ਸ਼ਾਨਦਾਰ ਰਾਮ ਮੰਦਰ ਨੂੰ ਸਿਆਸਤ ਤੋਂ ਉਪਰ ਰੱਖਣਾ ਚਾਹੀਦਾ
Thursday, Jan 11, 2024 - 02:34 PM (IST)
ਵਿਰੋਧੀ ਧਿਰ ਆਗੂ, ਖਾਸ ਤੌਰ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ, ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ’ਚ ਸ਼ਾਮਲ ਹੋਣ ਦਾ ਸੱਦਾ ਮਿਲਣ ਪਿੱਛੋਂ ਖੁਦ ਨੂੰ ਦੁਚਿੱਤੀ ’ਚ ਪਾ ਰਹੇ ਹਨ।
ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸੰਘ ਪਰਿਵਾਰ ਵੱਲੋਂ ਕੰਟ੍ਰੋਲ ਟਰੱਸਟ ਦੇ ਫੈਸਲੇ ਨੇ ਵਿਰੋਧੀ ਪਾਰਟੀਆਂ ਨੂੰ ਸ਼ਸ਼ੋਪੰਜ ’ਚ ਪਾ ਦਿੱਤਾ ਹੈ ਕਿ ਕੀ ਸੱਦੇ ਨੂੰ ਪ੍ਰਵਾਨ ਕੀਤਾ ਜਾਵੇ ਜਾਂ ਨਾਮਨਜ਼ੂਰ ਕੀਤਾ ਜਾਵੇ ਜਾਂ ਇਕ ਅਹਿਮ ਧਾਰਮਿਕ ਸਮਾਗਮ ’ਚ ਹਿੱਸਾ ਲਿਆ ਜਾਵੇ ਜਾਂ ਉਸ ਤੋਂ ਖੁਦ ਨੂੰ ਦੂਰ ਰੱਖਿਆ ਜਾਵੇ, ਜਿਸ ’ਚ ਲੱਖਾਂ ਭਾਰਤੀ ਲੋਕਾਂ ਦੀ ਆਸਥਾ ਸ਼ਾਮਲ ਹੈ।
ਇਹ ਸਾਰਿਆਂ ਲਈ ਸਪੱਸ਼ਟ ਹੈ ਕਿ ਇਸ ਸਮੇਂ ਮੰਦਰ ਦਾ ਉਦਘਾਟਨ, ਹਾਲਾਂਕਿ ਅਧੂਰਾ ਹੈ ਅਤੇ ਪੂਰਾ ਹੋਣ ’ਚ ਘੱਟੋ-ਘੱਟ 2 ਸਾਲ ਲੱਗਣਗੇ, ਇਸ ਦਾ ਮਕਸਦ ਆਗਾਮੀ ਚੋਣਾਂ ’ਚ ਭਾਜਪਾ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨਾ ਹੈ। ਪਾਰਟੀ 2014 ’ਚ ਪਿਛਲੀ ਯੂ.ਪੀ.ਏ. ਸਰਕਾਰ ਦੇ ਫੈਸਲੇ ਨਾ ਲੈਣ ਦੇ ਮੁੱਦੇ ਅਤੇ 2019 ਦੀਆਂ ਚੋਣਾਂ ’ਚ ਬਾਲਾਕੋਟ ਘਟਨਾ ਪਿੱਛੋਂ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਦੇ ਨਾਲ ਰਾਮ ਮੰਦਰ ਨੂੰ ਚੋਣ ਮੁਹਿੰਮ ਦੇ ਫੋਕਸ ’ਚ ਲਿਆਉਣ ਦੇ ਲਾਭਾਂ ਨੂੰ ਭੁਨਾਉਣ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ।
ਚੋਣ ਪ੍ਰਚਾਰ ਵਧਦੀ ਬੇਰੋਜ਼ਗਾਰੀ, ਵਧਦੀ ਮਹਿੰਗਾਈ, ਖਰਾਬ ਸਿਹਤ ਸਹੂਲਤਾਂ ਅਤੇ ਭ੍ਰਿਸ਼ਟਾਚਾਰ ਵਰਗੇ ਹੋਰ ਬਲਦੇ ਮੁੱਦਿਆਂ ’ਤੇ ਫਿਰ ਤੋਂ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਠੰਡੇ ਬਸਤੇ ’ਚ ਪਾਉਣ ਦਾ ਸਮਾਂ ਆ ਗਿਆ ਹੈ।
ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਨੇ ਸਖਤ ਮਿਹਨਤ ਅਤੇ ਸਮਰਪਣ ਨਾਲ ਖੁਦ ਨੂੰ 1984 ’ਚ ਸਿਰਫ 2 ਸੀਟਾਂ ਜਿੱਤ ਕੇ 2019 ’ਚ 303 ਤੱਕ ਪਹੁੰਚਾਇਆ ਹੈ। ਇਸ ਨੇ ਆਪਣੇ ਵੋਟ ਸ਼ੇਅਰ ’ਚ ਲਗਾਤਾਰ ਵਾਧਾ ਦੇਖਿਆ ਹੈ ਅਤੇ ਆਪਣਾ ਧਿਆਨ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਨਾਰਾਜ਼ ਕਰਨ ਦੀ ਪ੍ਰਵਾਹ ਕੀਤੇ ਬਿਨਾਂ ਖੁਸ਼ ਕਰਨ ’ਤੇ ਕੇਂਦ੍ਰਿਤ ਰੱਖਿਆ ਹੈ। ਘੱਟਗਿਣਤੀ ਮੁਸਲਿਮ ਭਾਈਚਾਰਾ, ਅਸਲ ’ਚ ਇਸ ਦਾ ਇਕ ਮੁੱਦਾ ਅਤੀਤ ’ਚ ਲਗਾਤਾਰ ਸਰਕਾਰਾਂ ਵੱਲੋਂ ਮੁਸਲਮਾਨਾਂ ਦਾ ਅਖੌਤੀ ਤੁਸ਼ਟੀਕਰਨ ਸੀ। ਪਾਰਟੀ ਦੀ ਰਣਨੀਤੀ ਸਫਲ ਰਹੀ ਕਿਉਂਕਿ ਅੱਧੀ ਹਿੰਦੂ ਆਬਾਦੀ ਦੀ ਹਮਾਇਤ ਵੀ ਉਸ ਨੂੰ ਸੱਤਾ ਤਕ ਪਹੁੰਚਾਉਣ ਲਈ ਕਾਫੀ ਸੀ। ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਈਚਾਰੇ ਵਿਚਾਲੇ ਮਾਣ ਦੀ ਭਾਵਨਾ ਪੈਦਾ ਕਰਨ ਦੀ ਲਗਾਤਾਰ ਮੁਹਿੰਮ ਕਾਰਨ ਬਹੁਗਿਣਤੀ ਭਾਈਚਾਰੇ ਦਰਮਿਆਨ ਇਸ ਦਾ ਹਮਾਇਤ ਆਧਾਰ ਤੇਜ਼ੀ ਨਾਲ ਵਧਿਆ ਹੈ।
ਭਗਵਾਨ ਰਾਮ ਦੇ ਜਨਮ ਸਥਾਨ ’ਤੇ ਰਾਮ ਮੰਦਰ ਦੇ ਨਿਰਮਾਣ ਲਈ ਮੁਹਿੰਮ ਜੋ ਕਿ ਭਾਜਪਾ ਦੇ ਸੀਨੀਅਰ ਆਗੂ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਕੱਢੀ ਗਈ ਰੱਥ ਯਾਤਰਾ ਨਾਲ ਸ਼ੁਰੂ ਹੋਈ, ਨੇ ਪਾਰਟੀ ਦੇ ਕਾਰਜਕਰਤਾਵਾਂ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਨੂੰ ਹੋਰ ਵੱਧ ਤਾਕਤ ਦਿੱਤੀ ਜਦਕਿ ਹਮਾਇਤੀਆਂ ਵੱਲੋਂ ਜਨੂੰਨੀ ਹੋ ਕੇ ਬਾਬਰੀ ਮਸਜਿਦ ਨੂੰ ਢਾਹੁਣ ਦਾ ਇਤਿਹਾਸ ’ਚ ਕਾਲੇ ਨਿਸ਼ਾਨ ਦੇ ਰੂਪ ’ਚ ਦਰਜ ਕੀਤਾ ਜਾਵੇਗਾ, ਤਦ ਤੋਂ ਸਰਯੂ ਨਦੀ ’ਚ ਬਹੁਤ ਪਾਣੀ ਵਹਿ ਚੁੱਕਾ ਹੈ।
ਅੰਤਿਮ ਵਿਸ਼ਲੇਸ਼ਣ ’ਚ ਇਹ ਸੁਪਰੀਮ ਕੋਰਟ ਹੈ ਜਿਸ ਨੇ ਰਾਮ ਜਨਮਭੂਮੀ ਅਤੇ ਬਾਬਰੀ ਮਸਜਿਦ ਦੇ ਮੁੱਦੇ ਨੂੰ ਹੱਲ ਕੀਤਾ ਪਰ ਇਹ ਭਾਜਪਾ ਅਤੇ ਸੰਘ ਪਰਿਵਾਰ ਹੈ ਜੋ ਸਿਹਰੇ ਦਾ ਦਾਅਵਾ ਕਰ ਰਿਹਾ ਹੈ ਅਤੇ ਸਾਰੇ ਲਾਭ ਉਠਾ ਰਿਹਾ ਹੈ। ਸ਼ਿਲਾਨਿਆਸ ਸਮਾਗਮ ਇਕ ਸ਼ਾਨਦਾਰ ਪ੍ਰੋਗਰਾਮ ਸੀ, ਜਿਸ ’ਚ ਪ੍ਰਧਾਨ ਮੰਤਰੀ ਮੋਦੀ ਪ੍ਰੋਗਰਾਮ ਦੇ ਕੇਂਦਰ ’ਚ ਸਨ ਅਤੇ ਉਦਘਾਟਨ ਸਮਾਗਮ ’ਚ ਵੀ ਉਹ ਫੋਕਸ ’ਚ ਰਹਿਣਗੇ।
ਹਾਲਾਂਕਿ ਇਸ ਨਾਲ ਸੀਨੀਅਰ ਧਾਰਮਿਕ ਆਗੂਆਂ ਦੇ ਇਕ ਵਰਗ ’ਚ ਨਿਰਾਸ਼ਾ ਛਾਈ ਹੈ, ਜਿਨ੍ਹਾਂ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਪਰ ਧਿਆਨ ਮੋਦੀ ਤੋਂ ਹਟਣ ਦੀ ਕੋਈ ਸੰਭਾਵਨਾ ਨਹੀਂ ਹੈ।
ਇੱਥੇ ਵਿਰੋਧੀ ਧਿਰ ਆਗੂ, ਜਿਨ੍ਹਾਂ ’ਚੋਂ ਵਧੇਰੇ ਕੱਟੜ ਹਿੰਦੂ ਹਨ, ਖੁਦ ਨੂੰ ਦੁਚਿੱਤੀ ’ਚ ਪਾ ਰਹੇ ਹਨ। ਇੰਨੇ ਵੱਡੇ ਆਯੋਜਨ ’ਚ ਸ਼ਾਮਲ ਨਾ ਹੋਣ ਨਾਲ ਸਮਾਗਮ ’ਚ ਹਿੱਸਾ ਲੈਣ ਦੇ ਦੌਰਾਨ ਉਨ੍ਹਾਂ ਦਾ ਅਕਸ ਖਰਾਬ ਹੋ ਸਕਦਾ ਹੈ ਅਤੇ ਇਕ ਸਿਆਸੀ ਅਤੇ ਧਾਰਮਿਕ ਆਗੂ ਵਜੋਂ ਮੋਦੀ ’ਤੇ ਪੂਰਾ ਧਿਆਨ ਕੇਂਦ੍ਰਿਤ ਕਰਨ ਤੋਂ ਪਿੱਛੇ ਹਟਣਾ ਉਨ੍ਹਾਂ ਨੂੰ ਸ਼ਰਮਨਾਕ ਸਥਿਤੀ ’ਚ ਪਾ ਸਕਦਾ ਹੈ।
ਖੱਬੇ-ਪੱਖੀ ਪਾਰਟੀਆਂ ਨੇ ਪਹਿਲਾਂ ਹੀ ਸੱਦਾ ਪ੍ਰਵਾਨ ਨਾ ਕਰਨ ਦਾ ਇਰਾਦਾ ਜ਼ਾਹਿਰ ਕਰ ਦਿੱਤਾ ਹੈ। ਹੋਰ ਪ੍ਰਮੁੱਖ ਪਾਰਟੀਆਂ ਵਲੋਂ ਅਜੇ ਫੈਸਲਾ ਲੈਣਾ ਬਾਕੀ ਹੈ। ਇਹ ਇਕ ਔਖਾ ਕੰਮ ਹੈ ਪਰ ਚੰਗਾ ਹੋਵੇਗਾ ਕਿ ਉਹ ਸੱਤਾਧਾਰੀ ਪਾਰਟੀ ਦੇ ਵਿਛਾਏ ਜਾਲ ’ਚ ਫਸੇ ਬਿਨਾਂ ਲੋਕਾਂ ਨੂੰ ਧਰਮ ਪ੍ਰਤੀ ਆਪਣੀ ਲਗਨ ਬਾਰੇ ਸਮਝਾਵੇ।
ਇਨ੍ਹਾਂ ਪਾਰਟੀਆਂ ਨੂੰ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਹੋਵੇਗਾ ਕਿ ਭਗਵਾਨ ਰਾਮ ਸਿਆਸਤ ਤੋਂ ਉਪਰ ਹੈ ਅਤੇ ਇਸ ਆਯੋਜਨ ਨੂੰ ਧਾਰਮਿਕ ਆਗੂਆਂ ਵੱਲੋਂ ਆਯੋਜਿਤ ਧਾਰਮਿਕ ਵੱਕਾਰ ਦੀ ਬਜਾਏ ਕਿਸੇ ਵਿਅਕਤੀ ਜਾਂ ਸਿਆਸੀ ਪਾਰਟੀ ’ਤੇ ਕੇਂਦ੍ਰਿਤ ਬਣਾਉਣ ਦੇ ਯਤਨਾਂ ਨੂੰ ਉਜਾਗਰ ਕਰਨਾ ਹੋਵੇਗਾ।
ਇਸ ’ਚ ਕੋਈ ਸ਼ੱਕ ਨਹੀਂ ਕਿ ਭਵਿੱਖ ’ਚ ਅਯੁੱਧਿਆ ਦਾ ਰਾਮ ਮੰਦਰ ਸ਼ਰਧਾਲੂਆਂ ਦੇ ਨਾਲ-ਨਾਲ ਸੈਲਾਨੀਆਂ ਲਈ ਵੀ ਆਕਰਸ਼ਣ ਦਾ ਪ੍ਰਮੁੱਖ ਕੇਂਦਰ ਬਣੇਗਾ। ਇਸ ਨੂੰ ਸਿਆਸਤ ਤੋਂ ਉਪਰ ਰੱਖਣਾ ਸਭ ਤੋਂ ਚੰਗਾ ਹੈ।