ਪਹਾੜਾਂ ’ਚ ਉਡਾਣ ਅਤੇ ਸੁਰੱਖਿਆ ਨਾਲ ਸਮਝੌਤਾ!

Friday, Nov 06, 2026 - 05:56 PM (IST)

ਪਹਾੜਾਂ ’ਚ ਉਡਾਣ ਅਤੇ ਸੁਰੱਖਿਆ ਨਾਲ ਸਮਝੌਤਾ!

ਉਤਰਾਖੰਡ ਦੇ ਚਮੋਲੀ ਜ਼ਿਲੇ ’ਚ ਕੁਝ ਦਿਨ ਪਹਿਲਾਂ 30 ਅਕਤੂਬਰ ਨੂੰ ਬਦਰੀਨਾਥ ਤੋਂ ਦੇਹਰਾਦੂਨ ਦੇ ਸਹਸ੍ਰਧਾਰਾ ਹੈਲੀਪੈਡ ਲਈ ਉਡਾਣ ਭਰਨ ਵਾਲਾ ਟਰਾਂਸ ਭਾਰਤ ਏਵੀਏਸ਼ਨ ਦਾ ਹੈਲੀਕਾਪਟਰ ਜੋਸ਼ੀਮਠ ਦੇ ਕੋਲ ਚਾਈਂ ਪਿੰਡ ਨੇੜੇ ਹਾਥੀ ਪਰਬਤ ਖੇਤਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿਚ ਦਿੱਲੀ ਦੇ ਰਹਿਣ ਵਾਲੇ ਪਾਇਲਟ ਕੈਪਟਨ ਹਿਮਾਂਸ਼ੂ ਸਭਰਵਾਲ ਸਮੇਤ ਕਰਨਾਟਕ ਦੇ 5 ਮੁਸਾਫਰਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਬੈਂਗਲੁਰੂ ਪੁਲਸ ਦੇ ਇੰਸਪੈਕਟਰ ਅਰੁਣ ਸਾਲੁੰਕੇ ਵੀ ਸ਼ਾਮਲ ਸਨ। ਓਰੇਂਜ ਅਲਰਟ ਤੇ ਖ਼ਰਾਬ ਮੌਸਮ ਦਰਮਿਅਾਨ ਉਡਾਣ ਭਰਨ ਵਾਲਾ ਇਹ ਹੈਲੀਕਾਪਟਰ ਸੰਪਰਕ ਟੁੱਟਣ ਤੋਂ ਤੁਰੰਤ ਬਾਅਦ ਪਹਾੜੀ ਨਾਲ ਟਕਰਾਅ ਗਿਆ। ਇਹ ਹਾਦਸਾ ਚਾਰਧਾਮ ਖੇਤਰ ’ਚ ਹੋ ਰਹੀਆਂ ਹੈਲੀਕਾਪਟਰ ਦੁਰਘਟਨਾਵਾਂ ਦੀ ਲੜੀ ਦਾ ਹਿੱਸਾ ਹੈ। ਨਾਲ ਹੀ ਪਹਾੜੀ ਉਡਾਣਾਂ ਦੀਆਂ ਮੂਲ ਕਮਜ਼ੋਰੀਆਂ ਨੂੰ ਵੀ ਉਜਾਗਰ ਕਰਦਾ ਹੈ।

ਪਹਾੜਾਂ ’ਚ ਹੈਲੀਕਾਪਟਰ ਉਡਾਣਾਂ ਸੁਭਾਵਿਕ ਤੌਰ ’ਤੇ ਖਤਰੇ ਭਰੀਆਂ ਹੁੰਦੀਆਂ ਹਨ। ਤੰਗ ਵਾਦੀਆਂ, ਅਚਾਨਕ ਬਦਲਦਾ ਮੌਸਮ, ਸੰਘਣੇ ਬੱਦਲ, ਤੇਜ਼ ਹਵਾਵਾਂ ਤੇ ਉਚਾਈ ’ਤੇ ਆਕਸੀਜਨ ਦੀ ਕਮੀ ਪਾਇਲਟ ਦੇ ਫ਼ੈਸਲੇ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਚਾਰਧਾਮ ਯਾਤਰਾ ’ਚ ਹੈਲੀਕਾਪਟਰ ਸੇਵਾਵਾਂ ਹਰਮਨਪਿਆਰੀਆਂ ਹੋ ਗਈਆਂ ਹਨ ਕਿਉਂਕਿ ਉਹ ਤੀਰਥ ਯਾਤਰੀਆਂ ਨੂੰ ਔਖੀ ਪੈਦਲ ਯਾਤਰਾ ਤੋਂ ਬਚਾਉਂਦੀਆਂ ਹਨ ਪਰ ਇਹ ਸਹੂਲਤ ਸੁਰੱਖਿਆ ਦੀ ਕੀਮਤ ’ਤੇ ਆ ਰਹੀ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਅੰਕੜਿਆਂ ਅਨੁਸਾਰ 2015 ਤੋਂ 2025 ਦਰਮਿਅਾਨ ਚਾਰਧਾਮ ਸੈਕਟਰ ’ਚ 8 ਹਾਦਸੇ ਹੋਏ ਜਿਨ੍ਹਾਂ ’ਚੋਂ ਪੰਜ ਘਾਤਕ ਸਨ। ਇਨ੍ਹਾਂ ’ਚੋਂ ਬਹੁਤਿਆਂ ਦਾ ਕਾਰਨ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਨਾ ਕਰਨਾ, ਖ਼ਰਾਬ ਮੌਸਮ ’ਚ ਫ਼ੈਸਲਾ ਲੈਣਾ ਅਤੇ ਉਚਾਈ ਸਬੰਧੀ ਚੁਣੌਤੀਆਂ ਸਨ। 2025 ’ਚ ਹੀ ਕਈ ਹਾਦਸੇ ਹੋਏ, ਜਿਨ੍ਹਾਂ ਵਿਚ ਗੌਰੀਕੁੰਡ ਅਤੇ ਉੱਤਰਕਾਸ਼ੀ ਦੇ ਹਾਦਸੇ ਮੁੱਖ ਹਨ।

ਜੋਸ਼ੀਮਠ ਹਾਦਸੇ ਦੇ ਸੰਭਾਵਿਤ ਕਾਰਨਾਂ ’ਚ ਮੌਸਮ ਨੂੰ ਸਭ ਤੋਂ ਅਹਿਮ ਮੰਨਿਆ ਜਾ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਚਮੋਲੀ ’ਚ ਤੂਫ਼ਾਨ, ਬਾਰਸ਼ ਅਤੇ ਤੇਜ਼ ਹਵਾਵਾਂ ਦਾ ਓਰੇਂਜ ਅਲਰਟ ਜਾਰੀ ਕੀਤਾ ਸੀ। ਉਡਾਣ ਭਰਦੇ ਸਮੇਂ ਸਥਾਨਕ ਮੌਸਮ ਭਾਵੇਂ ਸਾਫ਼ ਰਿਹਾ ਹੋਵੇਗਾ ਪਰ ਵਾਦੀ ’ਚ ਅਚਾਨਕ ਬੱਦਲ ਛਾ ਗਏ ਹੋਣਗੇ ਤੇ ਮੀਂਹ ਪੈਣ ਲੱਗ ਪਿਅਾ ਹੋਵੇਗਾ।

ਪਹਾੜੀ ਉਡਾਣਾਂ ’ਚ ਕੰਟ੍ਰੋਲਡ ਉਡਾਣ ਦਾ ਪਹਾੜਾਂ ਨਾਲ ਉਦੋਂ ਟਕਰਾਉਣਾ ਇਕ ਆਮ ਕਾਰਨ ਹੁੰਦਾ ਹੈ, ਜਦੋਂ ਪਾਇਲਟ ਵਿਜ਼ੀਬਿਲਟੀ ਦੀ ਕਮੀ ਕਾਰਨ ਗ਼ਲਤ ਦਿਸ਼ਾ ’ਚ ਚੱਲ ਜਾਂਦਾ ਹੈ। ਹੋਰ ਸੰਭਾਵਿਤ ਕਾਰਨਾਂ ਵਿਚ ਪਾਇਲਟ ਦਾ ਤਜਰਬਾ, ਜਹਾਜ਼ ਦੀ ਰੱਖ-ਰਖਾਅ ਦੀ ਸਥਿਤੀ ਜਾਂ ਆਪਰੇਟਰ ਵੱਲੋਂ ਜਲਦਬਾਜ਼ੀ ’ਚ ਉਡਾਣ ਭਰਨ ਦਾ ਦਬਾਅ ਸ਼ਾਮਲ ਹੋ ਸਕਦਾ ਹੈ।

ਏ. ਏ. ਆਈ. ਬੀ. ਜਾਂਚ ਦੌਰਾਨ ਉਪਲਬਧ ਉਪਕਰਣਾਂ ਦੀ ਜਾਂਚ ਕਰੇਗਾ। ਹੈਲੀਕਾਪਟਰ ’ਚ ਆਮ ਤੌਰ ’ਤੇ ਬਲੈਕ ਬਾਕਸ ਨਹੀਂ ਹੁੰਦਾ। ਪਾਇਲਟ ਦਾ ਉਡਾਣ ਇਤਿਹਾਸ, ਰੱਖ-ਰਖਾਅ ਰਿਕਾਰਡ ਤੇ ਚਾਰਧਾਮ ਸਬੰਧੀ ਡੀ. ਜੀ. ਸੀ. ਏ. ਦੇ ਨਿਯਮਾਂ ਦੀ ਪਾਲਣਾ ਨੂੰ ਵੇਖਿਆ ਜਾਵੇਗਾ।

ਜਾਂਚ ਦੌਰਾਨ ਦੋਸ਼ੀ ਕੌਣ ਸਾਬਤ ਹੋਵੇਗਾ, ਇਹ ਅਜੇ ਸਪੱਸ਼ਟ ਨਹੀਂ। ਏ. ਏ. ਆਈ. ਬੀ. ਦਾ ਮੰਤਵ ਦੋਸ਼ ਲਾਉਣਾ ਨਹੀਂ, ਸਗੋਂ ਕਾਰਨ ਪਤਾ ਕਰ ਕੇ ਭਵਿੱਖ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ। ਫਿਰ ਵੀ ਵਿਵਹਾਰਕ ਤੌਰ ’ਤੇ ਪਾਇਲਟ ਦੀ ਫ਼ੈਸਲਾ ਲੈਣ ਦੀ ਗ਼ਲਤੀ, ਆਪਰੇਟਰ ਦੀ ਰੈਗੂਲੇਟਰੀ ਪਰਵਾਹੀ ਜਾਂ ਦੋਵੇਂ ਸਾਹਮਣੇ ਆ ਸਕਦੇ ਹਨ। ਫ਼ਿਲਹਾਲ ਉਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ ਨੇ ਟਰਾਂਸ ਭਾਰਤ ਏਵੀਏਸ਼ਨ ਦੇ ਪੂਰੇ ਬੇੜੇ ਨੂੰ ਅਹਤਿਆਤ ਵਜੋਂ ਗ੍ਰਾਉਂਡ ਕਰ ਦਿੱਤਾ ਹੈ।

ਪਹਿਲਾਂ ਇਸ ਕੰਪਨੀ ਦੇ ਪਾਇਲਟਾਂ ਦੇ ਲਾਇਸੈਂਸ ਖ਼ਰਾਬ ਮੌਸਮ ’ਚ ਉਡਾਣ ਭਰਨ ਲਈ ਮੁਅੱਤਲ ਹੋ ਚੁੱਕੇ ਹਨ। ਐਮਰਜੈਂਸੀ ਲੈਂਡਿੰਗ ਦੀਆਂ ਘਟਨਾਵਾਂ ਵੀ ਰਹੀਆਂ ਹਨ। ਜੇ ਜਾਂਚ ’ਚ ਐੱਸ. ਓ. ਪੀ. ਦੀ ਉਲੰਘਣਾ ਜਾਂ ਮੁਨਾਫ਼ੇ ਦੇ ਦਬਾਅ ’ਚ ਉਡਾਣ ਸਾਬਤ ਹੁੰਦੀ ਹੈ ਤਾਂ ਆਪਰੇਟਰ ਅਤੇ ਸਬੰਧਤ ਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।

ਭਾਰਤ ’ਚ ਨਿੱਜੀ ਹੈਲੀਕਾਪਟਰ ਆਪਰੇਟਰ ਚਾਰਧਾਮ ਵਰਗੇ ਖੇਤਰਾਂ ’ਚ ਨਿਯਮਾਂ-ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵੇਖੇ ਗਏ ਹਨ। ਏ. ਏ. ਆਈ. ਬੀ. ਦੀਆਂ ਪੁਰਾਣੀਆਂ ਰਿਪੋਰਟਾਂ ’ਚ ਸਪੱਸ਼ਟ ਹੋਇਆ ਹੈ ਕਿ ਬਹੁਤੇ ਹਾਦਸੇ ਐੱਸ. ਓ. ਪੀ. ਦੀ ਪਾਲਣਾ ਨਾ ਕਰਨ ਕਾਰਨ ਹੋਏ। ਫ਼ਰਜ਼ੀ ਫਲਾਈਟ ਲੌਗ, ਪਾਇਲਟਾਂ ਦੇ ਡਿਊਟੀ ਘੰਟਿਆਂ ਦੀ ਅਣਦੇਖੀ, ਖ਼ਰਾਬ ਮੌਸਮ ’ਚ ਉਡਾਣ ਅਤੇ ਵਾਧੂ ਫੇਰਿਆਂ ਲਈ ਨਕਦ ਲੈਣ-ਦੇਣ ਵਰਗੀਆਂ ਸ਼ਿਕਾਇਤਾਂ ਆਮ ਰਹੀਆਂ ਹਨ।

2025 ਦੇ ਗੌਰੀਕੁੰਡ ਕ੍ਰੈਸ਼ ’ਚ ਆਰੀਅਨ ਏਵੀਏਸ਼ਨ ’ਤੇ ਐੱਸ. ਓ. ਪੀ. ਦੀ ਉਲੰਘਣਾ ਦਾ ਦੋਸ਼ ਲੱਗਾ ਅਤੇ ਉਸ ਦੇ ਸੰਚਾਲਨ ਮੁਅੱਤਲ ਕੀਤੇ ਗਏ। ਡੀ. ਜੀ. ਸੀ. ਏ. ਨੇ ਕਈ ਵਾਰ ਆਡਿਟ ਕੀਤੇ, ਜੁਰਮਾਨੇ ਲਾਏ ਅਤੇ ਕੁਝ ਆਪਰੇਟਰਾਂ ਨੂੰ ਆਰਜ਼ੀ ਤੌਰ ’ਤੇ ਰੋਕਿਆ ਪਰ ਇਹ ਕਦਮ ਵਧੇਰੇ ਹਾਦਸਿਆਂ ਤੋਂ ਬਾਅਦ ਪ੍ਰਤੀਕਿਰਿਆਤਮਕ ਰਹੇ ਹਨ। ਮੁਨਾਫ਼ੇ ਦੀ ਦੌੜ ’ਚ ਮੁਸਾਫਰਾਂ ਦੀ ਗਿਣਤੀ ਵਧਾਉਣ ਲਈ ਨਿਯਮਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਜਾਂਦਾ ਹੈ।

ਸਿਵਲ ਏਵੀਏਸ਼ਨ ਮੰਤਰਾਲਾ ਅਤੇ ਡੀ. ਜੀ. ਸੀ. ਏ ਇਸ ਮਾਮਲੇ ’ਚ ਢਿੱਲੇ ਸਾਬਤ ਹੋ ਰਹੇ ਹਨ ਕਿਉਂਕਿ ਰੈਗੂਲੇਟਰੀ ਢਾਂਚਾ ਕਾਫ਼ੀ ਹੱਦ ਤਕ ਟੁੱਟਵਾਂ ਹੈ। ਡੀ. ਜੀ. ਸੀ. ਏ. ਰਾਸ਼ਟਰੀ ਪੱਧਰ ’ਤੇ ਲਾਇਸੈਂਸਿੰਗ ਤੇ ਨਿਯਮ ਬਣਾਉਣ ਵਾਲੀ ਅਾਰਿਟੀ ਹੈ ਜਦਕਿ ਉਤਰਾਖੰਡ ’ਚ ਉਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ ਰੋਜ਼ਾਨਾ ਤਾਲਮੇਲ ਸੰਭਾਲਦੀ ਹੈ।

ਗੌਰਤਲਬ ਹੈ ਕਿ ਸੰਸਦੀ ਸਥਾਈ ਕਮੇਟੀ ਨੇ ਵੀ ਇਸ ਅਧਿਕਾਰ ਖੇਤਰ ਦੀ ਅਸਪੱਸ਼ਟਤਾ ਨੂੰ ਉਜਾਗਰ ਕੀਤਾ ਹੈ ਕਿ ਡੀ. ਜੀ. ਸੀ. ਏ, ਲਗਾਤਾਰ ਤੇ ਸਰਗਰਮ ਨਿਗਰਾਨੀ ਨਹੀਂ ਕਰਦਾ। ਪਹਾੜੀ ਉਡਾਣਾਂ ਲਈ ਲੋੜੀਂਦਾ ਹਿਲ- ਫਲਾਇੰਗ ਤਜਰਬਾ, ਮੌਸਮ ਦੀ ਨਿਗਰਾਨੀ ਅਤੇ ਐਮਰਜੈਂਸੀ ਲੈਂਡਿੰਗ ਵਾਲੀ ਥਾਂ ਦੀ ਘਾਟ ਬਣੀ ਹੋਈ ਹੈ।

ਏ. ਏ. ਅਾਈ. ਬੀ. ਨੇ 50 ਘੰਟੇ ਦੀ ਨਿਗਰਾਨੀ ਹੇਠ ਹਿਲ ਉਡਾਣ ਦੀ ਸਿਫ਼ਾਰਸ਼ ਕੀਤੀ ਹੈ ਪਰ ਇਸ ਦਾ ਅਮਲ ਕਮਜ਼ੋਰ ਰਿਹਾ ਹੈ। ਨਤੀਜਾ ਇਹ ਹੈ ਕਿ ਹਾਦਸੇ ਹੁੰਦੇ ਰਹਿੰਦੇ ਹਨ ਤੇ ਸਿਰਫ਼ ਆਰਜ਼ੀ ਗ੍ਰਾਊਂਡਿੰਗ ਜਾਂ ਸਰਕੁਲਰ ਜਾਰੀ ਕਰ ਕੇ ਮਾਮਲਾ ਠੰਡਾ ਕਰ ਦਿੱਤਾ ਜਾਂਦਾ ਹੈ।

ਨਿੱਜੀ ਚੌਪਰ ਆਪਰੇਟਰਾਂ ਵੱਲੋਂ ਸਿਰਫ਼ ਮੁਨਾਫ਼ੇ ਬਾਰੇ ਸੋਚਣਾ ਤੇ ਮੁਸਾਫਰਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਨਾ ਕਿਸੇ ਵੀ ਪੱਖੋਂ ਢੁਕਵਾਂ ਨਹੀਂ। ਚਾਰਧਾਮ ਯਾਤਰਾ ਅਧਿਅਾਤਮਕ ਹੈ ਪਰ ਇਹ ਵਪਾਰਕ ਮੌਕਾ ਵੀ ਬਣ ਗਈ ਹੈ। ਜਦੋਂ ਆਪਰੇਟਰ ਖ਼ਰਾਬ ਮੌਸਮ ਦੀ ਚਿਤਾਵਨੀ ਦੇ ਬਾਵਜੂਦ ਉਡਾਣ ਭਰਦੇ ਹਨ ਜਾਂ ਪਾਇਲਟਾਂ ’ਤੇ ਵਾਧੂ ਉਡਾਣਾਂ ਦਾ ਦਬਾਅ ਪਾਉਂਦੇ ਹਨ ਤਾਂ ਉਹ ਜਾਣਬੁੱਝ ਕੇ ਖ਼ਤਰੇ ਨੂੰ ਵਧਾ ਰਹੇ ਹੁੰਦੇ ਹਨ। ਮੁਸਾਫਰਾਂ ਨੂੰ ਤੀਰਥ ਯਾਤਰਾ ਦੀ ਖਿਚ ਵਿਖਾ ਕੇ ਮਹਿੰਗੀਆਂ ਟਿਕਟਾਂ ਵੇਚੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੇ ਜੀਵਨ ਦੀ ਕੀਮਤ ਮੁਨਾਫ਼ੇ ਤੋਂ ਅੱਗੇ ਨਹੀਂ ਆਂਕੀ ਜਾਂਦੀ। ਸੁਰੱਖਿਆ ਕੋਈ ਸਮਝੌਤਾ ਨਹੀਂ, ਲਾਜ਼ਮੀ ਸ਼ਰਤ ਹੋਣੀ ਚਾਹੀਦੀ ਹੈ।

ਜੋਸ਼ੀਮਠ ਹਾਦਸਾ ਇਕ ਹੋਰ ਚਿਤਾਵਨੀ ਹੈ। ਏ. ਏ . ਅਾਈ .ਬੀ . ਦੀ ਵਿਸਤ੍ਰਿਤ ਰਿਪੋਰਟ ਆਉਣ ਤੱਕ ਸਿੱਟਾ ਕੱਢਣਾ ਜਲਦਬਾਜ਼ੀ ਹੋਵੇਗੀ ਪਰ ਪੈਟਰਨ ਸਾਫ਼ ਹੈ। ਪਹਾੜੀ ਉਡਾਣਾਂ ਲਈ ਸਖ਼ਤ ਮੌਸਮ ਪ੍ਰੋਟੋਕੋਲ, ਤਜਰਬੇਕਾਰ ਪਾਇਲਟਾਂ ਦੀ ਲਾਜ਼ਮੀ ਸ਼ਰਤ, ਰੀਅਲ-ਟਾਈਮ ਨਿਗਰਾਨੀ ਅਤੇ ਪ੍ਰਭਾਵੀ ਸਜ਼ਾ ਪ੍ਰਣਾਲੀ ਜ਼ਰੂਰੀ ਹੈ। ਮੰਤਰਾਲਾ ਤੇ ਡੀ. ਜੀ. ਸੀ. ਏ. ਨੂੰ ਪ੍ਰਤੀਕਿਰਿਆਤਮਕ ਰਵੱਈਏ ਤੋਂ ਹਟ ਕੇ ਸਰਗਰਮ ਰੈਗੂਲੇਟਰ ਬਣਨਾ ਪਵੇਗਾ, ਨਹੀਂ ਤਾਂ ਮੁਨਾਫ਼ੇ ਦੀਆਂ ਇਹ ਉਡਾਣਾਂ ਹੋਰ ਜਾਨਾਂ ਲੈਂਦੀਆਂ ਰਹਿਣਗੀਆਂ। ਯਾਤਰਾ ਦੀ ਸਹੂਲਤ ਅਹਿਮ ਹੈ ਪਰ ਉਹ ਜੀਵਨ ਦੀ ਕੀਮਤ ’ਤੇ ਨਹੀਂ ਹੋ ਸਕਦੀ।

ਰਜਨੀਸ਼ ਕਪੂਰ


author

Shubam Kumar

Content Editor

Related News