ਖੁਸ਼ੀਆਂ ਨੇ ਧਾਰਿਆ ਮਾਤਮ ਦਾ ਰੂਪ, ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੀ ਦੀ ਮੌਤ
Saturday, Oct 25, 2025 - 03:17 PM (IST)
ਫਰੀਦਕੋਟ (ਜਗਤਾਰ) : ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪਰਿਵਾਰ ਆਪਣੀ ਧੀ ਦੀ ਡੋਲੀ ਤੋਰਨ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਿਆਹ ਤੋਂ ਸਿਰਫ਼ ਇਕ ਦਿਨ ਪਹਿਲਾਂ ਹੀ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਮ ਪੂਜਾ ਸੀ ਜੋ ਬਰਗਾੜੀ ਪਿੰਡ ਦੀ ਰਹਿਣ ਵਾਲੀ ਸੀ। ਉਸਦਾ ਰਿਸ਼ਤਾ ਨਜ਼ਦੀਕੀ ਪਿੰਡ ਰਾਊਕੇ ਦੇ ਇਕ ਨੌਜਵਾਨ ਨਾਲ ਹੋਇਆ ਸੀ, ਜੋ ਵਿਦੇਸ਼ ਵਿਚ ਰਹਿੰਦਾ ਸੀ। ਮੁੰਡੇ ਦੇ ਵਿਦੇਸ਼ ਹੋਣ ਕਰਕੇ ਦੋਵਾਂ ਪਰਿਵਾਰਾਂ ਨੇ ਕੁਝ ਸਮਾਂ ਪਹਿਲਾਂ ਵੀਡੀਓ ਕਾਲ ਰਾਹੀਂ ਹੀ ਦੋਵਾਂ ਦੀ ਮੰਗਣੀ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਵਿਆਹ ਦੀ ਤਰੀਖ਼ ਤੈਅ ਹੋਣ ਤੋਂ ਬਾਅਦ ਦੋਵਾਂ ਪਰਿਵਾਰਾਂ ਵੱਲੋਂ ਚਾਵਾਂ ਨਾਲ ਤਿਆਰੀਆਂ ਕੀਤੀਆਂ ਗਈਆਂ। ਵਿਆਹ ਤੋਂ ਇਕ ਦਿਨ ਪਹਿਲਾਂ ਕੁੜੀ ਦੇ ਘਰ ਜਾਗੋ ਸਮਾਗਮ ਦੌਰਾਨ ਪੂਜਾ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਭੰਗੜਾ ਪਾਇਆ ਪਰ ਖੁਸ਼ੀਆਂ ਦੇ ਇਨ੍ਹਾਂ ਪਲਾਂ ਨੇ ਕੁਝ ਹੀ ਸਮੇਂ ਵਿਚ ਸੋਗ ਦਾ ਰੂਪ ਧਾਰ ਲਿਆ। ਰਾਤ ਦੇ ਲਗਭਗ 2 ਵਜੇ ਪੂਜਾ ਦੇ ਨੱਕ ਵਿਚੋਂ ਅਚਾਨਕ ਖੂਨ ਵਗਣਾ ਸ਼ੁਰੂ ਹੋ ਗਿਆ। ਉਸਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਸਾਰੇ ਪਿੰਡ 'ਚ ਮਾਤਮ ਦਾ ਮਾਹੌਲ ਬਣ ਗਿਆ। ਡੋਲੀ ਵਿਚ ਬੈਠਣ ਲਈ ਤਿਆਰ ਕੁੜੀ ਦੀ ਅਰਥੀ ਵੀ ਉਸੇ ਡੋਲੀ ਵਾਲੇ ਸੂਟ ਵਿਚ ਉੱਠੀ। ਇਹ ਗਮਗੀਨ ਪਲ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਵਿਦਿਆਰਥੀਆਂ ਨਾਲ ਭਰੀ ਬੱਸ ਆਈ ਹਾਈਟੈਂਸ਼ਨ ਤਾਰਾਂ 'ਚ ਫਸੀ
ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਰਿਸ਼ਤਾ ਬੱਝਣ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਬਹੁਤ ਖੁਸ਼ੀ ਸੀ ਅਤੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਪਰ ਬਰਾਤ ਆਉਣ ਤੋਂ ਇਕ ਰਾਤ ਪਹਿਲਾਂ ਹੀ ਪੂਜਾ ਨੂੰ ਦਿਲ ਦਾ ਦੌਰਾ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪਿੰਡ ਬਰਗਾੜੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਸੋਗ ਛਾ ਗਿਆ ਹੈ।
ਇਹ ਵੀ ਪੜ੍ਹੋ : ਰਜਿਸਟਰੀ ਦੇ ਖ਼ਰਚ ’ਚ ਭਾਰੀ ਵਾਧਾ, 9% ਤੋਂ 67% ਤੱਕ ਵਾਧੇ ਦਾ ਅਸਾਰ
