ਫਲਾਇੰਗ ਸਕੁਐੱਡ ਨੇ ਦੂਜੇ ਰਾਜਾਂ ਤੋਂ ਲਿਆਂਦਾ ਝੋਨੇ ਦਾ ਟਰੱਕ ਫੜਿਆ, 850 ਬੋਰੀਆਂ ਬਰਾਮਦ
Tuesday, Oct 28, 2025 - 01:46 PM (IST)
ਪਟਿਆਲਾ (ਬਲਜਿੰਦਰ, ਮਨਦੀਪ ਜੋਸਨ) : ਦੂਜੇ ਸੂਬਿਆਂ ਤੋਂ ਸਸਤੇ ਭਾਅ ’ਤੇ ਝੋਨਾ ਲਿਆ ਕੇ ਪੰਜਾਬ ਵਿਚ ਵੇਚਣ ਦੇ ਮਾਮਲੇ ਵਿਚ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਕਾਫੀ ਸਖ਼ਤ ਹੋ ਗਿਆ ਹੈ। ਇਸ ਦੀ ਚੈਕਿੰਗ ਲਈ ਬਣਾਈ ਗਈ ਏ. ਐੱਫ. ਐੱਸ. ਓ. ਪੰਕਜ ਠਾਕੁਰ, ਇੰਸਪੈਕਟਰ ਹਰਪਾਲ ਸਿੰਘ, ਇੰਸਪੈਕਟਰ ਭਜਨਪ੍ਰੀਤ ਸਿੰਘ, ਇੰਸਪੈਕਟਰ ਮਨੂੰ ਮੌਦਗਿਲ ਦੀ ਫਲਾਇੰਗ ਸਕੂਐੱਡ ਵੱਲੋਂ ਲਗਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਕੜੀ ’ਚ ਫਲਾਇੰਗ ਸਕੁਐੱਡ ਨੂੰ ਥਾਣਾ ਖੇੜੀ ਗੰਡਿਆਂ ਦੇ ਏਰੀਏ ਅਧੀਨ ਰਾਜਪੁਰਾ ਰੋਡ ’ਤੇ ਇਕ ਟਰੱਕ ਮਾਰੂਤੀ-ਸਜ਼ੂਕੀ ਏਜੰਸੀ ਦੇ ਸਾਹਮਣੇ ਖੜ੍ਹਾ ਦਿਖਾਈ ਦਿੱਤਾ। ਜਦੋਂ ਉਸ ਦੀ ਸ਼ੱਕ ਦੇ ਅਧਾਰ ’ਤੇ ਚੈਕਿੰਗ ਕੀਤੀ ਗਈ ਤਾਂ ਟਰੱਕ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ। ਚੈੱਕ ਕਰਨ ’ਤੇ ਟਰੱਕ ’ਚ ਝੋਨੇ ਦੇ 850 ਬੋਰੀਆਂ ਬਰਾਮਦ ਕੀਤੀਆਂ ਗਈਆਂ। ਬਿਲਟੀ ’ਚ ਜਾਣ ਦੇ ਸਥਾਨ ਦੀ ਕਟਿੰਗ ਕੀਤੀ ਹੋਈ ਸੀ।
ਇਸ ਤੋਂ ਬਾਅਦ ਫਲਾਇੰਗ ਸਕੁਐੱਡ ਨੇ ਮੌਕੇ ’ਤੇ ਇਲਾਕੇ ਦੇ ਏ. ਐੱਫ. ਐੱਸ. ਓ. ਵਰਿੰਦਰ ਸਿੰਘ, ਇੰਸਪੈਕਟਰ ਨਰਪਿੰਦਰ ਸਿੰਘ ਅਤੇ ਇੰਸਪੈਕਟਰ ਕੁਲਦੀਪ ਸਿੰਘ ਨੂੰ ਬੁਲਾਇਆ ਅਤੇ ਨਾਲ ਹੀ ਮਾਰਕੀਟ ਕਮੇਟੀ ਦੇ ਮੁਲਾਜ਼ਮ ਨੂੰ ਬੁਲਾ ਕੇ ਚੈਕਿੰਗ ਕੀਤੀ ਗਈ ਤਾਂ ਝੋਨਾ ਪਰਮਲ ਪਾਇਆ ਗਿਆ। ਇਸ ਤੋਂ ਬਾਅਦ ਏ. ਐੱਫ. ਐੱਸ. ਓ. ਰਾਜਪੁਰਾ ਵਰਿੰਦਰ ਸਿੰਘ, ਇੰਸਪੈਕਟਰ ਨਰਪਿੰਦਰ ਸਿੰਘ ਅਤੇ ਇੰਸ: ਕੁਲਦੀਪ ਸਿੰਘ ਨੇ ਇਸ ਸਬੰਧੀ ਥਾਣਾ ਖੇੜੀ ਗੰਡਿਆਂ ਦੀ ਪੁਲਸ ਨੂੰ ਸੂਚਿਤ ਕੀਤਾ। ਇਸ ਟਰੱਕ ਦਾ ਝੋਨਾ ਕਿੱਥੋਂ ਆਇਆ ਅਤੇ ਕਿੱਥੇ ਜਾਣਾ, ਆਦਿ ਦੀ ਤਫਤੀਸ਼ ਕਰਨ ਲਈ ਕਿਹਾ।
ਥਾਣਾ ਖੇੜੀ ਗੰਡਿਆਂ ਦੀ ਪੁਲਸ ਨੇ ਟਰੱਕ ਦੇ ਡਰਾਈਵਰ ਪਵਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਭਾਈ ਜ਼ਿਲਾ ਫਿਰੋਜ਼ਪੁਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ 318(2) ਅਤੇ 61(2) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ। ਫਲਾਇੰਗ ਸਕੂਐੱਡ ਵੱਲੋਂ ਜਿਹੜੀ ਮੁੱਢਲੀ ਤਫਤੀਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਬਿਲਟੀ ਚੈੱਕ ਕੀਤੀਆਂ ਗਈਆਂ। ਇਸ ’ਚ ਜਾਣ ਦੀ ਥਾਂ ਖੰਨਾ ਕੱਟ ਦੇ ਜੰਮੂ-ਕੱਟੜਾ ਪਾਇਆ ਹੋਇਆ ਸੀ, ਜਿਸ ਤੋਂ ਬਾਅਦ ਸ਼ੱਕ ਪੈਦਾ ਹੋਇਆ ਅਤੇ ਵਿਭਾਗ ਨੇ ਇਸ ਮਾਮਲੇ ’ਚ ਸਾਰਾ ਰਿਕਾਰਡ ਪੁਲਸ ਨੂੰ ਦੇ ਦਿੱਤਾ ਹੈ।
ਦੱਸਣਯੋਗ ਹੈ ਕਿ ਦੂਜੇ ਰਾਜਾਂ ਤੋਂ ਸਸਤਾ ਝੋਨੇ ਲਿਆ ਕੇ ਪੰਜਾਬ ’ਚ ਵੇਚ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਸੂਚਨਾ ਤੋਂ ਬਾਅਦ ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਇਕ ਫਲਾਇੰਗ ਸਕੁਐੱਡ ਦਾ ਗਠਨ ਕੀਤਾ ਹੋਇਆ ਹੈ। ਇਸ ਵਿਚ ਏ. ਐੱਫ. ਐੱਸ. ਓ. ਪੰਕਜ ਠਾਕੁਰ, ਇੰਸਪੈਕਟਰ ਹਰਪਾਲ ਸਿੰਘ, ਇੰਸਪੈਕਟਰ ਭਜਨਪ੍ਰੀਤ ਸਿੰਘ ਅਤੇ ਇੰਸਪੈਕਟਰ ਮਨੂੰ ਮੌਦਗਿਲ ਸ਼ਾਮਲ ਹਨ। ਇਨ੍ਹਾਂ ਵੱਲੋਂ ਬਾਰਡਰਾਂ ’ਤੇ ਨਾਕਾਬੰਦੀ ਕਰਕੇ ਰੋਜਾਨਾ ਚੈਕਿੰਗ ਕੀਤੀ ਜਾ ਰਹੀ ਹੈ।
