ਇਸ ਵਾਰ ਮਾਝੇ ’ਚ ਨਵਾਂ ਇਤਿਹਾਸ ਲਿਖੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ

Thursday, May 16, 2024 - 11:54 AM (IST)

ਇਸ ਵਾਰ ਮਾਝੇ ’ਚ ਨਵਾਂ ਇਤਿਹਾਸ ਲਿਖੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ

ਜ਼ੀਰਾ/ਜਲੰਧਰ (ਰਾਜੇਸ਼ ਢੰਡ, ਅਕਾਲੀਆਂਵਾਲਾ, ਧਵਨ)-ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਜ਼ੀਰਾ ਅਤੇ ਭਿੱਖੀਵਿੰਡ ਵਿਚ ਲਾਲਜੀਤ ਭੁੱਲਰ ਨਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਭੁੱਲਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਵਿਚ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਨਾਅਰੇਬਾਜ਼ੀ ਕਰਕੇ ਸਵਾਗਤ ਕੀਤਾ। ਜ਼ੀਰਾ ਵਿਚ ਰੋਡ ਸ਼ੋਅ ਦੌਰਾਨ ਮਾਨ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੇ ਕੋਲੋਂ ਵੋਟਾਂ ਮੰਗਣ ਨਹੀਂ ਆਇਆ। ਮੈਂ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਤੁਹਾਡਾ ਸਹਿਯੋਗ ਲੈਣ ਆਇਆ ਹਾਂ। ਭਿੱਖੀਵਿੰਡ ਵਿਚ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮਾਝੇ ਦੇ ਲੋਕ ਇਤਿਹਾਸ ਲਿਖਣ ਲਈ ਜਾਣੇ ਜਾਂਦੇ ਹਨ ਅਤੇ ਲੋਕਾਂ ਦੀ ਇਸ ਭੀੜ ਨੂੰ ਵੇਖ ਕੇ ਮੈਨੂੰ ਸਾਫ਼ ਲੱਗਦਾ ਹੈ ਕਿ ਇਸ ਵਾਰ ਮਾਝੇ ਵਿਚ ‘ਆਪ’ਨਵਾਂ ਇਤਿਹਾਸ ਲਿਖੇਗੀ। ਮੁੱਖ ਮੰਤਰੀ ਮਾਨ ਨੇ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ’ਚ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉਗ ਸਕਦੇ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ’ਚ 80 ਫ਼ੀਸਦੀ ਪੁਲਸ ਫੋਰਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਹੋਣਗੀਆਂ ਤਾਇਨਾਤ

ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨਾਲ ਵਿਤਕਰਾ ਕਰਦੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਕਰ ਦਿੱਤਾ ਸੀ। ਪੰਜਾਬ ਦੇ ਸ਼ਹੀਦਾਂ ਨੂੰ ਨਕਾਰਨ ਵਾਲੀ ਭਾਜਪਾ ਕੌਣ ਹੁੰਦੀ ਹੈ? ਮਾਨ ਨੇ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਹੁਣ ਤੱਕ ਲੋਕ ਸਭਾ ਚੋਣਾਂ ਦੇ ਚਾਰ ਗੇੜ ਹੋ ਚੁੱਕੇ ਹਨ ਅਤੇ ਚਾਰੇ ਗੇੜ ਦੀਆਂ ਚੋਣਾਂ ਵਿਚ ਭਾਜਪਾ ਹਾਰ ਰਹੀ ਹੈ। ਇਸੇ ਲਈ ਪੀ. ਐੱਮ. ਮੋਦੀ ਦੇ ਸੁਰ ਬਦਲ ਗਏ ਹਨ। ਹੁਣ ਉਹ ਨਫ਼ਰਤ ਦੀ ਰਾਜਨੀਤੀ ’ਤੇ ਆ ਗਏ ਹਨ। ਮਾਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਵਾਰ ਸਾਨੂੰ ਕਿਸੇ ਵੀ ਕੀਮਤ ’ਤੇ ਭਾਜਪਾ ਨੂੰ ਹਰਾਉਣਾ ਪਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 16 ਮਈ ਨੂੰ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਸਭ ਤੋਂ ਪਹਿਲਾਂ ਉਹ ਪੰਜਾਬ ਦੇ ਅੰਮ੍ਰਿਤਸਰ ਪੁੱਜਣਗੇ ਅਤੇ ਇਥੋਂ ਦੀ ਪਵਿੱਤਰ ਧਰਤੀ ਤੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਕਰਨਗੇ।

PunjabKesari

ਕੇਜਰੀਵਾਲ 16 ਮਈ ਨੂੰ ਸ਼ਾਮ 6 ਵਜੇ ‘ਆਪ’ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਅੰਮ੍ਰਿਤਸਰ ’ਚ ਵੱਡਾ ਰੋਡ ਸ਼ੋਅ ਕਰਨਗੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਰੋਡ ਸ਼ੋਅ ਤੋਂ ਬਾਅਦ ਕੇਜਰੀਵਾਲ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣਗੇ। ਜ਼ਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਪੰਜਾਬ ਫੇਰੀ ਹੈ। ਉਨ੍ਹਾਂ ਦੇ ਆਉਣ ਨਾਲ ਪਾਰਟੀ ਦੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਵਰਕਰਾਂ ਦਾ ਮਨੋਬਲ ਵੀ ਵਧੇਗਾ। ਇਸ ਮੁਹਿੰਮ ਵਿਚ ਉਨ੍ਹਾਂ ਦੀ ਸ਼ਮੂਲੀਅਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਪੰਜਾਬ 13-0 ਨੂੰ ਵੀ ਮਜ਼ਬੂਤੀ ।

ਇਹ ਵੀ ਪੜ੍ਹੋ-ਖ਼ੁਦ ਨੂੰ CIA ਦਾ ਜਵਾਨ ਦੱਸ ਕੇ ਡਾਕਟਰ ਨੂੰ ਫਸਾ 'ਤਾ ਕਸੂਤਾ, ਕੱਪੜੇ ਉਤਰਵਾ ਵੀਡੀਓ ਬਣਾ ਕੇ ਕੀਤਾ ਕਾਰਾ


author

shivani attri

Content Editor

Related News