‘ਨਸ਼ੇ ਦੇ ਪੀੜਤ ਨੌਜਵਾਨਾਂ ਨੂੰ’ ਮੌਤ ਦੇ ਮੂੰਹ ’ਚ ਧੱਕ ਰਹੇ ਨਾਜਾਇਜ਼ ਨਸ਼ਾ ਮੁਕਤੀ ਕੇਂਦਰ!
Saturday, Jan 03, 2026 - 05:45 AM (IST)
ਦੇਸ਼ ’ਚ ਇਕ ਪਾਸੇ ਜਿੱਥੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਵਧ ਰਿਹਾ ਹੈ, ਉਥੇ ਹੀ ਨਸ਼ਾ ਛੁਡਾਉਣ ਦੇ ਨਾਂ ’ਤੇ ਖੋਲ੍ਹੇ ਗਏ ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ ’ਚ ਨਾ ਸਿਰਫ ਨਸ਼ੇੜੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੌਤ ਦੇ ਮੂੰਹ ’ਚ ਧੱਕਿਆ ਜਾ ਰਿਹਾ ਹੈ, ਸਗੋਂ ਭਾਰੀ-ਭਰਕਮ ਫੀਸ ਵਸੂਲ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੁੱਟਿਆ ਵੀ ਜਾ ਰਿਹਾ ਹੈ। ਇਸ ਦੀਆਂ ਪਿਛਲੇ 4 ਮਹੀਨਿਆਂ ’ਚ ਸਾਹਮਣੇ ਆੲੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 12 ਅਗਸਤ, 2025 ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ਸਥਿਤ ‘ਮਿਨੀ ਗੋਲਡਨ ਸੰਸਕਾਰ ਨਸ਼ਾ ਮੁਕਤੀ ਕੇਂਦਰ’ ’ਚ ਨਸ਼ੇ ਦੀ ਆਦਤ ਛੁਡਾਉਣ ਲਈ ਭਰਤੀ ਕਰਵਾਏ ਗਏ ਇਕ ਬੈਂਕ ਕਰਮਚਾਰੀ ‘ਪੰਕਜ ਸ਼ਰਮਾ’ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਪੰਕਜ ਸ਼ਰਮਾ ਦੇ ਸਿਰ ’ਤੇ ਡੂੰਘੇ ਜ਼ਖ਼ਮ ਤੋਂ ਇਲਾਵਾ ਸਰੀਰ ਦੇ ਹੋਰੋੋਨਾਂ ਅੰਗਾਂ ’ਤੇ ਕੁੱਲ 16 ਜ਼ਖ਼ਮ ਸਨ ਅਤੇ ਉਸ ਦੀਆਂ ਪੱਸਲੀਆਂ ਵੀ ਟੁੱਟੀਆਂ ਹੋਈਆਂ ਸਨ।
* 20 ਅਗਸਤ ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ਸਥਿਤ ‘ਅਟਲ ਫਾਊਂਡੇਸ਼ਨ’ ਨਾਂ ਦੇ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਨੌਜਵਾਨ ‘ਪਿੰਟੂ’ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ‘ਪਿੰਟੂ’ ਦੀ ਮੌਤ ਨਸ਼ਾ ਮੁਕਤੀ ਕੇਂਦਰ ਦੇ ਸਟਾਫ ਵਲੋਂ ਕੁੱਟਮਾਰ ਦੇ ਕਾਰਨ ਹੋਈ ਅਤੇ ਉਸ ਦੇ ਸਰੀਰ ’ਤੇ ਸੱਟ ਦੇ ਨੀਲੇ ਨਿਸ਼ਾਨ ਵੀ ਪਾਏ ਗਏ।
* 22 ਅਗਸਤ ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ’ਚ ਨਸ਼ੇ ਦੀ ਆਦਤ ਤੋਂ ਮੁਕਤੀ ਲਈ ‘ਮੰਥਨ ਨਸ਼ਾ ਮੁਕਤੀ ਕੇਂਦਰ’ ’ਚ ਭਰਤੀ ਕਰਵਾਏ ਗਏ ਪੁਲਸ ਦੇ ਇਕ ਜਵਾਨ ‘ਅਜੇ ਭਦੌਰੀਆ’ ਦੀ ਇਲਾਜ ਦੇ ਨਾਂ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।
* 1 ਨਵੰਬਰ, 2025 ਨੂੰ ‘ਬਿਜਨੌਰ’ (ਉੱਤਰ ਪ੍ਰਦੇਸ਼) ਸਥਿਤ ‘ਜੀਵਨ ਰਕਸ਼ਕ ਨਸ਼ਾ ਮੁਕਤੀ ਆਸ਼ਰਮ’ ’ਚ ‘ਸਤੇਂਦਰ’ ਨਾਂ ਦੇ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਇਸ ਦੇ ਸੰਚਾਲਕ ਅਤੇ ਸਟਾਫ ਦੇ ਵਿਰੁੱਧ ਕੇਸ ਦਰਜ ਕੀਤਾ।
* 17 ਨਵੰਬਰ, 2025 ਨੂੰ ‘ਸ਼ਿਮਲਾ’ (ਹਿਮਾਚਲ) ਦੇ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਇਕ ਸਾਬਕਾ ਫੌਜੀ ਦੀ ਮੌਤ ਹੋ ਗਈ। ਇਸ ਬਾਰੇ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਚਾਰੋਂ ਮੁਲਜ਼ਮਾਂ ਨੇ ਮ੍ਰਿਤਕ ਨਾਲ ਮਾਰਕੁੱਟ ਕਰਨ ਦੀ ਗੱਲ ਸਵੀਕਾਰ ਕੀਤੀ।
* 19 ਨਵੰਬਰ ਨੂੰ ‘ਸਾਦੁਲ ਸ਼ਹਿਰ’ (ਰਾਜਸਥਾਨ) ’ਚ ਬਿਨਾਂ ਲਾਈਸੰਸ ਚਲਾਏ ਜਾ ਰਹੇ 3 ਨਸ਼ਾ ਮੁਕਤੀ ਕੇਂਦਰਾਂ ਦਾ ਭਾਂਡਾ ਭੰਨਿਆ ਗਿਆ ਜਿੱਥੇ ਇਲਾਜ ਅਧੀਨ 120 ਤੋਂ ਵੱਧ ਨਸ਼ਾ ਪੀੜਤ ਅਤਿਅੰਤ ਤਰਸਯੋਗ ਹਾਲਤ ’ਚ ਪਏ ਮਿਲੇ।
ਇਨ੍ਹਾਂ ਕੇਂਦਰਾਂ ’ਚ ਭਰਤੀ ਨਸ਼ੇੜੀਆਂ ਨੇ ਦੱਸਿਆ ਕਿ ਇਨ੍ਹਾਂ ਦੇ ਸੰਚਾਲਕ ਉਨ੍ਹਾਂ ਦੇ ਨਾਲ ਮਾਰਕੁੱਟ ਕਰਦੇ ਹਨ, ਪਰਿਵਾਰ ਨੂੰ ਮਿਲਣ ਨਹੀਂ ਦਿੰਦੇ ਅਤੇ ਨਾ ਹੀ ਫੋਨ ’ਤੇ ਉਨ੍ਹਾਂ ਦੇ ਘਰ ਵਾਲਿਆਂ ਨਾਲ ਗੱਲ ਕਰਵਾਉਂਦੇ ਹਨ। ਇਸ ਦੇ ਲਈ ਬੇਨਤੀ ਕਰਨ ’ਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀ ਤਸੀਹੇ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਭੋਜਨ ਦੇਣਾ ਵੀ ਬੰਦ ਕਰ ਦਿੱਤਾ ਜਾਂਦਾ ਹੈ।
* 20 ਦਸੰਬਰ ਨੂੰ ‘ਉੱਜੈਨ’ (ਮੱਧ ਪ੍ਰਦੇਸ਼) ਸਥਿਤ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ‘ਨਵ ਮਾਨਸ ਨਸ਼ਾ ਮੁਕਤੀ ਕੇਂਦਰ’ ’ਚ ‘ਹਰੀਸ਼ ਨਿਰਮਲ’ ਨਾਂ ਦੇ ਨਸ਼ੇੜੀ ਦੀ ਪੋਸਟਮਾਰਟਮ ਰਿਪੋਰਟ ’ਚ ਦੱਸਿਆ ਿਗਆ ਕਿ ਉਸ ਦੀ ਮੌਤ ਕੁੱਟਮਾਰ ਦੇ ਕਾਰਨ ਲਿਵਰ ਫਟਣ ਨਾਲ ਹੋਈ ਜਿਸ ਤੋਂ ਬਾਅਦ ਪੁਲਸ ਨੇ ਨਸ਼ਾ ਮੁਕਤੀ ਕੇਂਦਰ ਦੇ 4 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ।
* 25 ਦਸੰਬਰ ਨੂੰ ‘ਰੇਵਾੜੀ’ (ਹਰਿਆਣਾ) ’ਚ ਸਥਿਤ ਇਕ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ’ਚ ਇਲਾਜ ਕਰਵਾ ਰਹੇ ਨੌਜਵਾਨ ਦੀ ਇਸ ਕੇਂਦਰ ਦੇ ਸਟਾਫ ਵਲੋਂ ਕੀਤੀ ਗਈ ਕੁੱਟਮਾਰ ਦੇ ਸਿੱਟੇ ਵਜੋਂ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਅਨੁਸਾਰ ਕੇਂਦਰ ਦੇ ਸੰਚਾਲਕ ਨੇ ਉਸ ਤੋਂ 1000 ਰੁਪਏ ਦਾਖਲਾ ਫੀਸ ਅਤੇ 8000 ਰੁਪਏ ਮਾਸਿਕ ਫੀਸ ਦੀ ਸ਼ਰਤ ’ਤੇ ਇਲਾਜ ਲਈ ਭਰਤੀ ਕੀਤਾ ਸੀ।
* 29 ਦਸੰਬਰ ਨੂੰ ‘ਚੀਕਾ’ (ਹਰਿਆਣਾ) ’ਚ ਇਕ ਨਾਜਾਇਜ਼ ਨਸ਼ਾ ਮੁਕਤੀ ਕੇਂਦਰ, ਜਿਥੇ ਪ੍ਰਤੀ ਮਰੀਜ਼ 10,000 ਤੋਂ 20,000 ਰੁਪਏ ਤੱਕ ਫੀਸ ਲਈ ਜਾਂਦੀ ਸੀ ਅਤੇ ਗਲਤੀ ਕਰਨ ’ਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ, ਤੋਂ 30 ਤੋਂ ਵੱਧ ਮਰੀਜ਼ਾਂ ਨੂੰ ਕੱਢ ਕੇ ਸਰਕਾਰੀ ਜ਼ਿਲਾ ਨਾਗਰਿਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਜ਼ਿਆਦਾਤਰ ਕਥਿਤ ਨਸ਼ਾ ਮੁਕਤੀ ਕੇਂਦਰਾਂ ’ਚ ਪੀੜਤਾਂ ਦਾ ਇਲਾਜ ਕਰਨ ਦੇ ਨਾਂ ’ਤੇ ਉਨ੍ਹਾਂ ਨੂੰ ਲੁੱਟਿਆ ਅਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਉਨ੍ਹਾਂ ਦਾ ਸ਼ੋਸ਼ਣ ਹੀ ਕੀਤਾ ਜਾ ਰਿਹਾ ਹੈ।
ਸੰਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਨੋਟਿਸ ਲੈਂਦੇ ਹੋਏ ਅਜਿਹੇ ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ ਨਸ਼ੇ ਦੀ ਆਦਤ ਦੇ ਸ਼ਿਕਾਰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ ’ਚ ਕਰਵਾਉਣ।
–ਵਿਜੇ ਕੁਮਾਰ
