ਗੁਲਜ਼ਾਰੀਲਾਲ ਨੰਦਾ ਕਿਰਾਇਆ ਨਹੀਂ ਦੇ ਸਕੇ ਤਾਂ ਮਕਾਨ ਮਾਲਕ ਨੇ ਘਰੋਂ ਕੱਢਿਆ

Friday, Jul 04, 2025 - 06:01 PM (IST)

ਗੁਲਜ਼ਾਰੀਲਾਲ ਨੰਦਾ ਕਿਰਾਇਆ ਨਹੀਂ ਦੇ ਸਕੇ ਤਾਂ ਮਕਾਨ ਮਾਲਕ ਨੇ ਘਰੋਂ ਕੱਢਿਆ

ਆਜ਼ਾਦੀ ਘੁਲਾਟੀਏ, ਅਧਿਆਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਗੁਲਜ਼ਾਰੀਲਾਲ ਨੰਦਾ ਆਪਣੀ ਸਾਦਗੀ ਅਤੇ ਨਿਮਰਤਾ ਲਈ ਵੀ ਜਾਣੇ ਜਾਂਦੇ ਸਨ। ਉਹ 2 ਵਾਰ ਦੇਸ਼ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵੀ ਰਹੇ। ਆਜ਼ਾਦੀ ਤੋਂ ਬਾਅਦ ਉਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ ਵਿਚ ਕਈ ਮਹੱਤਵਪੂਰਨ ਮੰਤਰਾਲਿਆਂ ਦੇ ਮੰਤਰੀ ਰਹੇ। ਦੋਵੇਂ ਵਾਰ ਜਦੋਂ ਨੰਦਾ ਅੰਤ੍ਰਿਮ ਪ੍ਰਧਾਨ ਮੰਤਰੀ ਬਣੇ, ਉਹ ਉਸ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ 13-13 ਦਿਨਾਂ ਲਈ ਇਹ ਅਹੁਦਾ ਸੰਭਾਲਿਆ।

ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਨਾਲ ਸਾਬਕਾ ਪ੍ਰਧਾਨ ਮੰਤਰੀ ਗੁਲਜ਼ਾਰੀਲਾਲ ਨੰਦਾ ਦਾ ਵਿਸ਼ੇਸ਼ ਪਿਆਰ ਸੀ। ਇਨ੍ਹਾਂ ਦੋਵਾਂ ਮਹਾਨ ਸ਼ਖਸੀਅਤਾਂ ਨੇ ਦੇਵੀ ਦਿਆਲ ਨੰਨ੍ਹਾ, ਡਾ. ਸ਼ਾਂਤੀ ਸਵਰੂਪ ਸ਼ਰਮਾ ਅਤੇ ਧਰਮਵੀਰ ਸੱਭਰਵਾਲ ਨਾਲ ਕੁਰੂਕਸ਼ੇਤਰ ਦੇ ਵਿਕਾਸ ਵਿਚ ਮੁੱਖ ਭੂਮਿਕਾ ਨਿਭਾਈ।

ਗੁਲਜ਼ਾਰੀਲਾਲ ਨੰਦਾ ਦੇ ਕਰੀਬੀ ਦੋਸਤ ਵਿਜੇ ਸੱਭਰਵਾਲ ਦਾ ਕਹਿਣਾ ਹੈ ਕਿ ਨੰਦਾ ਇੰਨੀ ਆਰਥਿਕ ਤੰਗੀ ਵਿਚ ਸਨ ਕਿ ਇਕ ਵਾਰ ਉਹ ਆਪਣੇ ਘਰ ਦਾ ਕਿਰਾਇਆ ਨਹੀਂ ਦੇ ਸਕੇ, ਜਿਸ ਕਾਰਨ ਉਨ੍ਹਾਂ ਦੇ ਮਕਾਨ ਮਾਲਕ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਦੀ ਡਿਫੈਂਸ ਕਾਲੋਨੀ ਸਥਿਤ ਆਪਣੇ ਘਰੋਂ ਬਾਹਰ ਕੱਢ ਦਿੱਤਾ। ਜਦੋਂ ਇਹ ਮਾਮਲਾ ਮੀਡੀਆ ਤੱਕ ਪਹੁੰਚਿਆ, ਤਾਂ ਮਕਾਨ ਮਾਲਕ ਨੂੰ ਪਤਾ ਲੱਗਾ ਕਿ ਉਹ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਬਾਅਦ ਵਿਚ, ਉਹ ਆਪਣੀ ਧੀ ਨਾਲ ਰਹਿਣ ਲਈ ਅਹਿਮਦਾਬਾਦ ਚਲੇ ਗਏ।

ਗੁਲਜ਼ਾਰੀਲਾਲ ਨੰਦਾ ਦਾ ਜਨਮ 4 ਜੁਲਾਈ, 1898 ਨੂੰ ਅਣਵੰਡੇ ਪੰਜਾਬ ਦੇ ਸਿਆਲਕੋਟ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਲਾਹੌਰ, ਆਗਰਾ ਅਤੇ ਇਲਾਹਾਬਾਦ ਵਿਚ ਪੂਰੀ ਕੀਤੀ। ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ (1920-1921) ਵਿਚ ਕਿਰਤ ਨਾਲ ਸਬੰਧਤ ਸਮੱਸਿਆਵਾਂ ’ਤੇ ਖੋਜ ਵਿਦਵਾਨ ਵਜੋਂ ਕੰਮ ਕੀਤਾ। 1921 ਵਿਚ ਹੀ, ਉਹ ਨੈਸ਼ਨਲ ਕਾਲਜ (ਮੁੰਬਈ) ਵਿਚ ਅਰਥਸ਼ਾਸਤਰ ਦੇ ਪ੍ਰੋਫੈਸਰ ਬਣੇ। ਹਾਲਾਂਕਿ, ਇਸ ਸਮੇਂ ਦੌਰਾਨ ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਨਾਲ ਜੁੜੇ ਰਹੇ।

ਸਾਲ 1921 ਵਿਚ, ਗੁਲਜ਼ਾਰੀਲਾਲ ਪਹਿਲੀ ਵਾਰ ਮਹਾਤਮਾ ਗਾਂਧੀ ਨੂੰ ਮਿਲੇ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਗੁਜਰਾਤ ਵਿਚ ਵਸਣ ਦੀ ਬੇਨਤੀ ਕੀਤੀ। ਉਸੇ ਸਾਲ ਉਹ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੇ ਗਏ ਅਸਹਿਯੋਗ ਅੰਦੋਲਨ ਵਿਚ ਸ਼ਾਮਲ ਹੋ ਗਏ। ਅਗਲੇ ਸਾਲ 1922 ਵਿਚ ਉਹ ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ (ਜਿਸ ਨੂੰ ਮਜ਼ਦੂਰ ਮਹਾਜਨ ਸੰਘ ਵੀ ਕਿਹਾ ਜਾਂਦਾ ਹੈ) ਦੇ ਸਕੱਤਰ ਬਣੇ ਜਿਸ ਵਿਚ ਉਨ੍ਹਾਂ ਨੇ 1946 ਤੱਕ ਕੰਮ ਕੀਤਾ। ਸਾਲ 1932 ਵਿਚ ਉਨ੍ਹਾਂ ਨੂੰ ਸੱਤਿਆਗ੍ਰਹਿ ਲਈ ਜੇਲ ਵੀ ਭੇਜਿਆ ਗਿਆ। ਉਹ 1942 ਵਿਚ ਦੁਬਾਰਾ ਜੇਲ ਗਏ ਅਤੇ ਇਸ ਵਾਰ ਉਹ 1944 ਤੱਕ ਜੇਲ ਵਿਚ ਰਹੇ। ਇਸ ਦੌਰਾਨ, ਗੁਲਜ਼ਾਰੀਲਾਲ ਨੰਦਾ 1937 ਵਿਚ ਬੰਬਈ ਅਸੈਂਬਲੀ ਲਈ ਚੁਣੇ ਗਏ।

1937 ਵਿਚ, ਨੰਦਾ ਉਸ ਸਮੇਂ ਦੀ ਬੰਬਈ ਸਰਕਾਰ ਦੇ ਸੰਸਦੀ ਸਕੱਤਰ (ਕਿਰਤ ਅਤੇ ਆਬਕਾਰੀ) ਸਨ। ਉਹ 2 ਸਾਲ ਉੱਥੇ ਰਹੇ। ਬਾਅਦ ਵਿਚ, ਉਹ ਬੰਬਈ ਸਰਕਾਰ ਵਿਚ (1946 ਤੋਂ 1950 ਤੱਕ) ਕਿਰਤ ਮੰਤਰੀ ਬਣੇ। ਆਜ਼ਾਦੀ ਤੋਂ ਬਾਅਦ, ਮਾਰਚ 1950 ਵਿਚ, ਨੰਦਾ ਨੂੰ ਯੋਜਨਾ ਕਮਿਸ਼ਨ ਦਾ ਉਪ-ਪ੍ਰਧਾਨ ਬਣਾਇਆ ਗਿਆ। ਅਗਲੇ ਸਾਲ ਸਤੰਬਰ ਵਿਚ, ਉਹ ਕੇਂਦਰ ਸਰਕਾਰ ਵਿਚ ਯੋਜਨਾ ਮੰਤਰੀ ਬਣੇ। ਇਸ ਦੌਰਾਨ, ਉਨ੍ਹਾਂ ਨੂੰ ਸਿੰਚਾਈ ਅਤੇ ਬਿਜਲੀ ਵਿਭਾਗਾਂ ਦਾ ਚਾਰਜ ਵੀ ਮਿਲਿਆ। 1952 ਵਿਚ ਦੇਸ਼ ਵਿਚ ਹੋਈਆਂ ਪਹਿਲੀਆਂ ਆਮ ਚੋਣਾਂ ਵਿਚ, ਉਹ ਮੁੰਬਈ ਤੋਂ ਲੋਕ ਸਭਾ ਲਈ ਚੁਣੇ ਗਏ ਅਤੇ ਫਿਰ ਯੋਜਨਾ ਮੰਤਰੀ ਦੇ ਨਾਲ, ਉਹ ਸਿੰਚਾਈ ਅਤੇ ਬਿਜਲੀ ਮੰਤਰੀ ਵੀ ਬਣੇ।


1957 ਵਿਚ ਦੇਸ਼ ਦੀਆਂ ਦੂਜੀਆਂ ਆਮ ਚੋਣਾਂ ਵਿਚ ਨੰਦਾ ਲੋਕ ਸਭਾ ਲਈ ਚੁਣੇ ਗਏ। ਪ੍ਰਧਾਨ ਮੰਤਰੀ ਨਹਿਰੂ ਨੇ ਉਨ੍ਹਾਂ ਨੂੰ ਕਿਰਤ, ਰੁਜ਼ਗਾਰ ਅਤੇ ਯੋਜਨਾ ਮੰਤਰੀ ਬਣਾਇਆ। ਬਾਅਦ ਵਿਚ ਉਨ੍ਹਾਂ ਨੂੰ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ। 1962 ਦੀਆਂ ਤੀਜੀਆਂ ਆਮ ਚੋਣਾਂ ਵਿਚ, ਨੰਦਾ ਨੇ ਗੁਜਰਾਤ ਦੀ ਸਾਬਰਕਾਂਠਾ ਸੰਸਦੀ ਸੀਟ ਜਿੱਤੀ। ਉਹ ਪਹਿਲੀਆਂ, ਦੂਜੀਆਂ ਅਤੇ ਤੀਜੀਆਂ ਸੰਸਦੀ ਚੋਣਾਂ ਵਿਚ ਸਾਬਰਕਾਂਠਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ।

ਇਸ ਦੌਰਾਨ ਨੰਦਾ ਨੇ 1962 ਵਿਚ ਸਮਾਜਵਾਦੀ ਲੜਾਈ ਲਈ ਇਕ ਨਵਾਂ ਕਾਂਗਰਸ ਫੋਰਮ ਸ਼ੁਰੂ ਕੀਤਾ। ਇਸ ਤੋਂ ਇਲਾਵਾ, ਉਹ 1962 ਅਤੇ 1963 ਵਿਚ ਕਿਰਤ ਅਤੇ ਰੁਜ਼ਗਾਰ ਮੰਤਰੀ ਰਹੇ। ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਨੇ 1963 ਵਿਚ ਗੁਲਜ਼ਾਰੀਲਾਲ ਨੂੰ ਗ੍ਰਹਿ ਮੰਤਰੀ ਬਣਾਇਆ ਅਤੇ ਕੈਬਨਿਟ ਵਿਚ ਉਨ੍ਹਾਂ ਦੀ ਨੰਬਰ ਦੋ ਦੀ ਹੈਸੀਅਤ ਬਣ ਗਈ। ਉਹ 1966 ਤੱਕ ਦੇਸ਼ ਦੇ ਗ੍ਰਹਿ ਮੰਤਰੀ ਰਹੇ।

27 ਮਈ, 1964 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬੇਵਕਤੀ ਮੌਤ ਤੋਂ ਬਾਅਦ ਗੁਲਜ਼ਾਰੀਲਾਲ ਨੰਦਾ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ। ਹਾਲਾਂਕਿ ਉਹ ਖੁਦ ਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸਨ, ਪਰ ਤਤਕਾਲੀ ਕਾਂਗਰਸ ਪ੍ਰਧਾਨ ਕੇ. ਕਾਮਰਾਜ ਨੇ ਲਾਲ ਬਹਾਦੁਰ ਸ਼ਾਸਤਰੀ ਦੇ ਨਾਂ ’ਤੇ ਮੋਹਰ ਲਗਾਈ। ਅਜਿਹੇ ’ਚ ਨੰਦਾ ਪਿੱਛੇ ਰਹਿ ਗਏ ਅਤੇ ਸਿਰਫ਼ 13 ਦਿਨਾਂ ਲਈ ਹੀ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਕੰਮ ਕਰ ਸਕੇ। ਹਾਲਾਂਕਿ, ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜ਼ਿਆਦਾ ਦੇਰ ਤੱਕ ਅਹੁਦੇ ’ਤੇ ਨਹੀਂ ਰਹਿ ਸਕੇ। ਪੀ. ਐੱਮ. ਸ਼ਾਸਤਰੀ, ਜੋ ਪਾਕਿਸਤਾਨ ਨਾਲ ਜੰਗ ਜਿੱਤਣ ਅਤੇ ਸ਼ਾਂਤੀ ਸਮਝੌਤੇ ’ਤੇ ਪਹੁੰਚਣ ਲਈ ਰੂਸ ਗਏ ਸਨ, ਦੀ 10 ਜਨਵਰੀ, 1966 ਨੂੰ ਤਾਸ਼ਕੰਦ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ।

ਅਜਿਹੀ ਸਥਿਤੀ ਵਿਚ ਦੇਸ਼ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਫਿਰ ਖਾਲੀ ਹੋ ਗਿਆ। ਨੰਦਾ ਨੂੰ ਇਕ ਵਾਰ ਫਿਰ ਦੇਸ਼ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ। ਇਸ ਦੌਰਾਨ ਉਹ ਗ੍ਰਹਿ ਮੰਤਰੀ ਵੀ ਰਹੇ। ਉਹ ਦੋ ਵਾਰ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ, ਪਰ ਉਨ੍ਹਾਂ ਦਾ ਕਾਰਜਕਾਲ ਜ਼ਿਆਦਾ ਨਹੀਂ ਰਿਹਾ। 1997 ਵਿਚ ਉਨ੍ਹਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ, ਗੁਲਜ਼ਾਰੀਲਾਲ ਨੰਦਾ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ। ਰਾਜਨੀਤੀ ਤੋਂ ਦੂਰ ਰਹਿਣ ਤੋਂ ਬਾਅਦ, ਉਹ ਦਿੱਲੀ ਛੱਡ ਕੇ ਗੁਜਰਾਤ ਚਲੇ ਗਏ। ਉਨ੍ਹਾਂ ਨੇ ਉੱਥੇ ਆਖਰੀ ਸਾਹ ਲਿਆ। ਨੰਦਾ ਦਾ ਦਿਹਾਂਤ 15 ਜਨਵਰੀ, 1998 ਨੂੰ 99 ਸਾਲ ਦੀ ਉਮਰ ਵਿਚ ਅਹਿਮਦਾਬਾਦ ਵਿਚ ਹੋਇਆ।

ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਵਾਲੇ ਗੁਲਜ਼ਾਰੀਲਾਲ ਨੰਦਾ ਨੇ ਆਪਣੀ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਦੌਲਤ ਇਕੱਠੀ ਨਹੀਂ ਕੀਤੀ। ਉਨ੍ਹਾਂ ਕੋਲ ਕੋਈ ਨਿੱਜੀ ਜਾਇਦਾਦ ਨਹੀਂ ਸੀ। ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਵਜੋਂ ਪੈਨਸ਼ਨ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ, ਬਾਅਦ ਵਿਚ ਵਿੱਤੀ ਤੰਗੀਆਂ ਕਾਰਨ, ਉਨ੍ਹਾਂ ਨੂੰ 500 ਰੁਪਏ ਦੀ ਪੈਨਸ਼ਨ ਸਵੀਕਾਰ ਕਰਨੀ ਪਈ ਸੀ।

ਕ੍ਰਿਸ਼ਨ ਧਮੀਜਾ


author

Rakesh

Content Editor

Related News