ਸਾਲ 2020 ਦਾ ਵਿਦਾਈ ਗੀਤ ਕਿਵੇਂ ਲਿਖੀਏ

Wednesday, Dec 30, 2020 - 03:35 AM (IST)

ਸਾਲ 2020 ਦਾ ਵਿਦਾਈ ਗੀਤ ਕਿਵੇਂ ਲਿਖੀਏ

ਪੂਨਮ ਆਈ. ਕੌਸ਼ਿਸ਼

ਸਾਲ 2020 ਦਾ ਵਿਦਾਈ ਗੀਤ ਕਿਸ ਤਰ੍ਹਾਂ ਲਿਖੀਏ। ਸ਼ੈਂਪੇਨ ਦੀਆਂ ਬੋਤਲਾਂ ਖੋਲ੍ਹੀਏ ਅਤੇ ਢੋਲ ਨਗਾੜੇ ਵਜਾਈਏ? ਨਵੀਆਂ ਉਮੀਦਾਂ, ਸੁਪਨਿਅਾਂ ਅਤੇ ਵਾਅਦਿਆਂ ਦੇ ਖੰਭਾਂ ’ਤੇ ਸਵਾਰ ਹੋ ਕੇ ਸਾਲ 2021 ਦਾ ਸਵਾਗਤ ਕਰੀਏ? ਜਾਂ ਪਿਛਲੇ 12 ਮਹੀਨਿਆਂ ਤੋਂ ਚੱਲੇ ਆ ਰਹੇ ਨਿਰਾਸ਼ਾ ਦੇ ਮਾਹੌਲ ’ਚ ਹੀ ਜੀਵੀਏ, ਜਿਸ ਦੇ ਰੁਕਣ ਦੇ ਕੋਈ ਆਸਾਰ ਨਹੀਂ ਹਨ।

ਬਿਨਾਂ ਸ਼ੱਕ ਸਾਲ 2020 ਇਤਿਹਾਸ ’ਚ ਇਕ ਉਥਲ-ਪੁਥਲ ਭਰੇ ਸਾਲ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਹਾਲਾਂਕਿ ਨਵੇਂ ਸਾਲ ’ਚ ਨਵੀਆਂ ਉਮੀਦਾਂ ਬੱਝ ਰਹੀਆਂ ਹਨ ਅਤੇ ਉਮੀਦ ਹੈ ਕਿ ਬੀਤੇ ਸਾਲ ਦੇ ਮੁਕਾਬਲੇ ’ਚ ਇਹ ਜ਼ਿਆਦਾ ਸੁਖਦਾਈ ਹੋਵੇਗਾ। ਕੀ ਅਜਿਹਾ ਹੋਵੇਗਾ? ਅਸੀਂ ਇਕ ਅਜਿਹੇ ਗੈਰ-ਸਾਧਾਰਨ ਸਮੇਂ ’ਚ ਰਹਿ ਰਹੇ ਹਾਂ ਜਿਥੇ ਕੋਰੋਨਾ ਮਹਾਮਾਰੀ ਕਾਰਣ ਪੂਰੀ ਦੁਨੀਆ ਠੱਪ ਹੋ ਗਈ ਸੀ ਅਤੇ ਪੂਰੀ ਦੁਨੀਆ ਬਦਲ ਹੀ ਗਈ ਸੀ। ਇਸ ਮਹਾਮਾਰੀ ਨੇ ਸੰਪੂਰਨ ਮਨੁੱਖ ਜਾਤੀ ਨੂੰ ਆਪਣੇ ਸ਼ਿਕੰਜੇ ’ਚ ਜਕੜ ਦਿੱਤਾ ਅਤੇ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਅਸੀਂ ਕਿੰਨੇ ਨਸ਼ਵਰ ਹਾਂ ਅਤੇ ਇਸ ਮਹਾਮਾਰੀ ਦੇ ਅਸਰ ਨੂੰ ਧਿਆਨ ’ਚ ਰੱਖਦੇ ਹੋਏ ਸਾਨੂੰ ਆਪਣੀ ਜੀਵਨਸ਼ੈਲੀ ਅਤੇ ਆਦਤਾਂ ’ਚ ਬਦਲਾਅ ਕਰਨਾ ਪਵੇਗਾ।

ਇਸ ਮਹਾਮਾਰੀ ਨਾਲ ਮ੍ਰਿਤਕਾਂ ਦੀ ਗਿਣਤੀ 20 ਲੱਖ ਦੇ ਨੇੜੇ ਪਹੁੰਚਣ ਵਾਲੀ ਹੈ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ ਇਸ ਦਾ ਮੁਕਾਬਲਾ ਕਰਨ ਲਈ ਜੰਗੀ ਪੱਧਰ ’ਤੇ ਕਦਮ ਚੁੱਕ ਰਹੇ ਹਨ। ਦੁਨੀਆ ਦੇ ਕਈ ਦੇਸ਼ਾਂ ’ਚ ਫਿਰ ਤੋਂ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਸ਼ਹਿਰਾਂ ’ਚ ਇਕ ਵਾਰ ਮੁੜ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਸੀ, ਉਹ ਸਭ ਠੱਪ ਜਿਹੇ ਹੋ ਗਏ ਹਨ ਅਤੇ ਲੋਕ ਸੋਸ਼ਲ ਡਿਸਟੈਂਸਿੰਗ ਦੇ ਨਵੇਂ ਮਾਪਦੰਡਾਂ ਨੂੰ ਅਪਣਾਉਣ ਲੱਗੇ ਹਨ। ਸਾਰਾ ਕੁਝ ਠੱਪ ਹੋ ਗਿਆ ਸੀ। ਗੈਰ-ਜ਼ਰੂਰੀ ਕਾਰੋਬਾਰ ਤੇ ਸੇਵਾਵਾਂ ਬੰਦ ਹੋ ਗਈਅਾਂ ਸਨ ਅਤੇ ਸਿੱਖਿਆ ਸੰਸਥਾਵਾਂ ਵੀ ਬੰਦ ਹੋ ਗਏ। ਵਰਕ ਫਰਾਮ ਹੋਮ, ਐੱਸ. ਓ. ਪੀ. ਸਟੈਂਡਰਡ ਅਾਪ੍ਰੇਟਿੰਗ ਪ੍ਰੋਸੀਜ਼ਰ, ਪੀ. ਪੀ. ਈ. (ਪਰਸਨ ਪ੍ਰੋਟੈਕਟਿਵ ਇਕਵਿਪਮੈਂਟ), ਜ਼ੂਮ ਮੀਟਿੰਗ ਆਦਿ ਵਰਗੇ ਸ਼ਬਦ ਪ੍ਰਚੱਲਿਤ ਹੋ ਗਏ। ਹਾਲਾਂਕਿ ਕੋਰੋਨਾ ਮਹਾਮਾਰੀ ਵਿਰੁੱਧ ਵਿਗਿਆਨੀਅਾਂ ਨੇ ਰਿਕਾਰਡ ਸਮੇਂ ’ਚ ਇਕ ਅਸਰਦਾਰ ਵੈਕਸੀਨ ਤਿਆਰ ਕਰ ਕੇ ਇਸ ਦਿਸ਼ਾ ’ਚ ਤਰੱਕੀ ਕੀਤੀ ਅਤੇ ਅੱਜ ਵਿਕਸਿਤ ਦੇਸ਼ਾਂ ’ਚ ਲੋਕ ਇਸ ਵੈਕਸੀਨ ਦਾ ਇਸਤੇਮਾਲ ਕਰ ਰਹੇ ਹਨ। ਹਾਲਾਂਕਿ ਇਹ ਵਾਇਰਸ ਮਿਊਟੇਟ ਹੋ ਕੇ ਜ਼ਿਆਦਾ ਸੰਕ੍ਰਮਣਕਾਰੀ ਅਤੇ ਖਤਰਨਾਕ ਬਣਦਾ ਜਾ ਰਿਹਾ ਹੈ।

ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਦੌੜ ਲੱਗੀ ਹੋਈ ਹੈ, ਦੂਜੇ ਪਾਸੇ ਅਸੀਂ ਭਾਰਤੀ ਵਿਰੋਧ ਪ੍ਰਦਰਸ਼ਨਾਂ ਅਤੇ ਅੰਦੋਲਨਾਂ ਨੂੰ ਪਸੰਦ ਕਰਦੇ ਹਾਂ। ਇਸ ਸਾਲ ਦੇ ਸ਼ੁਰੂ ਅਤੇ ਅਖੀਰ ’ਚ ਅੰਦੋਲਨ ਅਤੇ ਧਰਨੇ ਦੇਖਣ ਨੂੰ ਮਿਲੇ। ਨਾਗਰਿਕਤਾ ਸੋਧ ਕਾਨੂੰਨ, ਕੌਮੀ ਜਨਸੰਖਿਆ ਰਜਿਸਟਰ ਆਦਿ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੋ ਮਹੀਨਿਅਾਂ ਤੋਂ ਵੱਧ ਸਮੇਂ ਤੱਕ ਚੱਲਿਆ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ’ਚ ਮੁਸਲਮਾਨਾਂ ਵਲੋਂ 2 ਮਹੀਨਿਅਾਂ ਤੋਂ ਵੱਧ ਸਮੇਂ ਤਕ ਚਲਾਏ ਗਏ ਵਿਰੋਧ ਪ੍ਰਦਰਸ਼ਨ ਦੇ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਉਸ ਸੜਕ ’ਤੇ ਟ੍ਰੈਫਿਕ ਜਾਮ ਮਿਲਿਆ ਤੇ ਸਥਾਨਕ ਦੁਕਾਨਾਂ ਬੰਦ ਕਰਨੀਅਾਂ ਪਈਅਾਂ।

ਦੇਸ਼ ਆਰਥਿਕ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ ਤਾਂ ਦੂਜੇ ਪਾਸੇ ਸਾਡੇ ਸ਼ਹਿਰਾਂ ਦੇ ਢਾਂਚਿਅਾਂ ’ਚ ਵੀ ਸੁਧਾਰ ਨਹੀਂ ਹੋਇਆ ਹੈ। ਕੇਂਦਰ ਅਤੇ ਸੂਬਾ ਸਰਕਾਰ 80 ਫੀਸਦੀ ਕਿਰਤ ਸ਼ਕਤੀ ਪ੍ਰਤੀ ਉਦਾਸੀਨ ਹੈ। ਲੱਖਾਂ ਲੋਕਾਂ ਨੇ ਆਪਣਾ ਰੋਜ਼ਗਾਰ ਗੁਆ ਦਿੱਤਾ ਹੈ। ਲਘੂ ਅਤੇ ਮੱਧ ਵਰਗ ਦੀਅਾਂ ਕੰਪਨੀਅਾਂ ਦੀਵਾਲੀਆ ਹੋ ਗਈਅਾਂ ਹਨ ਤਾਂ ਦੂਜੇ ਪਾਸੇ ਭੁੱਖ ਅਤੇ ਨਿਰਾਸ਼ਾ ਛਾਈ ਹੋਈ ਹੈ ਜੋ ਵਿਨਾਸ਼ ਨੂੰ ਸੱਦਾ ਦਿੰਦੀ ਹੈ। ਨਾਲ ਹੀ ਦੇਸ਼ ਦਾ ਗਰੀਬ ਵਰਗ ਕਈ ਮੁੱਢਲੀਅਾਂ ਚੀਜ਼ਾਂ ਤੋਂ ਵਾਂਝਾ ਹੈ। ਕੁਪੋਸ਼ਿਤ ਬੱਚੇ ਪੇਟ ਭਰਨ ਲਈ ਭੀਖ ਮੰਗਣ ਲਈ ਮਜਬੂਰ ਹਨ। ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਭੁੱਖਮਰੀ ਦੀਅਾਂ ਖਬਰਾਂ ਵੀ ਆ ਰਹੀਅਾਂ ਹਨ ਜਦਕਿ ਭਾਰਤੀ ਖੁਰਾਕ ਨਿਗਮ ਦੇ ਭੰਡਾਰਾਂ ’ਚ ਅਨਾਜ ਭਰਿਆ ਪਿਆ ਹੈ ਅਤੇ ਇਨ੍ਹਾਂ ਸਮੱਸਿਆਵਾਂ ਦਾ ਮੂਲ ਕਾਰਣ ਸੂਬਿਅਾਂ ਅਤੇ ਕੇਂਦਰ ਵਿਚਾਲੇ ਤਾਲਮੇਲ ਦੀ ਕਮੀ ਹੈ। ਜਿਨ੍ਹਾਂ ਲੋਕਾਂ ਨੂੰ ਅਨਾਜ ਦੀ ਲੋੜ ਹੈ, ਉਨ੍ਹਾਂ ਨੂੰ ਤੇਜ਼ੀ ਨਾਲ ਅਨਾਜ ਨਹੀਂ ਪਹੁੰਚਾਇਆ ਜਾ ਰਿਹਾ। ਜੇ ਹਾਲਾਤ ’ਚ ਸੁਧਾਰ ਨਾ ਆਇਆ ਤਾਂ ਭੋਜਨ ਨੂੰ ਲੈ ਕੇ ਦੰਗੇ ਹੋਣ ਦੀ ਸੰਭਾਵਨਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਨਤੀਜੇ ਵਜੋਂ ਦੇਸ਼ ’ਚ ਅੱਜ ਚਿੰਤਾ, ਨਿਰਾਸ਼ਾ ਅਤੇ ਹਮਲਾਵਰਤਾ ਦਾ ਮਾਹੌਲ ਬਣਿਆ ਹੋਇਆ ਹੈ।

ਦੇਸ਼ ਦੀਅਾਂ ਸਰਹੱਦਾਂ ’ਤੇ ਵੀ ਹਾਲਾਤ ਚੰਗੇ ਨਹੀਂ ਹਨ। ਇਸ ਸਾਲ ਜੂਨ ’ਚ ਚੀਨ ਵਲੋਂ ਗਲਵਾਨ ਘਾਟੀ ’ਚ ਸਾਡੇ ਫੌਜੀਅਾਂ ’ਤੇ ਜ਼ਾਲਮਾਨਾ ਹਮਲਾ, ਪੇਂਗੋਂਗ ਤਸੋ ਲੇਕ, ਟ੍ਰਿਗ ਹਾਈਟਸ, ਬੁਰਤਸੇ ਅਤੇ ਡੋਲਤਾਂਗੋ ਖੇਤਰਾਂ ’ਚ ਨਾਜਾਇਜ਼ ਕਬਜ਼ੇ ਕਾਰਣ ਦੋਵਾਂ ਦੇਸ਼ਾਂ ਵਿਚਾਲੇ 1967 ’ਚ ਨਾਥੁਲਾ ’ਚ ਫੌਜੀ ਝੜਪਾਂ ਤੋਂ ਬਾਅਦ ਸਭ ਤੋਂ ਵੱਡੀ ਝੜਪ ਦੇਖਣ ਨੂੰ ਮਿਲੀ ਜਿਸ ਕਾਰਣ ਭਾਰਤ ਅਤੇ ਚੀਨ ਜੰਗ ਲਈ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਹਨ। ਦੋਵੇਂ ਇਕ-ਦੂਜੇ ’ਤੇ ਆਪਣੇ ਇਲਾਕੇ ’ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਲਾ ਰਹੇ ਹਨ ਪਰ ਦੋਵੇਂ ਜੰਗ ਦੇ ਹਾਲਾਤ ਤੋਂ ਬਚ ਰਹੇ ਹਨ।

ਮਹਿਲਾ ਸੁਰੱਖਿਆ ਬਾਰੇ ਇਸ ਸਾਲ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ। 16 ਦਸੰਬਰ 2012 ਨੂੰ ਨਿਰਭਯਾ ਸਮੂਹਿਕ ਜਬਰ-ਜ਼ਨਾਹ ਮਾਮਲੇ ਤੋਂ ਲੈ ਕੇ ਹਾਥਰਸ ’ਚ 19 ਸਾਲਾ ਦਲਿਤ ਲੜਕੀ ਦੇ ਨਾਲ ਉੱਚ ਜਾਤੀ ਦੇ 4 ਨੌਜਵਾਨਾਂ ਵਲੋਂ ਜਬਰ-ਜ਼ਨਾਹ ਅਤੇ ਉਸ ਦੀ ਹੱਤਿਆ ਤਕ ਤੋਂ ਲੱਗਦਾ ਹੈ ਕਿ ਕੁਝ ਵੀ ਨਹੀਂ ਬਦਲਿਆ ਹੈ। ਰਾਸ਼ਟਰੀ ਅਪਰਾਧ ਬਿਊਰੋ ਅਨੁਸਾਰ ਦੇਸ਼ ’ਚ ਹਰ ਸਾਲ ਯੌਨ ਹਮਲਿਅਾਂ ਦੇ 39 ਹਜ਼ਾਰ ਮਾਮਲੇ ਦਰਜ ਹੁੰਦੇ ਹਨ। ਹਰੇਕ ਇਕ ਮਿੰਟ ’ਚ ਜਬਰ-ਜ਼ਨਾਹ ਦੇ 5 ਮਾਮਲੇ ਹੁੰਦੇ ਹਨ ਅਤੇ ਹਰੇਕ ਘੰਟੇ ’ਚ ਇਕ ਔਰਤ ਦੀ ਹੱਤਿਆ ਹੁੰਦੀ ਹੈ। ਔਰਤਾਂ ਲਈ ਅਸੁਰੱਖਿਅਤ ਦੇਸ਼ਾਂ ਦੀ ਸ਼੍ਰੇਣੀ ’ਚ ਸੰਯੁਕਤ ਰਾਸ਼ਟਰ ਦੇ ਸਰਵੇਖਣ ’ਚ ਭਾਰਤ 121 ਦੇਸ਼ਾਂ ’ਚੋਂ 85ਵੇਂ ਨੰਬਰ ’ਤੇ ਹੈ। ਇਥੇ ਪ੍ਰਤੀ 10 ਹਜ਼ਾਰ ਔਰਤਾਂ ’ਚੋਂ 6.21 ਔਰਤਾਂ ਨਾਲ ਜਬਰ-ਜ਼ਨਾਹ ਹੁੰਦਾ ਹੈ। ਸਮਾਂ ਆ ਗਿਆ ਹੈ ਕਿ ਅਸੀਂ ਇਸ ਬਾਰੇ ਸੋਚੀਏ ਕਿ ਆਖਿਰ ਇਹ ਜਬਰ-ਜ਼ਨਾਹ ਕਦੋਂ ਤਕ ਚੱਲਣਗੇ।

ਦੂਜੇ ਪਾਸੇ ਭਾਰਤ ’ਚ ਧਰਮ ਨੂੰ ਲੈ ਕੇ ਇਕ ਨਵੇਂ ਅਵਤਾਰ ’ਚ ਸੰਘਰਸ਼ ਜਾਰੀ ਹੈ। ਲਵ ਜੇਹਾਦ ਇਕ ਸੌਖਾ ਸਿਆਸੀ ਹਥਿਆਰ ਬਣ ਗਿਆ ਹੈ ਜਿਸ ਦੀ ਮਦਦ ਨਾਲ ਭਾਜਪਾ ਕੇਂਦਰ ਅਤੇ ਕਈ ਸੂਬਿਅਾਂ ’ਚ ਸੱਤਾ ’ਚ ਆਈ ਹੈ ਅਤੇ ਉਸ ਨੂੰ ਹਿੰਦੂਅਾਂ ਦੀਅਾਂ ਵੋਟਾਂ ਮਿਲਣ ’ਚ ਮਦਦ ਮਿਲੀ ਹੈ। ਜਿਥੇ ਅੰਤਰਜਾਤੀ ਅਤੇ ਅੰਤਰ-ਧਾਰਮਿਕ ਇਸ਼ਕ, ਮੁਹੱਬਤ ਅਤੇ ਵਿਆਹ ਨੂੰ ਜਬਰੀ ਧਰਮ ਤਬਦੀਲੀ ਦੇ ਰੂਪ ’ਚ ਦੇਖਿਆ ਜਾਣ ਲੱਗਾ ਅਤੇ ਭਾਜਪਾ ਸ਼ਾਸਨ ਵਾਲੇ 5 ਸੂਬਿਅਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਕਰਨਾਟਕ ਅਤੇ ਆਸਾਮ ਨੇ ਲਵ ਜੇਹਾਦ ਵਿਰੁੱਧ ਸਖਤ ਕਾਨੂੰਨ ਬਣਾਏ ਹਨ।

ਬਿਨਾਂ ਸ਼ੱਕ ਸਾਡੀ ਜ਼ਿੰਦਗੀ ਹੁਣ ਪਹਿਲਾਂ ਵਾਂਗ ਨਹੀਂ ਰਹੇਗੀ ਪਰ ਸਾਨੂੰ ਇਸ ਗੱਲ ’ਤੇ ਧਿਆਨ ਦੇਣਾ ਪਵੇਗਾ ਕਿ ਅਸੀਂ ਨਵੇਂ ਹਾਲਾਤ ਨਾਲ ਕਿਸ ਤਰ੍ਹਾਂ ਤਾਲਮੇਲ ਬਣਾਈਏ। ਇਹ ਸੌਖਾ ਨਹੀਂ ਹੈ ਪਰ ਸਾਡੇ ਸਾਹਮਣੇ ਕੋਈ ਬਦਲ ਨਹੀਂ ਹੈ। ਸ਼ਾਇਦ ਫੈਲੀ ਗਲੋਬਲ ਵਿਵਸਥਾ ਇਨ੍ਹਾਂ ਚੁਣੌਤੀਅਾਂ ਦਾ ਸਾਹਮਣਾ ਕਰ ਸਕੇ। ਸਮਾਂ ਆ ਗਿਆ ਹੈ ਕਿ ਅਸੀਂ ਪੁਰਾਣੇ ਬੁਨਿਆਦੀ ਸਿਧਾਂਤਾਂ ਨੂੰ ਅਪਣਾਈਏ। ਸਾਦਾ ਜੀਵਨ ਅਤੇ ਘੱਟੋ-ਘੱਟ ਲੋੜਾਂ ਨੂੰ ਆਪਣੀਅਾਂ ਆਦਤਾਂ ’ਚ ਪਾਈਏ, ਆਪਣੇ ਨਜ਼ਰੀਏ ਨੂੰ ਹੋਰ ਮਨੁੱਖਤਾਵਾਦੀ ਬਣਾਈਏ ਅਤੇ ਦੁਨੀਆ ਨੂੰ ਉਮੀਦ ਦੀਅਾਂ ਨਵੀਅਾਂ ਕਿਰਨਾਂ ਦੇ ਨਾਲ ਦੇਖੀਏ।


author

Bharat Thapa

Content Editor

Related News