਣ ਲੱਗੇ ਹਨ।'' ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਜਨਤਾ ਦਾ ਵਿਸ਼ਵਾਸ ਗੁਆ ਚੁਕੀਆਂ ਹਨ ਅਤੇ ਉਨ੍ਹਾਂ ਦੀ ਸਿਆਸੀ ਜ਼ਮੀਨ ਵੀ ਖਿਸਕ ਚੁੱਕੀ ਹੈ। ਭਾਜਪਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ 1993 ਦੇ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਇਕਬਾਲ ਮੂਸਾ ਉਰਫ਼ ਬਾਬਾ ਚੌਹਾਨ ਨੂੰ ਸ਼ਿਵ ਸੈਨਾ (ਯੂਬੀਟੀ) ਦੇ ਮੁੰਬਈ ਉੱਤਰ ਪੱਛਮੀ ਉਮੀਦਵਾਰ ਅਮੋਲ ਕੀਰਤੀਕਰ ਦੀ ਲੋਕ ਸਭਾ ਪ੍ਰਚਾਰ ਰੈਲੀ 'ਚ ਦੇਖਿਆ ਗਿਆ ਸੀ। ਮੂਸਾ ਅਤੇ ਕੀਰਤੀਕਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੋਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਇਕ-ਦੂਜੇ ਨੂੰ ਨਹੀਂ ਜਾਣਦੇ। ਮੋਦੀ ਨੇ ਕਿਹਾ,''ਭਾਰਤ ਦੇ ਲੋਕ ਮੇਰੇ ਲਈ ਸੁਰੱਖਿਆ ਕਵਚ ਹਨ। ਵਿਰੋਧੀ ਧਿਰ ਮੈਨੂੰ ਜ਼ਿੰਦਾ ਜਾਂ ਮ੍ਰਿਤ ਦਫ਼ਨ ਨਹੀਂ ਕਰ ਸਕਦੇ ਹਨ।'' ਕਾਂਗਰਸ ਮਹਾਰਾਸ਼ਟਰ 'ਚ ਸ਼ਿਵ ਸੈਨਾ (ਯੂਬੀਟੀ) ਦੀ ਸਹਿਯੋਗੀ ਪਾਰਟੀ ਹੈ। ਨੰਦੂਰਬਾਰ ਮਹਾਰਾਸ਼ਟਰ ਦੀਆਂ ਉਨ੍ਹਾਂ 11 ਲੋਕ ਸਭਾ ਸੀਟਾਂ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਚੌਥੇ ਪੜਾਅ 'ਚ 13 ਮਈ ਨੂੰ ਵੋਟਿੰਗ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e