PoK ਭਾਰਤ ਦਾ ਹੈ, ਕਾਂਗਰਸ ਪਰਮਾਣੂ ਬੰਬ ਦੇ ਡਰ ਕਾਰਨ ਛੱਡਣਾ ਚਾਹੁੰਦੀ ਹੈ ਇਸ ''ਤੇ ਅਧਿਕਾਰ : ਅਮਿਤ ਸ਼ਾਹ
Saturday, May 11, 2024 - 05:34 PM (IST)
ਹੈਦਰਾਬਾਦ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਅਤੇ ਉਸ ਦੇ ਨੇਤਾਵਾਂ 'ਤੇ ਤਿੱਖਾ ਹਮਲਾ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਕੋਲ ਪਰਮਾਣੂ ਬੰਬ ਹੋਣ ਦੇ ਡਰ ਕਾਰਨ ਸਭ ਤੋਂ ਪੁਰਾਣੀ ਪਾਰਟੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਤੇ ਭਾਰਤ ਦਾ ਅਧਿਕਾਰ ਛੱਡਣਾ ਚਾਹੁੰਦੀ ਹੈ। ਸ਼ਾਹ ਨੇ ਤੇਲੰਗਾਨਾ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਕਹਿੰਦੇ ਹਨ ਕਿ ਪਾਕਿਸਤਾਨ ਕੋਲ ਪਰਮਾਣੂ ਬੰਬ ਹੈ ਅਤੇ ਇਸ ਲਈ ਭਾਰਤ ਨੂੰ ਪੀਓਕੇ 'ਤੇ ਗੱਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ,"ਪਰਮਾਣੂ ਬੰਬ ਦੇ ਡਰ ਕਾਰਨ ਉਹ ਮਕਬੂਜ਼ਾ ਕਸ਼ਮੀਰ 'ਤੇ ਸਾਡਾ ਹੱਕ ਛੱਡਣਾ ਚਾਹੁੰਦੇ ਹਨ ਪਰ ਚਿੰਤਾ ਨਾ ਕਰੋ, ਮੋਦੀ ਜੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਅਤੇ ਪਾਕਿਸਤਾਨ ਦੀਆਂ ਗੋਲੀਆਂ ਦਾ ਜਵਾਬ ਤੋਪਾਂ ਨਾਲ ਦਿੱਤਾ ਜਾਵੇਗਾ।"
ਸਰਜੀਕਲ ਸਟ੍ਰਾਈਕ 'ਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਟਿੱਪਣੀ 'ਤੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਵਾਈ ਕੀਤੀ ਅਤੇ ਅੱਤਵਾਦੀਆਂ ਦਾ ਖ਼ਾਤਮਾ ਕੀਤਾ। ਰੇਵੰਤ ਰੈੱਡੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪੁਲਵਾਮਾ ਹਮਲਾ ਖੁਫ਼ੀਆ ਅਸਫ਼ਲਤਾ ਦਾ ਨਤੀਜਾ ਸੀ। ਰੈੱਡੀ ਕਿਹਾ ਸੀ,''ਮੋਦੀ ਜੀ ਨੇ ਪੁਲਵਾਮਾ ਘਟਨਾ ਤੋਂ ਬਾਅਦ ਸਰਜੀਕਲ ਸਟ੍ਰਾਈਕ ਤੋਂ ਰਾਜਨੀਤਕ ਲਾਭ ਲੈਣ ਦੀ ਕੋਸ਼ਿਸ਼ ਕੀਤੀ। ਮੇਰਾ ਮੋਦੀ ਜੀ ਤੋਂ ਸਵਾਲ ਹੈ ਕਿ ਤੁਸੀਂ ਕੀ ਕਰ ਰਹੇ ਹੋ? ਪੁਲਵਾਮਾ ਘਟਨਾ ਕਿਉਂ ਹੋਈ? ਤੁਸੀਂ ਇਸ ਨੂੰ ਕਿਉਂ ਹੋਣ ਦਿੱਤਾ? ਤੁਸੀਂ ਅੰਦਰੂਨੀ ਸੁਰੱਖਿਆ ਬਾਰੇ ਕੀ ਕਰ ਰਹੇ ਹੋ? ਤੁਸੀਂ ਆਈ.ਬੀ., ਰਾਅ ਵਰਗੀਆਂ ਏਜੰਸੀਆਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ? ਇਹ ਤੁਹਾਡੀ ਅਸਫ਼ਲਤਾ ਹੈ। ਕੋਈ ਨਹੀਂ ਜਾਣਦਾ ਹੈ ਕਿ ਅਸਲ 'ਚ ਸਰਜੀਕਲ ਸਟ੍ਰਾਈਕ ਹੋਈ ਸੀ ਜਾਂ ਨਹੀਂ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e