ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ’ਚ ਹਲਚਲ
Friday, Oct 17, 2025 - 01:56 PM (IST)

ਅਗਲੇ ਮਹੀਨੇ ਹੋਣ ਵਾਲੀ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੰਜਾਬ ਦੀਆਂ ਪੰਜ ਪ੍ਰਮੁੱਖ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਪਰ ਅਕਾਲੀ ਦਲ ਦੇ ਧੜਿਆਂ ਜਿਨ੍ਹਾਂ ’ਚ ਅਕਾਲੀ ਦਲ ਪੁਨਰ ਸੁਰਜੀਤ , ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਸੰਸਥਾਵਾਂ, ਜਿਨ੍ਹਾਂ ’ਚ ਅਕਾਲੀ ਦਲ ਪੁਨਰ ਸੁਰਜੀਤ ਦਾ ਵਿੰਗ ‘ਪੰਥਿਕ ਕੌਂਸਲ’ ਅਤੇ ਦਮਦਮੀ ਟਕਸਾਲ ਆਦਿ ਸ਼ਾਮਲ ਹਨ, ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰਨ ਇਸ ਚੋਣ ’ਚ ਲੋਕਾਂ ਦੀ ਦਿਲਚਸਪੀ ਅਤੇ ਸਰਗਰਮੀ ਹੋਰ ਵੀ ਵਧ ਗਈ ਹੈ।
ਜ਼ਿਮਨੀ ਚੋਣ ਦੀ ਸਰਗਰਮੀ ਵਧਣ ਦੇ ਨਾਲ-ਨਾਲ ਕਈ ਕਾਰਨਾਂ ਕਰ ਕੇ ਕਈ ਪਾਰਟੀਆਂ ਦੀ ਅੰਦਰੂਨੀ ਸਰਗਰਮੀ ਵੀ ਸਿਖਰ ਵੱਲ ਜਾ ਰਹੀ ਹੈ, ਖਾਸ ਕਰਕੇ ਕਾਂਗਰਸ, ਅਕਾਲੀ ਦਲ ਪੁਨਰ ਸੁਰਜੀਤ ਅਤੇ ਆਮ ਆਦਮੀ ਪਾਰਟੀ ’ਚ ਮਚੀ ਹਲਚਲ ਸਿਆਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਕਾਲੀ ਦਲ ਪੁਨਰ ਸੁਰਜੀਤ ਨੇ ਭਾਵੇਂ ਇਸ ਜ਼ਿਮਨੀ ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਹੈ ਪਰ ਜਿਸ ਤਰ੍ਹਾਂ ਇਸ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਅਹੁਦੇਦਾਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਹਨ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਨਾਲ ਪਾਰਟੀ ’ਚ ਹਲਚੱਲ ਪੈਦਾ ਹੋ ਗਈ ਹੈ। ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਲਾਨੀ ਗਈ ਅਹੁਦੇਦਾਰਾਂ ਦੀ ਲਿਸਟ ਨੇ ਸਿਆਸੀ ਹਲਕਿਆਂ ਨੂੰ ਹੈਰਾਨ ਕੀਤਾ ਹੈ ਕਿਉਂਕਿ ਜਾਰੀ ਕੀਤੀ ਗਈ ਲਿਸਟ ਵਿਚ ਕਈ ਵੱਡੇ ਆਗੂਆਂ ਦੇ ਨਾਂ ਸ਼ਾਮਲ ਨਹੀਂ ਕੀਤੇ ਗਏ ਜਿਨ੍ਹਾਂ ਵਿਚ ਖਾਸ ਕਰਕੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਆਦਿ ਸ਼ਾਮਲ ਹਨ । ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਆਗੂਆਂ ਦੇ ਨਜ਼ਦੀਕੀਆਂ ਅਤੇ ਕੁਝ ਰਿਸ਼ਤੇਦਾਰਾਂ ਨੂੰ ਉੱਚ ਅਹੁਦੇ ਦਿੱਤੇ ਹਨ। ਇਸ ਦੇ ਬਾਵਜੂਦ ਪਾਰਟੀ ਦੇ ਕਈ ਲੀਡਰਾਂ ’ਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਦੇ ਇਕ ਨੇਤਾ ਅਤੇ ਸੁਧਾਰ ਲਹਿਰ ਦੇ ਇਕ ਵੱਡੇ ਆਗੂ ਦੇ ਪ੍ਰਭਾਵ ਵਿਚ ਕੰਮ ਕਰ ਰਹੇ ਹਨ। ਜਿਸ ਨੇ ਪਾਰਟੀ ਵਿਚ ਅੰਦਰੂਨੀ ਤੌਰ ’ਤੇ ਇਕ ਨਵੇਂ ਧੜੇ ਦੇ ਹੋਂਦ ਵਿਚ ਆਉਣ ਦੀ ਸੰਭਾਵਨਾ ਪੈਦਾ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਕੁਝ ਲੀਡਰ ਇਸ ਸਮੇਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਨੂੰ ਅਪਣਾਉਣ ਤੋਂ ਕੰਨੀ ਕਤਰਾ ਰਹੇ ਹਨ ਅਤੇ ਆਪਣੇ ਆਪ ਨੂੰ ਉਦਾਰਵਾਦੀ ਅਕਾਲੀ ਦਲ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਹੋਰ ਵੱਡੇ ਲੀਡਰ ਅਜੇ ਤੱਕ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਦੇ ਸਮਰਥਨ ’ਚ ਖੁੱਲ੍ਹ ਕੇ ਸਾਹਮਣੇ ਨਹੀਂ ਆਏ। ਭਾਵੇਂ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਦੀ ਇਕੱਤਰਤਾ ਹੋਣ ਦੀ ਗੱਲ ਚੱਲ ਰਹੀ ਹੈ। ਫਿਰ ਵੀ ਇਹ ਸਫਬੰਦੀ ਤਰਨ ਤਾਰਨ ਦੀ ਜ਼ਿਮਨੀ ਚੋਣ ਸਮੇਂ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ ਸਮੇਂ ਸਾਹਮਣੇ ਆ ਸਕਦੀ ਹੈ
ਪੰਜਾਬ ਵਿਚ ਪ੍ਰਮੁੱਖ ਵਿਰੋਧੀ ਧਿਰ ਦਾ ਰੋਲ ਨਿਭਾ ਰਹੀ ਕਾਂਗਰਸ ਪਾਰਟੀ ਭਾਵੇਂ ਪਹਿਲਾਂ ਹੀ ਕਈ ਧੜਿਆਂ ਵਿਚ ਵੰਡੀ ਹੋਈ ਹੈ ਜਿਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ , ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਰਾਣਾ ਗੁਰਜੀਤ ਸਿੰਘ ਅਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਧੜੇ ਸ਼ਾਮਲ ਹਨ ਅਤੇ ਲੁਧਿਆਣਾ ਦੀ ਜ਼ਿਮਨੀ ਚੋਣ ਸਮੇਂ ਇਹ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਸੀ ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਪ੍ਰਿਅੰਕਾ ਗਾਂਧੀ ਨਾਲ ਮਿਲਣੀ ਨੇ ਕਾਂਗਰਸ ਦੇ ਇਨ੍ਹਾਂ ਧੜਿਆਂ ਦੇ ਆਗੂਆਂ ਲਈ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਪ੍ਰਿਅੰਕਾ ਗਾਂਧੀ ਕਾਂਗਰਸ ਦੇ ਹਰ ਵੱਡੇ ਫੈਸਲੇ ਲੈਣ ਦੀ ਤਾਕਤ ਰੱਖਦੀ ਹੈ ਜਿਸ ਕਾਰਨ ਇਹ ਮਿਲਣੀ ਕਾਰਨ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ । ਕਾਂਗਰਸੀ ਖੇਮਿਆਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਕਿਤੇ ਦੁਬਾਰਾ ਨਵਜੋਤ ਸਿੱਧੂ ਨੂੰ ਕਾਂਗਰਸ ਵਿਚ ਕੋਈ ਅਹਿਮ ਭੂਮਿਕਾ ਨਿਭਾਉਣ ਲਈ ਤਾਂ ਤਿਆਰ ਨਹੀਂ ਕੀਤਾ ਜਾ ਰਿਹਾ। ਸਿੱਧੂ ਦੇ ਪ੍ਰਿਅੰਕਾ ਨੂੰ ਮਿਲਣ ਤੋਂ ਬਾਅਦ ਕਾਂਗਰਸ ਹਾਈ ਕਮਾਨ ਵੱਲੋਂ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਹੋਰ ਆਗੂਆਂ ਨੂੰ ਦਿੱਲੀ ਬੁਲਾਉਣ ਨਾਲ ਕਾਂਗਰਸ ਲੀਡਰਾਂ ਵਿਚ ਉਲਝਣ ਹੋਰ ਵੀ ਵਧ ਗਈ ਹੈ । ਇਸ ਕਾਰਨ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਣਨ ਦੀ ਆਸ ਲਾਈ ਬੈਠੇ ਕਈ ਨੇਤਾਵਾਂ ਨੂੰ ਸਿੱਧੂ ਦੀ ਮੁਲਾਕਾਤ ਖਤਰੇ ਦੀ ਘੰਟੀ ਲਗ ਰਹੀ ਹੈ।
ਆਮ ਆਦਮੀ ਪਾਰਟੀ ਵਿਚ ਭਾਵੇਂ ਹੁਣ ਤੱਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਹੀ ਸਰਵੇ ਸਰਵਾ ਮੰਨੇ ਜਾਂਦੇ ਸਨ ਅਤੇ ਪਾਰਟੀ ਦੇ ਸਾਰੇ ਫੈਸਲੇ ਕੇਜਰੀਵਾਲ ਅਤੇ ਉਸ ਦੇ ਨਜ਼ਦੀਕੀਆਂ ਵੱਲੋ ਲਏ ਜਾਂਦੇ ਸਨ ਅਤੇ ਕਿਸੇ ਆਗੂ ਵੱਲੋਂ ਕਦੀ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਸੀ ਹੁੰਦੀ । ਪ੍ਰੰਤੂ ਹੁਣ ਇਸ ਪਾਰਟੀ ਵਿਚ ਵੀ ਹਲਚਲ ਦਿਖਾਈ ਦੇਣ ਲੱਗੀ ਹੈ ਅਤੇ ਪਾਰਟੀ ਵਿਚ ਦੋ ਧੜੇ ਨਜ਼ਰ ਆਉਣ ਲੱਗੇ ਹਨ । ਜਿਨ੍ਹਾਂ ਵਿਚ ਇਕ ਧੜੇ ਨੂੰ ਸੁਪਰੀਮੋ ਕੇਜਰੀਵਾਲ ਦੀ ਸਰਪ੍ਰਸਤੀ ਦੱਸੀ ਜਾ ਰਹੀ ਹੈ । ਇਹ ਧੜਾ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਚੱਲ ਰਿਹਾ ਦੱਸਿਆ ਜਾ ਰਿਹਾ ਹੈ ਤੇ ਦੂਜਾ ਧੜਾ ਮੁੱਖ ਮੰਤਰੀ ਖੁਦ ਦੱਸੇ ਜਾ ਰਹੇ ਹਨ। ਇਸ ਧੜੇਬੰਦੀ ਦੀਆਂ ਅਫਵਾਹਾਂ ਨੂੰ ਉਦੋਂ ਉਦੋਂ ਹੋਰ ਬੱਲ ਮਿਲਿਆ ਜਦੋਂ ਇਕ ਦੋ ਮੌਕਿਆਂ ਜਿਵੇਂ ਕਿ ਮੁੱਖ ਮੰਤਰੀ ਵੱਲੋਂ ਇਕ ਸਮਾਰੋਹ ਸਮੇਂ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਅਤੇ ਮੰਤਰੀ ਦਾ ਸਟੇਜ ’ਤੇ ਕੋਲ ਬੈਠੇ ਹੋਣ ਦੇ ਬਾਵਜੂਦ ਨਾਂ ਤੱਕ ਨਾ ਲੈਣਾ ਅਤੇ ਮੁੱਖ ਮੰਤਰੀ ਦੇ ਨਿਵਾਸ ’ਤੇ ਮੰਤਰੀ ਮੰਡਲ ਦੀ ਬੈਠਕ ਸਮੇਂ ਅਮਨ ਅਰੋੜਾ ਦੀ ਗੱਡੀ ਨੂੰ ਮੁੱਖ ਮੰਤਰੀ ਨਿਵਾਸ ਵਿਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ
ਪਰ ਇਸ ਵੇਲੇ ਅਕਾਲੀ ਦਲ ਬਾਦਲ ਜਿਹੜਾ, ਪਿਛਲੇ ਸਮੇਂ ਤੋਂ ਕਈ ਵੱਡੀਆਂ ਹਲਚਲਾਂ ਦਾ ਸਾਹਮਣਾ ਕਰ ਰਿਹਾ ਸੀ, ਸ਼ਾਂਤ ਨਜ਼ਰ ਆ ਰਿਹਾਂ ਹੈ। ਕਿਉਂਕਿ ਉਹ ਲੀਡਰ ਜੋ ਥੋੜ੍ਹਾ ਬਹੁਤ ਵੀ ਵਖਰੇਵਾਂ ਰਖਦੇ ਸਨ ਜਾਂ ਤਾਂ ਪਾਰਟੀ ਛੱਡ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਭਾਰਤੀ ਜਨਤਾ ਪਾਰਟੀ ਵਿਚ ਵੀ ਭਾਵੇਂ ਦੂਜੀਆਂ ਪਾਰਟੀਆਂ ਵਾਂਗ ਹੀ ਧੜੇਬੰਦੀ ਮੌਜੂਦ ਹੈ । ਪ੍ਰੰਤੂ ਕੇਂਦਰੀ ਹਾਈਕਮਾਨ ਦੀ ਮਜ਼ਬੂਤੀ ਕਾਰਨ ਲੀਡਰ ਅਨੁਸ਼ਸਾਨ ’ਚ ਰਹਿੰਦੇ ਹਨ ਜਿਸ ਕਾਰਨ ਪਾਰਟੀ ਇਕਜੁੱਟ ਦਿਸਦੀ ਹੈ।
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਇਕ ਨਵੀਂ ਪਾਰਟੀ ਹੈ ਅਤੇ ਇਸ ਦੇ ਦੋ ਆਗੂ ਤਾਂ ਲੋਕ ਸਭਾ ਚੋਣਾਂ ਸਮੇਂ ਪਾਰਟੀ ਬਣਨ ਤੋਂ ਪਹਿਲਾਂ ਹੀ ਅਾਜ਼ਾਦ ਉਮੀਦਵਾਰ ਦੇ ਤੌਰ ’ਤੇ ਜਿੱਤ ਗਏ ਸਨ ਅਤੇ ਹੁਣ ਇਸ ਪਾਰਟੀ ਦੇ ਉਮੀਦਵਾਰ ਨੂੰ ਕਈ ਅਕਾਲੀ ਦਲਾਂ ਅਤੇ ਪੰਥਕ ਜਥੇਬੰਦੀਆ ਦੀ ਹਮਾਇਤ ਮਿਲ ਗਈ ਹੈ ਜਿਸ ਤੋਂ ਉਤਸ਼ਾਹਿਤ ਹੋ ਕੇ ਵਰਕਰ ਤੇ ਲੀਡਰ ਗੁੱਟਬੰਦੀ ਦੀ ਜਗ੍ਹਾ ਚੋਣ ਜਿੱਤਣ ਵੱਲ ਧਿਆਨ ਦੇ ਰਹੇ ਹਨ ।
–ਇਕਬਾਲ ਸਿੰਘ ਚੰਨੀ