‘ਪੰਜਾਬ ਕੇਸਰੀ ਗਰੁੱਪ’ ਦੇ ਸਾਰੇ ਪਾਠਕਾਂ ਨੂੰ ਦੀਵਾਲੀ ਦੀ ਦਿਲੀ ਵਧਾਈ!

Thursday, Oct 31, 2024 - 03:34 AM (IST)

‘ਪੰਜਾਬ ਕੇਸਰੀ ਗਰੁੱਪ’ ਦੇ ਸਾਰੇ ਪਾਠਕਾਂ ਨੂੰ ਦੀਵਾਲੀ ਦੀ ਦਿਲੀ ਵਧਾਈ!

ਤ੍ਰੇਤਾ ਯੁੱਗ ’ਚ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਜਦੋਂ ਮਹਾਗਿਆਨੀ ਰਾਵਣ, ਜੋ ਸੀਤਾ ਜੀ ਦਾ ਹਰਨ ਕਰ ਕੇ ਲੈ ਗਿਆ ਸੀ, ਦਾ ਵਧ ਕਰ ਕੇ ਅਤੇ ਉਸ ’ਤੇ ਜਿੱਤ ਪ੍ਰਾਪਤ ਕਰ ਕੇ ਅਤੇ 14 ਸਾਲ ਦਾ ਬਨਵਾਸ ਪੂਰਾ ਕਰ ਕੇ ਅਯੁੱਧਿਆ ਪਰਤੇ, ਤਦ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ।
ਸਾਲ 2023 ’ਚ ਰਾਮ ਮੰਦਰ ’ਚ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਪਿੱਛੋਂ ਇਸ ਸਾਲ 2024 ’ਚ ਪਹਿਲੀ ਵਾਰ ਦੀਵਾਲੀ ਦੇ ਮੌਕੇ ’ਤੇ ਅਯੁੱਧਿਆ 28 ਲੱਖ ਦੀਵਿਆਂ ਨਾਲ ਜਗਮਗਾ ਰਹੀ ਹੈ। ਅੱਜ ਬੁੱਧਵਾਰ 30 ਅਕਤੂਬਰ ਨੂੰ ਸ਼੍ਰੀ ਰਾਮ, ਸੀਤਾ ਅਤੇ ਲਛਮਣ (ਰਾਮਾਇਣ ਦੇ ਪਾਤਰਾਂ) ਨਾਲ ਪ੍ਰਤੀਕਾਤਮਕ ‘ਪੁਸ਼ਪਕ ਵਿਮਾਨ’ (ਹੈਲੀਕਾਪਟਰ) ’ਚ ਉਸੇ ਤਰ੍ਹਾਂ ਅਯੁੱਧਿਆ ਪੁੱਜੇ ਜਿਵੇਂ ਤ੍ਰੇਤਾ ਯੁੱਗ ’ਚ ਸ਼੍ਰੀ ਰਾਮ, ਸੀਤਾ ਅਤੇ ਲਛਮਣ ਅਯੁੱਧਿਆ ਪਹੁੰਚੇ ਸਨ।
ਇਸ ਸਾਲ ਵੀ ਵਿਸ਼ਵ ਭਰ ਦੇ ਹਿੰਦੂ ਭਾਈਚਾਰੇ ’ਚ ਦੀਵਾਲੀ ਦਾ ਪੁਰਬ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਮਰੀਕਾ ਦੇ ਵ੍ਹਾਈਟ ਹਾਊਸ ’ਚ ਵੀ ਦੀਵਾਲੀ ਦਾ ਪੁਰਬ ਰਾਸ਼ਟਰਪਤੀ ‘ਜੋਅ ਬਾਈਡੇਨ’ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਨਾਇਆ।
ਇਸ ਵਾਰ ਦੇਸ਼ ਦੇ ਪੰਡਿਤਾਂ ’ਚ ਦੀਵਾਲੀ ਦੀ ਤਰੀਕ ਨੂੰ ਲੈ ਕੇ ਵਿਵਾਦ ਕਾਰਨ ਇਹ ਪੁਰਬ 2 ਦਿਨ ਮਨਾਇਆ ਜਾ ਰਿਹਾ ਹੈ। ਕੁਝ ਸਥਾਨਾਂ ’ਤੇ 31 ਅਕਤੂਬਰ ਅਤੇ ਹੋਰ ਸਥਾਨਾਂ ’ਤੇ 1 ਨਵੰਬਰ ਨੂੰ।
ਵੰਡ ਤੋਂ ਪਹਿਲਾਂ ਅਸੀਂ 34 ਕਰੋੜ ਸੀ ਅਤੇ ਹੁਣ ਅਸੀਂ ਵਧ ਕੇ 144 ਕਰੋੜ ਹੋ ਗਏ ਹਾਂ। ਇਸ ਕਾਰਨ ਬਾਜ਼ਾਰਾਂ ’ਚ ਖਰੀਦਦਾਰੀ ਲਈ ਨਿਕਲੇ ਲੋਕਾਂ ਦੀ ਭੀੜ ਨੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਥਾਂ-ਥਾਂ ਟ੍ਰੈਫਿਕ ਜਾਮ ਲੱਗ ਰਹੇ ਹਨ।
ਮਹਿੰਗਾਈ ਦੇ ਬਾਵਜੂਦ ਲੋਕਾਂ ਨੇ ਜੰਮ ਕੇ ਖਰੀਦਦਾਰੀ ਕੀਤੀ ਹੈ। ਇਕ ਅੰਦਾਜ਼ੇ ਅਨੁਸਾਰ ‘ਧਨਤੇਰਸ’ ਦੇ ਮੌਕੇ ’ਤੇ 29 ਅਕਤੂਬਰ ਨੂੰ ਦੇਸ਼ ਭਰ ’ਚ ਲੋਕਾਂ ਨੇ 20,000 ਕਰੋੜ ਰੁਪਏ ਦਾ ਸੋਨਾ ਅਤੇ 2500 ਕਰੋੜ ਰੁਪਏ ਦੀ ਚਾਂਦੀ ਅਤੇ ਲਗਭਗ ਇੰਨੀ ਹੀ ਰਕਮ ਦੇ ਪਿੱਤਲ ਅਤੇ ਹੋਰ ਧਾਤਾਂ ਦੇ ਬਰਤਨਾਂ ਦੀ ਖਰੀਦਦਾਰੀ ਕੀਤੀ ਹੈ।
ਇਸ ਸਾਲ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਅਤੇ ਚੀਨ ਨੇ 1920 ਤੋਂ ਚੱਲੇ ਆ ਰਹੇ ਸਰਹੱਦੀ ਝਗੜੇ ਨੂੰ ਲੈ ਕੇ 21 ਅਕਤੂਬਰ ਨੂੰ ਇਕ ਸਮਝੌਤੇ ’ਤੇ ਦਸਤਖਤ ਕੀਤੇ। ਇਸ ਸਮਝੌਤੇ ਤਹਿਤ ਪੂਰਬੀ ਲੱਦਾਖ ’ਚ ‘ਡੇਮਚੋਕ’ ਅਤੇ ‘ਦੇਪਸਾਂਗ’ ਤੋਂ ਦੋਵਾਂ ਧਿਰਾਂ ਦੇ ਫੌਜੀਆਂ ਦੀ ਵਾਪਸੀ ਨੂੰ ਵਿਵਸਥਿਤ ਤਰੀਕੇ ਨਾਲ ਲਾਗੂ ਕਰ ਕੇ ਫੌਜਾਂ ਹਟਾਉਣ ਦਾ ਕੰਮ ਪੂਰਾ ਹੋਣ ਪਿੱਛੋਂ ਹੁਣ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਦੀਵਾਲੀ ਤੋਂ ਪੈਟ੍ਰੋਲਿੰਗ ਸ਼ੁਰੂ ਕਰਨ ਦੀ ਤਿਆਰੀ ਹੈ।
ਜਿੱਥੇ ਇਹ ਸਮਝੌਤਾ ਦੋਵਾਂ ਦੇਸ਼ਾਂ ’ਚ ਚੱਲੇ ਆ ਰਹੇ ਤਣਾਅ ਨੂੰ ਦੂਰ ਕਰਨ ’ਚ ਕੁਝ ਸਹਾਈ ਹੋਵੇਗਾ, ਉੱਥੇ ਹੀ ਇਸ ਇਲਾਕੇ ’ਚ ਭਿਆਨਕ ਠੰਢ ਹੋਣ ਕਾਰਨ ਇਹ ਦੋਵਾਂ ਹੀ ਧਿਰਾਂ ਦੇ ਫੌਜੀਆਂ ਲਈ ਵੀ ਸਕੂਨ ਦੇਣ ਵਾਲਾ ਹੈ ਕਿਉਂਕਿ ਅਕਸਰ ਇੱਥੋਂ ਦੇ ਬਰਫੀਲੇ ਮੌਸਮ ’ਚ ਤਾਇਨਾਤ ਜਵਾਨਾਂ ਦੇ ਬਰਫ ’ਚ ਦੱਬੇ ਜਾਣ ਵਰਗੀਆਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਸਨ।
ਇਸ ਤਰ੍ਹਾਂ ਇਹ ਦੀਵਾਲੀ ਜਿੱਥੇ ਭਾਰਤ ਲਈ ਅਹਿਮ ਹੈ ਉੱਥੇ ਹੀ ਵਿਸ਼ਵ ਲਈ ਵੀ ਬੇਹੱਦ ਅਹਿਮੀਅਤ ਰੱਖਦੀ ਹੈ। ਹੁਣ ਤਕ 2 ਵਿਸ਼ਵ ਯੁੱਧ ਹੋਏ ਹਨ। ਦੂਜਾ ਵਿਸ਼ਵ ਯੁੱਧ 1939 ਤੋਂ 1945 ਦੇ ਦਰਮਿਆਨ ਹੋਇਆ ਜਿਸ ਦੌਰਾਨ ਅਮਰੀਕਾ ਵਲੋਂ ਸਿਰਫ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ’ਤੇ ਸੁੱਟੇ ਗਏ ਪ੍ਰਮਾਣੂ ਬੰਬਾਂ ਦੇ ਨਤੀਜੇ ਵਜੋਂ ਹੀ ਲੱਖਾਂ ਲੋਕ ਮਾਰੇ ਗਏ ਸਨ।
ਹੁਣ ਦੂਜਾ ਵਿਸ਼ਵ ਯੁੱਧ ਖਤਮ ਹੋਣ ਦੇ 79 ਸਾਲ ਬਾਅਦ ਇਸ ਤਰ੍ਹਾਂ ਦੇ ਇਕ ਹੋਰ ਵਿਸ਼ਵ ਯੁੱਧ ਦੀਆਂ ਆਹਟਾਂ ਸੁਣਾਈ ਦੇ ਰਹੀਆਂ ਹਨ। ਇਸ ਦਾ ਖਦਸ਼ਾ ਢਾਈ ਸਾਲ ਤੋਂ ਜਾਰੀ ਰੂਸ ਵਲੋਂ ਯੂਕ੍ਰੇਨ ’ਤੇ ਹਮਲੇ ਤੋਂ ਹੋਇਆ ਜਿਸ ’ਚ ਹੁਣ ਰੂਸ ਨਾਲ ਉੱਤਰੀ ਕੋਰੀਆ ਵੀ ਆ ਰਲਿਆ ਹੈ। ਦੂਜੇ ਪਾਸੇ ਯੂਕ੍ਰੇਨ ਨੂੰ ਅਮਰੀਕਾ ਸਮੇਤ ਯੂਰਪੀ ਦੇਸ਼ਾਂ ਦਾ ਸਾਥ ਹੈ।
ਇਸ ਦਰਮਿਆਨ ਆਪਣੀ ਪ੍ਰਮਾਣੂ ਸ਼ਕਤੀ ਦਿਖਾਉਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 18 ਅਤੇ 28 ਅਕਤੂਬਰ ਨੂੰ ਦੇਸ਼ ਦੇ ਪ੍ਰਮਾਣੂ ਬਲਾਂ ਦਾ ਨਵਾਂ ਅਭਿਆਸ ਕਰਵਾਇਆ ਅਤੇ ਉਹ 10 ਦਿਨਾਂ ਦੇ ਅੰਦਰ 2 ਵਾਰ ਪ੍ਰਮਾਣੂ ਅਭਿਆਸ ਕਰਵਾ ਚੁੱਕੇ ਹਨ।
ਦੂਜੇ ਪਾਸੇ ਲਗਭਗ ਸਵਾ ਸਾਲ ਤੋਂ ਇਜ਼ਰਾਈਲ ਅਤੇ ਹਮਾਸ ਦੇ ਯੁੱਧ ਨੇ ਵੀ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ’ਚ ਹਮਾਸ ਨਾਲ ਹੁਣ ਈਰਾਨ ਅਤੇ ਲਿਬਨਾਨ ਵੀ ਸ਼ਾਮਲ ਹੋ ਗਏ ਹਨ ਅਤੇ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ ਇਜ਼ਰਾਈਲ ਦਾ ਸਾਥ ਦੇ ਰਹੇ ਹਨ।
ਇਸ ਤਰ੍ਹਾਂ ਦੇ ਮਾਹੌਲ ਦਰਮਿਆਨ ਆਪਣੇ ਪਾਠਕਾਂ ਅਤੇ ਸਰਪ੍ਰਸਤਾਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਰੋਸ਼ਨੀ ਦਾ ਇਹ ਪੁਰਬ ਸਭ ਦੀ ਜ਼ਿੰਦਗੀ ’ਚ ਰੋਸ਼ਨੀ ਲੈ ਕੇ ਆਵੇ। ਸੰਸਾਰ ’ਚ ਸੁੱਖ-ਸ਼ਾਂਤੀ, ਖੁਸ਼ਹਾਲੀ ਆਵੇ ਅਤੇ ਸਭ ਮਿਲਜੁਲ ਕੇ ਰਹਿਣ।
ਸਰਵੇ ਭਵੰਤੂ ਸੁਖਿਨ: ਸਰਵੇ ਸੰਤੂ ਨਿਰਾਮਯਾ:।
ਸਰਵੇ ਭਦ੍ਰਾਣੀ ਪਸ਼ਯੰਤੂ ਮਾ ਕਚਸ਼ਿਤ੍ ਦੁ:ਖਭਾਗ੍ ਭਵੇਤ੍।।
-ਵਿਜੇ ਕੁਮਾਰ


author

Inder Prajapati

Content Editor

Related News