ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਜੰਗਬੰਦੀ ਕਿੰਨੀ ਦੇਰ ਟਿਕੇਗੀ
Monday, Oct 27, 2025 - 04:59 AM (IST)
ਆਖਿਰਕਾਰ ਬੀਤੇ ਦਿਨੀਂ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਇਕ ਹਫਤੇ ਤੱਕ ਚੱਲੀ ਜੰਗ ਦਾ ਕਤਰ ਅਤੇ ਤੁਰਕੀ ਦੇ ਦਖਲ ਨਾਲ ਅੰਤ ਹੋ ਗਿਆ। ਅਫਗਾਨਿਸਤਾਨ ’ਚ 2021 ’ਚ ਤਾਲਿਬਾਨ ਦੇ ਸੱਤਾ ’ਚ ਆਉਣ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਵਿਚਾਲੇ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਜੰਗ ਸੀ।
ਇਸ ’ਚ ਪਾਕਿਸਤਾਨ ਦੇ ਹਮਲਿਆਂ ਅਤੇ ਅਫਗਾਨਿਸਤਾਨ ਵਲੋਂ ਪਾਕਿਸਤਾਨ ’ਤੇ ਜਵਾਬੀ ਹਮਲਿਆਂ ਨਾਲ ਦਰਜਨਾਂ ਲੋਕਾਂ ਦੀ ਮੌਤ ਹੋਈ। ਅਫਗਾਨਿਸਤਾਨ ਅਨੁਸਾਰ ਪਾਕਿਸਤਾਨ ਦੇ ਹਮਲਿਆਂ ਨਾਲ ਤਿੰਨ ਕ੍ਰਿਕਟ ਖਿਡਾਰੀਆਂ ਸਮੇਤ ਉਸ ਦੀ ਸਿਵਲੀਅਨ ਆਬਾਦੀ ਮਰੀ ਹੈ, ਜਦਕਿ ਇਸਲਾਮਾਬਾਦ ਦਾ ਕਹਿਣਾ ਹੈ ਕਿ ਉਸ ਨੇ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ।
ਪਾਕਿਸਤਾਨ ਦੇ ਲਿਹਾਜ਼ ਨਾਲ ਦੋਹਾਂ ਦੇਸ਼ਾਂ ’ਚ ਜੰਗਬੰਦੀ ਦੀ ਖੁਸ਼ੀ ਜਲਦੀ ਹੀ ਖਤਮ ਹੋ ਗਈ ਜਦੋਂ ਕਤਰ ਸਰਕਾਰ ਨੇ ਸ਼ਾਇਦ ਤਾਲਿਬਾਨ ਦੇ ਦਬਾਅ ਅਧੀਨ ਆਪਣੇ ਪਹਿਲੇ ਬਿਆਨ ਨੂੰ ਬਦਲ ਕੇ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ’ਤੇ ਤਣਾਅ ਖਤਮ ਕਰਨ ਸੰਬੰਧੀ ਵਰਣਨ ਹਟਾ ਕੇ ਪਾਕਿਸਤਾਨ ਨੂੰ ਉਲਝਣ ’ਚ ਪਾ ਦਿੱਤਾ। ਹਾਲਾਂਕਿ ਫਿਲਹਾਲ ਅਫਗਾਨਿਸਤਾਨ ਅਤੇ ਪਾਕਿਸਤਾਨ ’ਚ ਜੰਗਬੰਦੀ ਹੋ ਗਈ ਹੈ, ਪਰ ਦੋਵਾਂ ਦੇਸ਼ਾਂ ’ਚ ਅਜੇ ਵੀ ਪਸ਼ਤੂਨ ਸਮੱਸਿਆ ਅਤੇ ਡੂਰੰਡ ਲਾਈਨ ਵਰਗੇ ਮੁੱਦੇ ਫਸੇ ਹੋਏ ਹਨ।
ਡੂਰੰਡ ਲਾਈਨ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਲਗਭਗ 2640 ਕਿਲੋਮੀਟਰ ਲੰਬੀ ਸਰਹੱਦ ਹੈ ਜੋ 1893 ’ਚ ਬ੍ਰਿਟਿਸ਼ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਸਥਾਪਿਤ ਕੀਤੀ ਗਈ ਸੀ। ਉਸ ਦਾ ਨਾਂ ਬ੍ਰਿਟਿਸ਼ ਭਾਰਤ ਦੇ ਤਤਕਾਲੀ ਵਿਦੇਸ਼ ਸਕੱਤਰ ‘ਸਰ ਹੈਨਰੀ ਮੋਰਟੀਮਰ ਡੂਰੰਡ’ ਦੇ ਨਾਂ ’ਤੇ ਰੱਖਿਆ ਗਿਆ ਸੀ।
ਇਸ ਦਾ ਪੱਛਮੀ ਸਿਰਾ ਈਰਾਨ ਸਰਹੱਦ ਨਾਲ ਅਤੇ ਪੂਰਬੀ ਸਿਰਾ ਚੀਨੀ ਸਰਹੱਦ ਨਾਲ ਮਿਲਦਾ ਹੈ। ਇਹ ਅਫਗਾਨਿਸਤਾਨ ਦੇ ਇਤਰਾਜ਼ਾਂ ਦੇ ਕਾਰਨ 1947 ’ਚ ਪਾਕਿਸਤਾਨ ਦੇ ਹੋਂਦ ’ਚ ਆਉਣ ਦੇ ਬਾਅਦ ਤੋਂ ਦੋਵਾਂ ਦੇਸ਼ਾਂ ਵਿਚਾਲੇ ਸੰਘਰਸ਼ ਦਾ ਮਹੱਤਵਪੂਰਨ ਕਾਰਨ ਬਣੀ ਹੋਈ ਹੈ। ਪਾਕਿਸਤਾਨ ਤਾਂ ਇਸ ਨੂੰ ਸਵੀਕਾਰ ਕਰਦਾ ਹੈ ਪਰ ਅਫਗਾਨਿਸਤਾਨ ਦੇ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਤਾਂ ਇਸ ਨੂੰ ਕਦੇ ਸਵੀਕਾਰ ਨਹੀਂ ਕਰਨਗੇ।
ਹਾਲ ਹੀ ’ਚ ਅਫਗਾਨਿਸਤਾਨ ’ਚ ਸੱਤਾਧਾਰੀ ਤਾਲਿਬਾਨ ਦੇ ਰੱਖਿਆ ਮੰਤਰੀ ਮੁੱਲਾ ਯਾਕੂਬ ਦੇ ਡੂਰੰਡ ਲਾਈਨ ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਇਸ ਮੁੱਦੇ ਨੂੰ ਫਿਰ ਤੋਂ ਗਰਮਾ ਦਿੱਤਾ ਹੈ। ਇਸ ਲਈ ਹੋ ਸਕਦਾ ਹੈ ਕਿ ਇਸ ਨੂੰ ਲੈ ਕੇ ਦੋਵੇਂ ਦੇਸ਼ ਆਪਸ ’ਚ ਫਿਰ ਉਲਝ ਜਾਣ।
ਅੱਜਕੱਲ ਪਾਕਿਸਤਾਨ ਆਪਣਾ ਕੂਟਨੀਤਿਕ ਝੰਡਾ ਹਰ ਜਗ੍ਹਾ ਗੱਡ ਰਿਹਾ ਹੈ, ਪਰ ਇਸ ਦੇ ਸਭ ਤੋਂ ਵੱਧ ਕਰੀਬੀ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਦੀ ਸ਼ਾਇਦ ਨਾ ਬਣੇ ਕਿਉਂਕਿ ਅਫਗਾਨਿਸਤਾਨ ਦਾ ਕਹਿਣਾ ਹੈ ਕਿ ਪਖਤੂਨ ਵਾਲਾ ਅੱਧਾ ਇਲਾਕਾ ਉਸ ਦਾ ਹੈ ਜੋ ਪਾਕਿਸਤਾਨ ਕਦੇ ਵੀ ਅਫਗਾਨਿਸਤਾਨ ਨੂੰ ਦੇਣਾ ਸਵੀਕਾਰ ਨਹੀਂ ਕਰੇਗਾ। ਪਾਕਿਸਤਾਨ ਅਤੇ ਅਫਗਾਨ ਤਾਲਿਬਾਨ ਵਿਚਾਲੇ ਡੂਰੰਡ ਲਾਈਨ ਅਤੇ ਪਸ਼ਤੂਨ ਸਮੱਸਿਆ ਦੇ ਨਿਪਟਾਰੇ ਬਿਨਾਂ ਸਥਾਈ ਸ਼ਾਂਤੀ ਦਾ ਸਥਾਪਿਤ ਹੋਣਾ ਅਸੰਭਵ ਹੀ ਦਿਖਾਈ ਦਿੰਦਾ ਹੈ।
