ਕਾਨੂੰਨ ਜਜ਼ਬਿਆਂ ਦੀ ਭਾਸ਼ਾ ਨਹੀਂ ਸਮਝਦਾ

Tuesday, Mar 18, 2025 - 04:11 PM (IST)

ਕਾਨੂੰਨ ਜਜ਼ਬਿਆਂ ਦੀ ਭਾਸ਼ਾ ਨਹੀਂ ਸਮਝਦਾ

ਅਮਰੀਕੀ ਰਾਜ ਵਿਸਕਾਨਸਿਨ ਤੋਂ ਇਕ ਦਿਲਚਸਪ ਖ਼ਬਰ ਆਈ ਹੈ। ਇਕ ਚਾਰ ਸਾਲ ਦੇ ਬੱਚੇ ਨੇ ਪੁਲਸ ਹੈਲਪਲਾਈਨ ’ਤੇ ਫ਼ੋਨ ਕੀਤਾ। ਕਿਹਾ ਕਿ ਉਹ ਆ ਕੇ ਉਸ ਦੀ ਮਾਂ ਨੂੰ ਜੇਲ ਵਿਚ ਸੁੱਟ ਦੇਣ। ਉਧਰ ਪੁਲਸ ਵਾਲੀ ਪੁੱਛਦੀ ਵੀ ਹੈ ਕਿ ਉੱਥੇ ਅਸਲ ਵਿਚ ਕੀ ਹੋਇਆ ਹੈ। ਬੱਚੇ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਉਸ ਦੀ ਮਾਂ ਨੇ ਉਸ ਦੀ ਆਈਸਕ੍ਰੀਮ ਖਾ ਲਈ ਹੈ। ਇਸੇ ਲਈ ਉਹ ਉਸ ਨੂੰ ਜੇਲ ਭੇਜਣਾ ਚਾਹੁੰਦਾ ਹੈ। ਪੁਲਸ ਅਧਿਕਾਰੀ ਹੱਸਦਾ ਹੈ ਅਤੇ ਫਿਰ ਬੱਚੇ ਦੇ ਘਰ ਪਹੁੰਚਦਾ ਹੈ। ਫਿਰ ਬੱਚਾ ਕਹਿੰਦਾ ਹੈ ਕਿ ਉਹ ਆਪਣੀ ਮਾਂ ਨੂੰ ਜੇਲ ਨਹੀਂ ਭੇਜਣਾ ਚਾਹੁੰਦਾ ਪਰ ਉਸ ਨੇ ਉਸ ਦੀ ਆਈਸਕ੍ਰੀਮ ਕਿਉਂ ਖਾਧੀ। ਪੁਲਸ ਵਾਲਾ ਵੀ ਹੱਸਦਾ ਹੈ ਅਤੇ ਮਾਂ ਵੀ। ਫਿਰ ਪੁਲਸ ਵਾਪਸ ਚਲੀ ਜਾਂਦੀ ਹੈ ਪਰ ਅਗਲੇ ਦਿਨ ਪੁਲਸ ਵੱਲੋਂ ਬੱਚੇ ਨੂੰ ਆਈਸਕ੍ਰੀਮ ਭੇਜੀ ਜਾਂਦੀ ਹੈ। ਉਸ ਨੂੰ ਇਹ ਵੀ ਭਰੋਸਾ ਦਿੱਤਾ ਜਾਂਦਾ ਹੈ ਕਿ ਜੇਕਰ ਉਸ ਨੂੰ ਕਦੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪੁਲਸ ਨੂੰ ਫੋਨ ਕਰ ਸਕਦਾ ਹੈ।

ਇਹ ਇਕ ਮਜ਼ੇਦਾਰ ਵੀਡੀਓ ਹੈ। ਅਮਰੀਕਾ ਵਿਚ ਘਰ-ਘਰ ਵਿਚ ਬੱਚਿਆਂ ਲਈ ਪੁਲਸ ਹੈਲਪਲਾਈਨ ਨੰਬਰ ਲਗਾਏ ਗਏ ਹਨ। ਜੇ ਕੋਈ ਬੱਚਾ ਉਨ੍ਹਾਂ ’ਤੇ ਉਂਗਲੀ ਵੀ ਰੱਖ ਦੇਵੇ ਤਾਂ ਪੁਲਸ ਆ ਜਾਂਦੀ ਹੈ ਅਤੇ ਉਹ ਮਾਪਿਆਂ ਨੂੰ ਫੜ ਲੈਂਦੀ ਹੈ। ਇਹ ਫੋਨ ਬੱਚਿਆਂ ਦੀ ਸੁਰੱਖਿਆ ਲਈ ਉੱਥੇ ਲਗਾਏ ਗਏ ਹਨ। ਸਰਕਾਰਾਂ ਦਾ ਮੰਨਣਾ ਹੈ ਕਿ ਮਾਪੇ ਅਕਸਰ ਆਪਣੇ ਬੱਚਿਆਂ ਵਿਰੁੱਧ ਬਹੁਤ ਜ਼ਿਆਦਾ ਹਿੰਸਾ ਕਰਦੇ ਹਨ। ਇਸ ਲਈ ਬੱਚਿਆਂ ਨੂੰ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ। ਬੱਚੇ ਅਕਸਰ ਆਪਣੇ ਮਾਪਿਆਂ ਨੂੰ ਧਮਕੀ ਦਿੰਦੇ ਹਨ ਕਿ ਜੇ ਉਨ੍ਹਾਂ ਨੇ ਉਨ੍ਹਾਂ ਨੂੰ ਕੁਝ ਕਿਹਾ ਤਾਂ ਉਹ ਪੁਲਸ ਨੂੰ ਬੁਲਾ ਲੈਣਗੇ। ਸਕੂਲਾਂ ਵਿਚ ਵੀ ਬੱਚਿਆਂ ਨੂੰ ਇਸ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। ਉੱਥੇ, ਬੱਚਿਆਂ ਵਿਰੁੱਧ ਹਿੰਸਾ ਨੂੰ ਸਭ ਤੋਂ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਕਈ ਵਾਰ ਪੁਲਸ ਹੈਲਪਲਾਈਨ ਕਾਰਨ, ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੰਭਾਲਿਆ ਨਹੀਂ ਜਾ ਸਕਦਾ। ਦਹਾਕੇ ਪਹਿਲਾਂ, ਇਕ ਘਰ ਵਿਚ ਇਕ ਪਾਰਟੀ ਹੋ ​​ਰਹੀ ਸੀ। ਸਾਰੇ ਬਹੁਤ ਮਸਤੀ ਕਰ ਰਹੇ ਸਨ। ਖੇਡਦੇ ਸਮੇਂ ਅਚਾਨਕ ਇਕ ਬੱਚੇ ਦਾ ਹੱਥ ਪੁਲਸ ਹੈਲਪਲਾਈਨ ’ਤੇ ਲੱਗ ਗਿਆ। ਦੇਖਦਿਆਂ ਹੀ ਦੇਖਦਿਆਂ ਪੁਲਸ ਪਹੁੰਚ ਗਈ। ਉਹ ਪੁੱਛ-ਗਿੱਛ ਕਰਨ ਲੱਗੀ।

ਚੰਗੀ ਭਲੀ ਪਾਰਟੀ ’ਚ ਵਿਘਨ ਪੈ ਗਿਆ। ਬਹੁਤ ਮੁਸ਼ਕਲ ਨਾਲ ਪੁਲਸ ਨੂੰ ਸਮਝਾਇਆ ਗਿਆ ਕਿ ਇੱਥੇ ਕੁਝ ਨਹੀਂ ਹੋਇਆ। ਉੱਥੇ ਕਿਸੇ ਬੱਚੇ ਨੂੰ ਵੀ ਨਹੀਂ ਪਤਾ ਸੀ ਕਿ ਉਸ ਨੇ ਪੁਲਸ ਨੂੰ ਬੁਲਾਇਆ ਹੈ ਕਿਉਂਕਿ ਜਿਸ ਬੱਚੇ ਦਾ ਹੱਥ ਪੁਲਸ ਹੈਲਪਲਾਈਨ ’ਤੇ ਰੱਖਿਆ ਗਿਆ ਸੀ, ਉਸ ਨੂੰ ਵੀ ਇਹ ਨਹੀਂ ਸੀ ਪਤਾ। ਬਹੁਤ ਮੁਸ਼ਕਲ ਨਾਲ ਪੁਲਸ ਨੂੰ ਸਮਝਾ ਕੇ ਵਾਪਸ ਭੇਜਿਆ ਗਿਆ।

ਕਈ ਯੂਰਪੀ ਦੇਸ਼ਾਂ ਵਿਚ ਵੀ ਬੱਚਿਆਂ ਦੀ ਸੁਰੱਖਿਆ ਲਈ ਇਸੇ ਤਰ੍ਹਾਂ ਦੇ ਪ੍ਰਬੰਧ ਹਨ। ਜੇਕਰ ਬੱਚਾ ਸ਼ਿਕਾਇਤ ਕਰ ਦੇਵੇ ਤਾਂ ਮਾਪਿਆਂ ਦੀ ਖੈਰ ਨਹੀਂ। ਇਨ੍ਹਾਂ ਦੇਸ਼ਾਂ ਵਿਚ ਰਹਿਣ ਵਾਲੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਸੇ ਗਲਤ ਗੱਲ ਲਈ ਝਿੜਕ ਵੀ ਨਹੀਂ ਸਕਦੇ। ਬਸ ਕੁਝ ਕਹੋ ਅਤੇ ਬੱਚੇ ਪੁਲਸ ਨੂੰ ਬੁਲਾਉਣ ਬਾਰੇ ਗੱਲਾਂ ਕਰਨ ਲੱਗ ਪੈਂਦੇ ਹਨ ਅਤੇ ਜੇਕਰ ਤੁਸੀਂ ਬੱਚੇ ਨੂੰ ਕਿਸੇ ਬਾਹਰਲੇ ਵਿਅਕਤੀ ਦੇ ਸਾਹਮਣੇ ਝਿੜਕਦੇ ਹੋ ਜਾਂ ਉਸ ਨੂੰ ਰੁਆਉਂਦੇ ਹੋ ਤਾਂ ਵੀ ਤੁਹਾਡੀ ਖੈਰ ਨਹੀਂ। ਕੋਈ ਵੀ ਸ਼ਿਕਾਇਤ ਕਰ ਸਕਦਾ ਹੈ ਕਿ ਬੱਚਾ ਮਾਪਿਆਂ ਕੋਲ ਸੁਰੱਖਿਅਤ ਨਹੀਂ ਹੈ। ਬਹੁਤ ਸਾਰੇ ਦੇਸ਼ਾਂ ਵਿਚ ਤਾਂ ਸਰਕਾਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਹਮੇਸ਼ਾ ਲਈ ਖੋਹ ਲੈਂਦੀ ਹੈ।

ਤੁਹਾਨੂੰ ਨਾਰਵੇ ਦੀ ਉਹ ਘਟਨਾ ਤਾਂ ਯਾਦ ਹੀ ਹੋਵੇਗੀ ਜਿੱਥੇ ਇਕ ਗੁਆਂਢੀ ਦੀ ਸ਼ਿਕਾਇਤ ਦੇ ਆਧਾਰ ’ਤੇ ਕਿ ਮਾਪੇ ਆਪਣੇ ਬੱਚਿਆਂ ਦੀ ਸਹੀ ਦੇਖਭਾਲ ਨਹੀਂ ਕਰ ਰਹੇ, ਤਾਂ ਉਥੋਂ ਦੀ ਚਾਈਲਡ ਬਾਲ ਏਜੰਸੀ ਬੱਚਿਆਂ ਨੂੰ ਖੋਹ ਕੇ ਲੈ ਗਈ। ਫਿਰ ਬੱਚਿਆਂ ਨੂੰ ਕਦੇ ਵੀ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਨਹੀਂ ਕੀਤਾ ਗਿਆ ਸੀ। ਸੰਜੋਗ ਨਾਲ ਇਹ ਪਰਿਵਾਰ ਭਾਰਤੀ ਹੀ ਸੀ। ਬਾਅਦ ਵਿਚ ਬਹੁਤ ਦਲੀਲਾਂ ਦੇਣ ਪਿੱਛੋਂ ਇਨ੍ਹਾਂ ਬੱਚਿਆਂ ਨੂੰ ਕਲਕੱਤਾ ਵਿਚ ਰਹਿਣ ਵਾਲੇ ਉਨ੍ਹਾਂ ਦੇ ਅੰਕਲ ਅਤੇ ਆਂਟੀ ਨੂੰ ਸੌਂਪ ਦਿੱਤਾ ਗਿਆ ਸੀ। ਮਾਪਿਆਂ ਨੂੰ ਤਦ ਵੀ ਬੱਚੇ ਨਹੀਂ ਦਿੱਤੇ ਗਏ ਸਨ।

ਕਈ ਵਾਰ ਅਜਿਹੀਆਂ ਗੱਲਾਂ ਬੱਚਿਆਂ ਦੀ ਸੁਰੱਖਿਆ ਦੇ ਨਾਂ ’ਤੇ ਵਧੀਕੀਆਂ ਵੀ ਲੱਗਦੀਆਂ ਹਨ। ਜੇਕਰ ਮਾਪੇ ਬੱਚਿਆਂ ਨੂੰ ਸਹੀ ਅਤੇ ਗਲਤ ਵਿਚ ਫ਼ਰਕ ਨਹੀਂ ਦੱਸਣਗੇ ਤਾਂ ਬੱਚੇ ਸੁਰੱਖਿਅਤ ਕਿਵੇਂ ਰਹਿ ਸਕਦੇ ਹਨ? ਜੇਕਰ ਕੋਈ ਬੱਚਾ ਅੱਗ ਨੂੰ ਛੂਹ ਰਿਹਾ ਹੈ ਜਾਂ ਸੜਕ ਦੇ ਵਿਚਕਾਰ ਭੱਜ ਰਿਹਾ ਹੈ ਅਤੇ ਉਨ੍ਹਾਂ ਦੀ ਗੱਲ ਨਹੀਂ ਮੰਨ ਰਿਹਾ ਹੈ ਤਾਂ ਉਸ ਨੂੰ ਡਾਂਟਣਾ ਹੀ ਪੈਂਦਾ ਹੈ ਅਤੇ ਇਨ੍ਹਾਂ ਦੇਸ਼ਾਂ ਵਿਚ ਪਰਿਵਾਰਕ ਮੈਂਬਰਾਂ ਲਈ ਅਜਿਹਾ ਕਰਨਾ ਬਹੁਤ ਮਹਿੰਗਾ ਪੈਂਦਾ ਹੈ। ਆਖ਼ਿਰਕਾਰ, ਕਿਹੜੇ ਮਾਪੇ ਆਪਣੇ ਬੱਚੇ ਦਾ ਨੁਕਸਾਨ ਚਾਹੁੰਦੇ ਹਨ? ਪਰ ਕਾਨੂੰਨ ਭਾਵਨਾਵਾਂ/ਜਜ਼ਬਿਆਂ ਦੀ ਭਾਸ਼ਾ ਨਹੀਂ ਸਮਝਦਾ। ਉਸ ਨੂੰ ਸਿਰਫ਼ ਲਕੀਰ ਦੀ ਫਕੀਰੀ ਹੀ ਦਿਖਾਉਣੀ ਪੈਂਦੀ ਹੈ।

ਫਿਰ ਬੱਚਿਆਂ ਨੂੰ ਪਾਲਣ-ਪੋਸ਼ਣ ਦੇ ਤਰੀਕੇ ਹਰ ਦੇਸ਼ ਵਿਚ ਵੱਖੋ-ਵੱਖਰੇ ਹੁੰਦੇ ਹਨ ਅਤੇ ਸਮੇਂ-ਸਮੇਂ ’ਤੇ ਹੋਣ ਵਾਲੀਆਂ ਚਰਚਾਵਾਂ ਵੀ ਬਦਲਦੀਆਂ ਰਹਿੰਦੀਆਂ ਹਨ। ਕੁਝ ਦਹਾਕੇ ਪਹਿਲਾਂ ਬ੍ਰਿਟੇਨ ਵਿਚ ਇਕ ਸਰਵੇਖਣ ਕੀਤਾ ਗਿਆ ਸੀ ਜਿਸ ਵਿਚ ਮਾਪਿਆਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਹਰ ਚੀਜ਼ ਲਈ ਆਜ਼ਾਦੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੂੰ ਸਹੀ ਗੱਲਾਂ ਸਿਖਾਉਣ ਲਈ, ਉਨ੍ਹਾਂ ਨੂੰ ਝਿੜਕਣਾ ਅਤੇ ਕਈ ਵਾਰ ਸਜ਼ਾ ਵੀ ਦੇਣੀ ਜ਼ਰੂਰੀ ਹੈ। ਇਹ ਬਹੁਤ ਸਮੇਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦੋਸਤ ਬਣਨਾ ਚਾਹੀਦਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਸਭ ਕੁਝ ਦੱਸ ਸਕਣ। 

ਇਸ ਨਾਲ ਉਨ੍ਹਾਂ ਦਾ ਸਹੀ ਵਿਕਾਸ ਹੁੰਦਾ ਹੈ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਸਹੀ ਗੱਲ ਮਨਵਾਉਣੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਦਾ ਦੋਸਤ ਨਹੀਂ ਹੋਣਾ ਚਾਹੀਦਾ। ਘਰ ਵਿਚ ਬਜ਼ੁਰਗ ਅਤੇ ਛੋਟੇ-ਵੱਡੇ ਦਾ ਹਿਸਾਬ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਬੱਚੇ ਅਨੁਸ਼ਾਸਿਤ ’ਚ ਰਹਿ ਸਕਣ। ਖੈਰ, ਜਿੰਨੇ ਲੋਕ, ਜਿੰਨੇ ਸੰਗਠਨ, ਜਿੰਨੇ ਸਰਵੇਖਣ, ਸਾਰਿਆਂ ਦੇ ਆਪਣੇ-ਆਪਣੇ ਸਿੱਟੇ । ਹੋਣਾ ਤਾਂ ਉਹ ਚਾਹੀਦਾ ਜੋ ਬੱਚਿਆਂ-ਵੱਡਿਆਂ, ਸਮਾਜ ਅਤੇ ਦੇਸ਼ ਲਈ ਚੰਗਾ ਹੋਵੇ ਕਿਉਂਕਿ ਬੱਚੇ ਸਾਡੀ ਅਗਲੀ ਪੀੜ੍ਹੀ ਹਨ। ਉਨ੍ਹਾਂ ਦੇ ਕਾਰਨ ਹੀ ਭਵਿੱਖ ਦਾ ਸਮਾਜ ਬਣੇਗਾ ਅਤੇ ਉਨ੍ਹਾਂ ਦੇ ਕਾਰਨ ਹੀ ਦੇਸ਼ ਚੱਲੇਗਾ।

–ਸ਼ਮਾ ਸ਼ਰਮਾ


author

Tanu

Content Editor

Related News