‘ਆਜ਼ਾਦੀ ਦੇ 78 ਸਾਲਾਂ ਬਾਅਦ ਵੀ’ ‘ਹੋ ਰਹੇ ਦਲਿਤਾਂ ’ਤੇ ਜ਼ੁਲਮ’

Sunday, Apr 20, 2025 - 07:10 AM (IST)

‘ਆਜ਼ਾਦੀ ਦੇ 78 ਸਾਲਾਂ ਬਾਅਦ ਵੀ’ ‘ਹੋ ਰਹੇ ਦਲਿਤਾਂ ’ਤੇ ਜ਼ੁਲਮ’

ਛੂਆ-ਛਾਤ ਅਤੇ ਜਾਤੀ ਆਧਾਰਿਤ ਭੇਦਭਾਵ ਨੂੰ ਖਤਮ ਕਰਨ ਲਈ ਮਹਾਤਮਾ ਗਾਂਧੀ ਅਤੇ ਹੋਰ ਮਹਾਪੁਰਖਾਂ ਨੇ ਅਣਥੱਕ ਯਤਨ ਕੀਤੇ ਪਰ ਇਸ ਦੇ ਬਾਵਜੂਦ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਦੇਸ਼ ਵਿਚ ਕਈ ਥਾਵਾਂ ’ਤੇ ਦਲਿਤ ਭਾਈਚਾਰੇ ਨਾਲ ਵਿਤਕਰਾ ਜਾਰੀ ਹੈ। ‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਦੇ ਅਨੁਸਾਰ ਦੇਸ਼ ਵਿਚ ਹਰ ਰੋਜ਼ ਦਲਿਤਾਂ ’ਤੇ ਜ਼ੁਲਮਾਂ ਦੇ 150 ਤੋਂ ਵੱਧ ਮਾਮਲੇ ਦਰਜ ਹੁੰਦੇ ਹਨ।

ਇਨ੍ਹਾਂ ’ਚ ਬਰਾਤ ’ਚ ਘੋੜੀ ’ਤੇ ਨਾ ਚੜ੍ਹਨ ਦੇਣਾ, ਵਿਆਹ ਆਦਿ ਸਮਾਗਮਾਂ ਵਿਚ ਡੀ.ਜੇ. ਨਾ ਵਜਾਉਣ ਦੇਣਾ, ਮੰਦਰ ਵਿਚ ਦਾਖਲ ਨਾ ਹੋਣ ਦੇਣਾ, ਬੀਮਾਰੀ ਜਾਂ ਹੋਰ ਕਾਰਨਾਂ ਕਰ ਕੇ ਕੰਮ ਕਰਨ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਕੁੱਟਣਾ ਆਦਿ ਸ਼ਾਮਲ ਹਨ।

ਪਿਛਲੇ ਸਾਲ ਦੇਸ਼ ਵਿਚ ਦਲਿਤਾਂ ’ਤੇ ਜ਼ੁਲਮਾਂ ਦੇ 51,656 ਮਾਮਲਿਆਂ ਵਿਚੋਂ ਉੱਤਰ ਪ੍ਰਦੇਸ਼ ਸਭ ਤੋਂ ਵੱਧ 12,287 ਮਾਮਲਿਆਂ ਨਾਲ ਪਹਿਲੇ ਸਥਾਨ ’ਤੇ ਸੀ, ਰਾਜਸਥਾਨ 8651 ਮਾਮਲਿਆਂ ਨਾਲ ਦੂਜੇ ਸਥਾਨ ’ਤੇ ਸੀ ਅਤੇ ਮੱਧ ਪ੍ਰਦੇਸ਼ 7732 ਮਾਮਲਿਆਂ ਨਾਲ ਤੀਜੇ ਸਥਾਨ ’ਤੇ ਸੀ।

ਦਲਿਤ ਭਾਈਚਾਰੇ ਦੇ ਮੈਂਬਰਾਂ ’ਤੇ ਜ਼ੁਲਮਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 30 ਜੁਲਾਈ, 2024 ਨੂੰ ਨਰਸਿੰਹਪੁਰ (ਮੱਧ ਪ੍ਰਦੇਸ਼) ਜ਼ਿਲੇ ’ਚ ਬਦਮਾਸ਼ਾਂ ਨੇ ‘ਪ੍ਰੇਮ ਨਾਰਾਇਣ’ ਨਾਂ ਦੇ ਇਕ ਦਲਿਤ ਨੂੰ ਅਗਵਾ ਕਰਨ ਪਿੱਛੋਂ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਉਸ ਨੇ ਇਹ ਰਕਮ ਦੇਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਤਾਂ ਉਸ ਨੂੰ ਬੰਦੀ ਬਣਾ ਕੇ ਕੁੱਟਣ ਪਿੱਛੋਂ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ।

* 13 ਸਤੰਬਰ, 2024 ਨੂੰ ‘ਅਮਰੋਹਾ’ (ਉੱਤਰ ਪ੍ਰਦੇਸ਼) ’ਚ ਕੋਚਿੰਗ ਸੈਂਟਰ ਚਲਾਉਣ ਵਾਲੇ ਇਕ ਦਲਿਤ ਨੌਜਵਾਨ ਨੂੰ ਦੂਜੀ ਬਿਰਾਦਰੀ ਦੇ ਲੋਕਾਂ ਨੇ ਘਰ ’ਚ ਬੰਦ ਕਰ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਜਬਰਨ ਪਿਸ਼ਾਬ ਪਿਲਾਇਆ। ਪੀੜਤ ਦੇ ਅਨੁਸਾਰ ਸ਼ਿਕਾਇਤ ਕਰਨ ’ਤੇ ਪੁਲਸ ਨੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ।

* 18 ਸਤੰਬਰ, 2024 ਨੂੰ ‘ਨਵਾਦਾ’ (ਬਿਹਾਰ) ਦੇ ‘ਮਾਂਝੀ ਟੋਲਾ’ ਇਲਾਕੇ ’ਚ ਜ਼ਮੀਨ ਦੇ ਝਗੜੇ ਕਾਰਨ ਦਲਿਤਾਂ ਦੀ ਬਸਤੀ ਨੂੰ ਅੱਗ ਲਾ ਕੇ 34 ਘਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ’ਚ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 24 ਦਸੰਬਰ, 2024 ਨੂੰ ‘ਕਪਤਾਨ ਗੰਜ’ (ਉੱਤਰ ਪ੍ਰਦੇਸ਼) ’ਚ ਬਦਮਾਸ਼ਾਂ ਨੇ ਇਕ ਦਲਿਤ ਲੜਕੇ ਨੂੰ ਜਨਮਦਿਨ ਦੀ ਪਾਰਟੀ ’ਚ ਬੁਲਾ ਕੇ ਉਸ ਨੂੰ ਨੰਗਾ ਕਰ ਕੇ ਕੁੱਟਿਆ ਅਤੇ ਪਿਸ਼ਾਬ ਪਿਲਾਉਂਦੇ ਹੋਏ ਉਸ ਦਾ ਇਤਰਾਜ਼ਯੋਗ ਵੀਡੀਓ ਬਣਾਇਆ।

ਜਦੋਂ ਪੀੜਤ ਲੜਕੇ ਨੇ ਦੋਸ਼ੀਆਂ ਨੂੰ ਇਹ ਵੀਡੀਓ ਡਿਲੀਟ ਕਰਨ ਨੂੰ ਕਿਹਾ ਤਾਂ ਬਦਮਾਸ਼ਾਂ ਨੇ ਥੁੱਕ ਕੇ ਉਸ ਕੋਲੋਂ ਚਟਵਾਇਆ। ਪੁਲਸ ਕੋਲ ਸ਼ਿਕਾਇਤ ਕਰਨ ’ਤੇ ਵੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਦੁਖੀ ਹੋ ਕੇ ਲੜਕੇ ਨੇ ਆਤਮ-ਹੱਤਿਆ ਕਰ ਲਈ।

* 2 ਫਰਵਰੀ, 2025 ਨੂੰ ‘ਅਯੁੱਧਿਆ’ (ਉੱਤਰ ਪ੍ਰਦੇਸ਼) ’ਚ ਇਕ ਲਾਪਤਾ ਦਲਿਤ ਲੜਕੀ ਦੀ ਨੰਗੀ ਲਾਸ਼ ਮਿਲੀ। ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਸਨ। ਉਸ ਦੀਆਂ ਕਈ ਹੱਡੀਆਂ ਤੋੜ ਦਿੱਤੀਆਂ ਗਈਆਂ ਸਨ ਅਤੇ ਚਿਹਰੇ ਅਤੇ ਮੱਥੇ ’ਤੇ ਕਈ ਜ਼ਖਮ ਸਨ। ਲਾਸ਼ ਨੂੰ ਦੇਖ ਕੇ ਕਈ ਔਰਤਾਂ ਬੇਹੋਸ਼ ਹੋ ਗਈਆਂ।

* 7 ਅਪ੍ਰੈਲ, 2025 ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ’ਚ ਬਦਮਾਸ਼ਾਂ ਨੇ ਕੁਝ ਦਲਿਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਗਾਲ੍ਹਾਂ ਕੱਢੀਆਂ। ਦਲਿਤਾਂ ਦਾ ਦੋਸ਼ ਸਿਰਫ ਇਹ ਸੀ ਕਿ ਦਲਿਤਾਂ ਨੇ ਬਦਮਾਸ਼ਾਂ ਨੂੰ ਆਪਣੀ ਗਲੀ ’ਚੋਂ ਟ੍ਰੈਕਟਰ ਹੌਲੀ ਕੱਢਣ ਨੂੰ ਕਿਹਾ ਸੀ ਕਿਉਂਕਿ ਸਕੂਲ ਦਾ ਸਮਾਂ ਹੋਣ ਕਾਰਨ ਬੱਚੇ ਉਸ ਦੇ ਹੇਠਾਂ ਆ ਕੇ ਦੱਬ ਸਕਦੇ ਸਨ।

* 13 ਅਪ੍ਰੈਲ, 2025 ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ਦੇ ‘ਇਸੋਟਾ’ ਪਿੰਡ ’ਚ ‘ਦੇਵੀ ਸ਼ੰਕਰ’ ਨਾਂ ਦੇ ਦਲਿਤ ਨੌਜਵਾਨ ਦੀ ਅੱਧ ਸੜੀ ਲਾਸ਼ ਉਸ ਦੇ ਘਰ ਤੋਂ ਕੁਝ ਦੂਰੀ ’ਤੇ ਮਿਲੀ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ‘ਦੇਵੀ ਸ਼ੰਕਰ’ ਵਲੋਂ ਭਾਰੀ ਥਕਾਵਟ ਕਾਰਨ ਬਦਮਾਸ਼ਾਂ ਦੇ ਖੇਤਾਂ ’ਚ ਕੰਮ ਕਰਨ ’ਚ ਅਸਮਰੱਥਾ ਜ਼ਾਹਿਰ ਕਰਨ ’ਤੇ ਉਸ ਦੀ ਹੱਤਿਆ ਕੀਤੀ ਗਈ।

* 17 ਅਪ੍ਰੈਲ, 2025 ਨੂੰ ‘ਆਗਰਾ’ (ਉੱਤਰ ਪ੍ਰਦੇਸ਼) ’ਚ ਡੀ.ਜੇ. ਦੀ ਉੱਚੀ ਆਵਾਜ਼ ਨੂੰ ਲੈ ਕੇ ਕੁਝ ਲੋਕਾਂ ਨੇ ‘ਰੋਹਿਤ’ ਨਾਂ ਦੇ ਦਲਿਤ ਲਾੜੇ ਦੀ ਬਰਾਤ ’ਤੇ ਹਮਲਾ ਕਰ ਕੇ ਕਈ ਬਰਾਤੀਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਲਾੜੇ ਨੂੰ ਵੀ ਘੋੜੀ ਤੋਂ ਹੇਠਾਂ ਸੁੱਟ ਦਿੱਤਾ।

* ਅਤੇ ਹੁਣ 18 ਅਪ੍ਰੈਲ, 2025 ਨੂੰ ਕੋਰਬਾ (ਛੱਤੀਸਗੜ੍ਹ) ਜ਼ਿਲੇ ’ਚ ਰਾਜਸਥਾਨ ਤੋਂ ਮਜ਼ਦੂਰੀ ਕਰਨ ਗਏ 2 ਦਲਿਤ ਨੌਜਵਾਨਾਂ ‘ਅਭਿਸ਼ੇਕ ਭਾਂਬੀ’ ਅਤੇ ‘ਵਿਨੋਦ ਕੁਮਾਰ’ ਨੇ ਜਦੋਂ ਆਪਣੀ ਮਜ਼ਦੂਰੀ ਮੰਗੀ ਤਾਂ ਬਦਮਾਸ਼ਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਚੋਰੀ ਦੇ ਦੋਸ਼ ’ਚ ਫਸਾ ਦਿੱਤਾ, ਨੰਗਾ ਕਰ ਕੇ ਕਰੰਟ ਲਾਇਆ ਅਤੇ ‘ਪਲਾਸ’ ਨਾਲ ਉਨ੍ਹਾਂ ਦੇ ਨਹੁੰ ਉਖਾੜ ਦਿੱਤੇ।

‘ਸਰਵਧਰਮ ਸਮਭਾਵ’ ਦੀ ਵਿਚਾਰਧਾਰਾ ’ਚ ਭਰੋਸਾ ਰੱਖਣ ਵਾਲਾ ਸਾਡੇ ਦੇਸ਼ ਦਾ ਕਮਜ਼ੋਰ ਅਤੇ ਦਲਿਤ ਵਰਗ ਨਾਲ ਸਬੰਧ ਰੱਖਣ ਵਾਲੇ ਲੋਕ ਅਟੁੱਟ ਹਿੱਸਾ ਹਨ। ਉਨ੍ਹਾਂ ਨੂੰ ਵੀ ਦੂਜੇ ਲੋਕਾਂ ਵਾਂਗ ਹੀ ਸਨਮਾਨ ਨਾਲ ਜਿਊਣ ਦਾ ਅਧਿਕਾਰ ਹੈ।

ਇਕ ਪਾਸੇ ਕੁਝ ਸਰਕਾਰਾਂ ਦਲਿਤਾਂ ਨੂੰ ਲੁਭਾਉਣ ਲਈ ਵੱਖ-ਵੱਖ ਯਤਨ ਕਰ ਰਹੀਆਂ ਹਨ, ਜਿਵੇਂ ਕਿ ਬਿਹਾਰ ਦੀ ਜਦ (ਯੂ)-ਭਾਜਪਾ ਸਰਕਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਬਦਮਾਸ਼ਾਂ ਵਲੋਂ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਜਾ ਰਹੇ ਹਨ।

ਪ੍ਰਭਾਵਸ਼ਾਲੀ ਲੋਕਾਂ ਵੱਲੋਂ ਦਲਿਤ ਭਾਈਚਾਰੇ ’ਤੇ ਇਸ ਤਰ੍ਹਾਂ ਦੇ ਜ਼ੁਲਮ ਉਨ੍ਹਾਂ ਦੀ ਸੌੜੀ ਸੋਚ ਦੀ ਹੀ ਨਿਸ਼ਾਨੀ ਹੈ ਅਤੇ ਸਰਾਸਰ ਗੈਰ-ਵਾਜਿਬ ਹੈ। ਇਸ ਲਈ ਅਜਿਹੇ ਅਪਰਾਧਾਂ ਵਿਚ ਸ਼ਾਮਲ ਹੋਣ ਵਾਲਿਆਂ ਅਤੇ ਸ਼ਿਕਾਇਤ ਮਿਲਣ ’ਤੇ ਵੀ ਕਾਰਵਾਈ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਬੁਰਾਈ ਨੂੰ ਰੋਕਿਆ ਜਾ ਸਕੇ।

–ਵਿਜੇ ਕੁਮਾਰ


author

Sandeep Kumar

Content Editor

Related News